ਗੂਗਲ ਦਾ ਵੱਡਾ ਦਾਅਵਾ, 'ਅਜਿਹੀ ਚਿੱਪ ਬਣਾਈ ਜੋ ਉਸ ਸਮੱਸਿਆ ਨੂੰ ਮਿੰਟਾਂ 'ਚ ਹੱਲ ਕਰੇ ਜਿਸ ਲਈ ਸੁਪਰ ਕੰਪਿਊਟਰ ਨੂੰ ਅਰਬਾਂ ਸਾਲ ਲੱਗਣ'

    • ਲੇਖਕ, ਕਰਿਸ ਵਾਲੈਂਸ
    • ਰੋਲ, ਬੀਬੀਸੀ ਪੱਤਰਕਾਰ

ਗੂਗਲ ਨੇ ਤਕਨੀਕੀ ਜਗਤ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ ਇੱਕ ਨਵੀਂ ਚਿੱਪ ਲੋਕ ਅਰਪਣ ਕੀਤੀ ਹੈ।

ਗੂਗਲ ਦਾ ਦਾਅਵਾ ਹੈ ਕਿ ਇਸ ਚਿੱਪ ਨਾਲ ਇੱਕ ਅਜਿਹੀ ਸਮੱਸਿਆ ਨੂੰ ਹੱਲ ਕਰਨ ਵਿੱਚ ਪੰਜ ਮਿੰਟ ਲੱਗਦੇ ਹਨ ਜਿਸ ਨੂੰ ਹੱਲ ਕਰਨ ਵਿੱਚ ਵਰਤਮਾਨ ਵਿੱਚ ਮੌਜੂਦ ਦੁਨੀਆ ਦੇ ਸਭ ਤੋਂ ਤੇਜ਼ ਸੁਪਰ ਕੰਪਿਊਟਰਾਂ ਨੂੰ 10 ਸੈਪਟਿਲੀਅਨ ਯਾਨੀ 10,000,000,000,000,000,000,000,000 ਸਾਲ ਦਾ ਸਮਾਂ ਲੱਗਦਾ ਹੈ।

ਚਿੱਪ ਕੁਆਂਟਮ ਕੰਪਿਊਟਿੰਗ ਦੀ ਦੁਨੀਆਂ ਵਿੱਚ ਇੱਕ ਨਵੀਨਤਮ ਵਿਕਾਸ ਮੰਨੀ ਜਾ ਰਹੀ ਹੈ। ਕੁਆਂਟਮ ਕੰਪਿਊਟਿੰਗ ਜ਼ਰੀਏ ਮਾਹਿਰ ਭੌਤਿਕ ਵਿਗਿਆਨ ਦੇ ਸਿਧਾਂਤਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਇੱਕ ਨਵੀਂ ਕਿਸਮ ਦੇ ਦਿਮਾਗੀ ਤੌਰ 'ਤੇ ਸ਼ਕਤੀਸ਼ਾਲੀ ਕੰਪਿਊਟਰ ਤਿਆਰ ਕੀਤੇ ਜਾ ਸਕਣ।

ਗੂਗਲ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਨਵੀਂ ਕੁਆਂਟਮ ਚਿੱਪ 'ਵਿਲੋ' ਆਉਣ ਵਾਲੇ ਸਮੇਂ ਵਿੱਚ ਗੁੰਝਲਦਾਰ ਸਮੀਕਰਨਾਂ ਨੂੰ ਤੇਜ਼ੀ ਨਾਲ ਹੱਲ ਕਰਨ ਵਾਲੇ ਕੁਆਂਨਟਮ ਕੰਪਿਊਟਰਾਂ ਲਈ ਕ੍ਰਾਂਤੀਕਾਰੀ ਤਰੀਕੇ ਨਾਲ ਰਾਹ ਤਿਆਰ ਕਰੇਗੀ।

ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਵਿਲੋ ਦੀ ਵਰਤੋਂ ਨੂੰ ਸਮਝਣ ਲਈ ਪ੍ਰਯੋਗ ਕੀਤੇ ਜਾ ਰਹੇ ਹਨ ਅਤੇ ਹਾਲੇ ਕੁਆਂਟਮ ਕੰਪਿਊਅਰਾਂ ਨੂੰ ਵੱਡੇ ਪੱਧਰ ਉੱਤੇ ਦੁਨੀਆਂ ਲਈ ਕੰਮ ਕਰਨ ਵਿੱਚ ਕਈ ਸਾਲ ਅਤੇ ਲੱਖਾਂ ਡਾਲਰ ਲੱਗਣਗੇ।

ਕੁਆਂਟਮ ਕੁਆਂਡਰੀ

ਕੁਆਂਟਮ ਕੰਪਿਊਟਰ, ਉਨ੍ਹਾਂ ਲੈਪਟਾਪਾਂ ਜਾਂ ਫ਼ੋਨਾਂ ਦੇ ਕੰਪਿਊਟਰਾਂ ਨਾਲੋਂ ਬੁਨਿਆਦੀ ਤੌਰ 'ਤੇ ਵੱਖਰੇ ਤਰੀਕੇ ਨਾਲ ਕੰਮ ਕਰਦੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਕਰਦੇ ਹਾਂ।

ਕੁਆਂਟਮ ਮਕੈਨਿਕਸ ਬੇਹੱਦ-ਛੋਟੇ ਕਣਾਂ ਜ਼ਰੀਏ ਰਵਾਇਤੀ ਕੰਪਿਊਟਰਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਸਮੱਸਿਆਵਾਂ ਨੂੰ ਹੱਲ ਕਰਦੇ ਹਨ।

ਇਹ ਉਮੀਦ ਕੀਤੀ ਜਾਂਦੀ ਹੈ ਕਿ ਕੁਆਂਟਮ ਕੰਪਿਊਟਰ ਜਲਦ ਹੀ ਉਹ ਸਮਰੱਥਾ ਹਾਸਲ ਕਰ ਲੈਣਗੇ ਜਿਸ ਨਾਲ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਤੇਜ਼ੀ ਨਾਲ ਹੱਲ ਕੀਤਾ ਜਾ ਸਕੇਗਾ ਜਿਵੇਂ ਕਿ ਕਿਸੇ ਬੀਮਾਰੀ ਲਈ ਨਵੀਆਂ ਦਵਾਈਆਂ ਤਿਆਰ ਕਰਨ ਦਾ ਕੰਮ।

ਇਹ ਵੀ ਆਸ ਕੀਤੀ ਜਾਂਦੀਆਂ ਹੈ ਕਿ ਇਹ ਬੀਮਾਰੀਆਂ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਡਾਟਾ ਦੀ ਇਨਕ੍ਰਿਪਸ਼ਨ ਕਰਨ ਦੇ ਕੰਮ ਆਉਣਗੇ, ਜਿਸ ਰਾਹੀਂ ਡਾਟਾ ਸਿਰਫ਼ ਸਬੰਧਿਤ ਧਿਰਾਂ ਹੀ ਡੀਕੋਡ ਕਰ ਸਕਣ ਯਾਨੀ ਸਮਝ ਸਕਣ।

ਫ਼ਰਵਰੀ ਵਿੱਚ ਐਪਲ ਨੇ ਐਲਾਨ ਕੀਤੀ ਸੀ ਕਿ iMessage (ਆਈਮੈਸੇਜ) ਚੈਟਾਂ ਨੂੰ ਸੁਰੱਖਿਅਤ ਕਰਨ ਵਾਲੀ ਇਨਕ੍ਰਿਪਸ਼ਨ ਨੂੰ ਭਵਿੱਖ ਦੇ ਸ਼ਕਤੀਸ਼ਾਲੀ ਕੁਆਂਟਮ ਕੰਪਿਊਟਰਾਂ ਵੱਲੋਂ ਪੜ੍ਹੇ ਜਾਣ ਤੋਂ ਬਚਾਉਣ ਲਈ 'ਕੁਆਂਟਮ ਪਰੂਫ' ਬਣਾਇਆ ਜਾ ਰਿਹਾ ਹੈ।

ਵਿਲੋ ਨੂੰ ਬਣਾਉਣ ਵਾਲੇ ਹਾਰਟਮਟ ਨੇਵਨ ਗੂਗਲ ਦੀ ਕੁਆਂਟਮ ਏਆਈ ਲੈਬ ਦੀ ਅਗਵਾਈ ਕਰ ਰਹੇ ਹਨ। ਉਹ ਇਸ ਪ੍ਰੋਜੈਕਟ ਲਈ ਕਾਫ਼ੀ ਆਸ਼ਾਵਾਦੀ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਵਿਲੋ ਦੀ ਵਰਤੋਂ ਕੁਝ ਪ੍ਰੈਕਟੀਕਲ ਐਪਲੀਕੇਸ਼ਨਾਂ ਵਿੱਚ ਕੀਤੀ ਜਾਵੇਗੀ। ਹਾਲਾਂਕਿ ਉਹ ਪ੍ਰੋਜੈਕਟ ਦੇ ਹੋਰ ਵੇਰਵੇ ਸਾਂਝੇ ਕਰਨ ਤੋਂ ਕੁਝ ਝਿਜਕੇ।

ਉਨ੍ਹਾਂ ਦੱਸਿਆ ਕਿ ਇਸ ਚਿੱਪ ਨੂੰ ਵਪਾਰਕ ਐਪਲੀਕੇਸ਼ਨਾਂ ਦੇ ਕੰਮ ਕਰਨ ਦੇ ਯੋਗ ਬਣਾਉਣ ਵਿੱਚ ਹਾਲੇ ਵੀ ਇੱਕ ਦਹਾਕੇ ਦਾ ਸਮਾਂ ਲੱਗੇਗਾ।

"ਸ਼ੁਰੂ ਵਿੱਚ ਇਹ ਐਪਲੀਕੇਸ਼ਨ ਉਨ੍ਹਾਂ ਸਿਸਟਮਜ਼ ਵਿੱਚ ਵਰਤੀਆਂ ਜਾਣਗੀਆਂ ਜਿੱਥੇ ਕੁਆਂਟਮ ਪ੍ਰਭਾਵ ਅਹਿਮ ਹੈ। ਉਦਾਹਰਣ ਵਜੋਂ, ਜਦੋਂ ਦਵਾਈਆਂ ਅਤੇ ਫ਼ਾਰਮਾਸਿਊਟੀਕਲ ਵਿਕਾਸ ਦੇ ਕੰਮਕਾਜ ਨੂੰ ਸਮਝਣ ਲਈ ਪ੍ਰਮਾਣੂ ਫਿਊਜ਼ਨ ਰਿਐਕਟਰਾਂ ਦੇ ਡਿਜ਼ਾਈਨ ਕਰਨ ਵਿੱਚ ਇਨ੍ਹਾਂ ਦੀ ਵਰਤੋਂ ਅਹਿਮ ਰੋਲ ਅਦਾ ਕਰੇਗੀ।"

"ਇੰਨਾ ਹੀ ਨਹੀਂ ਬਿਹਤਰ ਕਾਰ ਬੈਟਰੀਆਂ ਨੂੰ ਵਿਕਸਤ ਕਰਨ ਵਿੱਚ ਵੀ ਇਹ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਅਜਿਹੇ ਕੰਮਾਂ ਦੀ ਲਿਸਟ ਕਾਫ਼ੀ ਲੰਬੀ ਹੈ।"

ਕੁਆਂਟਮ ਕੰਪਿਊਟਿੰਗ ਕੀ ਹੈ?

ਨੇਵਨ ਨੇ ਬੀਬੀਸੀ ਨੂੰ ਵਿਲੋ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਇਸ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਕੁਆਂਟਮ ਪ੍ਰੋਸੈਸਰ ਦੱਸਿਆ ਸੀ।

ਪਰ ਸਰੀ ਯੂਨੀਵਰਸਿਟੀ ਦੇ ਕੰਪਿਊਟਿੰਗ ਮਾਹਰ ਪ੍ਰੋਫੈਸਰ ਐਲਨ ਵੁੱਡਵਰਡ ਕਹਿੰਦੇ ਹਨ ਕਿ ਕੁਆਂਟਮ ਕੰਪਿਊਟਰ ਮੌਜੂਦਾ 'ਕਲਾਸੀਕਲ' ਕੰਪਿਊਟਰਾਂ ਨਾਲੋਂ ਕਈ ਕਾਰਜਾਂ ਵਿੱਚ ਬਿਹਤਰ ਹੋਣਗੇ, ਪਰ ਉਹ ਉਨ੍ਹਾਂ ਦੀ ਥਾਂ ਨਹੀਂ ਲੈਣਗੇ।

ਉਹ ਇੱਕ ਸਿੰਗਲ ਟੈਸਟ ਦੇ ਆਧਾਰ ਉੱਤੇ ਵਿਲੋ ਦੇ ਗੁਣਗਾਣ ਸਬੰਧੀ ਚੇਤਾਵਨੀ ਦਿੰਦੇ ਹਨ।

ਉਨ੍ਹਾਂ ਨੇ ਸੁਚੇਤ ਕਰਨ ਦੀ ਸੁਰ ਵਿੱਚ ਕਿਹਾ, "ਸੇਬ ਅਤੇ ਸੰਤਰਿਆਂ ਦੀ ਤੁਲਣਾ ਨਹੀਂ ਕੀਤੀ ਜਾ ਸਕਦੀ, ਬਲਕਿ ਸਾਵਧਾਨ ਰਹਿਣਾ ਚਾਹੀਦਾ ਹੈ।"

ਪ੍ਰੋਫੈਸਰ ਐਲਨ ਕਹਿੰਦੇ ਹਨ, "ਗੂਗਲ ਨੇ ਕਾਰਗੁਜ਼ਾਰੀ ਦੇਖਣ ਲਈ ਇੱਕ ਸਮੱਸਿਆ ਚੁਣੀ ਜਿਸ ਨੂੰ ਹੱਲ ਕਰਨ ਲਈ 'ਇੱਕ ਕੁਆਂਟਮ ਕੰਪਿਊਟਰ ਤਿਆਰ' ਕੀਤਾ ਗਿਆ ਸੀ ਅਤੇ ਇਸ ਕੰਪਿਊਟਰ ਨੇ 'ਕਲਾਸੀਕਲ ਕੰਪਿਊਟਰਾਂ ਦੀ ਤੁਲਨਾ ਵਿੱਚ ਇੱਕ ਵਿਆਪਕ ਗਤੀ' ਦਾ ਪ੍ਰਦਰਸ਼ਨ ਨਹੀਂ ਕੀਤਾ ਹੈ।"

"ਫਿਰ ਵੀ, ਉਨ੍ਹਾਂ ਨੇ ਕਿਹਾ ਕਿ ਵਿਲੋ ਇੱਕ ਗਿਣਨਯੋਗ ਤਰੱਕੀ ਨੂੰ ਦਰਸਾਉਂਦਾ ਹੈ।"

ਗ਼ਲਤੀਆਂ ਦੀ ਸੰਭਾਵਨਾ

ਪ੍ਰੋਫੈਸਰ ਐਲਨ ਮੁਤਾਬਕ ਬਹੁਤ ਹੀ ਸਰਲ ਸ਼ਬਦਾਂ ਵਿੱਚ ਇੱਕ ਕੁਆਂਟਮ ਕੰਪਿਊਟਰ ਜਿੰਨਾ ਜ਼ਿਆਦਾ ਉਪਯੋਗੀ ਹੁੰਦਾ ਹੈ, ਓਨੇਂ ਹੀ ਜ਼ਿਆਦਾ ਕਿਊਬਿਟ ਹੁੰਦੇ ਹਨ। ਹਾਲਾਂਕਿ ਤਕਨਾਲੋਜੀ ਦੇ ਨਾਲ ਇੱਕ ਵੱਡੀ ਸਮੱਸਿਆ ਇਹ ਹੈ ਕਿ ਇੱਥੇ ਗ਼ਲਤੀਆਂ ਦੀ ਸੰਭਾਵਨਾ ਰਹਿੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਰੁਝਾਨ ਬਣ ਗਿਆ ਹੈ ਜਿਸ ਤਹਿਤ ਇੱਕ ਚਿੱਪ ਵਿੱਚ ਕਿਊਬਿਟਸ ਨੂੰ ਵਧਾ ਦਿੱਤਾ ਜਾਂਦਾ ਹੈ।

ਪਰ ਗੂਗਲ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਤੱਥ ਨੂੰ ਉਲਟਾ ਦਿੱਤਾ ਹੈ ਅਤੇ ਇੰਜਨੀਅਰਿੰਗ ਜ਼ਰੀਏ ਨਵੀਂ ਚਿੱਪ ਨੂੰ ਇਸ ਤਰ੍ਹਾਂ ਪ੍ਰੋਗਰਾਮ ਕੀਤਾ ਹੈ ਕਿ ਕਿਊਬਿਟਸ ਦੀ ਗਿਣਤੀ ਵਧਣ ਦੇ ਨਾਲ ਸਾਰੇ ਸਿਸਟਮ ਵਿੱਚ ਗ਼ਲਤੀ ਦਰ ਘਟ ਜਾਵੇ।

ਨੇਵੇਨ ਦਾ ਮੰਨਣਾ ਹੈ ਕਿ ਇਹ ਇੱਕ ਵੱਡੀ ਪ੍ਰਾਪਤੀ ਸੀ ਜਿਸ ਨੇ ਇੱਕ ਪ੍ਰਮੁੱਖ ਚੁਣੌਤੀ ਨੂੰ ਸਰ ਕੀਤਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜੇ ਤੁਹਾਡੇ ਕੋਲ ਸਿਰਫ ਇੱਕ ਇੰਜਣ ਵਾਲਾ ਹਵਾਈ ਜਹਾਜ਼ ਹੈ ਤਾਂ ਇਹ ਕੰਮ ਕਰੇਗਾ, ਪਰ ਦੋ ਇੰਜਣ ਸੁਰੱਖਿਅਤ ਹਨ, ਚਾਰ ਇੰਜਣ ਸੁਰੱਖਿਆ ਨੂੰ ਹੋਰ ਵੀ ਮਜ਼ਬੂਤੀ ਦੇਣਗੇ। ਇਹ ਇੱਕ ਅਜਿਹਾ ਹੀ ਸਿਸਟਮ ਹੈ।"

ਪ੍ਰੋਫ਼ੈਸਰ ਵੁੱਡਵਰਡ ਨੇ ਕਿਹਾ ਤਰੁੱਟੀਆਂ ਵਧੇਰੇ ਸ਼ਕਤੀਸ਼ਾਲੀ ਕੁਆਂਟਮ ਕੰਪਿਊਟਰ ਬਣਾਉਣ ਵਿੱਚ ਇੱਕ ਵੱਡੀ ਰੁਕਾਵਟ ਹਨ ਅਤੇ ਮੌਜੂਦਾ ਪ੍ਰਾਪਤੀ ਪ੍ਰੈਕਟੀਕਲ ਕੁਆਂਟਮ ਕੰਪਿਊਟਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਰ ਇੱਕ ਵਿਅਕਤੀ ਨੂੰ ਉਤਸ਼ਾਹਿਤ ਕਰਨ ਵਾਲਾ ਸੀ।"

ਪਰ ਗੂਗਲ ਖ਼ੁਦ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਵਿਵਹਾਰਕ ਤੌਰ 'ਤੇ ਉਪਯੋਗੀ ਕੁਆਂਟਮ ਕੰਪਿਊਟਰਾਂ ਨੂੰ ਵਿਕਸਤ ਕਰਨ ਲਈ ਵਿਲੋ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ ਦੀ ਦਰ ਨੂੰ ਹੋਰ ਵੀ ਘਟਾਉਣ ਦੀ ਲੋੜ ਹੈ।

ਵਿਲੋ ਨੂੰ ਕੈਲੀਫ਼ੋਰਨੀਆ ਵਿੱਚ ਗੂਗਲ ਦੇ ਨਵੇਂ ਨਿਰਮਾਣ ਪਲਾਂਟ ਵਿੱਚ ਬਣਾਇਆ ਗਿਆ ਸੀ। ਦੁਨੀਆ ਭਰ ਦੇ ਦੇਸ਼ ਕੁਆਂਟਮ ਕੰਪਿਊਟਿੰਗ ਵਿੱਚ ਨਿਵੇਸ਼ ਕਰ ਰਹੇ ਹਨ।

ਯੂਕੇ ਨੇ ਹਾਲ ਹੀ ਵਿੱਚ ਨੈਸ਼ਨਲ ਕੁਆਂਟਮ ਕੰਪਿਊਟਿੰਗ ਸੈਂਟਰ ਲਾਂਚ ਕੀਤਾ ਹੈ।

ਇਸਦੇ ਨਿਰਦੇਸ਼ਕ, ਮਾਈਕਲ ਕਥਬਰਟ ਨੇ ਬੀਬੀਸੀ ਨੂੰ ਦੱਸਿਆ ਕਿ ਉਹ 'ਹਾਈਪ ਸਾਈਕਲ' ਨੂੰ ਵਧਾਉਣ ਵਾਲੀ ਭਾਸ਼ਾ ਪ੍ਰਤੀ ਜਾਗਰੂਕ ਸਨ ਅਤੇ ਸਮਝਦੇ ਸਨ ਕਿ ਵਿਲੋ 'ਮਹਿਜ਼ ਇੱਕ ਸਫਲਤਾ ਦੀ ਨਹੀਂ ਬਲਕਿ ਇੱਕ ਮੀਲ ਦਾ ਪੱਥਰ' ਹੈ।

ਉਨ੍ਹਾਂ ਕਿਹਾ,"ਇਹ ਸਪੱਸ਼ਟ ਤੌਰ 'ਤੇ ਇੱਕ ਬਹੁਤ ਪ੍ਰਭਾਵਸ਼ਾਲੀ ਕੰਮ ਸੀ।"

ਉਨ੍ਹਾਂ ਨੇ ਕਿਹਾ ਕਿ ਆਖ਼ਰਕਾਰ ਕੁਆਂਟਮ ਕੰਪਿਊਟਰ ਕਈ ਤਰ੍ਹਾਂ ਦੇ ਕੰਮਾਂ ਵਿੱਚ ਮਦਦ ਕਰਨਗੇ, ਜਿਸ ਵਿੱਚ 'ਲਾਜਿਸਟਿਕ ਸਮੱਸਿਆਵਾਂ ਜਿਵੇਂ ਕਿ ਏਅਰਕ੍ਰਾਫਟ ਦੇ ਕਿਰਾਏ ਦੀ ਵੰਡ ਜਾਂ ਦੂਰਸੰਚਾਰ ਸਿਗਨਲਾਂ ਦੀ ਰੂਟਿੰਗ' ਕਰਨ ਦਾ ਕੰਮ ਕਰਨਗੇ।

ਯੂਕੇ ਵਿੱਚ ਪਹਿਲਾਂ ਹੀ 50 ਕੁਆਂਟਮ ਕੰਪਿਊਟਿੰਗ ਅਧਾਰਿਤ ਕਾਰੋਬਾਰ ਹਨ, ਜਿਨ੍ਹਾਂ ਵਿੱਚ 80 ਕਰੋੜ ਪੌਂਡ ਦੀ ਫ਼ੰਡਿੰਗ ਹੋਈ ਅਤੇ 1300 ਲੋਕਾਂ ਨੂੰ ਰੁਜ਼ਗਾਰ ਮਿਲਿਆ ਸੀ।

ਸ਼ੁੱਕਰਵਾਰ ਨੂੰ, ਆਕਸਫੋਰਡ ਯੂਨੀਵਰਸਿਟੀ ਅਤੇ ਜਾਪਾਨ ਦੀ ਓਸਾਕਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਪੇਪਰ ਪ੍ਰਕਾਸ਼ਿਤ ਕੀਤਾ ਜੋ ਇੱਕ ਟਰੈਪਡ-ਆਓਨ ਕਿਊਬਿਟ ਵਿੱਚ ਬਹੁਤ ਘੱਟ ਗ਼ਲਤੀ ਦਰ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੀ ਕੁਆਂਟਮ ਕੰਪਿਊਟਰ ਬਣਾਉਣ ਲਈ ਇੱਕ ਵੱਖਰੀ ਪਹੁੰਚ ਹੈ ਜੋ ਕਮਰੇ ਦੇ ਤਾਪਮਾਨ 'ਤੇ ਕੰਮ ਕਰਨ ਦੇ ਸਮਰੱਥ ਹੈ। ਜਦੋਂ ਕਿ ਗੂਗਲ ਦੀ ਚਿੱਪ ਨੂੰ ਪ੍ਰਭਾਵਸ਼ਾਲੀ ਤੌਰ 'ਤੇ ਕੰਮ ਕਰਨ ਲਈ ਬੇਹੱਦ ਘੱਟ ਤਾਪਮਾਨ 'ਤੇ ਸਟੋਰ ਕਰਨਾ ਪੈਂਦਾ ਹੈ।

ਗੂਗਲ ਦੇ ਵਿਲੋ ਦੇ ਵਿਕਾਸ ਦੀਆਂ ਵਿਗਿਆਨਕ ਖੋਜਾਂ 'ਨੇਚਰ' ਨਾਮ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)