ਰੇਲ਼ ਸਫ਼ਰ ਦੌਰਾਨ 35 ਪੈਸੇ ਵਿੱਚ ਕਿੰਨਾ ਸੌਖਾ ਹੈ ਜੀਵਨ ਬੀਮਾ ਲੈਣਾ ਤੇ ਕਿਵੇਂ ਮਿਲਦੇ ਹਨ ਪੈਸੇ

    • ਲੇਖਕ, ਅਮਰੇਂਦਰ ਯਾਰਲਾਗੱਡਾ
    • ਰੋਲ, ਬੀਬੀਸੀ ਪੱਤਰਕਾਰ

ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਵਿੱਚ ਸੈਂਕੜੇ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ ਅਤੇ ਹਜ਼ਾਰ ਦੇ ਕਰੀਬ ਲੋਕ ਜਖ਼ਮੀ ਹੋ ਗਏ ਹਨ।

ਰੇਲਵੇ ਵਿਭਾਗ ਨੇ ਹਾਦਸੇ ਵਿੱਚ ਮਰਨ ਵਾਲੇ ਯਾਤਰੀਆਂ ਨੂੰ 10 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।

ਓਡੀਸ਼ਾ ਰੇਲ ਹਾਦਸੇ ਤੋਂ ਬਾਅਦ ਰੇਲ ਯਾਤਰਾ ਦੌਰਾਨ ਲਏ ਜਾਣ ਵਾਲੇ ਬੀਮਾ ਨੂੰ ਲੈ ਕੇ ਵੱਡੀ ਬਹਿਸ ਛਿੜ ਗਈ ਹੈ।

ਦੱਖਣੀ ਮੱਧ ਰੇਲਵੇ ਦੇ ਸਾਬਕਾ ਜਨਰਲ ਮੈਨੇਜਰ ਨੇ ਬੀਬੀਸੀ ਨੂੰ ਦੱਸਿਆ, "ਹੁਣ ਟਿਕਟ ਬੁਕਿੰਗ ਦੇ ਸਮੇਂ ਬੀਮੇ ਦੀ ਸਹੂਲਤ ਉਪਲੱਬਧ ਹੈ। ਉਹ ਵੀ ਬਹੁਤ ਘੱਟ ਪ੍ਰੀਮੀਅਮ 'ਤੇ ਬੁੱਕ ਕੀਤੀ ਜਾ ਸਕਦੀ ਹੈ। ਓਡੀਸ਼ਾ ਰੇਲ ਹਾਦਸੇ ਦੇ ਮੱਦੇਨਜ਼ਰ ਇਸ ਦੀ ਮੰਗ ਵਧੇਗੀ। ਇਸ ਤੋਂ ਬਾਅਦ ਟਿਕਟ ਬੁਕਿੰਗ ਵੇਲੇ ਯਾਤਰੀਆਂ ਦੀ ਯਾਤਰਾ ਬੀਮਾ ਲੈਣ ਦੀ ਸੰਭਾਵਨਾ ਵਧੇਗੀ।”

ਉਧਰ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ ਦਾਅਵੇਦਾਰਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਬਾਲਾਸੋਰ ਰੇਲ ਹਾਦਸੇ ਦੇ ਪੀੜਤਾਂ ਲਈ ਢਿੱਲ ਦੇਣ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਐੱਲਆਈਸੀ ਦੇ ਚੇਅਰਮੈਨ ਨੇ ਕਿਹਾ ਹੈ ਕਿ ਉਹ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਤੇਜ਼ੀ ਨਾਲ ਕੰਮ ਕਰਨਗੇ। ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਲਈ, ਐੱਲਆਈਸੀ ਪਾਲਿਸੀਆਂ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੇ ਦਾਅਵੇਦਾਰਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਕਈ ਰਿਆਇਤਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

ਆਖ਼ਰਕਾਰ ਰੇਲਵੇ ਵਿੱਚ ਹੋਏ ਕਿਸੇ ਵੀ ਹਾਦਸੇ ਦੌਰਾਨ ਬੀਮਾ ਯੋਜਨਾ ਕੰਮ ਕਿਵੇਂ ਕਰਦੀ ਹੈ?

ਰੇਲ ਯਾਤਰਾਵਾਂ ਲਈ ਯਾਤਰਾ ਬੀਮਾ ਲੈਣ ਦੇ ਕੀ ਫਾਇਦੇ ਹਨ? ਪ੍ਰੀਮੀਅਮ ਕਿੰਨਾ ਹੈ? ਬੀਮਾ ਕਿਨ੍ਹਾਂ ਮਾਮਲਿਆਂ ਵਿੱਚ ਮਿਲਦਾ ਹੈ? ਇਸ ਦੀ ਕਿੰਨੀ ਕੀਮਤ ਹੈ?

ਆਓ ਅਜਿਹੇ ਹੀ ਕੁਝ 10 ਬਿੰਦੂਆਂ ਦੇ ਵੇਰਵਿਆਂ ਨੂੰ ਜਾਣੀਏ।

ਰੇਲ ਹਾਦਸੇ ਬਾਰੇ ਮੁੱਖ ਗੱਲਾਂ:-

ਹਾਦਸਾ ਕਦੋਂ ਹੋਇਆ - 2 ਜੂਨ, 2023 ਸਮਾਂ ਸ਼ਾਮ 7 ਵਜੇ ਦੇ ਕਰੀਬ

ਗੱਡੀਆਂ ਦਾ ਵੇਰਵਾ - ਗੱਡੀ ਨੰਬਰ 12841 (ਸ਼ਾਲੀਮਾਰ-ਚੇਨੰਈ ਕੋਰੋਮੰਡਲ ਸੁਪਰ ਫਾਸਟ ਐਕਸਪ੍ਰੈੱਸ), ਗੱਡੀ ਨੰਬਰ 12864 (ਸਰ ਐੱਮ ਵਿਸਵਸਵਰਿਆ ਟਰਮਿਨਲ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ) ਅਤੇ ਬਹਾਨਗਾ ਬਜ਼ਾਰ ਸਟੇਸ਼ਨ ਉੱਤੇ ਖੜ੍ਹੀ ਮਾਲ ਗੱਡੀ

ਹੁਣ ਤੱਕ ਮੌਤਾਂ - 275

ਕੁੱਲ ਜ਼ਖ਼ਮੀਂ - ਲਗਭਗ 900

ਹਾਦਸੇ ਵਾਲੀ ਥਾਂ ਉੱਤੇ 9 ਐੱਨਡੀਆਰਐੱਫ਼ ਟੀਮਾਂ, 4 ਓਡੀਆਰਏਐੱਫ਼ ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ।

100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ਼ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ।

200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ।

ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ।

ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜ਼ਾਮ।

ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ।

ਜ਼ਖ਼ਮੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।

1. ਬੀਮਾ ਕਿਵੇਂ ਲਈਏ ?

ਟਿਕਟ ਬੁਕਿੰਗ ਵੇਲੇ ਲਿਆ ਜਾਣਾ ਚਾਹੀਦਾ ਹੈ। ਆਈਸੀਆਰਟੀਸੀ ਦੀ ਵੈੱਬਸਾਈਟ ਜਾਂ ਐਪ 'ਤੇ ਟਿਕਟ ਬੁੱਕ ਕਰਦੇ ਸਮੇਂ ਯਾਤਰਾ ਬੀਮਾ ਵਿਕਲਪ ਮੌਜੂਦ ਹੁੰਦਾ ਹੈ।

ਬੀਮਾ ਸਿਰਫ਼ ਪੁਸ਼ਟੀ (ਰਿਜ਼ਰਵ) ਜਾਂ ਆਰਏਸੀ (ਇਸ ਦੌਰਾਨ ਬਰਥ ਜਾਂ ਸੀਟ ਨਹੀਂ ਮਿਲਦੀ ਪਰ ਉਹ ਰੇਲ ਵਿੱਚ ਸਫ਼ਰ ਕਰ ਸਕਦਾ ਹੈ) ਟਿਕਟਾਂ ਲਈ ਲਾਗੂ ਹੁੰਦਾ ਹੈ।

ਇਹ ਬੀਮਾ ਯੋਜਨਾ ਸਿਰਫ਼ ਭਾਰਤੀ ਨਾਗਰਿਕਾਂ ਲਈ ਲਾਗੂ ਹੈ। ਵਿਦੇਸ਼ੀਆਂ 'ਤੇ ਲਾਗੂ ਨਹੀਂ ਹੁੰਦਾ ਹੈ।

ਉਹ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਵੀ ਲਾਗੂ ਨਹੀਂ ਹੁੰਦਾ ਹੈ, ਜਿਨ੍ਹਾਂ ਬਰਥ ਜਾਂ ਸੀਟ ਬੁਕਿੰਗ ਦੀ ਲੋੜ ਨਹੀਂ ਹੁੰਦੀ ਹੈ।

2. ਕੀ ਪ੍ਰੀਮੀਅਮ ਜ਼ਿਆਦਾ ਹੋਵੇਗਾ?

ਬੀਮਾ ਲੈਣ ਲਈ ਟਿਕਟ ਦੀ ਕੀਮਤ ਤੋਂ ਇਲਾਵਾ 35 ਪੈਸੇ ਵਾਧੂ ਦੇਣੇ ਪੈਂਦੇ ਹਨ। ਇਹ ਪ੍ਰੀਮੀਅਮ ਇੱਕ ਨਵੰਬਰ, 2021 ਤੋਂ ਲਾਗੂ ਹੈ।

ਪ੍ਰੀਮੀਅਮ ਦਾ ਭੁਗਤਾਨ ਇੱਕ ਪੀਐੱਨਆਰ ਨੰਬਰ ਦੇ ਤਹਿਤ ਜਿੰਨੇ ਵੀ ਯਾਤਰੀਆਂ ਹੁੰਦੇ ਹਨ ਉਨ੍ਹਾਂ ਸਾਰਿਆਂ ਲਈ ਕੀਤਾ ਜਾਣਾ ਚਾਹੀਦਾ ਹੈ।

3. ਕਿਹੜੇ ਮਾਮਲਿਆਂ ਵਿੱਚ ਬੀਮਾ ਕਵਰ ਕੀਤਾ ਜਾਂਦਾ ਹੈ?

ਰੇਲ ਹਾਦਸਿਆਂ ਦੇ ਮਾਮਲੇ ਵਿੱਚ ਬੀਮਾ ਸਹੂਲਤ ਹਾਸਿਲ ਕਰਨਾ ਸੰਭਵ ਹੈ।

ਆਮ ਤੌਰ 'ਤੇ ਦੁਰਘਟਨਾ ਦੇ ਚਾਰ ਮਹੀਨਿਆਂ ਦੇ ਅੰਦਰ ਬੀਮਾ ਕੰਪਨੀ ਨੂੰ ਅਰਜ਼ੀ ਦੇਣੀ ਪੈਂਦੀ ਹੈ।

ਬੀਮਾ ਕੰਪਨੀ ਰੇਲ ਹਾਦਸੇ ਵਿੱਚ ਯਾਤਰੀਆਂ ਦੀ ਮੌਤ ਜਾਂ ਸਥਾਈ ਤੌਰ 'ਤੇ ਅਪਾਹਜ ਹੋਣ ਦੀ ਸਥਿਤੀ ਵਿੱਚ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦਾ ਮੁਆਵਜ਼ਾ ਦੇਵੇਗੀ।

ਇਹ ਪੀੜਤ ਜਾਂ ਨਾਮਜ਼ਦ (ਨੋਮਿਨੀ) ਵਿਅਕਤੀ ਨੂੰ ਦਿੱਤਾ ਜਾਂਦਾ ਹੈ।

ਹਸਪਤਾਲ ਵਿੱਚ ਦਾਖ਼ਲ ਹੋਣ 'ਤੇ ਇਹ ਰਾਸ਼ੀ ਡਾਕਟਰੀ ਖਰਚਿਆਂ ਨੂੰ 2 ਲੱਖ ਰੁਪਏ ਤੱਕ ਕਵਰ ਕਰਦੀ ਹੈ।

ਅੰਸ਼ਕ ਅਪੰਗਤਾ ਦੇ ਮਾਮਲੇ ਵਿੱਚ 7.5 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ।

ਗੰਭੀਰ ਸੱਟਾਂ ਦੀ ਸੂਰਤ ਵਿੱਚ 2 ਲੱਖ ਰੁਪਏ ਅਤੇ ਮਾਮੂਲੀ ਸੱਟਾਂ ਲਈ 10 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ।

ਦੁਰਘਟਨਾਵਾਂ ਜੋ ਕੁਝ ਅਣਕਿਆਸੀਆਂ ਹਾਲਤਾਂ ਵਿੱਚ ਵਾਪਰਦੀਆਂ ਹਨ, ਦਾਅਵੇ ਦੀ ਪਰਵਾਹ ਕੀਤੇ ਬਿਨਾਂ ਕਵਰ ਹੁੰਦੀਆਂ ਹਨ।

ਉਦਾਹਰਨ ਲਈ ਓਡੀਸ਼ਾ ਰੇਲ ਹਾਦਸੇ ਦੇ ਮਾਮਲੇ ਵਿੱਚ, ਪੀੜਤਾਂ ਜਾਂ ਨਾਮਜ਼ਦ ਵਿਅਕਤੀਆਂ ਨੂੰ ਦਾਅਵੇ ਦੀ ਪਰਵਾਹ ਕੀਤੇ ਬਿਨਾਂ ਮੁਆਵਜ਼ਾ ਦਿੱਤਾ ਜਾਂਦਾ ਹੈ।

ਜੇਕਰ ਨਾਮਜ਼ਦ ਵਿਅਕਤੀ ਨਹੀਂ ਹੁੰਦਾ ਤਾਂ ਰਾਸ਼ੀ ਕਾਨੂੰਨ ਤੌਰ 'ਤੇ ਯੋਗ ਵਿਅਕਤੀ ਨੂੰ ਮਿਲਦੀ ਹੈ।

4. ਬੀਮਾ ਲੈਣ ਲਈ ਕੀ-ਕੀ ਚਾਹੀਦਾ ਹੈ?

ਮ੍ਰਿਤਕ ਦੀ ਵਾਪਸੀ ਜਾਂ ਸਸਕਾਰ ਦੇ ਖਰਚੇ ਦੇ 10 ਹਜ਼ਾਰ ਰੁਪਏ ਤੱਕ ਦਿੱਤੇ ਜਾਣਗੇ। ਉਸ ਵੇਲੇ ਕੋਈ ਦਸਤਾਵੇਜ਼ ਦਿਖਾਉਣ ਦੀ ਲੋੜ ਨਹੀਂ ਹੈ।

ਯਾਤਰੀਆਂ ਕੋਲ ਦੁਰਘਟਨਾ ਦੀਆਂ ਤਰੀਕਾਂ 'ਤੇ ਖਰੀਦੀ ਗਈ ਰੇਲ ਟਿਕਟ ਜਾਂ ਪਲੇਟਫਾਰਮ ਟਿਕਟ ਹੋਣੀ ਚਾਹੀਦੀ ਹੈ।

5. ਇਸ ਪਾਲਿਸੀ ਨੂੰ ਕਿਵੇਂ ਲੈਣਾ ਹੈ?

ਟਿਕਟ ਦੀ ਪੁਸ਼ਟੀ ਹੋਣ ਤੋਂ ਬਾਅਦ, ਯਾਤਰੀਆਂ ਨੂੰ ਐੱਸਐੱਮਐੱਸ ਜਾਂ ਈਮੇਲ ਰਾਹੀਂ ਬੀਮਾ ਕੰਪਨੀਆਂ ਤੋਂ ਜਾਣਕਾਰੀ ਮਿਲਦੀ ਹੈ।

ਤੁਸੀਂ ਉਨ੍ਹਾਂ ਦੁਆਰਾ ਦਿੱਤੇ ਗਏ ਲਿੰਕ 'ਤੇ ਕਲਿੱਕ ਕਰ ਸਕਦੇ ਹੋ ਅਤੇ ਨਾਮਜ਼ਦ ਵੇਰਵੇ ਦਰਜ ਕਰ ਸਕਦੇ ਹੋ।

ਪਾਲਿਸੀ ਨੰਬਰ ਟਿਕਟ ਬੁਕਿੰਗ ਇਤਿਹਾਸ ਵਿੱਚ ਦਿਖਾਈ ਦੇਵੇਗਾ।

6. ਕੀ ਬੀਮੇ ਦਾ ਭੁਗਤਾਨ ਸਿਰਫ਼ ਰੇਲ ਹਾਦਸੇ ਦੇ ਮਾਮਲੇ ਵਿੱਚ ਹੀ ਹੋਵੇਗਾ?

ਰੇਲਵੇ ਐਕਟ 1989 ਦੀ ਧਾਰਾ 124 ਹਾਦਸਿਆਂ ਲਈ ਮੁਆਵਜ਼ੇ ਨਾਲ ਸਬੰਧਤ ਹੈ।

ਰੇਲਗੱਡੀ ਰਾਹੀਂ ਯਾਤਰਾ ਦੌਰਾਨ ਕਿਸੇ ਅਣਕਿਆਸੇ ਦੁਰਘਟਨਾ ਕਾਰਨ ਮੌਤ ਹੋਣ ਦੀ ਸੂਰਤ ਵਿੱਚ ਮੁਆਵਜ਼ਾ ਦਿੱਤਾ ਜਾਂਦਾ ਹੈ।

ਇੱਕ ਅਗਸਤ 1994 ਨੂੰ ਕੇਂਦਰ ਸਰਕਾਰ ਨੇ ਐਕਟ ਵਿੱਚ ਇੱਕ ਹੋਰ ਸੋਧ ਕੀਤੀ।

ਇਸ ਅਨੁਸਾਰ, ਇਸ ਨੇ ਨਾ ਸਿਰਫ਼ ਹਾਦਸਿਆਂ ਦੇ ਮਾਮਲੇ ਵਿੱਚ, ਸਗੋਂ ਕੁਝ ਹੋਰ ਮਾਮਲਿਆਂ ਵਿੱਚ ਵੀ ਮੁਆਵਜ਼ਾ ਅਦਾ ਕਰਨ ਦੀ ਮਨਜ਼ੂਰੀ ਦਿੱਤੀ ਹੈ।

ਇਸ ਦੇ ਤਹਿਤ ਅੱਤਵਾਦੀ ਹਮਲੇ, ਹਿੰਸਕ ਘਟਨਾਵਾਂ, ਡਕੈਤੀਆਂ, ਚੋਰੀਆਂ, ਝੜਪਾਂ ਅਤੇ ਗੋਲੀਬਾਰੀ ਕਾਰਨ ਯਾਤਰੀਆਂ ਦੀ ਮੌਤ ਹੋਣ 'ਤੇ ਮੁਆਵਜ਼ਾ ਦਿੱਤਾ ਜਾਂਦਾ ਹੈ।

ਮੁਆਵਜ਼ਾ ਤਾਂ ਹੀ ਦਿੱਤਾ ਜਾ ਸਕਦਾ ਹੈ ਜੇਕਰ ਰੇਲਗੱਡੀ ਵਿੱਚ ਯਾਤਰਾ ਕਰਦੇ ਸਮੇਂ ਜਾਂ ਰੇਲਵੇ ਸਟੇਸ਼ਨ ਦੇ ਅਹਾਤੇ ਵਿੱਚ ਕੋਈ ਦੁਰਘਟਨਾ ਜਾਂ ਹਮਲਾ ਹੁੰਦਾ ਹੈ।

ਬੁਕਿੰਗ ਆਫਿਸ, ਵੇਟਿੰਗ ਹਾਲ, ਬੈਗੇਜ ਰੂਮ, ਪਲੇਟਫਾਰਮ ਆਦਿ ਥਾਵਾਂ 'ਤੇ ਦੁਰਘਟਨਾਵਾਂ ਦੇ ਮਾਮਲੇ 'ਚ ਮ੍ਰਿਤਕ ਜਾਂ ਜ਼ਖਮੀ ਯਾਤਰੀਆਂ ਨੂੰ ਹੀ ਮੁਆਵਜ਼ਾ ਦਿੱਤਾ ਜਾਂਦਾ ਹੈ।

'ਵਿਕਲਪ' ਸਕੀਮ ਤਹਿਤ ਬੁੱਕ ਕੀਤੀ ਗਈ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ 'ਤੇ ਵੀ ਲਾਗੂ ਹੁੰਦਾ ਹੈ।

7. ਕਿਹੜੇ ਮਾਮਲਿਆਂ ਵਿੱਚ ਰੇਲਵੇ ਬੀਮਾ ਲਾਗੂ ਨਹੀਂ ਹੁੰਦਾ ਹੈ?

ਧਾਰਾ 124-ਏ ਦੇ ਤਹਿਤ ਕੁਝ ਮਾਮਲਿਆਂ ਵਿੱਚ ਮੁਆਵਜ਼ੇ ਦਾ ਭੁਗਤਾਨ ਨਹੀਂ ਕੀਤਾ ਜਾ ਸਕਦਾ ਭਾਵੇਂ ਯਾਤਰੀਆਂ ਦੀ ਮੌਤ ਹੀ ਕਿਉਂ ਨਾ ਹੋ ਜਾਵੇ।

ਦੁਰਘਟਨਾ ਤੋਂ ਇਲਾਵਾ, ਖੁਦਕੁਸ਼ੀ, ਆਪਣੇ ਆਪ ਲਗਾਈਆਂ ਲੱਗੀਆਂ ਸੱਟਾਂ, ਅਪਰਾਧਿਕ ਕਾਰਵਾਈਆਂ ਅਤੇ ਬਿਮਾਰੀਆਂ ਲਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ।

ਰੇਲਵੇ ਟਰੈਕ ਪਾਰ ਕਰਦੇ ਸਮੇਂ ਕਿਸੇ ਦੀ ਮੌਤ ਹੋਣ 'ਤੇ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ।

ਬੀਮੇ ਦੀ ਰਕਮ ਇੱਕੋ ਦੁਰਘਟਨਾ ਵਿੱਚ ਵੱਖ-ਵੱਖ ਲਾਭ ਨਹੀਂ ਦਿੰਦੀ ਹੈ।

ਬਿਨਾਂ ਟਿਕਟ ਕਨਫਰਮੇਸ਼ਨ ਦੇ ਟਰੇਨ 'ਚ ਸਫਰ ਕਰਦੇ ਸਮੇਂ ਦੁਰਘਟਨਾ ਹੋਣ 'ਤੇ ਵੀ ਬੀਮੇ ਦੇ ਪੈਸੇ ਨਹੀਂ ਦਿੱਤੇ ਜਾਣਗੇ।

8. ਕਿਸ ਨੂੰ ਅਪਲਾਈ ਕਰਨਾ ਪੈਂਦਾ ਹੈ?

ਰੇਲਵੇ ਐਕਟ ਦੀ ਧਾਰਾ 125 ਮੁਤਾਬਕ, ਚਾਰ ਮਹੀਨਿਆਂ ਦੇ ਅੰਦਰ ਬੀਮਾ ਕੰਪਨੀ ਨੂੰ ਅਰਜ਼ੀ ਦੇਣੀ ਲਾਜ਼ਮੀ ਹੈ।

ਯਾਤਰੀ ਜਾਂ ਨਾਮਜ਼ਦ ਵਿਅਕਤੀ ਜਾਂ ਕਾਨੂੰਨੀ ਤੌਰ 'ਤੇ ਯੋਗ ਵਿਅਕਤੀ ਅਪਲਾਈ ਕਰ ਸਕਦੇ ਹਨ।

ਆਈਆਰਸੀਟੀਸੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲਿਬਰਟੀ ਇੰਸ਼ੋਰੈਂਸ ਅਤੇ ਐੱਸਬੀਆਈ ਜਨਰਲ ਲਾਈਫ ਇੰਸ਼ੋਰੈਂਸ ਕੰਪਨੀ ਨਾਲ ਭਾਈਵਾਲੀ ਹੈ।

ਟਿਕਟ ਬੁਕਿੰਗ ਵੇਲੇ ਮਿਲੇ ਐੱਸਐੱਮਐੱਸ ਰਾਹੀਂ ਯਾਤਰੀ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਬੀਮਾ ਕੰਪਨੀ ਨੂੰ ਪ੍ਰੀਮੀਅਮ ਦਾ ਭੁਗਤਾਨ ਕੀਤਾ ਗਿਆ ਹੈ।

9. ਕਿਹੜੇ ਸਰਟੀਫਿਕੇਟ ਦਿੱਤੇ ਜਾਣੇ ਚਾਹੀਦੇ ਹਨ?

ਬਿਨੈ-ਪੱਤਰ ਦੇਣ ਵੇਲੇ ਸਾਰੇ ਲੋੜੀਂਦੇ ਦਸਤਾਵੇਜ਼ ਬੀਮਾ ਕੰਪਨੀ ਨੂੰ ਦਿੱਤੇ ਜਾਣੇ ਚਾਹੀਦੇ ਹਨ।

ਰੇਲਵੇ ਅਥਾਰਟੀਆਂ ਤੋਂ ਇੱਕ ਦੁਰਘਟਨਾ ਵਾਪਰਨ ਅਤੇ ਕਿਸੇ ਯਾਤਰੀ ਦੀ ਮੌਤ ਜਾਂ ਜ਼ਖਮੀ ਹੋਣ ਦੀ ਰਿਪੋਰਟ ਪੇਸ਼ ਕੀਤੀ ਜਾਣੀ ਚਾਹੀਦੀ ਹੈ।

ਇਨ੍ਹਾਂ ਤੋਂ ਇਲਾਵਾ ਹੋਰ ਸਰਟੀਫਿਕੇਟ ਵੀ ਦੇਣੇ ਪੈਂਦੇ ਹਨ।

ਜ਼ਖਮੀ ਯਾਤਰੀ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਅਧਿਕਾਰਤ ਏਜੰਟ ਉਨ੍ਹਾਂ ਦੀ ਤਰਫੋਂ ਅਰਜ਼ੀ ਦੇ ਸਕਦੇ ਹਨ।

ਜੇਕਰ ਵਿਅਕਤੀ ਦੀ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ, ਤਾਂ ਉਸ 'ਤੇ ਨਿਰਭਰ ਕਿਸੇ ਜੀਅ ਨੂੰ ਜਾਂ ਸਰਪ੍ਰਸਤ (ਜੇ ਨਾਬਾਲਗ) ਨੂੰ ਅਰਜ਼ੀ ਦੇਣੀ ਚਾਹੀਦੀ ਹੈ।

10. ਬੀਮਾ ਰਾਸ਼ੀ ਕਦੋਂ ਮਿਲਦੀ ਹੈ?

ਕੰਪਨੀ ਬੀਮਾ ਰਾਸ਼ੀ ਅਰਜ਼ੀ ਦੇਣ ਦੇ 15 ਦਿਨਾਂ ਬਾਅਦ ਤੱਕ ਮਿਲ ਜਾਂਦਾ ਹੈ।

ਹਾਲਾਂਕਿ, ਰੇਲਵੇ ਹਾਸਦਿਆਂ ਵਿੱਚ ਬੀਮਾ ਕੰਪਨੀਆਂ ਨੂੰ ਪ੍ਰੀਮੀਅਮ ਵਜੋਂ ਵੱਡੀ ਰਕਮ ਜਾਂਦੀ ਹੈ ਪਰ ਦਾਅਵੇ ਬਹੁਤ ਘੱਟ ਹੁੰਦੇ ਹਨ।

ਇਕੋਨਾਮਿਕਸ ਟਾਈਮਜ਼ ਵਿੱਚ ਛਪੀ ਇੱਕ ਰਿਪੋਰਟ ਵਿੱਚ ਮੱਧ ਪ੍ਰਦੇਸ਼ ਦੇ ਸਮਾਜਿਕ ਕਾਰਕੁੰਨ ਚੰਦਰਸ਼ੇਖ਼ਰ ਨੇ ਇਹ ਜਾਣਕਾਰੀ ਆਰਟੀਆਈ ਰਾਹੀਂ ਇਹ ਜਾਣਕਾਰੀ ਹਾਸਿਲ ਕੀਤੀ ਹੈ।

ਸਾਲ 2018 ਅਤੇ 2019 ਵਿੱਚ ਇਹ ਰਾਸ਼ੀ 46.18 ਕਰੋੜ ਰੁਪਏ ਆਈਆਰਸੀਟੀਸੀ ਅਤੇ ਯਾਤਰੀਆਂ ਵੱਲੋਂ ਬੀਮਾ ਕੰਪਨੀਆਂ ਨੂੰ ਗਿਆ ਸੀ।

ਹਾਲਾਂਕਿ, ਸਿਰਫ਼ 7 ਕਰੋੜ ਰੁਪਏ ਦੇ ਦਾਅਵਿਆਂ ਦਾ ਹੀ ਭੁਗਤਾਨ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)