ਬਲਵੰਤ ਗਾਰਗੀ ਪਿੰਡ ’ਚ ਜੰਮੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਵਸਣ ਦੀ ਨਸੀਹਤ ਕਿਉਂ ਦਿੰਦੇ ਸਨ

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਆਪਣੇ ਆਪ ਨੂੰ ਚੰਗੀ ਚਾਹ ਦਾ ਸ਼ੌਕੀਨ ਦੱਸਣ ਵਾਲਾ ਬਲਵੰਤ ਗਾਰਗੀ, ਸਾਹਿਤਕ ਹਲਕਿਆਂ ਵਿੱਚ ਸੋਹਣੀਆਂ ਕੁੜੀਆਂ ਦੇ ਪਸੰਦੀਦਾ ਲੇਖਕ ਵਜੋਂ ਵੀ ਮਸ਼ਹੂਰ ਸੀ।

ਗਾਰਗੀ ਨੇ ਆਪਣੇ ਔਰਤ ਪਾਤਰਾਂ ਨੂੰ ਚਿਤਰਣ ਲੱਗਿਆ ਜਿਸ ਕਿਸਮ ਦੀ ਖੁੱਲ੍ਹੀ ਭਾਸ਼ਾ ਦੀ ਵਰਤੋਂ ਕੀਤੀ, ਉਸ ਨੇ ਕਈ ਵਾਰ ਉਸ ਨੂੰ ਲੋਕ ਕਟਿਹਰੇ ਵਿੱਚ ਲਿਆ ਖੜਾ ਕੀਤਾ। ਹਾਲਾਂਕਿ, ਗਾਰਗੀ ਲਈ ਸਮਾਜ ਦੇ ਇੱਕ ਤਬਕੇ ਦੇ ਵੱਲੋਂ ਖੋਲ੍ਹੇ ਗਏ ਇਹ ਮੁਕੱਦਮੇ ਬੇਮਾਇਨੇ ਹੀ ਸਨ।

ਕਿਉਂਕਿ ਉਸ ਨੇ ਆਪਣੀਆਂ ਪ੍ਰੇਮੀਕਾਵਾਂ ਤੇ ਇੱਥੋਂ ਤੱਕ ਕਿ ਆਪਣੀ ਪਤਨੀ ਨਾਲ ਸ਼ੁਰੂਆਤੀ ਦਿਨਾਂ ਦੀ ਮੁਹੱਬਤ ਬਾਰੇ ਲਿਖਣ ਲੱਗਿਆਂ ਵੀ ਤਾਂ ਕਦੀ ਗੁਰੇਜ਼ ਨਹੀਂ ਸੀ ਕੀਤਾ।

ਇਸੇ ਲਈ ਗਾਰਗੀ ਨੂੰ ਔਰਤ ਮਨ ਦੀਆਂ ਤੰਦਾਂ ਨੂੰ ਸੂਖ਼ਮਤਾ ਨਾਲ ਫ਼ਰੋਲਣ ਲਈ ਸਰਾਹਿਆ ਵੀ ਗਿਆ।

ਦਰਮਿਆਨੇ ਕੱਦ-ਕਾਠ ਦਾ ਬਲਵੰਤ ਗਾਰਗੀ ਅੰਗਰੇਜ਼ੀ ਬੋਲਣ ਵਾਲਾ ਪੰਜਾਬੀ ਸੀ, ਜਿਸ ਦੇ ਨਾਟਕਾਂ ਦੇ ਪਾਤਰ ਪੰਜਾਬ ਦੀ ਪਿੰਡਾਂ ਦੀ ਬੋਲੀ ਬੋਲਦੇ ਹਨ।

ਜਿੰਨੀ ਬੇਬਾਕੀ ਨਾਲ ਗਾਰਗੀ ਨੇ ਆਪਣੀ ਜੀਵਨੀ ਤੇ ਆਪਣੇ ਬਾਰੇ ਲਿਖੇ ਰੇਖਾ ਚਿੱਤਰਾਂ ਵਿੱਚ ਖ਼ੁਦ ਨੂੰ ਬੇਪਰਦਗੀ ਨਾਲ ਲਿਖਿਆ, ਉਸ ਦਲੇਰੀ ਨਾਲ ਸ਼ਾਇਦ ਹੀ ਕੋਈ ਆਪਣੇ ਜਾਂ ਕਿਸੇ ਬਾਰੇ ਲਿਖਣ ਦੀ ਜ਼ੁਅਰਤ ਕਰੇ।

ਆਪਣੀ ਸਵੈ-ਜੀਵਨੀ ‘ਨੰਗੀ ਧੁੱਪ’ ਵਿੱਚ ਗਾਰਗੀ ਲਿਖਦੇ ਹਨ, “ਆਪਣੇ ਬਾਰੇ ਇਹ ਲਿਖਣਾ ਕਿ ਮੈਂ ਕਿੰਨਾ ਚੰਗਾ ਹਾਂ, ਚੰਗੀ ਕਲਾ ਦਾ ਸੂਚਕ ਨਹੀਂ। ਲਿਖਣ ਲੱਗਿਆਂ ਲੁਕੇ ਹੋਏ ਰਾਜ਼ ਤੇ ਦੱਬੇ ਹੋਏ ਪਾਪ ਉਜਾਗਰ ਹੋਣ ਤਾਂ ਲੇਖਕ ਨੂੰ ਵੀ ਇੱਕ ਨਵੀਂ ਸੂਝ ਤੇ ਚਾਨਣ ਮਿਲਦਾ ਹੈ।”

ਅੱਜ ਦੇ ਦਿਨ ਯਾਨੀ, 4 ਦਸੰਬਰ, 1917 ਨੂੰ ਜਨਮੇ ਬਲਵੰਤ ਗਾਰਗੀ ਦੇ ਬਠਿੰਡਾ ਦੇ ਪਿੰਡ ਸਹਿਣਾ (ਹੁਣ ਬਰਨਾਲਾ ਜ਼ਿਲ੍ਹੇ ਦੇ ਹਿੱਸਾ) ਤੋਂ ਸ਼ੁਰੂ ਹੋਏ ਤੇ ਅਮਰੀਕਾ ਦੇ ਸਿਆਟਲ ਤੱਕ ਫ਼ੈਲੇ ਮਹਾਨ ਕਲਾ ਸੰਸਾਰ ਨੂੰ ਜਾਣਦੇ ਹਾਂ। ਇਸ ਦੇ ਨਾਲ ਹੀ ਕਈ ਸਮਾਜਿਕ ਕਦਰਾਂ-ਕੀਮਤਾਂ ਨੂੰ ਕਟਿਹਰੇ ਵਿੱਚ ਖੜਾ ਕਰਦੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ’ਤੇ ਵੀ ਝਾਤ ਮਾਰਾਂਗੇ।

ਪਹਿਲੀ ਮੁਹੱਬਤ ਸੰਗੀਤ ਨੂੰ ਛੱਡ, ਸਾਹਿਤ ਨਾਲ ਵਿਆਹਿਆ ਜਾਣਾ

ਬਲਵੰਤ ਗਾਰਗੀ ਦੇ ਲਿਖੇ ਰੇਖਾ-ਚਿੱਤਰ ਬੇਹੱਦ ਮਕਬੂਲ ਹੋਏ ਉਨ੍ਹਾਂ ਨੇ ਆਪਣਾ ਰੇਖਾ-ਚਿੱਤਰ ਵੀ ਲਿਖਿਆ ਜਿਸ ਵਿੱਚ ਉਹ ਮਜ਼ਬੂਰਨ ਪੜ੍ਹਾਈ-ਲਿਖਾਈ ਵੱਲ ਰੁਖ਼ ਕੀਤੇ ਜਾਣ ਦੀ ਗੱਲ ਕਰਦੇ ਹਨ।

ਉਹ ਲਿਖਦੇ ਹਨ ਕਿ ਉਨ੍ਹਾਂ ਦਾ ਪਹਿਲਾ ਇਸ਼ਕ ‘ਸੰਗੀਤ’ ਸੀ। ਪਰ ਗਾਰਗੀ ਦੀ ਮਾਂ ਤਬਲੇ-ਵਾਜੇ ਦੇ ਖ਼ਿਲਾਫ਼ ਸੀ।

“ਗਾਰਗ਼ੀ ਨੂੰ ਘਰ ਦੇ ਪਿਛਲੇ ਪਾਸੇ ਤੋਂ ਢੋਲਕੀ ’ਤੇ ਗਾਉਂਦੀਆਂ ਮਰਾਸਣਾਂ ‘ਨੂਰਾਂ’ ਤੇ ‘ਸੱਦੀ’ ਦੀ ਆਵਾਜ਼ ਤੇਲ ਵਿੱਚ ਰਸੀ ਹੋਈ ਬੰਸਰੀ ਦੀ ਆਵਾਜ਼ ਵਰਗੀ ਸੁਰੀਲੀ ਲੱਗਦੀ।”

ਉਹ ਆਪਣੇ ਬਾਰੇ ਲਿਖਦੇ ਹਨ,“ਘਰ ਵਿੱਚ ਇੱਕ ਜੰਗ ਜਾਰੀ ਰਹੀ ਮੇਰੇ ਸੰਗੀਤ ਤੇ ਮਾਂ ਦੇ ਗਾਲ੍ਹਾਂ ਅਤੇ ਮੁੱਕਿਆਂ ਦੀ।”

ਗਾਰਗੀ ਨੇ ਕਈ ਦਹਾਕੇ ਪਹਿਲਾਂ ਟੋਰਾਂਟੋ ਦੇ ‘ਵਿਜ਼ਿਨਜ਼ ਆਫ਼ ਪੰਜਾਬ’ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਸੀ,“ਸੰਗੀਤ ਮੇਰੀ ਰੂਹ ਵਿੱਚ ਸੀ। ਪਰ ਮਾਂ ਇਸ ਦੇ ਸਖ਼ਤ ਖ਼ਿਲਾਫ਼ ਸੀ ਤੇ ਡਾਢੇ ਸੁਭਾਅ ਦੀ ਸੀ। ਸਖ਼ਤੀ ਨਾਲ ਕਹਿੰਦੀ ਕਿ ਜੇ ਨੱਚਣ-ਗਾਉਣ ਦਾ ਕੰਮ ਕੀਤਾ ਤਾਂ ਗਲ਼ਾ ਘੁੱਟ ਦਿਆਂਗੀ। ਫ਼ਿਰ ਚੌਦਾਂ ਸਾਲ ਦੀ ਉਮਰ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਮੈਂ ਵੱਡਾ ਸੰਗੀਤਕਾਰ ਨਹੀਂ ਬਣ ਸਕਦਾ, ਕਿਉਂਕਿ ਰਿਆਜ਼ ਸੰਭਵ ਹੀ ਨਹੀਂ ਸੀ।”

“ਸਾਹਿਤ ਵੱਲ ਤਾਂ ਐਵੇਂ ਹੀ ਆ ਗਿਆ ਜਿਵੇਂ ਜਦੋਂ ਮਹਿਬੂਬ ਨਾਲ ਵਿਆਹ ਨਾ ਹੋਵੇ ਤਾਂ ਕੋਈ ਆਦਮੀ ਦੂਜੀ ਥਾਂ ਵਿਆਹਿਆ ਗਿਆ ਹੋਵੇ।”

ਫ਼ਿਰ ਕਾਲਜ ਦੇ ਦਿਨਾਂ ਵਿੱਚ ਗਾਰਗੀ ਨੇ ਕਦੀ-ਕਦੀ ਕਵਿਤਾ ਲਿਖਣੀ ਸ਼ੁਰੂ ਕੀਤੀ। ਐੱਮਏ ਅੰਗਰੇਜ਼ੀ ਕੀਤੀ ਤੇ ਇਸੇ ਦੌਰਾਨ ਨਾਟਕਾਂ ਨਾਲ ਉਨ੍ਹਾਂ ਨੂੰ ਪਿਆਰ ਹੋ ਗਿਆ।

ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਨਾਟਕ ਖੇਡਣ ਜਾਂਦੇ ਜਿਸ ਤੋਂ ਬਾਅਦ ਅਮਰੀਕਾ ਦੇ ਸਿਆਟਲ ਵਿੱਚ ਥਿਏਟਰ ਪੜ੍ਹਾਉਣ ਚਲੇ ਗਏ।

ਗਾਰਗੀ ਨੂੰ ਉਨ੍ਹਾਂ ਦੀਆਂ ਲਿਖਤਾਂ ਲਈ ਪਦਮ ਸ਼੍ਰੀ ਸਨਮਾਨ ਮਿਲਿਆ ਅਤੇ ਸਾਹਿਤ ਐਕਡਮੀ ਪੁਰਸਕਾਰ ਸਣੇ ਕਈ ਵੱਕਾਰੀ ਪੁਰਸਕਾਰ ਉਨ੍ਹਾਂ ਦੀ ਝੋਲੀ ਪਏ।

ਕੁੜੀਆਂ ਦਾ ਪਸੰਦੀਦਾ ਲੇਖਕ ਤੇ ਇਸ਼ਕ ਦੇ ਕਿੱਸੇ

ਗਾਰਗੀ ਨੇ ਇੱਕੋ ਸਮੇਂ ਕਈ-ਕਈ ਕੁੜੀਆਂ ਨਾਲ ਆਪਣੇ ਇਸ਼ਕ ਦੇ ਕਿੱਸਿਆਂ ਬਾਰੇ ਬਹੁਤ ਬੇਬਾਕੀ ਨਾਲ ਲਿਖਿਆ। ਜਦੋਂ ਕਦੀ ਕਿਸੇ ਦੇ ਅਹਿਸਾਸਾਂ ਉੱਤੇ ਇਮਾਨਦਾਰੀ ਨਾਲ ਠਹਿਰ ਗਿਆ ਤਾਂ ਉਸ ਬਾਰੇ ਵੀ ਉਸ ਨੇ ਆਪਣਾ ਪਾਠਕਾਂ ਤੋਂ ਕੁਝ ਲਕੋਇਆ ਨਹੀਂ।

ਉਹ ਲਿਖਦੇ ਹਨ,“ਗਾਰਗੀ ਅਜਿਹਾ ਪੰਜਾਬੀ ਲੇਖਕ ਹੈ ਜਿਸ ਉੱਤੇ ਸੋਹਣੀਆਂ ਕੁੜੀਆਂ ਨੇ ਇਤਬਾਰ ਕੀਤਾ।”

ਪਰ ਇਸ ਇਤਬਾਰ ਬਦਲੇ ਹੋਈ ਮੁਹੱਬਤ ਵਿੱਚ ਕਈ ਵਾਰ ਧੋਖਾ ਵੀ ਮਿਲਿਆ ਤੇ ਕਈ ਵਾਰ ਉਸ ਨੇ ਖ਼ੁਦ ਵੀ ਦਿੱਤਾ। ਜਿਸ ਨੂੰ ਗਾਰਗੀ ਨੇ ਕਦੀ ਚੁੱਪ ਰਹਿ ਜ਼ਰਿਆ ਤਾਂ ਕਦੀ ਸ਼ਬਦੀ ਰੂਪ ਦੇ ਕੇ ਆਪਣੇ ਅਹਿਸਾਸਾਂ ਤੋਂ ਮੁਕਤੀ ਪਾਉਣ ਦੀ ਕੋਸ਼ਿਸ਼ ਕੀਤੀ।

ਗਾਰਗੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਦੇ ਵੀ ਗੁੱਸਾ ਨਹੀਂ ਆਉਂਦਾ, ਨਾ ਕਿਸੇ ਭਾਂਡੇ ਦੇ ਟੁੱਟ ਜਾਣ ’ਤੇ, ਨਾ ਘਰ ਵਿੱਚ ਚੋਰੀ ਹੋਣ ’ਤੇ ਅਤੇ ਨਾ ਹੀ ਪ੍ਰੇਮਿਕਾ ਦੇ ਧੋਖਾ ਦੇ ਜਾਣ ’ਤੇ।

ਉਹ ਕਹਿੰਦੇ ਹਨ, “ਮੇਰੇ ਨਾਲ ਘਟਨਾਵਾਂ ਨਹੀਂ ਹਾਦਸੇ ਹੁੰਦੇ ਆ।”

ਗਾਰਗੀ ਦਾ ਆਪਣੀ ਅਮਰੀਕਨ ਮਹਿਬੂਬ ਜੀਨੀ ਨਾਲ ਵਿਆਹ ਵੀ ਇਸੇ ਤਰ੍ਹਾਂ ਦੇ ਇਸ਼ਕ ਦੀ ਕਹਾਣੀ ਹੈ।

ਗਾਰਗੀ ਦੀ ਸਵੈ-ਜੀਵਨੀ ਦੀ ਸ਼ੁਰੂਆਤ ਉਸ ਦੇ ਜੀਨੀ ਨਾਲ ਮੁਲਾਕਾਤ ਦੇ ਕਿੱਸੇ ਨਾਲ ਹੁੰਦੀ ਹੈ। ਉਹ ਲਿਖਦੇ ਹਨ,“ਜਦੋਂ ਮੈਂ ਜੀਨੀ ਨੂੰ ਮਿਲਿਆ ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿੱਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫ਼ਾਦਾਰ, ਤਿੰਨੇ ਵੇਗ?ਮੱਤੀਆਂ, ਤਿੰਨੇ ਕੌਲ?ਕਰਾਰ ਦੀਆਂ ਪੂਰੀਆਂ।”

“ਮੈਂ ਪ੍ਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ? ਕਿਸ ਨੂੰ ਲਾਰਾ ਲਾਵਾਂ? ਕਿਸ ਨੂੰ ਧੋਖਾ ਦੇਵਾਂ?”

ਗਾਰਗੀ ਦੇ ਕਰੀਬੀ ਦੋਸਤ ਰਹੇ ਗੁਲਜ਼ਾਰ ਸੰਧੂ ਦੱਸਦੇ ਹਨ ਕਿ ਗਾਰਗੀ ਦੀ ਜੀਨੀ ਲਈ ਤਿੰਨਾਂ ਨਾਲ ਰਾਬਤਾ ਖ਼ਤਮ ਕੀਤਾ ਤੇ ਫ਼ਿਰ ਇਸ ਸਭ ਬਾਰੇ ਜੀਨੀ ਨੂੰ ਵੀ ਦੱਸਿਆ।

“ਹਾਲਾਂਕਿ ਜੀਨੀ ਨਾਲ ਮੁਹੱਬਤ ਦੀ ਨੀਂਹ ’ਤੇ ਸ਼ੁਰੂ ਹੋਇਆ ਇਹ ਰਿਸ਼ਤਾ ਵਿਆਹ ਤੇ ਦੋ ਬੱਚਿਆਂ, ਪੁੱਤ ਮਨੂੰ ਤੇ ਧੀ ਜੰਨਤ ਦੇ ਜਨਮ ਤੱਕ ਤਾਂ ਪਹੁੰਚਿਆਂ ਪਰ ਉਮਰ ਦੇ ਇੱਕ ਪੜ੍ਹਾਅ ’ਤੇ ਆ ਕੇ ਰੁਕ ਗਿਆ। ਜਦੋਂ ਗਾਰਗੀ ਨੂੰ ਇੱਕ ਥੀਏਟਰ ਆਰਟਿਸਟ ਨਾਲ ਇਸ਼ਕ ਹੋ ਗਿਆ ਤੇ ਉਹ ਅਕਸਰ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿੱਚਲੀ ਉਨ੍ਹਾਂ ਦੀ ਰਿਹਾਇਸ਼ ’ਤੇ ਆਉਣ-ਜਾਣ ਲੱਗੀ।”

ਗੁਲਜ਼ਾਰ ਦੱਸਦੇ ਹਨ ਕਿ ਗਾਰਗੀ ਮਨਮੌਜੀ ਕਿਸਮ ਦਾ ਇਨਸਾਨ ਸੀ, ਲੋਕਾਂ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ, ਪਰ ਦੋਸਤਾਂ ਪ੍ਰਤੀ ਰਵੱਈਆ ਬਹੁਤ ਜ਼ਿੰਦਾਦਿਲ ਸੀ।

ਜੀਨੀ ਗਾਰਗੀ ਤੋਂ ਅਲਹਿਦਾ ਹੋ ਬੱਚਿਆਂ ਨੂੰ ਲੈ ਕੇ ਅਮਰੀਕਾ ਸਿਆਟਲ ਵਿੱਚ ਵਾਪਸ ਚਲੀ ਹੋ ਗਈ। ਉਨ੍ਹਾਂ ਦੀ ਧੀ ਜੰਨਤ ਹੁਣ ਅਮਰੀਕਾ ਵਿੱਚ ਇੱਕ ਕਾਮਯਾਬ ਫ਼ਿਲਮਸਾਜ਼ ਹੈ।

ਹੁਣ ਜੀਨੀ ਵੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਹੈ।

ਔਰਤ ਮਨ ਦੀਆਂ ਡੂੰਘਾਈਆਂ ਮਾਪਣ ਵਾਲਾ ਲੇਖਕ

ਗਾਰਗੀ ਨੂੰ ਉਨ੍ਹਾਂ ਦੇ ਨਾਟਕਾਂ ਦੇ ਔਰਤ ਪਾਤਰਾਂ ਲਈ ਉਚੇਚੇ ਤੌਰ ’ਤੇ ਜਾਣਿਆ ਜਾਂਦਾ ਹੈ। ਫ਼ਿਰ ਚਾਹੇ ਉਹ ‘ਲੋਹਾ ਕੁੱਟ’ ਹੋਵੇ ਜਾਂ ‘ਕਣਕ ਦੀ ਬੱਲੀ’, ਪੇਂਡੂ ਔਰਤ ਦੇ ਮਨ ਦੀਆਂ ਤੰਦਾਂ ਨੂੰ ਗਾਰਗੀ ਨੇ ਦਰਸ਼ਕਾਂ ਸਾਹਮਣੇ ਬਾਖ਼ੂਬੀ ਖੋਲ੍ਹਿਆ ਹੈ।

‘ਕਣਕ ਦੀ ਬੱਲੀ’ ਨਾਟਕ ਬਾਰੇ ਬਲਵੰਤ ਗਾਰਗੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ, “ਇਸ ਦਾ ਥੀਮ ਪਿੰਡ ਦੀ ਖ਼ੂਬਸੂਰਤ ਕੁੜੀ ਦੇ ਤਬਾਹ ਹੋਣ ਦੀ ਕਹਾਣੀ ਹੈ। ਜਿਸ ਨੂੰ ਵੰਗਾਂ ਵੇਚਣ ਵਾਲੇ ਨਾਲ ਪਿਆਰ ਹੋ ਜਾਂਦਾ ਹੈ।”

ਉਨ੍ਹਾਂ ਦੱਸਿਆ ਕਿ ਇਹ ਕਹਾਣੀ ਲੋਕ ਬੋਲੀ ‘ਬੱਲੀਏ ਕਣਕ ਦੀਏ ਤੈਨੂੰ ਖਾਣ ਕੇ ਨਸੀਬਾਂ’ ਵਾਲੇ ਤੋਂ ਨਿਕਲਿਆ ਸੀ।

ਇਸ ਤੋਂ ਬਾਅਦ 1944 ਵਿੱਚ ਉਨ੍ਹਾਂ ਨੇ ‘ਲੋਹਾ ਕੁੱਟ’ ਨਾਟਕ ਲਿਖਿਆ। ਜਿਸ ਵਿੱਚ ਸਖ਼ਤ ਮਿਜ਼ਾਜ ਲੁਹਾਰ ਮਾਪਿਆਂ ਦੀ ਧੀ ਬਾਗ਼ੀ ਹੁੰਦੀ ਹੈ ਤਾਂ ਉਸ ਨਾਲ ਪਰਿਵਾਰ ਦੇ ਰਵੱਈਏ ਦੀ ਕਹਾਣੀ ਹੈ।

ਬਾਗ਼ੀ ਹੋਈ ਧੀ ਦੀ ਮਾਂ ਦੇ ਬਦਲਦੇ ਅਹਿਸਾਸ ਉਸ ਦੀ ਸਮਾਜਿਕ ਵਰਤਾਰਿਆਂ ਅਤੇ ਧੀ ਪ੍ਰਤੀ ਬਦਲਦੀ ਸਮਝ ਨੇ ਮਾਂ ਨੂੰ ਉਸ ਦੀ ਆਪਣੀ ਸੁੰਨੀ-ਸੱਖਣੀ ਜ਼ਿੰਦਗੀ ਦੇ ਸਨਮੁੱਖ ਲਿਆ ਖੜਾ ਕੀਤਾ।

ਗਾਰਗੀ ਕਹਿੰਦੇ ਹਨ,“ਡਰਾਮੇ ਵਿੱਚ ਮਾਂ ਬਦਲਦੀ ਹੈ। ਉਹ ਜਜ਼ਬਾਤੀ ਤੌਰ ’ਤੇ ਜਾਗਦੀ ਹੈ ਕਿ ਉਸ ਦੇ ਸਾਰੇ ਅਹਿਸਾਸ ਤਾਂ ਲੁਹਾਰ ਦੀ ਭੱਠੀ ਵਿੱਚ ਹੀ ਸੜ ਗਏ ਹਨ ਤੇ ਉਸ ਨੂੰ ਸਮਝ ਆਉਂਦੀ ਹੈ ਕਿ ਮੈਂ ਤਾਂ ਆਪਣੇ ਪਤੀ ਨੂੰ ਕਦੀ ਪਿਆਰ ਹੀ ਨਹੀਂ ਕਰ ਸਕੀ।”

ਇੰਨੀ ਸੂਖਮਤਾ ਨਾਲ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਨਾਟਕਕਾਰ ਨੇ ਔਰਤ ਮਨ ਦੀਆਂ ਡੂੰਘਾਣਾਂ ਨੂੰ ਸਮਝਿਆ ਹੋਵੇ। ਇਸ ਬਾਰੇ ਗਾਰਗੀ ਦਾ ਕਹਿਣਾ ਹੈ ਕਿ ਕਿਸੇ ਦੇ ਭਾਵਾਂ ਨੂੰ ਸਮਝਣ ਲਈ ਤੁਹਾਡਾ ਆਪਣਾ ਜੈਂਡਰ ਮਾਅਨੇ ਨਹੀਂ ਰੱਖਦਾ ਬਸ ਤੁਹਾਨੂੰ ਮਨੁੱਖੀ ਅਹਿਸਾਸਾਂ ਨੂੰ ਮਹਿਸੂਸ ਕਰਨ ਲਈ ਰਾਜ਼ੀ ਹੋਣ ਦੀ ਲੋੜ ਹੈ।

ਭਾਸ਼ਾ ਕਈਆਂ ਨੂੰ ਅਖੱਰਦੀ ਤਾਂ ਕਈਆਂ ਨੂੰ ਮਾਂ ਬੋਲੀ ਲੱਗਦੀ

ਬਲਵੰਤ ਗਾਰਗੀ ਨੂੰ ਉਨ੍ਹਾਂ ਵੱਲੋਂ ਵਰਤੀ ਗਈ ਭਾਸ਼ਾ ਲਈ ਪਿਆਰ ਤਾਂ ਮਿਲਿਆ ਪਰ ਕਈ ਸ਼ਬਦਾਂ ਲਈ ਉਨ੍ਹਾਂ ਉੱਤੇ ਅਸ਼ਲੀਲ ਤਰੀਕੇ ਨਾਲ ਲਿਖਣ ਦੇ ਇਲਜ਼ਾਮ ਵੀ ਲੱਗੇ।

ਕਈ ਸਮਕਾਲੀ ਭਾਸ਼ਾ ਮਾਹਰਾਂ ਦਾ ਇਲਜ਼ਾਮ ਸੀ ਕਿ ਉਹ ਇਸ ਕਦਰ ਬੋਲਚਾਲ ਦੀ ਭਾਸ਼ਾ ਦੀ ਵਰਤੋਂ ਕਰਕੇ ਸਾਹਿਤਕ ਭਾਸ਼ਾ ਨੂੰ ਅਸੱਭਿਅਕ ਤੇ ਪਲੀਤ ਕਰ ਰਿਹਾ ਹੈ।

ਪਰ ਗਾਰਗੀ ਦੀਆਂ ਲਿਖਤਾਂ ਨੂੰ ਚਾਹੁਣ ਵਾਲਿਆਂ ਮੁਤਾਬਕ ਉਸ ਦੀ ਭਾਸ਼ਾ ਦੀ ਰਵਾਨਗੀ ਤੁਹਾਨੂੰ ਪੜ੍ਹਦਿਆਂ ਨੂੰ ਹੀ ਉਸ ਦੇ ਨਾਟਕਾਂ ਦੇ ਪਾਤਰਾਂ ਨਾਲ ਜਾ ਬਿਠਾਉਂਦੀ ਹੈ।

ਗਾਰਗੀ ਦਾ ਸਭ ਤੋਂ ਪਹਿਲਾ ਪੰਜਾਬੀ ਨਾਟਕ ‘ਕੱਕਾ ਰੇਤਾ’ ਸੀ। ਜਿਸ ਬਾਰੇ ਲੇਖਕ ਗੁਲਜ਼ਾਰ ਸੰਧੂ ਕਹਿੰਦੇ ਹਨ ਕਿ ਕੱਕਾ ਰੇਤਾ ਪੜ੍ਹੋ ਤਾਂ ਤੁਹਾਨੂੰ ਰੇਤਿਆਂ ਦੇ ਪੰਜਾਬ ਵਿੱਚ ਲੈ ਜਾਂਦਾ ਹੈ, ਬੋਲੀ ਤੁਹਾਨੂੰ ਪਿੰਡ ਮਹਿਸੂਸ ਕਰਨ ਲਾ ਦਿੰਦੀ ਹੈ।”

“ਪੜ੍ਹਨ ਵਾਲੇ ਤੁਸੀਂ ਲਿਖਤ ਨਾਲ ਵਹਿ ਤੁਰਦੇ ਹਨ ਤੇ ਇੱਕੋ ਸਾਹੇ ਸਾਰਾ ਨਾਟਕ ਪੜ੍ਹ ਲੈਣ ਲਈ ਮਜ਼ਬੂਰ ਹੋ ਜਾਂਦੇ ਹਨ।”

ਗਾਰਗੀ ਵੱਲੋਂ ਔਰਤਾਂ ਦੇ ਚਿਤਰਣ ਵੇਲੇ ਵਰਤੀ ਗਈ ਭਾਸ਼ਾ ਤੇ ਉਸ ਦੇ ਬਦਲੇ ਹੋਈ ਅਲੋਚਣਾ ਬਾਰੇ ਗੁਲਜ਼ਾਰ ਸੰਧੂ ਕਹਿੰਦੇ ਹਨ, “ਉਸ ’ਤੇ ਆਲੋਚਣਾ ਦਾ ਅਸਰ ਨਹੀਂ ਸੀ। ਉਹ ਆਪਣੀ ਤੋਰ ਤੁਰਦਾ ਸੀ ਤੇ ਪਰਵਾਹ ਨਹੀਂ ਸੀ ਕਰਦਾ ਕਿ ਕੌਣ ਕੀ ਕਹਿ ਰਿਹੈ।”

ਗਾਰਗੀ ਆਪਣੇ ਬਾਰੇ ਲਿਖਦੇ ਹਨ,“ਮੈਂ ਹਮੇਸ਼ਾ ਅੰਗਰੇਜ਼ੀ ਵਿੱਚ ਲਿਖਣਾ ਚਹੁੰਦਾ ਸੀ। ਮੈਨੂੰ ਲੱਗਦਾ ਸੀ ਲੰਡਨ ਜਾ ਕੇ ਉਸ ਦੀਆਂ ਗਲ਼ੀਆਂ ਵਿੱਚ ਘੁੰਮਾ ਤੇ ਅੰਗਰੇਜ਼ੀ ਜ਼ੁਬਾਨ ਨੂੰ ਪੱਕਾ ਕਰਕੇ ਉਸੇ ਵਿੱਚ ਲਿਖਾਂ।”

ਪਰ ਲੋਕ ਰੰਗ ਨੂੰ ਮਹਿਸੂਸ ਕਰ ਸਮਾਜ ਦੀ ਨਬਜ਼ ਸਮਝਣ ਵਾਲਾ ਇਹ ਲਿਖਾਰੀ ਪੰਜਾਬੀ ਭਾਸ਼ਾ ਦਾ ਵਿਦਵਾਨ ਲੇਖਕ ਹੋ ਨਿਬੜਿਆ।

ਰਚਨਾ ਨੂੰ ਮੰਜੀ ਦੀ ਦੌਣ ਵਾਂਗ ਕਸ ਕੇ ਰੱਖੋ- ਬਲਵੰਤ ਤੋਂ ਗਾਰਗੀ ਹੋਣਾ

ਬਲਵੰਤ ਗਾਰਗੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਲਿਖਣਾ ਸ਼ੁਰੂ ਕੀਤਾ ਤਾਂ ਕੋਈ ਤਿੰਨ ਹੋਰ ਬਲਵੰਤ ਨਾਮ ਦੇ ਲੇਖਕ ਜਿਨ੍ਹਾਂ ਵਿੱਚ ਬਾਵਾ ਬਲਵੰਤ ਵੀ ਸ਼ੁਮਾਰ ਸਨ ਲਿਖ ਰਹੇ ਸਨ। ਉਸ ਵੇਲੇ ਗਾਰਗੀ ਨੂੰ ਲੱਗਿਆ ਕਿ ਕੁਝ ਵੱਖਰਾ ਨਾਮ ਰੱਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਆਪਣੇ ਨਾਮ ਨਾਲ ‘ਗਾਰਗੀ’ ਤਖ਼ੱਲਸ ਲਾ ਲਿਆ। ਹਾਲਾਂਕਿ ਉਨ੍ਹਾਂ ਨੂੰ ਕਈ ਵਾਰ ਲੱਗਿਆ ਕਿ ਇਹ ਕੁੜੀਆਂ ਵਰਗਾ ਨਾਮ ਰੱਖ ਲਿਆ ਹੈ।

ਗੁਲਜ਼ਾਰ ਦੱਸਦੇ ਹਨ ਕਿ ਬਲਵੰਤ ਗਾਰਗੀ ਕਦੇ ਪੰਜਾਬੀ ਆਪ ਲਿਖਦੇ ਨਹੀਂ ਸਨ ਬਲਕਿ ਉਹ ਬੋਲ ਕੇ ਲਿਖਵਾਉਂਦੇ ਸਨ, ਯਾਨੀ ਡਿਕਟੇਟ ਹੀ ਕਰਦੇ ਸਨ।

‘ਹਮ ਦਿਲ ਦੇ ਚੁੱਕੇ ਸਨਮ’ ਸਣੇ 30 ਤੋਂ ਵੱਧ ਫ਼ਿਲਮਾਂ ਦੇ ਲੇਖਕ ਅਤੇ ਵੱਕਾਰੀ ਸਨਮਾਨ ਹਾਸਿਲ ਫ਼ਿਲਮ ਲੇਖਕ ਅਮਰੀਕ ਗਿੱਲ ਨੇ ਗਾਰਗੀ ਨਾਲ ਦਿੱਲੀ 27 ਕਸਤੂਰਬਾ ਗਾਂਧੀ ਵਿਚਲੀ ਉਨ੍ਹਾਂ ਦੀ ਰਿਹਾਇਸ਼ ’ਤੇ ਨਾਲ ਰਹਿ ਕੇ ਕਈ ਨਾਟਕ ਲਿਖੇ ਹਨ।

ਅਮਰੀਕ ਗਿੱਲ ਨੇ ਗਾਰਗੀ ਬਾਰੇ ਕਿਤਾਬ ‘ਗਾਰਗੀ ਦਾ ਗ੍ਰੇਟ’ ਵੀ ਲਿਖੀ।

ਉਹ ਦੱਸਦੇ ਹਨ ਗਾਰਗੀ ਤੜਕੇ ਸਿਰਜਣਾ ਵਿੱਚ ਖੁਭ ਜਾਂਦੇ। ਉਹ ਬਹੁਤ ਤੇਜ਼ ਬੋਲਦੇ ਤੇ ਜੇ ਕੁਝ ਦੁਹਰਾਉਣ ਨੂੰ ਕਹੋ ਤਾਂ ਕਈ ਵਾਰ ਉਨ੍ਹਾਂ ਦੀ ਲੈਅ ਟੁੱਟ ਜਾਂਦੀ।

ਗਿੱਲ ਦੱਸਦੇ ਹਨ, “ਮੈਨੂੰ ਦੌੜ-ਦੌੜ ਕੇ ਉਨ੍ਹਾਂ ਨਾਲ ਰਲਣਾ ਪੈਂਦਾ। ਉਨ੍ਹਾਂ ਨੂੰ ਹਰ ਸ਼ਬਦ ਦੀ ਸ਼ਕਤੀ ਤੇ ਵਜ਼ਨ ਦਾ ਇਲਮ ਸੀ।”

ਗਿੱਲ ਮੁਤਾਬਕ ਗਾਰਗੀ ਅਕਸਰ ਕਹਿੰਦੇ, “ਫ਼ਾਲਤੂ ਸ਼ਬਦ ਤੇ ਵਿਚਾਰ ਫ਼ਸਲ ਦੇ ਨਦੀਨ ਵਾਂਗ ਹੁੰਦੇ ਹਨ। ਕੱਢ ਕੇ ਬਾਹਰ ਸੁੱਟੋ ਨਹੀਂ ਤਾਂ ਰਚਨਾ ਖਾ ਜਾਣਗੇ। ਰਚਨਾ ਨੂੰ ਮੰਜੀ ਦੀ ਦੌਣ ਵਾਂਗ ਕੱਸ ਕੇ ਰੱਖੋ।”

ਮਿੱਤਰਾਂ ਦੀ ਛੋਹ ਨੂੰ ਭਾਲਦੇ ਗਾਰਗੀ ਦੇ ਆਖ਼ਰੀ ਦਿਨ

ਬਲਵੰਤ ਗਾਰਗੀ ਦੇ ਆਖ਼ਰੀ ਦਿਨ ਬਿਮਾਰੀ ਨਾਲ ਦੋ-ਚਾਰ ਹੁੰਦਿਆਂ ਬੰਬਈ ਵਿੱਚ ਨਿਕਲੇ।

ਗੁਲਜ਼ਾਰ ਸੰਧੂ ਦੱਸਦੇ ਹਨ, “21 ਅਪ੍ਰੈਲ 2003 ਨੂੰ ਬਲਵੰਤ ਗਾਰਗੀ ਜਹਾਨ ਨੂੰ ਅਲਵਿਦਾ ਕਹਿ ਗਿਆ।”

ਗਾਰਗੀ ਨੂੰ ਖੁੱਲ੍ਹੀਆਂ ਬਾਹਾਂ ਨਾਲ ਖ਼ੁਸ਼ਾਮਦੀਦ ਕਹਿਣ ਵਾਲਾ ਦੱਸਣ ਵਾਲੇ ਗੁਲਜ਼ਾਰ ਸੰਧੂ ਆਪਣੀ ਆਖ਼ਰੀ ਮੁਲਾਕਾਤ ਦਾ ਜ਼ਿਕਰ ਕਰਦੇ ਹਨ।

ਉਨ੍ਹਾਂ ਦੱਸਿਆ, “ਮੈਂ ਤੇ ਮੇਰੀ ਪਤਨੀ ਸੁਰਜੀਤ ਉਸ ਨੂੰ ਮੁੰਬਈ ਮਿਲਣ ਗਏ। ਉਹ ਮਰਗ ਬਿਸਤਰ ਉੱਤੇ ਪਿਆ ਇੱਕ ਹੱਥ ਨਾਲ ਮੇਰਾ ਤੇ ਦੂਜੇ ਹੱਥ ਨਾਲ ਸੁਰਜੀਤ ਦਾ ਹੱਥ ਫੜ ਕੇ ਪਿਆ ਰਿਹਾ।”

“ਉਸ ਨੂੰ ਹੋਰ ਕੋਈ ਸੁਰਤ ਨਹੀਂ ਸੀ, ਨਾ ਉਸ ਨੇ ਕੋਈ ਗੱਲ ਕੀਤੀ, ਬਸ ਇੰਨਾ ਅਹਿਸਾਸ ਸੀ ਕਿ ਅਸੀਂ ਉਸ ਦੇ ਦੋਸਤ ਹਾਂ। ਉਹ ਲੰਬਾਂ ਸਮਾਂ ਸਾਡੇ ਹੱਥ ਫ਼ੜੀ ਆਪਣੇ ਬਿਸਤਰ ’ਤੇ ਪਿਆ ਰਿਹਾ ਜਿਵੇਂ ਸਾਨੂੰ ਤੁਰਨ ਤੋਂ ਮਨ੍ਹਾਂ ਕਰਨ ਦਾ ਤਰਲਾ ਲੈ ਰਿਹਾ ਹੋਵੇ।”

“ਅਸੀਂ ਮਿਲਣਾ ਸੀ ਮਿਲ ਕੇ ਆ ਗਏ ਪਰ ਸਾਨੂੰ ਭੁੱਲਿਆ ਨਹੀਂ ਕਿ ਉਹ ਮਿੱਤਰਾਂ ਦਾ ਮਿੱਤਰ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)