ਪੰਜਾਬ : 'ਅਣਖ਼ ਲਈ ਮਾਰੇ' ਦਲਿਤ ਮੁੰਡੇ-ਕੁੜੀ ਦੇ ਕਤਲ ਪਿੱਛੇ ਕੀ ਹੈ ਕਹਾਣੀ -ਗਰਾਊਂਡ ਰਿਪੋਰਟ

    • ਲੇਖਕ, ਨਵਕਿਰਨ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਪਿੰਡ ਠੀਕਰੀਵਾਲਾ ਦੀ ਅਨਾਜ਼ ਮੰਡੀ ਨੇੜੇ ਮਹਿਜ਼ ਪੰਜ ਫੁੱਟ ਚੌੜੀ ਗਲ੍ਹੀ ‘ਤੇ ਲੱਗਦੇ ਮੁੱਖ ਦਰਵਾਜ਼ੇ ਵਾਲਾ ਘਰ ਦੋਹਰੇ ਕਤਲ ਦੇ ਕਥਿਤ ਮੁਲਜ਼ਮ ਭੋਲਾ ਸਿੰਘ ਦਾ ਘਰ ਹੈ।

ਘਰ ਨੂੰ ਵੇਖਿਆਂ ਪਰਿਵਾਰ ਦੀ ਆਰਥਿਕ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਜ਼ਿਲ੍ਹਾ ਬਰਨਾਲਾ ਵਿੱਚ ਪੈਂਦਾ ਇਹ ਇਤਿਹਾਸਕ ਪਿੰਡ ਠੀਕਰੀਵਾਲਾ ਬੀਤੀ ਕੱਲ੍ਹ ਤੋਂ ‘ਅਣਖ ਖ਼ਾਤਰ ਕਤਲ’ ਦੇ ਮਾਮਲੇ ਕਾਰਨ ਚਰਚਾ ਵਿੱਚ ਆਇਆ ਹੈ।

ਪੁਲਿਸ ਮੁਤਾਬਤ ਭੋਲਾ ਸਿੰਘ ਨੇ ਆਪਣੀ ਧੀ ਮਨਪ੍ਰੀਤ ਕੌਰ ਅਤੇ ਪਿੰਡ ਦੇ ਮੁੰਡੇ ਗੁਰਦੀਪ ਸਿੰਘ ਦਾ ਆਪਣੇ ਹੀ ਘਰ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਹੈ।

ਪੁਲਿਸ ਨੇ ਮੁੱਢਲੀ ਜਾਣਕਾਰੀ ਵਿੱਚ ਇਸ ਨੂੰ 'ਆਨਰ ਕਿਲਿੰਗ' ਯਾਨਿ ਅਣਖ ਖ਼ਾਤਰ ਕਤਲ ਦਾ ਮਾਮਲਾ ਦੱਸਿਆ ਹੈ ਅਤੇ ਇਸ ਵਿੱਚ ਭੋਲਾ ਸਿੰਘ ਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਠੀਕਰੀਵਾਲਾ ਬਰਨਾਲਾ ਜਿਲ੍ਹੇ ਦੇ ਵੱਡੇ ਅਤੇ ਅਗਾਂਹ ਵਧੂ ਪਿੰਡਾਂ ਵਿੱਚ ਗਿਣਿਆ ਜਾਂਦਾ ਹੈ। ਰਜਵਾੜਾਸ਼ਾਹੀ ਖ਼ਿਲਾਫ਼ ਚੱਲੀ ਪਰਜਾ ਮੰਡਲ ਲਹਿਰ ਦੇ ਮੋਹਰੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਇਹ ਜੱਦੀ ਪਿੰਡ ਹੈ।

ਕੈਨੇਡਾ ਦੀ ਸਿਆਸਤ ਵਿੱਚ ਸਰਗਰਮ ਐੱਨਡੀਪੀ ਦੇ ਮੁੱਖ ਆਗੂ ਜਗਮੀਤ ਸਿੰਘ (ਜੋ ਠੀਕਰੀਵਾਲਾ ਦੇ ਪੋਤਰੇ ਵੀ ਹਨ) ਦਾ ਪਿਛੋਕੜ ਵੀ ਇਸੇ ਪਿੰਡ ਤੋਂ ਹੈ।

ਉਸ ਰਾਤ ਕੀ ਵਾਪਰਿਆ

ਕਤਲ ਦੀ ਰਾਤ ਹੋਇਆ ਕੀ ਸੀ ਅਤੇ ਇਹ ਮਾਮਲਾ ਹੈ ਕੀ, ਇਸ ਬਾਰੇ ਜਾਣਨ ਲਈ ਬੀਬੀਸੀ ਪੰਜਾਬੀ ਦੇ ਸਹਿਯੋਗੀ ਨੇ ਪਿੰਡ ਦਾ ਦੌਰਾ ਕੀਤਾ।

ਸਾਡਾ ਸਹਿਯੋਗੀ ਜਦੋਂ ਪਿੰਡ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਇੱਕੋ ਰਾਤ ਹੋਏ ਦੋ ਕਤਲਾਂ ਤੋਂ ਬਾਅਦ ਪਿੰਡ ਠੀਕਰੀਵਾਲਾ ਵਿੱਚ ਹੁਣ ਚਾਰੇ ਪਾਸੇ ਚੁੱਪ ਪਸਰੀ ਨਜ਼ਰ ਆ ਰਹੀ ਹੈ।

ਪਿੰਡ ਵਾਸੀ ਇਸ ਵਿਸ਼ੇ ‘ਤੇ ਖੁੱਲ੍ਹ ਕੇ ਗੱਲ ਕਰਨ ਲਈ ਤਿਆਰ ਨਹੀਂ ਹਨ।

ਦਰਅਸਲ 22 ਅਤੇ 23 ਮਈ ਦੀ ਦਰਮਿਆਨੀ ਰਾਤ ਨੂੰ ਦੋ ਕਤਲ ਹੋਏ ਸਨ।

ਪਿੰਡ ਵਾਲਿਆਂ ਵਿੱਚੋਂ ਕੁਝ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਪਿੰਡ ਦੀ 25 ਸਾਲਾ ਮਨਪ੍ਰੀਤ ਕੌਰ ਦੇ ਆਪਣੇ ਪਿੰਡ ਦੇ ਹੀ 28 ਸਾਲਾ ਗੁਰਦੀਪ ਸਿੰਘ ਦੇ ਲੰਮੇ ਸਮੇਂ ਤੋਂ ਆਪਸੀ ਕਥਿਤ ਪ੍ਰੇਮ ਸੰਬੰਧ ਸਨ।

ਦੋਵਾਂ ਮ੍ਰਿਤਕਾਂ ਦੇ ਘਰ ਵੀ ਨੇੜੇ-ਨੇੜੇ ਹੀ ਹਨ ਅਤੇ ਦੋਵੇਂ ਦਲਿਤ ਪਰਿਵਾਰਾਂ ਨਾਲ ਸਬੰਧ ਰੱਖਦੇ ਸਨ।

ਮ੍ਰਿਤਕ ਕੁੜੀ ਦਾ ਭਰਾ ਅਤੇ ਪਿਤਾ ਭੱਠਾ ਮਜ਼ਦੂਰ ਹਨ ਜਦਕਿ ਮ੍ਰਿਤਕ ਨੌਜਵਾਨ ਦਾ ਪਰਿਵਾਰ ਵੀ ਮਜ਼ਦੂਰੀ ਹੀ ਕਰਦਾ ਹੈ।

22 ਅਤੇ 23 ਮਈ ਦੀ ਦਰਮਿਆਨੀ ਰਾਤ ਡੇਢ ਵਜ਼ੇ ਦੇ ਕਰੀਬ ਮਨਪ੍ਰੀਤ ਕੌਰ ਦੇ ਪਿਤਾ ਭੋਲਾ ਸਿੰਘ ਨੇ ਗੁਰਦੀਪ ਸਿੰਘ ਨੂੰ ਆਪਣੇ ਘਰ ਵੇਖਿਆ ਤਾਂ ਉਨ੍ਹਾਂ ਵੱਲੋਂ ਗੰਡਾਸਿਆਂ ਨਾਲ ਉਸ ਦਾ ਕਥਿਤ ਕਤਲ ਕਰ ਦਿੱਤਾ।

ਉਸ ਤੋਂ ਬਾਅਦ ਉਨ੍ਹਾਂ ਆਪਣੀ ਕੁੜੀ ਮਨਪ੍ਰੀਤ ਕੌਰ ਦਾ ਗਲਾ ਘੁੱਟ ਕੇ ਕਥਿਤ ਕਤਲ ਕਰ ਦਿੱਤਾ।

ਸਵੇਰ ਸਮੇਂ ਜਦੋਂ ਗੁਆਂਢੀਆਂ ਨੇ ਵੇਖਿਆ ਤਾਂ ਗੁਰਦੀਪ ਸਿੰਘ ਦੀ ਵੱਢੀ-ਟੁੱਕੀ ਮ੍ਰਿਤਕ ਦੇਹ ਭੋਲਾ ਸਿੰਘ ਦੇ ਘਰ ਬਾਹਰ ਗਲੀ ਵਿੱਚੋਂ ਲੰਘਦੇ ਨਾਲੇ ਵਿੱਚ ਪਈ ਸੀ। ਕੁੜੀ ਦੀ ਮ੍ਰਿਤਕ ਦੇਹ ਉਸ ਦੇ ਘਰ ਵਿੱਚ ਪਈ ਸੀ।

ਇਹ ਵੀ ਪੜ੍ਹੋ-

ਕਈ ਵਾਰ ਚਿਤਾਵਨੀ ਦਿੱਤੀ ਸੀ

ਪਿੰਡ ਵਿੱਚੋਂ ਜਾਣਕਾਰੀ ਮਿਲੀ ਹੈ ਕਿ ਮਨਪ੍ਰੀਤ ਕੌਰ ਦਾ ਉਸ ਦੇ ਪਰਿਵਾਰ ਨੇ ਕਿਤੇ ਰਿਸ਼ਤਾ ਪੱਕਾ ਕੀਤਾ ਹੋਇਆ ਸੀ ਤੇ ਇਸੇ ਸਾਲ ਵਿਆਹ ਕਰਨਾ ਸੀ।

ਗੁਆਂਢੀਆਂ ਮੁਤਾਬਕ ਦੋਵਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਸਬੰਧਾਂ ਦੀ ਜਾਣਕਾਰੀ ਸੀ ਅਤੇ ਕੁੜੀ ਦੇ ਪਿਤਾ ਨੇ ਕਈ ਵਾਰ ਦੋਵਾਂ ਨੂੰ ਸਬੰਧ ਤੋੜਣ ਲਈ ਚਿਤਾਵਨੀ ਵੀ ਦਿੱਤੀ ਸੀ।

ਇੱਕ-ਦੋ ਵਾਰ ਇਹ ਮਸਲਾ ਪਿੰਡ ਦੇ ਮੋਹਤਵਰਾਂ ਕੋਲ ਵੀ ਪਹੁੰਚਿਆ ਸੀ।

ਭੋਲਾ ਸਿੰਘ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਮ੍ਰਿਤਕਾ ਸਣੇ ਉਸਦੇ ਚਾਰ ਬੱਚੇ ਸਨ, ਉਸ ਦੀਆਂ ਦੋ ਵੱਡੀਆਂ ਧੀਆਂ ਵਿਆਹੀਆਂ ਹੋਈਆਂ ਹਨ।

ਇਸ ਸਮੇਂ ਭੋਲਾ ਸਿੰਘ ਦੇ ਪਰਿਵਾਰ ਵਿੱਚ ਉਸ ਦਾ ਕੁਆਰਾ ਪੁੱਤਰ ਸੁਖਵੀਰ ਸਿੰਘ ਤੇ ਮ੍ਰਿਤਕਾ ਸਣੇ ਸਿਰਫ ਤਿੰਨ ਮੈਂਬਰ ਸਨ।

ਕਤਲ ਕੇਸ ਵਿੱਚ ਦੋਵਾਂ ਪਿਉ, ਪੁੱਤਾਂ ਦੀ ਗ੍ਰਿਫਤਾਰੀ ਹੋ ਗਈ ਹੈ, ਜਿਸ ਕਾਰਨ ਹੁਣ ਘਰ ਵਿੱਚ ਕੋਈ ਨਹੀਂ ਹੈ।

ਮਨਪ੍ਰੀਤ ਕੌਰ ਨੇ ਗਰੈਜੂਏਸ਼ਨ ਕੀਤੀ ਹੋਈ ਸੀ ਤੇ ਹੁਣ ਐਮਏ ਕਰ ਰਹੀ ਸੀ।

ਰੋਜ਼ੀ-ਰੋਟੀ ਲਈ ਦੁਬੱਈ ਵੀ ਗਿਆ ਸੀ ਮ੍ਰਿਤਕ ਨੌਜਵਾਨ

ਮ੍ਰਿਤਕ ਗੁਰਦੀਪ ਸਿੰਘ ਦਾ ਇੱਕ ਭਰਾ ਉਸ ਤੋਂ ਵੱਡਾ ਹੈ ਜਦਕਿ ਦੂਜਾ ਭਰਾ ਉਸ ਤੋਂ ਛੋਟਾ ਹੈ।

ਉਸ ਦੇ ਦੋਵੇਂ ਭਰਾ ਅਤੇ ਭੈਣ ਵਿਆਹੇ ਹੋਏ ਹਨ। ਗੁਰਦੀਪ ਸਿੰਘ ਦੀ ਮਾਤਾ ਦੀ ਵੀ ਮੌਤ ਹੋ ਚੁੱਕੀ ਹੈ। ਉਹ ਆਪਣੇ ਪਿਤਾ ਨਾਲ ਰਹਿ ਰਿਹਾ ਸੀ।

ਗੁਰਦੀਪ ਸਿੰਘ ਰੋਜ਼ੀ-ਰੋਟੀ ਲਈ ਕੁਝ ਸਾਲ ਪਹਿਲਾਂ ਦੁਬੱਈ ਵੀ ਗਿਆ ਸੀ ਪਰ ਫਿਰ ਉਹ ਥੋੜ੍ਹੇ ਸਮੇਂ ਬਾਅਦ ਵਾਪਸ ਆ ਗਿਆ ਸੀ ਅਤੇ ਇਸ ਸਮੇਂ ਉਹ ਪਿੰਡ ਵਿੱਚ ਹੀ ਮਜ਼ਦੂਰੀ ਕਰ ਰਿਹਾ ਸੀ।

ਪੁਲਿਸ ਦਾ ਕੀ ਕਹਿਣਾ ਹੈ ?

ਇਸ ਸਬੰਧੀ ਡੀਐੱਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਕਤਲ ‘ਆਨਰ ਕਿਲਿੰਗ’ ਦਾ ਮਾਮਲਾ ਹੈ।

ਡੀਐਸਪੀ ਨੇ ਦੱਸਿਆ ਕਿ ਮਨਪ੍ਰੀਤ ਕੌਰ ਅਤੇ ਗੁਰਦੀਪ ਸਿੰਘ ਦੇ ਲੰਮੇ ਸਮੇਂ ਤੋਂ ਆਪਸੀ ਸੰਬੰਧ ਸਨ।

ਉਨ੍ਹਾਂ ਦੱਸਿਆ ਕਿ ਮੁੰਡੇ ਦਾ ਕਤਲ ਸਿਰ ਵਿੱਚ ਗੰਡਾਸੇ ਮਾਰ ਕੇ ਕੀਤਾ ਗਿਆ ਹੈ ਜਦਕਿ ਕੁੜੀ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ।

ਪੁਲਿਸ ਵੱਲੋਂ ਮ੍ਰਿਤਕ ਗੁਰਦੀਪ ਸਿੰਘ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਮ੍ਰਿਤਕਾ ਦੇ ਪਿਤਾ ਭੋਲਾ ਸਿੰਘ ਅਤੇ ਮ੍ਰਿਤਕਾ ਦੇ ਭਰਾ ਸੁਖਵੀਰ ਸਿੰਘ ਖ਼ਿਲਾਫ਼ ਧਾਰਾ 302 ਅਤੇ 34,506 ਆਈਪੀਸੀ ਦਾ ਮਾਮਲਾ ਦਰਜ ਕਰਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮ੍ਰਿਤਕ ਨੌਜਵਾਨ ਦੇ ਭਰਾ ਨੇ ਪੁਲਿਸ ਕੋਲ ਕੀ ਬਿਆਨ ਲਿਖਵਾਏ ਹਨ ?

ਮ੍ਰਿਤਕ ਨੌਜਵਾਨ ਦੇ ਭਰਾ ਕੁਲਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਭਰਾ ਗੁਰਦੀਪ ਸਿੰਘ ਅਤੇ ਮਨਪ੍ਰੀਤ ਕੌਰ ਦੇ ਪਿਛਲੇ 10 ਸਾਲ ਤੋਂ ਆਪਸੀ ਪ੍ਰੇਮ ਸਬੰਧ ਸਨ ਅਤੇ ਉਹ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ।

ਪਰ ਮਨਪ੍ਰੀਤ ਕੌਰ ਦਾ ਪਰਿਵਾਰ ਵਿਆਹ ਕਰਨ ਲਈ ਨਹੀਂ ਮੰਨ ਰਿਹਾ ਸੀ।

ਮ੍ਰਿਤਕ ਦੇ ਭਰਾ ਮੁਤਾਬਕ 6 ਮਹੀਨੇ ਪਹਿਲਾਂ ਵੀ ਗੁਰਦੀਪ ਸਿੰਘ ਦੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਕੁੱਟਮਾਰ ਕੀਤੀ ਸੀ ਪਰ ਉਸ ਸਮੇਂ ਆਪਸੀ ਰਾਜੀਨਾਮਾ ਹੋ ਗਿਆ ਸੀ।

ਸੀਮਤ ਇਕੱਠ ਦੌਰਾਨ ਅੰਤਿਮ ਸਸਕਾਰ

ਪੁਲਿਸ ਵੱਲੋਂ ਦੋਵੇਂ ਮ੍ਰਿਤਕ ਦੇਹਾਂ ਦਾ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਕਰਵਾ ਕੇ ਵੱਖੋ-ਵੱਖ ਰੂਪ ਵਿੱਚ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ।

23 ਮਈ ਸ਼ਾਮ ਨੂੰ ਪਿੰਡ ਠੀਕਰੀਵਾਲਾ ਵਿਖੇ ਵੱਖ-ਵੱਖ ਸ਼ਮਸ਼ਾਨ ਘਾਟਾਂ ਵਿੱਚ ਦੋਵਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਪਿੰਡ ਦੇ ਮੋਹਤਵਰਾਂ ਨੇ ਦੱਸਿਆ ਕਿ ਅੰਤਿਮ ਸਸਕਾਰ ਮੌਕੇ ਪਿੰਡ ਦਾ ਸੀਮਤ ਇਕੱਠ ਹੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)