ਆਂਧਰਾ ਪ੍ਰਦੇਸ਼ 'ਚ ਰੇਲ ਗੱਡੀਆਂ ਦੀ ਟੱਕਰ, ਮਰਨ ਵਾਲਿਆਂ ਦੀ ਗਿਣਤੀ 13 ਹੋਈ, ਪਰ ਇਹ ਹੋਇਆ ਕਿਵੇਂ? - ਬੀਬੀਸੀ ਦੀ ਗਰਾਊਂਡ ਰਿਪੋਰਟ

ਆਂਧਰਾ ਪ੍ਰਦੇਸ਼ 'ਚ ਰੇਲ ਗੱਡੀਆਂ ਦੀ ਟੱਕਰ
    • ਲੇਖਕ, ਸ੍ਰੀਨਿਵਾਸ ਲਕੋਜੂ
    • ਰੋਲ, ਬੀਬੀਸੀ ਸਹਿਯੋਗੀ

ਆਂਧਰਾ ਪ੍ਰਦੇਸ਼ ਵਿੱਚ ਦੋ ਟਰੇਨਾਂ ਵਿਚਕਾਰ ਹੋਈ ਟੱਕਰ ਵਿੱਚ ਹੁਣ ਤੱਕ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਲੋਕ ਜ਼ਖਮੀ ਹਨ।

ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਗੱਡੀਆਂ ਇੱਕੋ ਪੱਟੜੀ 'ਤੇ ਚੱਲ ਰਹੀਆਂ ਸਨ।

ਇਸੇ ਦੌਰਾਨ, ਰਾਏਗੜਾ ਐਕਸਪ੍ਰੈੱਸ ਨੇ ਐਤਵਾਰ ਰਾਤ ਕਰੀਬ ਸੱਤ ਵਜੇ ਵਿਜ਼ੀਆਨਗਰਮ ਜ਼ਿਲੇ 'ਚ ਕਾਂਤਾਕਾਪੱਲੀ-ਅਲਾਮੰਡਾ ਵਿਚਾਲੇ ਪਲਾਸਾ ਪੈਸੇਂਜਰ ਟਰੇਨ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਮਗਰੋਂ, ਆਂਧਰਾ ਦੇ ਮੁੱਖ ਮੰਤਰੀ ਦਫ਼ਤਰ ਦੀ ਤਰਫੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਲਈ ਨਿਰਦੇਸ਼ ਦਿੱਤੇ ਹਨ ਅਤੇ ਵਿਸ਼ਾਖਾਪਟਨਮ ਅਤੇ ਅਨਾਕਾਪੱਲੀ ਤੋਂ ਕਈ ਐਂਬੂਲੈਂਸਾਂ ਭੇਜਣ ਲਈ ਕਿਹਾ।

ਇਸ ਰਿਪੋਰਟ ਵਿੱਚ, ਬੀਬੀਸੀ ਸਹਿਯੋਗੀ ਸ੍ਰੀਨਿਵਾਸ ਲਕੋਜੂ ਨੇ ਘਟਨਾ ਵਾਲੀ ਥਾਂ ਦਾ ਅੱਖੀਂ ਡਿੱਠਾ ਮੰਜ਼ਰ ਬਿਆਨ ਕੀਤਾ ਹੈ:

ਆਂਧਰਾ ਪ੍ਰਦੇਸ਼ 'ਚ ਰੇਲ ਗੱਡੀਆਂ ਦੀ ਟੱਕਰ

ਤਸਵੀਰ ਸਰੋਤ, ANI

ਵਿਜ਼ਿਆਨਗਰਮ ਦੇ ਜ਼ਿਲ੍ਹਾ ਕੁਲੈਕਟਰ ਨਾਗਲਕਸ਼ਮੀ ਨੇ ਐਲਾਨ ਕੀਤਾ ਕਿ ਉਨ੍ਹਾਂ ਕੋਲ 8 ਮੌਤਾਂ ਦੀ ਜਾਣਕਾਰੀ ਹੈ। ਹਾਲਾਂਕਿ ਮੈਂ ਖੁਦ ਉੱਥੇ 11 ਲਾਸ਼ਾਂ ਦੇਖੀਆਂ ਹਨ।

ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਨੁਕਸਾਨੀਆਂ ਗਈਆਂ ਬੋਗੀਆਂ ਵਿੱਚ ਇੱਕ ਹੋਰ ਵਿਅਕਤੀ ਦੇਖਿਆ ਗਿਆ।

ਕੁਝ ਹੋਰ ਬੋਗੀਆਂ ਦੇ ਹੇਠਾਂ ਹੋਰ ਵੀ ਹੋ ਸਕਦੇ ਹਨ। ਬਚਾਅ ਕਰਮਚਾਰੀ ਬੋਗੀਆਂ ਨੂੰ ਕੱਟਣ ਤੋਂ ਬਾਅਦ ਪੀੜਤਾਂ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਹਾਦਸਾ ਕਾਂਤਾਕਾਪੱਲੀ-ਅਲਮਾਂਡਾ ਪਿੰਡਾਂ ਦੇ ਵਿਚਕਾਰ ਵਾਪਰਿਆ। ਤੁਰੰਤ ਇਨ੍ਹਾਂ ਦੋਵਾਂ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚ ਗਏ।

ਪੁਲਿਸ ਅਤੇ ਰੇਲਵੇ ਸਟਾਫ਼ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਖ਼ੁਦ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ।

ਬਾਲਾਸੋਰ ਹਾਦਸੇ ਦੀ ਯਾਦ

ਆਂਧਰਾ ਪ੍ਰਦੇਸ਼ 'ਚ ਰੇਲ ਗੱਡੀਆਂ ਦੀ ਟੱਕਰ

ਜਿੱਥੇ ਇਹ ਹਾਦਸਾ ਵਾਪਰਿਆ ਹੈ, ਉੱਥੇ ਪਹੁੰਚਣ ਲਈ ਕਾਂਤਾਕਾਪੱਲੀ ਦੇ ਖੇਤਾਂ ਅਤੇ ਬਗੀਚਿਆਂ ਤੋਂ ਹੁੰਦੇ ਹੋਈ, ਇੱਕ ਛੋਟੀ ਕੱਚੀ ਸੜਕ 'ਤੇ ਡੇਢ ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ।

ਇੱਕ ਕਿਲੋਮੀਟਰ ਦੂਰ, ਲਾਲ ਅਤੇ ਨੀਲੀਆਂ ਬੱਤੀਆਂ ਵਾਲੀਆਂ 10 ਐਂਬੂਲੈਂਸਾਂ ਦਿਖਾਈ ਦਿੱਤੀਆਂ। ਉਨ੍ਹਾਂ ਦੇ ਵਿਚਕਾਰ ਜ਼ਮੀਨ 'ਤੇ ਦੋ ਲਾਸ਼ਾਂ ਪਈਆਂ ਸਨ।

ਥੋੜ੍ਹਾ ਅੱਗੇ ਜਾ ਕੇ ਦੇਖਿਆ ਤਾਂ ਤਿੰਨ ਹੋਰ ਲਾਸ਼ਾਂ ਪਈਆਂ ਸਨ। ਕਿਉਂਕਿ ਪੰਜ ਲਾਸ਼ਾਂ ਪਹਿਲਾਂ ਹੀ ਮਿਲ ਚੁੱਕੀਆਂ ਹਨ, ਇਸ ਨਾਲ ਹਾਦਸੇ ਦਾ ਪੈਮਾਨਾ ਸਮਝਿਆ ਜਾ ਰਿਹਾ ਹੈ।

ਆਂਧਰਾ ਪ੍ਰਦੇਸ਼ 'ਚ ਰੇਲ ਗੱਡੀਆਂ ਦੀ ਟੱਕਰ

ਤਸਵੀਰ ਸਰੋਤ, ANI

ਉਥੋਂ ਰੇਲਵੇ ਟਰੈਕ ਦੇ ਨਾਲ-ਨਾਲ ਕੁਝ ਹੋਰ ਦੂਰ ਚੱਲਦੇ ਹੋਏ ਹਾਦਸੇ ਵਾਲੀ ਥਾਂ ਦਿਖਾਈ ਦਿੱਤੀ। ਜੇਕਰ ਤੁਸੀਂ ਥੋੜ੍ਹੀ ਦੂਰੀ ਤੋਂ ਇਸ ਦ੍ਰਿਸ਼ ਨੂੰ ਦੇਖੋਗੇ, ਤਾਂ ਤੁਹਾਨੂੰ ਇਸ ਸਾਲ 2 ਜੂਨ ਨੂੰ ਦੇਸ਼ ਦੇ ਸਭ ਤੋਂ ਵੱਡੇ ਰੇਲ ਹਾਦਸਿਆਂ ਵਿੱਚੋਂ ਇੱਕ, ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਦੀ ਯਾਦ ਆ ਜਾਵੇਗੀ।

ਬਾਲਾਸੋਰ ਦੀ ਤਰ੍ਹਾਂ, ਇਸ ਹਾਦਸੇ ਵਿੱਚ ਵੀ ਰੇਲਗੱਡੀ ਦੀਆਂ ਬੋਗੀਆਂ ਪੱਟੜੀ ਤੋਂ ਹੇਠਾਂ ਖਿਸਕਦੀਆਂ ਵੇਖੀਆਂ ਗਈਆਂ। ਇੱਥੇ ਵੀ ਲਗਭਗ ਉਸੇ ਤਰ੍ਹਾਂ ਦਾ ਦ੍ਰਿਸ਼ ਦੇਖਿਆ ਗਿਆ।

ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਸ ਦੀ ਤੁਲਨਾ ਬਾਲਾਸੋਰ ਰੇਲ ਹਾਦਸੇ ਨਾਲ ਕੀਤੀ।

'ਟਰੇਨ 5 ਮਿੰਟ 'ਚ ਪਹੁੰਚ ਜਾਂਦੀ ਤੇ ਰਵੀ ਉਤਰ ਜਾਂਦਾ..'

ਹਾਦਸੇ ਵਾਲੀ ਥਾਂ ਇਕੱਠਾ ਹੋਏ ਸਥਾਨਕ ਲੋਕ
ਤਸਵੀਰ ਕੈਪਸ਼ਨ, ਹਾਦਸੇ ਵਾਲੀ ਥਾਂ ਇਕੱਠਾ ਹੋਏ ਸਥਾਨਕ ਲੋਕ

ਇਸ ਹਾਦਸੇ ਵਿੱਚ ਰਵੀ ਦੀ ਮੌਤ ਹੋ ਗਈ ਹੈ। ਕਾਂਤਾਕਪੱਲੀ ਨੇੜੇ ਹੋਣ ਕਾਰਨ ਮੌਕੇ 'ਤੇ ਪਹੁੰਚ ਕੇ ਪਿੰਡ ਵਾਸੀਆਂ, ਰਵੀ ਦੇ ਭਰਾ ਅਤੇ ਦੋਸਤਾਂ ਨੇ ਰਵੀ ਨੂੰ ਸਭ ਤੋਂ ਪਹਿਲਾਂ ਮਰਨ ਵਾਲੇ ਵਿਅਕਤੀ ਵਜੋਂ ਪਛਾਣ ਲਿਆ।

ਰਵੀ ਦੇ ਦੋਸਤ ਗੌਰੀ ਨਾਇਡੂ ਨੇ ਰੋਂਦੇ ਹੋਇਆਂ ਬੀਬੀਸੀ ਨੂੰ ਦੱਸਿਆ, "ਰਵੀ, ਅਸੀਂ ਸਾਰੇ ਰੋਜ਼ ਪਲਾਸਾ ਪੈਸੰਜਰ 'ਤੇ ਸਵਾਰ ਹੋ ਕੇ ਵਿਸ਼ਾਖਾਪਟਨਮ ਜਾਂਦੇ ਹਾਂ। ਅਸੀਂ ਉੱਥੇ ਆਪਣਾ ਕੰਮ ਖਤਮ ਕਰ ਕੇ ਸ਼ਾਮ ਨੂੰ ਫਿਰ ਤੋਂ ਪਲਾਸਾ ਪੈਸੰਜਰ 'ਚ ਹੀ ਕਾਂਤਾਕਪੱਲੀ ਵਾਪਸ ਪਰਤਦੇ ਹਾਂ।''

''ਸਾਡਾ ਕਸਬਾ ਹਾਦਸੇ ਵਾਲੀ ਥਾਂ ਤੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ 'ਤੇ ਹੈ। ਟਰੇਨ ਪੰਜ ਮਿੰਟਾਂ ਵਿੱਚ ਸਾਡੇ ਸ਼ਹਿਰ ਪਹੁੰਚਣ ਵਾਲੀ ਸੀ। ਰਵੀ ਵੀ ਉਤਰ ਜਾਂਦਾ। ਪਰ ਇਸ ਹਾਦਸੇ ਕਾਰਨ ਹੁਣ ਰਵੀ ਸਾਡੇ ਤੋਂ ਦੂਰ ਚਲਾ ਗਿਆ ਹੈ।''

ਜਦੋਂ ਬੀਬੀਸੀ ਹਾਦਸੇ ਵਾਲੀ ਥਾਂ ਪਹੁੰਚਿਆ ਤਾਂ ਗੌਰੀ ਨਾਇਡੂ ਅਤੇ ਕੁਝ ਹੋਰ ਦੋਸਤ ਰਵੀ ਦੀ ਲਾਸ਼ ਦਾ ਇੰਤਜ਼ਾਰ ਕਰਦੇ ਕਰ ਰਹੇ ਸਨ।

''ਐਤਵਾਰ ਹੋਣ ਦੇ ਬਾਵਜੂਦ ਉਸ ਨੂੰ ਕੰਮ 'ਤੇ ਜਾਣਾ ਪਿਆ ਅਤੇ..''

ਆਂਧਰਾ ਪ੍ਰਦੇਸ਼ 'ਚ ਰੇਲ ਗੱਡੀਆਂ ਦੀ ਟੱਕਰ

ਕਾਂਤਾਕਾਪੱਲੀ ਦੇ ਜ਼ਿਆਦਾਤਰ ਨੌਜਵਾਨ ਵਿਸ਼ਾਖਾਪਟਨਮ ਵਿੱਚ ਠੇਕੇਦਾਰਾਂ ਕੋਲ ਵੱਖ-ਵੱਖ ਨੌਕਰੀਆਂ ਕਰਦੇ ਹਨ। ਰਵੀ ਵੀ ਉਨ੍ਹਾਂ ਵਿੱਚੋਂ ਇੱਕ ਸੀ।

ਸੋਮਵਾਰ ਤੋਂ ਸ਼ਨੀਵਾਰ ਤੱਕ ਕੰਮ ਕਰਨ ਮਗਰੋਂ ਐਤਵਾਰ ਨੂੰ ਉਨ੍ਹਾਂ ਦੀ ਛੁੱਟੀ ਸੀ। ਪਰ ਇਸ ਐਤਵਾਰ ਰਵੀ ਨੂੰ ਕੰਮ 'ਤੇ ਜਾਣਾ ਪਿਆ।

ਉਨ੍ਹਾਂ ਦੇ ਭਰਾ ਇਸ ਪੂਰੀ ਘਟਨਾ ਬਾਰੇ ਸੋਚ-ਸਾਹ ਕੇ ਆਪਣੇ ਹੰਝੂ ਨਹੀਂ ਰੋਕ ਸਕੇ।

ਉਨ੍ਹਾਂ ਦੱਸਿਆ, “ਰਵੀ ਵਿਸ਼ਾਖਾਪਟਨਮ ਵਿੱਚ ਇੱਕ ਇਲੈਕਟ੍ਰੀਕਲ ਕੰਟਰੈਕਟਿੰਗ ਫਰਮ ਵਿੱਚ ਕੰਮ ਕਰਦਾ ਸੀ। ਰਵੀ ਨੂੰ ਐਤਵਾਰ ਨੂੰ ਕੰਪਨੀ ਤੋਂ ਫੋਨ ਆਇਆ, ਪਹਿਲਾਂ ਅਜਿਹਾ ਕਦੇ ਨਹੀਂ ਹੋਇਆ।''

''ਉਸ ਦੀ ਕੰਪਨੀ ਦੇ ਲੋਕਾਂ ਨੇ ਕਿਹਾ ਕਿ ਜ਼ਰੂਰੀ ਕੰਮ ਲਈ ਆਉਣਾ ਪਵੇਗਾ ਅਤੇ ਉਸ ਦੇ ਬਦਲੇ ਇਹ ਛੁੱਟੀ ਕਿਸੇ ਹੋਰ ਦਿਨ ਲਈ ਜਾ ਸਕਦੀ ਹੈ।''

ਰਵੀ ਤੁਰੰਤ ਕੰਮ 'ਤੇ ਚਲਾ ਗਿਆ ਕਿਉਂਕਿ ਕੰਪਨੀ ਦਸ ਸਾਲਾਂ ਤੋਂ ਚੱਲ ਰਹੀ ਹੈ। ਰਵੀ ਵਾਂਗ ਹੋਰ ਲੋਕ ਵੀ ਕੰਪਨੀ ਵੱਲੋਂ ਬੁਲਾਏ ਜਾਣ 'ਤੇ ਚਲੇ ਜਾਂਦੇ ਹਨ।

ਸਵੇਰੇ ਗਿਆ ਰਵੀ ਸ਼ਾਮ ਨੂੰ ਵਾਪਸ ਹੀ ਨਹੀਂ ਪਰਤਿਆ। ਰਵੀ ਨੂੰ ਯਾਦ ਕਰਕੇ ਪਿੰਡ ਵਾਲੇ ਕਹਿ ਰਹੇ ਹਨ ਕਿ ''ਇਹ ਕਿੰਨੀ ਬਦਕਿਸਮਤੀ ਵਾਲੀ ਗੱਲ ਹੈ।''

ਆਂਧਰਾ ਪ੍ਰਦੇਸ਼ 'ਚ ਰੇਲ ਗੱਡੀਆਂ ਦੀ ਟੱਕਰ

ਤਸਵੀਰ ਸਰੋਤ, ANI

ਮੁੱਖ ਬਿੰਦੂ

  • ਆਂਧਰਾ ਪ੍ਰਦੇਸ਼ 'ਚ ਦੋ ਟਰੇਨਾਂ ਵਿਚਕਾਰ ਟੱਕਰ, ਹੁਣ ਤੱਕ ਘੱਟੋ-ਘੱਟ 13 ਲੋਕਾਂ ਦੀ ਮੌਤ ਅਤੇ 50 ਤੋਂ ਵੱਧ ਜ਼ਖਮੀ
  • ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਗੱਡੀਆਂ ਇੱਕੋ ਪੱਟੜੀ 'ਤੇ ਚੱਲ ਰਹੀਆਂ ਸਨ
  • ਹਾਦਸਾਗ੍ਰਸਤ ਗੱਡੀਆਂ ਦੇ ਨਾਮ ਰਾਏਗੜਾ ਐਕਸਪ੍ਰੈੱਸ ਅਤੇ ਪਲਾਸਾ ਪੈਸੇਂਜਰ ਹਨ
  • ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ
  • ਗੰਭੀਰ ਜ਼ਖਮੀਆਂ ਨੂੰ 2-2 ਲੱਖ ਅਤੇ ਹੋਰ ਸੂਬਿਆਂ ਦੇ ਮ੍ਰਿਤਕਾਂ ਤੇ ਜ਼ਖਮੀਆਂ ਨੂੰ 2 ਲੱਖ ਤੇ 50 ਹਜ਼ਾਰ ਦਾ ਐਲਾਨ

ਇਹ ਵੀ ਪੜ੍ਹੋ:-

''ਅਚਾਨਕ ਇੱਕ ਉੱਚੀ ਆਵਾਜ਼ ਆਈ ਅਤੇ ਗੱਡੀ ਪਲਟ ਗਈ''

ਚਿਪੁਰਪੱਲੀ ਤੋਂ ਨਾਗੇਸ਼ਵਰ ਰਾਓ ਅਤੇ ਉਨ੍ਹਾਂ ਦੇ ਜੀਜਾ ਆਪਣੀ ਕੰਪਨੀ ਵਿਚ ਕੰਮ ਲਈ ਹਰ ਰੋਜ਼ ਵਿਸ਼ਾਖਾਪਟਨਮ ਆਉਂਦੇ ਸਨ। ਪਿਛਲੇ ਸੱਤ ਸਾਲਾਂ ਤੋਂ ਉਹ ਪਲਾਸਾ ਯਾਤਰੀ ਟਰੇਨ ਰਾਹੀਂ ਵਿਸ਼ਾਖਾਪਟਨਮ ਆ ਰਹੇ ਸਨ।

ਰਵੀ ਵਾਂਗ ਨਾਗੇਸ਼ਵਰਾਓ ਅਤੇ ਉਨ੍ਹਾਂ ਦੇ ਜੀਜਾ ਨੂੰ ਵੀ ਐਤਵਾਰ ਹੋਣ ਦੇ ਬਾਵਜੂਦ ਕੰਮ 'ਤੇ ਆਉਣ ਲਈ ਫ਼ੋਨ ਆਇਆ। ਦੋਵੇਂ ਕੰਮ 'ਤੇ ਗਏ ਸਨ ਅਤੇ ਪਰਤਦੇ ਸਮੇਂ ਇਸ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਵਿੱਚ ਉਨ੍ਹਾਂ ਦੇ ਜੀਜੇ ਦੀ ਮੌਤ ਹੋ ਗਈ, ਹਾਲਾਂਕਿ ਨਾਗੇਸ਼ਵਰ ਰਾਓ ਬਚ ਗਏ।

ਨਾਗੇਸ਼ਵਰ ਰਾਓ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਸਾਰੇ ਮਿਸਤਰੀ ਹਾਂ। ਅਸੀਂ ਰੇਲਗੱਡੀ ਵਿੱਚ ਬੈਠ ਕੇ ਗੱਲਾਂ ਕਰ ਰਹੇ ਸੀ। ਅਚਾਨਕ ਇੱਕ ਉੱਚੀ ਆਵਾਜ਼ ਆਈ ਅਤੇ ਗੱਡੀ ਪਲਟ ਗਈ।''

''ਝਟਕੇ ਕਾਰਨ ਮੇਰੇ ਜੀਜਾ ਰੇਲਗੱਡੀ ਤੋਂ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਦੀ ਵੀ ਮੌਤ ਹੋ ਗਈ। ਬਾਕੀ ਅਸੀਂ ਇੱਕ-ਦੂਜੇ ਦੀ ਮਦਦ ਨਾਲ ਬਚ ਗਏ। ਸਾਡੀ ਬੋਗੀ ਵਿੱਚੋਂ ਤਿੰਨ ਅਜੇ ਵੀ ਲਾਪਤਾ ਹਨ। ਚਾਰ ਹੋਰ ਹਸਪਤਾਲ ਵਿੱਚ ਹਨ।”

ਨਾਗੇਸ਼ਵਰ ਰਾਓ ਲਾਪਤਾ ਹੋਏ ਆਪਣੇ ਸਾਥੀ ਰਾਜੇ ਦੀ ਭਾਲ ਕਰ ਰਹੇ ਹਨ।

'ਅਸੀਂ ਲਾਸ਼ਾਂ ਬਾਹਰ ਕੱਢੀਆਂ'

ਆਂਧਰਾ ਪ੍ਰਦੇਸ਼ 'ਚ ਰੇਲ ਗੱਡੀਆਂ ਦੀ ਟੱਕਰ

ਤਸਵੀਰ ਸਰੋਤ, ANI

ਅਲਮਾਂਡਾ ਤੋਂ ਅਪਲਾਰਾਜੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰੇਲ ਹਾਦਸੇ ਬਾਰੇ ਪਤਾ ਲੱਗਾ ਤਾਂ ਉਹ ਕੁਝ ਹੋਰ ਲੋਕਾਂ ਨਾਲ ਇੱਥੇ ਆਏ।

ਹਾਦਸੇ ਵਾਲੀ ਥਾਂ ਅਲਮਾਂਡਾ ਤੋਂ ਦੋ ਕਿਲੋਮੀਟਰ ਦੂਰ ਹੈ।

ਅਪਲਰਾਜ ਨੇ ਬੀਬੀਸੀ ਨੂੰ ਦੱਸਿਆ, “ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਸਥਿਤੀ ਗੰਭੀਰ ਸੀ। ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਕਰਨਾ ਹੈ।''

''ਫਿਰ ਅਸੀਂ ਇੱਕ-ਇੱਕ ਕਰਕੇ ਬੋਗੀਆਂ 'ਚੋਂ ਲਾਸ਼ਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਉੱਥੋਂ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਤੋਂ ਸੜਕ 'ਤੇ ਲੈ ਕੇ ਜਾਇਆ ਗਿਆ। ਉੱਥੋਂ ਅਸੀਂ ਜ਼ਖਮੀਆਂ ਨੂੰ ਹਸਪਤਾਲ ਅਤੇ ਬਾਕੀਆਂ ਨੂੰ ਉਨ੍ਹਾਂ ਦੇ ਦੱਸੇ ਪਤੇ ਅਨੁਸਾਰ ਉਨ੍ਹਾਂ ਦੇ ਘਰ ਭੇਜਣ ਲਈ ਵਾਹਨਾਂ ਦਾ ਪ੍ਰਬੰਧ ਕੀਤਾ ਹੈ।''

''ਅਸੀਂ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ। ਜਦੋਂ ਤੱਕ ਉਹ ਨਹੀਂ ਪਹੁੰਚੇ, ਅਸੀਂ ਰੇਲ ਦੇ ਡੱਬਿਆਂ ਵਿੱਚ ਫਸੇ ਲੋਕਾਂ ਦੀ ਮਦਦ ਕਰਦੇ ਰਹੇ।''

ਅੱਜ ਟਰੈਕ ਦੀ ਬਹਾਲੀ

ਆਂਧਰਾ ਪ੍ਰਦੇਸ਼ 'ਚ ਰੇਲ ਗੱਡੀਆਂ ਦੀ ਟੱਕਰ

ਤਸਵੀਰ ਸਰੋਤ, ANI

ਰਾਹਤ ਕਾਰਜ ਦੇ ਹਿੱਸੇ ਵਜੋਂ ਵਿਸ਼ਾਖਾਪਟਨਮ, ਰਾਜਮਹੇਂਦਰਵਰਮ ਅਤੇ ਵਿਜੇਵਾੜਾ ਤੋਂ ਦੁਰਘਟਨਾ ਰਾਹਤ ਵੈਨਾਂ ਭੇਜੀਆਂ ਗਈਆਂ। ਇਨ੍ਹਾਂ ਵਿੱਚ ਟ੍ਰੈਕ ਦੀ ਮੁਰੰਮਤ ਅਤੇ ਐਮਰਜੈਂਸੀ ਪ੍ਰਤੀਕਿਰਿਆ ਉਪਕਰਣ ਸ਼ਾਮਲ ਹਨ।

ਵਿਜੇਵਾੜਾ ਅਤੇ ਵਿਸ਼ਾਖਾਪਟਨਮਦੇ ਡੀਆਰਐਮ ਵੀ ਆਪਣੇ ਸਟਾਫ ਨਾਲ ਵਿਸ਼ੇਸ਼ ਰੇਲਗੱਡੀ ਰਾਹੀਂ ਘਟਨਾ ਵਾਲੀ ਥਾਂ ਪਹੁੰਚੇ।

ਰੇਲਵੇ ਵਿਭਾਗ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਵਿਸ਼ਾਖਾਪਟਨਮ ਦੇ ਰਸਤੇ ਸਮਰਲਾਕੋਟਾ ਜਾਣ ਵਾਲੀਆਂ ਕਈ ਟਰੇਨਾਂ ਦੇ ਆਉਣ ਵਿੱਚ ਬਹੁਤ ਦੇਰੀ ਹੋ ਰਹੀ ਹੈ।

ਸੂਬਾ ਸਰਕਾਰ ਨੇ ਆਂਧਰਾ ਪ੍ਰਦੇਸ਼ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈੱਡੀ ਨੇ ਅਧਿਕਾਰੀਆਂ ਨੂੰ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਮਦਦ ਲਈ ਹਰ ਤਰ੍ਹਾਂ ਦੇ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜੇਕਰ ਮ੍ਰਿਤਕ ਦੂਜੇ ਸੂਬਿਆਂ ਨਾਲ ਸਬੰਧਤ ਹਨ, ਤਾਂ ਅਧਿਕਾਰੀਆਂ ਨੂੰ ਨਿਰਦੇਸ਼ ਹਨ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਆਫ਼ਤ ਰਾਹਤ ਫੰਡ ਵਿੱਚੋਂ ਵੀ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਹਰੇਕ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਫਿਲਹਾਲ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹਨ। ਰੇਲਵੇ ਸਟਾਫ ਦਾ ਕਹਿਣਾ ਹੈ ਕਿ ਉਹ ਸੋਮਵਾਰ ਦੁਪਹਿਰ ਨੂੰ ਟ੍ਰੈਕ ਦੀ ਮੁਰੰਮਤ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)