ਮੋਦੀ ਅਤੇ ਪੁਤਿਨ ਦੀ ਜੱਫ਼ੀ ਉੱਤੇ ਤਿੱਖੀ ਬਹਿਸ ਕਿਉਂ ਛਿੜੀ ਹੋਈ ਹੈ, ਕੌਮਾਂਤਰੀ ਮੀਡੀਆ ਤੇ ਆਗੂ ਕੀ ਕਹਿ ਰਹੇ ਹਨ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸੋਮਵਾਰ ਨੂੰ ਮਾਸਕੋ ਪਹੁੰਚੇ ਤਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਦਾ ਆਪਣੇ ਘਰ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੋਵੇਂ ਜੱਫ਼ੀ ਪਾ ਕੇ ਮਿਲੇ।

ਪੀਐੱਮ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦੀ ਜੱਫ਼ੀ ਦੀ ਤਸਵੀਰ ਪੱਛਮੀ ਦੇਸ਼ਾਂ ਦੇ ਵਿਸ਼ਲੇਸ਼ਕਾਂ ਨੂੰ ਰਾਸ ਨਹੀਂ ਆਈ ਅਤੇ ਉਨ੍ਹਾਂ ਨੇ ਇਸਦੀ ਤਿੱਖੀ ਆਲੋਚਨਾ ਕੀਤੀ ਹੈ।

ਦਰਅਸਲ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਪੁਤਿਨ ਦੇ ਖਿਲਾਫ਼ ਮਾਰਚ 2023 ਵਿੱਚ ਯੂਕਰੇਨ ਵਿੱਚ ਹਮਲੇ ਬਾਰੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ ਪੀਐੱਮ ਮੋਦੀ ਵੱਲੋਂ ਪੁਤਿਨ ਨੂੰ ਜੱਫ਼ੀ ਪਾਏ ਜਾਣ ਕਰਕੇ ਮੰਗਲਵਾਰ ਨੂੰ ਉਨ੍ਹਾਂ ਦੀ ਆਲੋਚਨਾ ਕੀਤੀ ਸੀ।

ਜ਼ੇਲੇਂਸਕੀ ਨੇ ਕਿਹਾ ਸੀ, “ਇਹ ਬਹੁਤ ਹੀ ਨਿਰਾਸ਼ਾਜਨਕ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦਾ ਮੁਖੀ, ਖੂਨੀ ਅਪਰਾਧੀ ਨੂੰ ਗਲ਼ ਲਾ ਰਿਹਾ ਹੈ। ਉਹ ਵੀ ਉਦੋਂ ਜਦੋਂ ਯੂਕਰੇਨ ਵਿੱਚ ਬੱਚਿਆਂ ਦੇ ਹਸਪਤਾਲ ਉੱਤੇ ਹਮਲਾ ਹੋਇਆ ਹੈ।”

ਰਾਸ਼ਟਰਪਤੀ ਜ਼ੇਲੇਂਸਕੀ ਦੀ ਇਸ ਟਿੱਪਣੀ ਦੀ ਭਾਰਤ ਵਿੱਚ ਵੀ ਆਲੋਚਨਾ ਹੋ ਰਹੀ ਹੈ।

ਰੂਸ ਵਿੱਚ ਭਾਰਤ ਦੇ ਰਾਜਦੂਤ ਰਹੇ ਅਤੇ ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਕੰਵਲ ਸਿੱਬਲ ਨੇ ਲਿਖਿਆ ਹੈ, “ਮੋਦੀ ਜੀ ਨੇ ਜੀ-7 ਸੰਮੇਲਨ ਵਿੱਚ ਜ਼ੇਲੇਂਸਕੀ ਨੂੰ ਵੀ ਜੱਫ਼ੀ ਪਾਈ ਸੀ ਅਤੇ ਜ਼ੇਲੇਂਸਕੀ ਪੁਤਿਨ ਬਾਰੇ ਜੋ ਰਾਇ ਰੱਖਦੇ ਹਨ, ਉਸੇ ਤਰ੍ਹਾਂ ਦੀ ਰਾਇ ਰੂਸ ਦੇ ਲੋਕ ਜ਼ੇਲੇਂਸਕੀ ਬਾਰੇ ਰੱਖਦੇ ਹਨ। ਜ਼ੇਲੇਂਸਕੀ ਦੀ ਅਦਾਕਾਰੀ ਇੱਕ ਕਮੇਡੀਅਨ ਵਰਗੀ ਹੈ ਨਾ ਕਿ ਇੱਕ ਗੰਭੀਰ ਸਿਆਸਤਦਾਨ ਵਰਗੀ।”

ਜੱਫ਼ੀ ਪਾਉਣ ਤੋਂ ਇਤਰਾਜ਼

ਪੱਛਮ ਦੇ ਮੀਡੀਆ ਦਾ ਕਹਿਣਾ ਹੈ ਕਿ ਪੀਐੱਮ ਮੋਦੀ ਦੇ ਰੂਸ ਦੌਰੇ ਤੋਂ ਪੁਤਿਨ ਦੇ ਖਿਲਾਫ਼ ਪਾਬੰਦੀਆਂ ਦਾ ਅਸਰ ਘਟਿਆ ਹੈ।

ਪੱਛਮ ਯੂਕਰੇਨ ਉੱਤੇ ਹਮਲੇ ਤੋਂ ਬਾਅਦ ਤੋਂ ਰੂਸ ਨੂੰ ਅਲ਼ੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਜਦਕਿ ਭਾਰਤ ਪੱਛਮੀ ਨੀਤੀਆਂ ਨੇ ਨਾਲ ਨਹੀਂ ਖੜ੍ਹਾ ਹੈ।

ਥਿੰਕ ਟੈਂਕ ਰੈਂਡ ਕਾਰਪੋਰੇਸ਼ਨ ਵਿੱਚ ਇੰਡੋ-ਪੈਸਿਫਿਕ ਦੇ ਮਾਹਰ ਡੇਰੇਕ ਜੇ ਗਰਾਸਮੈਨ ਨੇ ਸੱਤ ਜੁਲਾਈ ਨੂੰ ਪੀਐੱਮ ਮੋਦੀ ਅਤੇ ਪੁਤਿਨ ਦੀ ਜੱਫ਼ੀ ਪਾਉਂਦਿਆਂ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ, “ਸੋਮਵਾਰ ਨੂੰ ਮੋਦੀ ਸ਼ਾਇਦ ਹੀ ਪੁਤਿਨ ਨੂੰ ਗਲੇ ਮਿਲਣਗੇ ਜਾਂ ਚੁੰਮਣਗੇ।”

ਪਰ ਸੋਮਵਾਰ ਦੀ ਸ਼ਾਮ ਪੁਤਿਨ ਅਤੇ ਮੋਦੀ ਦੀ ਜੱਫ਼ੀ ਦੀ ਤਸਵੀਰ ਆਈ ਅਤੇ ਇਸ ਨੂੰ ਪੀਐੱਮ ਮੋਦੀ ਦੇ ਐਕਸ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਤਾਂ ਡੇਰੇਕ ਨੇ ਲਿਖਿਆ, “ਮੇਰਾ ਅੰਦਾਜ਼ਾ ਗਲਤ ਸੀ ਕਿ ਮੋਦੀ ਪੁਤਿਨ ਨੂੰ ਜੱਫ਼ੀ ਨਹੀਂ ਪਾਉਣਗੇ।”

ਉਨ੍ਹਾਂ ਨੇ ਲਿਖਿਆ,“ਪੁਤਿਨ ਇੱਕ ਜੰਗੀ ਅਪਰਾਧੀ ਹਨ। ਮੈਨੂੰ ਲੱਗ ਰਿਹਾ ਸੀ ਕਿ ਭਾਰਤ ਯੂਕਰੇਨ ਦੇ ਮਾਮਲੇ ਵਿੱਚ ਨੈਤਿਕ ਮਿਸਾਲ ਕਾਇਮ ਕਰੇਗਾ। ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਕਿ ਭਾਰਤ ਸਿਰਫ਼ ਆਪਣੇ ਹਿੱਤਾਂ ਉੱਤੇ ਭਰੋਸਾ ਕਰਦਾ ਹੈ।”

ਡੇਰੇਕ ਨੇ ਪੀਐੱਮ ਮੋਦੀ ਅਤੇ ਪੁਤਿਨ ਦੀ ਜੱਫ਼ੀ ਦੀ ਵੀਡੀਓ ਕਲਿੱਪ ਸਾਂਝੀ ਕਰਦੇ ਹੋਏ ਲਿਖਿਆ, “ਕੀ ਕਿਤੇ ਯੂਕਰੇਨ ਹੈ?”

ਪੱਛਮੀ ਵਿਸ਼ਲੇਸ਼ਕਾਂ ਦੀਆਂ ਉਮੀਦਾਂ

ਡੇਰੇਕ ਨੇ ਲਿਖਿਆ, “ਮੋਦੀ ਅਤੇ ਪੁਤਿਨ ਦੀ ਜੱਫ਼ੀ ਉਸੇ ਤਰ੍ਹਾਂ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਊਦੀ ਅਰਬ ਵਿੱਚ ਜਾ ਕੇ ਕ੍ਰਾਊਨ ਪ੍ਰਿੰਸ ਨਾਲ ਹੱਥ ਮਿਲਾਇਆ ਸੀ। ਬਾਇਡਨ ਅਤੇ ਮੋਦੀ ਦੋਵੇਂ ਆਪੋ-ਆਪਣੇ ਦੇਸ਼ਾਂ ਨੂੰ ਲੋਕਤੰਤਰ ਕਹਿੰਦੇ ਹਨ ਅਤੇ ਉਸਦੀਆਂ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹਨ। ਪਰ ਦੋਵੇਂ ਆਪਣੇ ਕੌਮੀ ਹਿੱਤਾਂ ਨੂੰ ਉਸ ਤੋਂ ਉੱਪਰ ਰੱਖਦੇ ਹਨ। ਇਹ ਹੈਰਾਨੀਜਨਕ ਨਹੀਂ ਹੈ ਪਰ ਚੰਗੇ ਦੀ ਉਮੀਦ ਕੀਤੀ ਜਾਂਦੀ ਹੈ, ਖ਼ਾਸ ਕਰਕੇ ਲੋਕਤੰਤਰੀ ਦੇਸ਼ਾਂ ਵਿੱਚ।”

ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਾਸ਼ੋਜੀ ਦਾ ਜਦੋਂ ਤੁਰਕੀ ਵਿੱਚ ਕਤਲ ਕੀਤਾ ਗਿਆ ਸੀ ਤਾਂ ਇਸ ਕਤਲ ਪਿੱਛੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਸੀ। ਉਦੋਂ ਬਾਇਡਨ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਵਿੱਚ ਸਾਊਦੀ ਅਰਬ ਨੂੰ ਅਲੱਗ ਹੋਣ ਉੱਤੇ ਮਜਬੂਰ ਕਰ ਦੇਣਗੇ। ਪਰ ਬਾਅਦ ਵਿੱਚ ਖ਼ੁਦ ਬਾਇਡਨ ਹੀ ਸਾਊਦੀ ਅਰਬ ਗਏ ਸਨ ਅਤੇ ਕ੍ਰਾਊਨ ਪ੍ਰਿੰਸ ਨਾਲ ਹੱਥ ਮਿਲਾਇਆ ਸੀ। ਉਸ ਸਮੇਂ ਬਾਇਡਨ ਦੀ ਬਹੁਤ ਆਲੋਚਨਾ ਹੋਈ ਸੀ।

ਬਾਇਡਨ ਰਾਸ਼ਟਰਪਤੀ ਬਣਨ ਤੋਂ ਬਾਅਦ ਜੁਲਾਈ 2022 ਵਿੱਚ ਪਹਿਲੀ ਵਾਰ ਸਾਊਦੀ ਅਰਬ ਗਏ ਸਨ ਅਤੇ ਉਨ੍ਹਾਂ ਦੇ ਦੌਰੇ ਦੀ ਬਹੁਤ ਆਲੋਚਨਾ ਹੋਈ ਸੀ।

ਡੇਰੇਕ ਨੇ ਲਿਖਿਆ ਹੈ ਕਿ ਯੂਕਰੇਨ ਵਿੱਚ ਬੱਚਿਆਂ ਦੇ ਹਸਪਤਾਲ ਨੂੰ ਰੂਸ ਵੱਲੋਂ ਬੰਬ ਨਾਲ ਉਡਾ ਦੇਣ ਤੋਂ ਠੀਕ ਮਗਰੋਂ ਪੁਤਿਨ ਦਾ ਮੋਦੀ ਨੂੰ ਜੱਫ਼ੀ ਪਾਉਣਾ ਭਾਰਤ ਲਈ ਕੌਮੀ ਅਪਮਾਨ ਹੈ। ਇਹ ਅਸਲ ਵਿੱਚ ਪੁਤਿਨ ਦੇ ਯੂਕਰੇਨ ਉੱਤੇ ਹਮਲਾ ਸ਼ੁਰੂ ਕਰਨ ਸਮੇਂ ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਪਮਾਨਜਨਕ ਯਾਤਰਾ ਵਾਂਗ ਹੈ।

ਇਮਰਾਨ ਖ਼ਾਨ 2022 ਵਿੱਚ ਪ੍ਰਧਾਨ ਮੰਤਰੀ ਰਹਿੰਦੇ ਹੋਏ ਰੂਸ ਗਏ ਸਨ। ਉਸ ਸਮੇਂ ਰੂਸ ਨੇ ਯੂਕਰੇਨ ਉੱਤੇ ਹਮਲਾ ਸ਼ੁਰੂ ਕੀਤਾ ਸੀ। ਇਮਰਾਨ ਖ਼ਾਨ ਦੇ ਦੌਰੇ ਦੀ ਵੀ ਆਲੋਚਨਾ ਹੋਈ ਸੀ।

ਪੁਤਿਨ ਅਤੇ ਮੋਦੀ ਦੀ ਜੱਫ਼ੀ ਉੱਤੇ ਵਿਦੇਸ਼ ਮਾਮਲਿਆਂ ਦੇ ਜਾਣਕਾਰ ਵੇਲਿਨਾ ਚਾਕਾਰੋਵਾ ਨੇ ਟਵੀਟ ਕੀਤਾ, “ਇੱਕ ਵਾਰ ਫਿਰ ਪੱਛਮੀ ਵਿਸ਼ਲੇਸ਼ਕ ਗਲਤ ਸਾਬਤ ਹੋਏ ਹਨ ਕਿ ਪੁਤਿਨ ਅਤੇ ਮੋਦੀ ਜੱਫ਼ੀ ਨਹੀਂ ਪਾਉਣਗੇ। ਦਰਅਸਲ ਉਹ ਇਨ੍ਹਾਂ ਸੰਬੰਧਾਂ ਨੂੰ ਬਹੁਤ ਘੱਟ ਜਾਣਦੇ-ਸਮਝਦੇ ਹਨ।”

ਵੇਲਿਨਾ ਦੇ ਇਸ ਪੋਸਟ ਨੂੰ ਰੀਪੋਸਟ ਕਰਦੇ ਹੋਏ ਅਮਰੀਕਾ ਦੀ ਆਲਬਨੀ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਕ੍ਰਿਸਟੋਫਰ ਕਲੈਰੀ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਪੀਐੱਮ ਮੋਦੀ ਦੁਨੀਆਂ ਭਰ ਦੇ ਕਈ ਆਗੂਆਂ ਨੂੰ ਜੱਫ਼ੀ ਪਾ ਰਹੇ ਹਨ।

ਕਲੈਰੀ ਨੇ ਤਸਵੀਰ ਦੇ ਨਾਲ ਲਿਖਿਆ, “ਪੱਛਮ ਦੇ ਵਿਸ਼ਲੇਸ਼ਕ ਵਜੋਂ ਮੇਰੇ ਲਈ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਕੋਈ ਮੋਦੀ ਦੇ ਜੱਫ਼ੀ ਪਾਉਣ ਬਾਰੇ ਸ਼ਰਤ ਕਿਉਂ ਲਾਉਂਦਾ ਹੈ।“

ਕਲੇਰੀ ਕਹਿਣਾ ਚਾਹੁੰਦੇ ਹਨ ਕਿ ਮੋਦੀ ਦੁਨੀਆਂ ਦੇ ਕਈ ਵੱਡੇ ਆਗੂਆਂ ਨੂੰ ਜੱਫ਼ੀ ਪਾ ਚੁੱਕੇ ਹਨ। ਅਜਿਹੇ ਵਿੱਚ ਪੁਤਿਨ ਨੂੰ ਮਿਲਣਾ ਕੋਈ ਹੈਰਾਨਜਨਕ ਨਹੀਂ ਹੈ।

ਥਿੰਕ ਟੈਂਕ ਵਿਲਸਨ ਸੇਂਟਰ ਵਿੱਚ ਸਾਊਥ ਏਸ਼ੀਆ ਇੰਸਟੀਚਿਊਟ ਦੇ ਨਿਰਦੇਸ਼ਕ ਮਾਈਕਲ ਕੁਗਲਮੈਨ ਨੇ ਮੋਦੀ ਅਤੇ ਪੁਤਿਨ ਦੀ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਅਮਰੀਕਾ ਲਈ ਇਹ ਇੱਕ ਸਭ ਤੋਂ ਚਿੰਤਾਜਨਕ ਗੱਲ ਹੋ ਸਕਦੀ ਹੈ ਕਿ ਭਾਰਤ ਵਿੱਚ ਰੂਸ ਰੱਖਿਆ ਉਪਕਰਣਾਂ ਦੇ ਉਤਪਾਦਨ ਲਈ ਸਹਿਮਤ ਹੋ ਗਿਆ ਹੈ।”

ਇਸ ਬਾਰੇ ਕੰਵਲ ਸਿੱਬਲ ਕਹਿੰਦੇ ਹਨ,“ਕੀ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਦੀ ਰੱਖਿਆ ਮਸ਼ੀਨਰੀ ਠੱਪ ਪੈ ਜਾਵੇ। ਕੀ ਅਮਰੀਕਾ ਇਹ ਚਾਹੁੰਦਾ ਹੈ ਕਿ ਭਾਰਤ ਚੀਨ ਦੇ ਖ਼ਤਰੇ ਦੇ ਸਾਹਮਣੇ ਲਾਚਾਰ ਦਿਖੇ। ਚੀਨ ਅਜੇ ਭਾਰਤ ਦੇ ਨਾਲ ਸਰਹੱਦ ਉੱਤੇ ਹਮਲਾਵਰ ਹੈ। ਅਮਰੀਕਾ ਦੇ ਵਿਸ਼ਲੇਸ਼ਕ ਆਤਮਕੇਂਦਰਿਤ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਦੂਜੇ ਲੋਕ ਕਿੰਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਹੇ ਹਨ।”

ਰੂਸ ਅਤੇ ਯੂਕਰੇਨ ਵਿੱਚ ਫਰਵਰੀ 2022 ਤੋਂ ਯੁੱਧ ਚੱਲ ਰਿਹਾ ਹੈ।

ਅਮਰੀਕਾ ਦੀ ਡੇਲਾਵੇਅਰ ਯੂਨੀਵਰਸਿਟੀ ਵਿੱਚ ਭਾਰਤੀ ਮੂਲ ਦੇ ਪ੍ਰੋਫੈਸਰ ਡਾ਼ ਮੁਕਤਦਰ ਖ਼ਾਨ ਨੇ ਮੋਦੀ-ਪੁਤਿਨ ਦੀ ਮੁਲਾਕਾਤ ਬਾਰੇ ਖੁੱਲ੍ਹੀ ਚਰਚਾ ਕੀਤੀ ਹੈ।

ਉਨ੍ਹਾਂ ਨੇ ਇੱਕ ਵੀਡੀਓ ਪੋਸਟ ਵਿੱਚ ਕਿਹਾ, “ਨਾਟੋ ਦੀ ਬੈਠਕ ਤੋਂ ਠੀਕ ਪਹਿਲਾਂ ਭਾਰਤ ਦਾ ਰੂਸ ਦੇ ਨਾਲ ਖੜ੍ਹੇ ਹੋਣਾ ਅਹਿਮ ਹੈ। ਭਾਰਤ ਦਿਖਾਉਣਾ ਚਾਹੁੰਦਾ ਹੈ ਕਿ ਉਹ ਰਣਨੀਤਿਕ ਮਾਮਲਿਆਂ ਵਿੱਚ ਫੈਸਲੇ ਲੈਣ ਲਈ ਅਜ਼ਾਦ ਹੈ।”

ਭਾਰਤ ਲਈ ਚੁਣੌਤੀ

ਪ੍ਰੋਫੈਸਰ ਖ਼ਾਨ ਨੇ ਕਿਹਾ, “ਮੋਦੀ ਅਤੇ ਪੁਤਿਨ ਦੀ ਮੁਲਾਕਾਤ ਇਨ੍ਹਾਂ ਅਰਥਾਂ ਵਿੱਚ ਵੀ ਖ਼ਾਸ ਹੈ ਕਿ ਭਾਰਤ ਆਪਣੇ ਹਥਿਆਰਾਂ ਦੀ ਲੋੜ ਪੂਰੀ ਕਰਨ ਲਈ ਭਾਵੇਂ ਅਮਰੀਕਾ, ਇਜ਼ਰਾਈਲ, ਫਰਾਂਸ ਅਤੇ ਹੋਰ ਪੱਛਮੀ ਦੇਸਾਂ ਉੱਤੇ ਨਿਰਭਰ ਕਰਦਾ ਹੈ, ਪਰ ਉਹ ਇਸ ਮਾਮਲੇ ਵਿੱਚ ਰੂਸ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਹੈ।”

ਉੱਥੇ ਹੀ ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਤਨਵੀ ਮਦਾਨ ਨੇ ਲਿਖਿਆ ਹੈ, “ਮੋਦੀ ਆਪਣੇ ਤੀਜੇ ਕਾਰਜਕਾਲ ਵਿੱਚ ਪਹਿਲੀ ਯਾਤਰਾ ਲਈ ਰੂਸ ਨੂੰ ਚੁਣਿਆ ਪਰ ਇਹ ਵੀ ਸੱਚ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਪਿਛਲੇ ਪੰਜ ਸਾਲਾਂ ਤੋਂ ਰੂਸ ਨਹੀਂ ਗਏ ਸਨ ,ਪਿਛਲੇ ਕੁਝ ਸਾਲਾਂ ਤੋਂ ਸਲਾਨਾ ਬੈਠਕ ਵੀ ਨਹੀਂ ਹੋ ਰਹੀ ਸੀ।“

“ਮੋਦੀ ਨੇ ਰੂਸ ਜਾਣ ਦਾ ਸਮਾਂ ਉਦੋਂ ਚੁਣਿਆ ਜਦੋਂ ਅਮਰੀਕਾ ਨਾਟੋ ਸਮਿੱਟ ਹੋ ਰਿਹਾ ਹੈ। ਹਾਲਾਂਕਿ ਭਾਰਤ ਸਰਕਾਰ ਕਹਿੰਦੀ ਰਹੀ ਹੈ ਕਿ ਇਹ ਦੁਵੱਲਾ ਦੌਰਾ ਹੈ ਅਤੇ ਉਸੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਪਰ ਇਸ ਤੋਂ ਪਹਿਲਾਂ ਮੋਦੀ ਜੀ-7 ਸਮਿੱਟ ਵਿੱਚ ਸ਼ਾਮਲ ਹੋਣ ਇਟਲੀ ਗਏ ਸਨ।”

ਇਹ ਉਹੀ ਜੀ-7 ਹੈ, ਜੋ ਕਦੇ ਰੂਸ ਦੇ ਨਾਲ ਜੀ-8 ਹੋਇਆ ਕਰਦਾ ਸੀ ਪਰ ਰੂਸ ਨੂੰ ਕਰੀਮੀਆ ਉੱਤੇ ਕਬਜ਼ੇ ਦੇ ਕਾਰਨ ਬਾਹਰ ਕੱਢ ਦਿੱਤਾ ਗਿਆ ਸੀ। ਰੂਸ ਦੇ ਨਾਲ ਭਾਰਤ ਦਾ ਦੁਵੱਲਾ ਕਾਰੋਬਾਰ ਸਿਖਰਾਂ ਉੱਤੇ ਹੈ ਪਰ ਕਾਰੋਬਾਰੀ ਸਮਤੋਲ ਭਾਰਤ ਦੇ ਹੱਕ ਵਿੱਚ ਨਹੀਂ ਹੈ। ਭਾਰਤ ਰੂਸ ਤੋਂ ਖ਼ਰੀਦ ਜ਼ਿਆਦਾ ਰਿਹਾ ਹੈ ਅਤੇ ਵੇਚ ਨਾ ਦੇ ਬਰਾਬਰ ਰਿਹਾ ਹੈ।

ਯੂਕਰੇਨ ਦੇ ਨਾਲ ਜੰਗ ਦੇ ਕਾਰਨ ਰੂਸ ਦੀ ਨਿਰਭਰਤਾ ਚੀਨ ਉੱਤੇ ਵਧੀ ਹੈ। ਇਸ ਸਥਿਤੀ ਨੂੰ ਭਾਰਤ ਦੇ ਹੱਕ ਵਿੱਚ ਨਹੀਂ ਦੇਖਿਆ ਜਾ ਰਿਹਾ। ਅਜਿਹੇ ਵਿੱਚ ਭਾਰਤ ਦੇ ਲਈ ਇਹ ਇੱਕ ਵੱਡੀ ਚੁਣੌਤੀ ਹੈ ਕਿ ਚੀਨ ਅਤੇ ਰੂਸ ਦੀ ਵੱਧਦੀ ਨਜ਼ਦੀਕੀ ਦੇ ਦਰਮਿਆਨ ਆਪਣੀ ਥਾਂ ਕਾਇਮ ਰੱਖੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)