ਐੱਸਜੀਪੀਸੀ: ਹਰਜਿੰਦਰ ਸਿੰਘ ਧਾਮੀ ਦੀ ਜਿੱਤ ਅਤੇ ਜਗੀਰ ਕੌਰ ਦੀ ਹਾਰ ਦਾ ਕੀ ਹੋ ਸਕਦਾ ਹੈ ਸਿਆਸੀ ਅਸਰ

- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਜਿੱਤ ਗਏ ਹਨ। ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੁੱਧਵਾਰ ਨੂੰ ਹੋਏ ਚੋਣ ਅਮਲ ਦੌਰਾਨ ਕੁੱਲ 146 ਵੋਟਾਂ ਭੁਗਤੀਆਂ।
ਇਨ੍ਹਾਂ ਵਿਚੋਂ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪਈਆਂ, ਜਦਕਿ ਪਾਰਟੀ ਦੀ ਬਾਗ਼ੀ ਉਮੀਦਵਾਰ ਜਗੀਰ ਕੌਰ ਨੇ 42 ਵੋਟਾਂ ਹਾਸਿਲ ਕੀਤੀਆਂ।
ਅੱਜ ਦੀ ਚੋਣ ਦੌਰਾਨ ਬਲਦੇਵ ਸਿੰਘ ਕਾਇਮਪੁਰੀ ਨੂੰ ਸੀਨੀਅਰ ਮੀਤ ਪ੍ਰਧਾਨ , ਅਵਤਾਰ ਸਿੰਘ, ਮੀਤ ਪ੍ਰਧਾਨ ਅਤੇ ਗੁਰਚਰਨ ਸਿੰਘ ਗਰੇਵਾਲ, ਜਨਰਲ ਸਕੱਤਰ ਚੁਣੇ ਗਏ ਹਨ। ਇਸ ਸਾਰੇ ਹੀ ਅਕਾਲੀ ਦਲ ਬਾਦਲ ਨਾਲ ਸਬੰਧ ਰੱਖਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਧਾਮੀ ਦੀ ਫੋਟੋ ਪਾ ਕੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨਗੀ ਅਹੁਦੇ ਲਈ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਇਆ।
ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ। ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੁਆਰਾ ਹੁਕਮਨਾਮਾ ਪੜ੍ਹਿਆ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਇਜਲਾਸ ’ਚ ਮੌਜੂਦ ਸਨ। ਇਜਲਾਸ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ।
ਇਸ ਲੇਖ ਵਿੱਚ Facebook ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Facebook ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Facebook post
ਚੋਣ ਨਤੀਜੇ ਦੇ ਕੀ ਅਰਥ ਹਨ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, “ਜਨਰਲ ਹਾਊਸ ਵਿੱਚ 85 ਫ਼ੀਸਦ ਮੈਂਬਰ ਅਕਾਲੀ ਦਲ ਦੇ ਹਨ ਤੇ ਜੇ ਬੀਬੀ ਜਗੀਰ ਕੌਰ ਇਸ ਸਥਿਤੀ ਵਿੱਚ ਜਿੱਤ ਜਾਂਦੇ ਤਾਂ ਐੱਸਜੀਪੀਸੀ ਦੇ ਇਤਿਹਾਸ ਵਿੱਚ ਇਹ ਅਣਹੋਣੀ ਹੋਣੀ ਸੀ।”
“ਕਦੀ ਵੀ ਬਾਗ਼ੀ ਜਾਂ ਵਿਰੋਧੀ ਧਿੜ ਦੇ ਉਮੀਦਵਾਰ ਨੂੰ ਬਹੁਤੀਆਂ ਵੋਟਾਂ ਨਹੀਂ ਮਿਲਦੀਆਂ।”
ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਸੀ
ਜਗਤਾਰ ਸਿੰਘ ਕਹਿੰਦੇ ਹਨ ਕਿ ਮਸਲਾ ਇਹ ਨਹੀਂ ਕਿ ਇਨ੍ਹਾਂ ਚੋਣਾਂ ਵਿੱਚ ਜਿੱਤ ਹਾਰ ਕਿਸ ਦੀ ਹੋਈ ਹੈ। ਬਲਕਿ ਇਹ ਮਸਲਾ ਸੁਖਬੀਰ ਦੀ ਲੀਡਰਸ਼ਿਪ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਦਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਅਗਵਾਈ ’ਤੇ ਸਵਾਲ ਚੁੱਕਿਆ ਜਾ ਰਿਹਾ ਹੈ।
ਇਸ ਵਾਰ ਐੱਸਜੀਪੀਸੀ ਪ੍ਰਧਾਨ ਦੀਆਂ ਚੋਣਾਂ ਵਿੱਚ ਪ੍ਰਧਾਨ ਲਈ ਮੁਕਾਬਲਾ ਨਹੀਂ ਸੀ ਬਲਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਸੀ।
ਜਗਤਾਰ ਸਿੰਘ ਕਹਿੰਦੇ ਹਨ ਕਿ ਭਾਵੇਂ ਅਕਾਲੀ ਦਲ ਇਹ ਚੋਣ ਜਿੱਤ ਗਿਆ ਹੈ ਪਰ ਜਦੋਂ ਤੱਕ ਜਨਰਲ ਚੋਣ ਨਹੀਂ ਹੁੰਦੀ ਉਦੋਂ ਤੱਕ ਕੋਈ ਬਹੁਤਾ ਫ਼ਰਕ ਨਹੀਂ ਪਵੇਗਾ। ਸੁਖਬੀਰ ਬਾਦਲ ਪ੍ਰਧਾਨ ਵੀ ਰਹਿਣਗੇ, ਪਰ ਸਵਾਲ ਹੈ ਕਿ ਕੀ ਪਾਰਟੀ ਰਹੇਗੀ।
ਇਸ ਵਾਰ ਵਿਰੋਧੀ ਧਿਰ ਨੂੰ ਵੱਧ ਵੋਟਾਂ ਮਿਲਣਾ ਵੀ ਇਸ ਗੱਲ ਦਾ ਸੰਕੇਤ ਹੈ ਕਿ ਮੈਂਬਰ ਉਨ੍ਹਾਂ ਦੀ ਪ੍ਰਧਾਨਗੀ ਨੂੰ ਚੁਣੌਤੀ ਦੇ ਰਹੇ ਹਨ। ਉਨ੍ਹਾਂ ਲਈ ਇਹ ਫ਼ਿਕਰ ਵਾਲੀ ਗੱਲ ਹੈ।
ਇਨ੍ਹਾਂ ਚੋਣਾਂ ਦਾ ਅਸਰ ਆਉਣ ਵਾਲੀਆਂ ਐੱਸਜੀਪੀਸੀ ਦੀਆਂ ਜਨਰਲ ਚੋਣਾਂ ਵਿੱਚ ਵੀ ਨਜ਼ਰ ਆਵੇਗਾ।

ਸਿੱਖ ਸੰਸਥਾਵਾਂ ਦੀ ਖ਼ੁਦਮਿਖਤਿਆਰੀ ਦਾ ਮਸਲਾ
ਸਿੱਖ ਮਸਲਿਆਂ ਦੇ ਮਾਹਰ ਜਗਤਾਰ ਸਿੰਘ ਕਹਿੰਦੇ ਹਨ ਕਿ ਇਨ੍ਹਾਂ ਚੋਣਾਂ ਨੇ ਪੰਥਕ ਏਜੰਡਾ ਸਹਾਮਣੇ ਲਿਆ ਦਿੱਤਾ ਹੈ। ਖ਼ਾਸਕਰ ਧਾਰਮਿਕ-ਸਿਆਸੀ ਪੱਖ ਤੋਂ।
ਅਕਾਲੀ ਦਲ ਲਗਾਤਾਰ ਇਸ ਤੋਂ ਪਿੱਛੇ ਹਟ ਰਿਹਾ ਸੀ। ਜਿਵੇਂ ਕਿ ਜਦੋਂ ਅਸੀਂ ਸਿੱਖ ਸੰਸਥਾਵਾਂ ਦੀ ਖ਼ੁਦਮੁਖ਼ਤਿਆਰੀ ਦੀ ਗੱਲ ਕਰਦੇ ਹਾਂ ਤਾਂ ਐੱਸਜੀਪੀਸੀ ਤੇ ਅਕਾਲ ਤਖ਼ਤ ਦੋਵੇਂ ਇਸ ਦਾ ਹਿੱਸਾ ਹਨ।
ਇਨ੍ਹਾਂ ਚੋਣਾਂ ਵਿੱਚ ਵੀ ਐੱਸਜੀਪੀਸੀ ਮੈਂਬਰਾਂ ਨੇ ਇਸ ਵਾਰ ਸੁਖਬੀਰ ਬਾਦਲ ਨੂੰ ਅਧਿਕਾਰ ਦਿੱਤਾ ਕਿ ਬਾਕੀ ਮੈਂਬਰਾਂ ਨੂੰ ਉਹ ਨਾਮਜ਼ਦ ਕਰ ਦੇਣ ਕਿਉਂਜੋ ਇਹ ਹੀ ਚਲਦਾ ਆ ਰਿਹਾ ਹੈ।
ਇਨ੍ਹਾਂ ਚੋਣਾਂ ਦੀ ਜੋ ਜਿੱਤ ਹੈ ਉਹ ਇਹ ਹੈ ਕਿ ਪ੍ਰਧਾਨ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦੀ ਖ਼ਦਮੁਖਤਿਆਰੀ ਨੂੰ ਚੁਣੌਤੀ ਮਿਲੀ ਹੈ। ਤੇ ਉਨ੍ਹਾਂ ਨੂੰ ਲਿਫਾਫ਼ਾ ਸਭਿਆਚਾਰ ਨੂੰ ਦਰਕਿਨਾਰ ਕਰਕੇ ਆਪਣੇ ਉਮੀਦਵਾਰ ਦਾ ਐਲਾਣ ਕਰਨਾ ਪਿਆ।
ਪਰ ਜਦੋਂ ਆਮ ਚੋਣਾਂ ਹੋਣਗੀਆਂ ਤਾਂ ਉਦੋਂ ਸ਼ਾਇਦ ਇਨ੍ਹਾਂ ਨਤੀਜਿਆਂ ਦਾ ਅਸਰ ਸਪੱਸ਼ਟ ਦੇਖਿਆ ਜਾ ਸਕੇਗਾ।
ਭਾਜਪਾ ਦਾ ਦਖ਼ਲ ਨਜ਼ਰ ਨਹੀਂ ਆਉਂਦਾ
ਜੇ ਭਾਜਪਾ ਦੀ ਦਿੱਲੀ ਸਰਕਾਰ ਨੇ ਇਨ੍ਹਾਂ ਚੋਣਾਂ ਵਿੱਚ ਦਖ਼ਲ ਅੰਦਾਜੀ ਕੀਤੀ ਹੁੰਦੀ ਤਾਂ ਵਿਰੋਧੀ ਧਿਰ ਨੇ 42 ਵੋਟਾਂ ਨਹੀਂ ਸੀ ਸਿਮਟਣਾ, ਇਹ ਅੰਕੜਾ ਵੱਡਾ ਹੋਣਾ ਸੀ।
ਭਾਜਪਾ ਵਲੋਂ ਜਨਰਲ ਹਾਊਸ ਨੂੰ ਵੱਖ ਕਰਨ ਤੱਕ ਦੇ ਉਪਰਾਲੇ ਕੀਤੇ ਜਾਣੇ ਸਨ। ਉਨ੍ਹਾਂ ਨੇ ਮਹਾਰਾਸ਼ਟਰਾ ਵਿੱਚ ਅਜਿਹਾ ਕਰ ਕੇ ਦਿਖਾਇਆ ਵੀ ਹੈ।
ਧਾਮੀ ਅਤੇ ਜਗੀਰ ਕੌਰ ਦਾ ਪ੍ਰਤੀਕਰਮ
ਹਰਜਿੰਦਰ ਸਿੰਘ ਧਾਮੀ ਨੇ ਇਸ ਜਿੱਤ ਨੂੰ ਪੰਥ ਦੀ ਜਿੱਤ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀਆਂ ਚੋਣਾਂ ਹਰ ਸਾਲ ਹੁੰਦੀਆਂ ਹਨ, ਪਰ ਇਸ ਵਾਰ ਚੋਣ ਇਸ ਕਰਕੇ ਅਹਿਮ ਸੀ ਕਿਉਂਕਿ ਇਸ ਵਿਚ ਭਾਜਪਾ ਤੇ ਆਰਐੱਸਐੱਸ ਸਿੱਧਾ ਦਖ਼ਲ ਦੇ ਰਹੇ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਕੇਂਦਰ, ਪੰਜਾਬ, ਹਰਿਆਣਾ ਦੀਆਂ ਸਰਕਾਰਾਂ ਅਤੇ ਅਕਾਲੀ ਦਲ ਦੇ ਵਿਰੋਧੀ ਧੜ੍ਹਿਆਂ ਨੇ ਮਿਲਕੇ ਚੋਣ ਲੜੀ। ਪਰ ਅਕਾਲੀ ਦਲ ਨੇ ਇਹ ਚੋਣ ਜਿੱਤੀ ਹੈ।
ਚੋਣ ਨਤੀਜੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਹਾਰ ਨਹੀਂ ਇਹ ਜਿੱਤ ਹੀ ਹੈ।
ਉਨ੍ਹਾਂ ਕਿਹਾ, ਮੈਂ ਲਿਫਾਫਾ ਖੁੱਲ੍ਹਵਾ ਦਿੱਤਾ, ਉਮੀਦਵਾਰ ਪਹਿਲਾਂ ਐਲਾਨਣੇ ਪਏ। ਜੇਕਰ 42 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਮੈਨੂੰ ਵੋਟ ਪਾਈ ਹੈ ਤਾਂ ਇਸ ਦਾ ਅਰਥ ਹੈ ਕਿ ਖਾਲਸੇ ਦੀ ਸੋਚ ਵਾਲੇ ਜਾਗਦੇ ਹਨ।
ਉਨ੍ਹਾਂ ਕਿਹਾ ਕਿ ਮੈਂ ਕਿਸੇ ਨਾਲ ਧੱਕਾ ਨਹੀਂ ਕੀਤਾ, ਕਿਸੇ ਨੂੰ ਮਜਬੂਰ ਨਹੀਂ ਕੀਤਾ, ਸਿਰਫ਼ ਅਪੀਲ ਹੀ ਕੀਤੀ ਸੀ।
ਅਸਲੀ ਅਸਰ ਆਮ ਚੋਣਾਂ ਵਿਚ ਨਜ਼ਰ ਆ ਜਾਵੇਗਾ।
ਅਕਾਲੀ ਦਲ ਵਿਚੋਂ ਕੱਢੇ ਜਾਣ ਬਾਰੇ ਉਨ੍ਹਾਂ ਇੱਕ ਵਾਰ ਫੇਰ ਕਿਹਾ ਕਿ ਇਹ ਕੌਣ ਹੁੰਦੇ ਹਨ ਮੈਨੂੰ ਕੱਢਣ ਵਾਲੇ ਅਕਾਲੀ ਦਲ ਵੀ ਸਾਡਾ ਹੈ ਅਤੇ ਸ਼੍ਰੋਮਣੀ ਕਮੇਟੀ ਵੀ।
ਇਸ ਸਾਲ ਪ੍ਰਧਾਨਗੀ ਅਹੁਦੇ ਦੇ ਦੋ ਦਾਅਵੇਦਾਰ ਸਨ। ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਉਮੀਦਵਾਰ, ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਚੋਣ ਤੋਂ ਕੁਝ ਹੀ ਦਿਨ ਪਹਿਲਾਂ ਪਾਰਟੀ ਵਿੱਚੋਂ ਬਾਹਰ ਕੀਤੇ ਗਏ ਸਾਬਕਾ ਪ੍ਰਧਾਨ ਜਗੀਰ ਕੌਰ।
ਪੇਸ਼ੇ ਵਜੋਂ ਵਕੀਲ ਧਾਮੀ ਨੂੰ ਪ੍ਰਧਾਨ ਬਣਨ ਤੋਂ ਪਹਿਲਾਂ ਐੱਸਜੀਪੀਸੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੋਂ ਪਹਿਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦੀ ਚੋਣ ਤੋਂ ਪਿੱਛੇ ਹਟਣ ਦੀ ਅਪੀਲ ਕੀਤੀ ਸੀ। ਪਰ ਬੀਬੀ ਜਗੀਰ ਕੌਰ ਆਪਣੇ ਫ਼ੈਸਲੇ 'ਤੇ ਕਾਇਮ ਰਹੇ।

ਤਸਵੀਰ ਸਰੋਤ, RAVINDER SINGH ROBIN/BBC
ਸ਼੍ਰੋਮਣੀ ਕਮੇਟੀ ਵਿਚ ਵੋਟਾਂ ਦਾ ਅੰਕੜਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ।
ਸ਼੍ਰੋਮਣੀ ਕਮੇਟੀ ਦੇ ਸਦਨ ਵਿੱਚ ਕੁੱਲ 191 ਮੈਂਬਰ ਹੁੰਦੇ ਹਨ, ਪਰ ਵੋਟ ਦਾ ਹੱਕ 185 ਕੋਲ ਹੁੰਦਾ ਹੈ।
ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਪੰਜਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ (6 ਮੈਂਬਰ) ਕੋਲ ਵੋਟਿੰਗ ਅਧਿਕਾਰ ਨਹੀਂ ਹੁੰਦਾ।
170 ਮੈਂਬਰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਰਾਜਾਂ ਵਿੱਚੋਂ ਵੋਟਿੰਗ ਰਾਹੀ ਚੁਣੇ ਜਾਂਦੇ ਹਨ
ਹਾਲਾਂਕਿ 15 ਮੈਂਬਰ ਦੇਸ਼ ਭਰ ਵਿੱਚੋਂ ਨਾਮਜ਼ਦ ਕੀਤੇ ਜਾਂਦੇ ਹਨ।
ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ ਤੋਂ ਹੁਣ ਤੱਕ 26 ਮੈਂਬਰਾਂ ਦੀ ਮੌਤ ਚੁੱਕੀ ਹੈ ਅਤੇ ਦੋ ਅਸਤੀਫ਼ਾ ਦੇ ਚੁੱਕੇੇ ਹਨ।

ਤਸਵੀਰ ਸਰੋਤ, RAVINDER SINGH ROBIN/BBC
ਪ੍ਰਧਾਨ ਤੇ ਲਿਫਾਫਾ ਰੁਝਾਨ
ਇਸ ਵਾਰ ਹੋਣ ਵਾਲੀਆਂ ਚੋਣਾਂ ਵਿੱਚ ਇੱਕ ਨਿਵੇਕਲੀ ਗੱਲ ਇਹ ਹੋ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਮ ਲਿਫਾਫੇ ਵਿੱਚੋਂ ਨਹੀਂ ਨਿਕਲਿਆ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਭ ਤੋਂ ਜ਼ਿਆਦਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹਨ।
ਅਕਾਲੀ ਦਲ ਨੇ ਚੋਣਾਂ ਤੋਂ ਚਾਰ ਦਿਨ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਨਾਮ ਐਲਾਣਿਆ ਸੀ।
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਬਣਾਇਆ ਗਿਆ ਸੀ।
ਦੂਜੇ ਪਾਸੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ ਪਰ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਗੀਰ ਕੌਰ ਨੂੰ ਸਮਰਥਨ ਮਿਲ ਰਿਹਾ ਸੀ।

ਐੱਸਜੀਪੀਸੀ ਪ੍ਰਧਾਨਗੀ ਚੋਣ ਨਤੀਜਿਆਂ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਰਾਇ
- ਇਹ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਸੀ
- ਸਿੱਖ ਸੰਸਥਾਵਾਂ ਜਿਨ੍ਹਾਂ ਵਿੱਚ ਐੱਸਜੀਪੀਸੀ ਤੇ ਅਕਾਲ ਤਖ਼ਤ ਸ਼ਾਮਿਲ ਹਨ ਦੀ ਖ਼ੁਦਮੁਖ਼ਤਿਆਰੀ ਬਹਾਲ ਕਰਵਾਉਣ ਦੀ ਲੜਾਈ
- ਭਾਜਪਾ ਦੀ ਦਖ਼ਲ-ਅੰਦਾਜੀ ਹੁੰਦੀ ਤਾਂ ਨਤੀਜੇ ਵੱਖਰੇ ਹੋਣੇ ਸੀ
- ਅਕਾਲੀ ਦਲ ਨੂੰ ਇਨ੍ਹਾਂ ਨਤੀਜਿਆਂ ਤੋਂ ਸਿੱਖਣ ਦੀ ਲੋੜ
- 9 ਤਾਰੀਕ ਨੂੰ ਹੋਏ ਜਨਰਲ ਇਜਲਾਸ ਵਿੱਚ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੜ ਪ੍ਰਧਾਨ ਬਣੇ
- ਜਗੀਰ ਕੌਰ ਨੂੰ ਮਿਲੀਆਂ 42 ਵੋਟਾਂ


ਤਸਵੀਰ ਸਰੋਤ, Getty Images
ਜਗੀਰ ਕੌਰ ਪਹਿਲੀ ਮਹਿਲਾ ਪ੍ਰਧਾਨ ਸਨ
ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ ਸਨ।
ਉਹ ਇਸ ਤੋਂ ਪਹਿਲਾਂ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰ ਚੁੱਕੇ ਹਨ।
ਉਹ ਇਸ ਵਾਰ ਆਪਣੇ ਪੁਰਾਣੇ ਸਾਥੀ ਮੈਂਬਰਾਂ ਕੋਲੋਂ ਵੀ ਹਿਮਾਇਤ ਦੀ ਆਸ ਕਰਦੇ ਸਨ।

ਇਹ ਵੀ ਪੜ੍ਹੋ-

‘‘ਜਗੀਰ ਕੌਰ ਦੀ ਨੈਤਿਕ ਜਿੱਤ’’
ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਇਸ ਵਾਰ ਖ਼ਾਸ ਗੱਲ ਇਹ ਰਹੀ ਹੈ ਕਿ ਜਗੀਰ ਕੌਰ ਦੀ ਬਗ਼ਾਵਤ ਕਾਰਨ ਅਕਾਲੀ ਦਲ ਨੂੰ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨਣਾ ਪਿਆ।
ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਇਸ ਨੂੰ ਜਗੀਰ ਕੌਰ ਦੀ ਚੋਣਾਂ ਤੋਂ ਪਹਿਲਾਂ ਹੀ ਨੈਤਿਕ ਜਿੱਤ ਦੱਸਦੇ ਸਨ।
ਉਨ੍ਹਾਂ ਚੋਣਾਂ ਦੌਰਾਨ ਜਗੀਰ ਕੌਰ ਦੇ ਸਮਰਥਨ ਦਾ ਐਲਾਨ ਵੀ ਕੀਤਾ ਸੀ।
ਜਗੀਰ ਕੌਰ ਇਸ ਨੂੰ ਇੰਝ ਕਹਿੰਦੇ ਹਨ, ‘‘ਮੇਰੇ ਚੋਣ ਲੜਨ ਦੇ ਫੈਸਲੇ ਨੇ ਸ਼੍ਰੋਮਣੀ ਕਮੇਟੀ ਵਿਚ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਚ ਬਾਦਲ ਪਰਿਵਾਰ ਦੇ ਲਿਫਾਫ਼ਾ ਸਭਿਆਚਾਰ ਨੂੰ ਖ਼ਤਮ ਕਰ ਦਿੱਤਾ ਹੈ।’’
ਜਗੀਰ ਕੌਰ ਆਸ ਪ੍ਰਗਟਾਉਂਦੇ ਹਨ ਕਿ ਉਨ੍ਹਾਂ ਦੀ ਲੜਾਈ ਸਿਆਸੀ ਨਾਲੋਂ ਵੱਧ ਸਿੱਖਾਂ ਦੇ ਧਾਰਮਿਕ ਅਦਾਰਿਆਂ ਦੀ ਆਜ਼ਾਦੀ ਬਹਾਲ ਕਰਵਾਉਂਣ ਲਈ ਵਿੱਢੀ ਗਈ ਲੜਾਈ ਹੈ।

ਤਸਵੀਰ ਸਰੋਤ, Getty Images
ਸੁਖਬੀਰ ਬਨਾਮ ਜਗੀਰ ਕੌਰ
ਅਕਾਲੀ ਦਲ ਨੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ।
ਪਰ ਜਗੀਰ ਕੌਰ ਦੀ ਸਿਆਸੀ ਸਰਗਰਮੀ ਤੋਂ ਬਾਅਦ ਸੁਖਬੀਰ ਬਾਦਲ ਨੇ ਮੋਰਚਾ ਖ਼ੁਦ ਸੰਭਾਲ ਲਿਆ ਸੀ।
ਅੰਮ੍ਰਿਤਸਰ 'ਚ ਮੰਗਲਵਾਰ ਨੂੰ ਸੁਖਬੀਰ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਦਲ ਦੇ ਆਗੂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬੈਠਕ 'ਚ ਪਹੁੰਚੇ ਸਨ।
ਬੈਠਕ ਦੌਰਾਨ ਸੁਖਬੀਰ ਬਾਦਲ ਨੇ 100 ਤੋਂ ਵੱਧ ਮੈਂਬਰਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਸੀ, ਉਨ੍ਹਾਂ ਨਾਲ ਹੀ ਇਹ ਵੀ ਕਿਹਾ ਸੀ ਕਿ ਅਜੇ 25-30 ਹੋਰ ਮੈਂਬਰ ਉਨ੍ਹਾਂ ਦੇ ਉਮੀਦਵਾਰ ਦੇ ਹੱਕ ’ਚ ਅੰਮ੍ਰਿਤਸਰ ਵਿੱਚ ਪਹੁੰਚ ਰਹੇ ਹਨ। ਪਰ ਅਜਿਹਾ ਨਹੀਂ ਹੋਇਆ।
ਸੁਖਬੀਰ ਬਾਦਲ ਇਹ ਵੀ ਦਾਅਵਾ ਕਰਦੇ ਸਨ ਕਿ ਜਗੀਰ ਕੌਰ ਦੇ ਹੱਕ ਵਿਚ 4-5 ਮੈਂਬਰਾਂ ਤੋਂ ਵੱਧ ਨਹੀਂ ਹਨ। ਪਰ ਜਗੀਰ ਕੌਰ 42 ਵੋਟਾਂ ਲੈ ਗਏ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਇਸ ਵਾਰ ਦੀਆਂ ਸਰਗਰਮੀਆਂ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਚੋਣ ਧਾਮੀ ਬਨਾਮ ਜਗੀਰ ਕੌਰ ਨਹੀਂ ਬਲਕਿ ਸੁਖਬੀਰ ਬਨਾਮ ਜਗੀਰ ਕੌਰ ਹੋਈ।
1999 ਵਿਚ ਮਰਹੂਰ ਆਗੂ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਬੀਬੀ ਜਗੀਰ ਕੌਰ ਦੂਜੇ ਪੰਥਕ ਆਗੂ ਹਨ, ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ ਹੋਣ ਅਤੇ ਉਨ੍ਹਾਂ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਗਿਆ ਹੋਵੇ।
ਦੂਜੇ ਪਾਸੇ ਜਗੀਰ ਕੌਰ ਦੇ ਨੇੜਲੇ ਸੂਤਰ ਉਨ੍ਹਾਂ ਕੋਲ 60 ਤੋਂ ਵੱਧ ਵੋਟਾਂ ਹੋਣ ਦਾ ਦਾਅਵਾ ਕਰ ਰਹੇ ਸਨ।
ਜਗੀਰ ਕੌਰ ਨੇ ਇੱਕ ਨੇੜਲੇ ਸਾਥੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਗੀਰ ਕੌਰ ਦਾ ਪਿੱਛਾ ਕਰ ਰਹੀ ਸੀ।
ਉਹ ਜਿਸ ਵੀ ਮੈਂਬਰ ਕੋਲ ਜਾਂਦੇ, ਉਸ ਤੋਂ ਬਾਅਦ ਸੁਖਬੀਰ ਅਤੇ ਹੋਰ ਅਕਾਲੀ ਦਲ ਉਨ੍ਹਾਂ ਕੋਲ ਪਹੁੰਚ ਜਾਂਦੇ ਸਨ ਅਤੇ ਹਰ ਤਰ੍ਹਾਂ ਦਾ ਦਬਾਅ ਬਣਾਉਂਦੇ ਸਨ।
ਇਸ ਤੋਂ ਬਾਅਦ ਜਗੀਰ ਕੌਰ ਨੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਨਿੱਜੀ ਤੌਰ ਉੱਤੇ ਮਿਲਣਾ ਬੰਦ ਕਰਕੇ ਫ਼ੋਨ ਅਤੇ ਦੂਜੇ ਸੰਪਰਕ ਸਾਧਨਾਂ ਨਾਲ ਮੁਹਿੰਮ ਚਲਾਈ।
ਉਹ ਇਹ ਵੀ ਦਾਅਵਾ ਕਰਦੇ ਸਨ ਕਿ ਮੈਂਬਰ ਭਾਵੇਂ ਅਕਾਲੀ ਦਲ ਦੀ ਬੈਠਕ ਵਿੱਚ ਜਾ ਰਹੇ ਹਨ ਪਰ ਉਹ ਵੋਟ ਜਗੀਰ ਕੌਰ ਨੂੰ ਹੀ ਪਾਉਣਗੇ।
ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ਵਿਦੇਸ਼ਾਂ ਤੋਂ ਬਹੁਤ ਸਾਰੇ ਪਰਵਾਸੀ ਸਿੱਖ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਫ਼ੋਨ ਕਰਕੇ ਜਗੀਰ ਕੌਰ ਦੇ ਹੱਕ ਵਿਚ ਭੁਗਤਣ ਲਈ ਮੁਹਿੰਮ ਚਲਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਵਿਦੇਸ਼ਾਂ ਤੋਂ ਕੁਝ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਫ਼ੋਨ ਆਏ ਸਨ।
ਉਹ ਕਹਿੰਦੇ ਹਨ, ‘‘ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਹੇਠੋਂ ਕੱਢਣ ਦਾ ਇੱਕ ਮੌਕਾ ਮੁਹੱਈਆ ਕਰਵਾ ਦਿੱਤਾ ਹੈ।’’
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮੌਜੂਦਾ ਕਮੇਟੀ ਗ਼ੈਰਕਾਨੂੰਨੀ ਦੱਸਦਿਆਂ ਵੋਟ ਨਾ ਪਾਉਣ ਦੀ ਗੱਲ ਆਖੀ ਸੀ।















