You’re viewing a text-only version of this website that uses less data. View the main version of the website including all images and videos.
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨੇ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਲਗਾਈ ਇਹ ਪਾਬੰਦੀ, ਜਾਣੋ ਪੂਰਾ ਮਾਮਲਾ
ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਖੇਤਰ ਕੌਮਾਂਤਰੀ ਵਿਦਿਆਰਥੀਆਂ ਦੇ ਨਵੇਂ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰਨਾਂ ਇੰਸਟੀਚਿਊਟਾਂ ਵਿੱਚ ਦੋ ਸਾਲ ਲਈ ਨਵੇਂ ਦਾਖਲਿਆਂ ਉੱਤੇ ਪਾਬੰਦੀਆਂ ਲਗਾਉਣ ਜਾ ਰਿਹਾ ਹੈ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰਸ਼ਾਸਨ ਮੁਤਾਬਕ ਅਜਿਹਾ ਫੈਸਲਾ ਸਿੱਖਿਆ ਦੇ ਖੇਤਰ ਵਿੱਚ ਅਦਾਰਿਆਂ ਵੱਲੋਂ ਕੀਤੇ ਜਾ ਰਹੇ ਘਪਲਿਆਂ ਕਾਰਨ ਕੀਤਾ ਹੈ।
ਪੋਸਟ-ਸੈਕੰਡਰੀ ਸਿੱਖਿਆ ਮੰਤਰੀ ਸੇਲੀਨਾ ਰੌਬਿਨਸਨ ਨੇ ਸੋਮਵਾਰ ਨੂੰ ਕਿਹਾ ਕਿ ਕੌਮਾਂਤਰੀ ਸਿੱਖਿਆ ਪ੍ਰਣਾਲੀ ਵਿਚਲੇ ਨੁਕਸ ਨੂੰ ਠੀਕ ਕਰਨ ਲਈ ਇਹ ਪਾਬੰਦੀ ਜ਼ਰੂਰੀ ਹੈ। ਸੇਲੀਨਾ ਮੁਤਾਬਕ ਇਹ ਪ੍ਰਣਾਲੀ "ਉਸ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੀ ਹੈ ਜਿਵੇਂ ਕਿ ਇਸ ਨੂੰ ਕਰਨਾ ਚਾਹੀਦਾ ਹੈ।"
ਰੌਬਿਨਸਨ ਨੇ ਕਿਹਾ ਕਿ ਸੂਬੇ ਨੇ ਪਿਛਲੇ ਮਾਰਚ ਵਿੱਚ ਸਿਸਟਮ ਦੀ ਘੋਖ ਕਰਨੀ ਸ਼ੁਰੂ ਕੀਤੀ ਸੀ ਅਤੇ "ਮਾੜੀ-ਗੁਣਵੱਤਾ ਵਾਲੀ ਸਿੱਖਿਆ, ਅਧਿਆਪਕਾਂ ਦੀ ਘਾਟ" ਅਤੇ ਇੱਥੋਂ ਤੱਕ ਕਿ ਕੁਝ ਨਿੱਜੀ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਨੂੰ ਰਸਮੀ ਸ਼ਿਕਾਇਤਾਂ ਦਰਜ ਕਰਨ ਤੋਂ "ਡਰਾਉਣ" ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।
ਇੱਕ ਵਿਦਿਆਰਥੀ ਬਾਰੇ ਰੌਬਿਨਸਨ ਨੇ ਦੱਸਿਆ ਕਿ ਭਾਰਤ ਵਿੱਚ ਇੱਕ ਕੁੜੀ ਦੇ ਪਰਿਵਾਰ ਨੇ ਉਸ ਨੂੰ "ਮਿਆਰੀ ਸਿੱਖਿਆ" ਲਈ ਬ੍ਰਿਟਿਸ਼ ਕੋਲੰਬੀਆ ਭੇਜਣ ਵਾਸਤੇ ਪੈਸਾ ਜੋੜਿਆ ਸੀ।
ਪਰ ਜਦੋਂ ਉਹ ਇੱਥੇ ਪਹੁੰਚੀ ਤਾਂ ਉਸ ਨੂੰ ਔਨਲਾਈਨ ਕਲਾਸਾਂ ਵਿੱਚ ਰੱਖਿਆ ਗਿਆ ਸੀ।
ਰੌਬਿਨਸਨ ਨੇ ਕਿਹਾ, "ਉਸ ਨੂੰ ਦੱਸਿਆ ਗਿਆ ਕਿ ਉਸ ਦੀਆਂ ਬਕਾਇਦਾ ਕਲਾਸਾਂ ਹੋਣਗੀਆਂ ਪਰ ਇੱਥੇ ਪਹੁੰਚਣ 'ਤੇ ਕਲਾਸ ਦੇ ਪਹਿਲੇ ਦਿਨ ਇਹ ਪਤਾ ਲੱਗਾ ਕਿ ਸਾਰਾ ਕੋਰਸ ਆਨਲਾਈਨ ਪੜ੍ਹਾਇਆ ਜਾਵੇਗਾ।"
"ਅਤੇ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਉਸਨੇ ਇੱਕ ਔਨਲਾਈਨ ਪ੍ਰੋਗਰਾਮ ਲਈ ਇੰਨਾ ਸਾਰਾ ਪੈਸਾ ਕਿਉਂ ਖਰਚ ਕੀਤਾ। ਸਾਨੂੰ ਅਜਿਹੀਆਂ ਚੀਜ਼ਾਂ ਰੋਕਣ ਦੀ ਲੋੜ ਹੈ ਅਤੇ ਇਸੇ ਨੂੰ ਸੋਧਣ ਲਈ ਇਹ ਕਦਮ ਚੁੱਕ ਰਹੇ ਹਾਂ।"
ਰੌਬਿਨਸਨ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਪ੍ਰਾਈਵੇਟ ਸੰਸਥਾਵਾਂ ਵਿੱਚ ਦਾਖਲੇ ਲਈ ਜ਼ਰੂਰੀ ਘੱਟੋ-ਘੱਟ ਭਾਸ਼ਾਵਾਂ ਬਾਰੇ ਨੀਤੀ ਬਣਾਉਣ ਦਾ ਰਿਹਾ ਹੈ ਤਾਂ ਜੋ ਕੌਮਾਂਤਰੀ ਵਿਦਿਆਰਥੀ ਇੱਥੇ ਆਉਣ ਤੋਂ ਪਹਿਲਾਂ "ਬਿਹਤਰ ਤਿਆਰ" ਹੋ ਸਕਣ।
ਰੌਬਿਨਸਨ ਨੇ ਅੱਗੇ ਦੱਸਿਆ ਕਿ ਭਾਸ਼ਾ ਸਬੰਧੀ ਨਵੇਂ ਨਿਯਮ ਮਾਰਚ ਵਿੱਚ ਜਾਰੀ ਕੀਤੇ ਜਾਣਗੇ ਕਿਉਂਕਿ ਅਜੇ ਵੀ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ।
ਸੀਬੀਸੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿੱਚ 150 ਤੋਂ ਵੱਧ ਦੇਸ਼ਾਂ ਦੇ 1,75,000 ਕੌਮਾਂਤਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਵਿੱਚੋਂ, ਲਗਭਗ 54 ਫੀਸਦ ਪ੍ਰਾਈਵੇਟ ਸੰਸਥਾਵਾਂ ਵਿੱਚ ਦਾਖ਼ਲ ਹਨ।
ਸੂਬੇ ਵਿੱਚ ਇਨ੍ਹਾਂ ਵਿੱਚੋਂ 280 ਪ੍ਰਾਈਵੇਟ ਸਕੂਲ ਹਨ ਅਤੇ ਇਨ੍ਹਾਂ ਵਿੱਚੋਂ 80 ਫੀਸਦੀ ਲੋਅਰ ਮੇਨਲੈਂਡ ਯਾਨਿ ਘੱਟ ਆਬਾਦੀ ਵਿੱਚ ਹਨ।
ਕੌਮਾਂਤਰੀ ਵਿਦਿਆਰਥੀ ਸ਼ਿਕਾਇਤ ਕਰਨ ਤੋਂ ਝਿਜਕਦੇ ਹਨ
ਰੌਬਿਨਸਨ ਨੇ ਕਿਹਾ ਕਿ ਖੇਤਰ ਵਿੱਚ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਦੇ ਨਿਰੀਖਣਾਂ ਨੂੰ ਵਧਾਇਆ ਜਾਵੇਗਾ।
ਉਨ੍ਹਾਂ ਕਿਹਾ, "ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਜੇਕਰ ਉਹ ਸ਼ਿਕਾਇਤ ਕਰਦੇ ਹਨ, ਤਾਂ ਇਸ ਨਾਲ ਉਨ੍ਹਾਂ ਦੇ ਵਿਦਿਆਰਥੀ ਵੀਜ਼ੇ ਨੂੰ ਖ਼ਤਰਾ ਹੋ ਸਕਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਉਮੀਦਾਂ ਨੂੰ ਢਾਹ ਲੱਗ ਸਕਦੀ ਹੈ। ਇਸ ਲਈ ਉਹ ਘੱਟ ਸ਼ਿਕਾਇਤ ਕਰਦੇ ਹਨ।"
"ਅਜਿਹੀਆਂ ਹੀ ਗੱਲਾਂ ਸੁਣ ਕੇ ਅਸੀਂ ਇੱਕ ਸਿਸਟਮ ਵਿਕਸਿਤ ਕਰਨ ਜਾ ਰਹੇ ਹਾਂ ਜਿੱਥੇ ਅਸੀਂ ਸਾਈਟ 'ਤੇ ਹੋਵਾਂਗੇ ਅਤੇ ਪ੍ਰੋਗਰਾਮਾਂ ਦਾ ਵਧੇਰੇ ਚੰਗੇ ਤਰੀਕੇ ਨਾਲ ਮੁਲਾਂਕਣ ਕਰ ਸਕਾਂਗੇ।"
ਰੌਬਿਨਸਨ ਦਾ ਕਹਿਣਾ ਹੈ ਕਿ ਦੋ ਸਾਲਾਂ ਦੀਆਂ ਪਾਬੰਦੀਆਂ ਬ੍ਰਿਟਿਸ਼ ਕੋਲੰਬੀਆ ਨੂੰ ਹਾਲ ਹੀ ਵਿੱਚ ਹੋਈਆਂ ਤਬਦੀਲੀਆਂ ਦੇ ਅਸਰ ਦਾ ਮੁਲਾਂਕਣ ਕਰਨ ਲਈ ਕੁਝ ਸਮਾਂ ਦੇਣਗੀਆਂ। ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ।
ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਨਵੀਂ ਤੈਅ ਸੀਮਾ ਨਾਲ ਇਸ ਸਾਲ ਲਈ ਨਵੇਂ ਵਿਦਿਆਰਥੀ ਵੀਜ਼ਿਆਂ ਦੀ ਸੰਖਿਆ ਵਿੱਚ 35 ਫੀਸਦ ਦੀ ਕਮੀ ਹੋਵੇਗੀ।
ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ, ਜਿਸ ਦੇ ਤਹਿਤ ਪਿਛਲੇ ਸਾਲ ਨਾਲੋਂ 2022 ਵਿੱਚ 8,00,000 ਤੋਂ ਵੱਧ ਵਿਦਿਆਰਥੀਆਂ ਦੀ ਆਮਦ ਹੋਈ ਜੋ 31 ਫੀਸਦ ਦਾ ਵਾਧਾ ਬਣਦਾ ਹੈ।
ਇਸ ਦੇ ਨਾਲ ਕੈਨੇਡਾ ਦੇ ਹਾਊਸਿੰਗ ਮਾਰਕੀਟ 'ਤੇ ਹੋਰ ਦਬਾਅ ਪਿਆ ਹੈ।
ਕੁਝ ਸਕੂਲ 'ਸਾਡੀ ਉਮੀਦਾਂ 'ਤੇ ਪੂਰੇ ਨਹੀਂ ਉਤਰ ਰਹੇ'
ਬ੍ਰਿਟਿਸ਼ ਕੋਲੰਬੀਆ ਫੈਡਰੇਸ਼ਨ ਆਫ਼ ਸਟੂਡੈਂਟਸ ਯੂਨੀਵਰਸਿਟੀਆਂ, ਕਾਲਜਾਂ ਅਤੇ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਵਾਲੇ 1,70,000 ਤੋਂ ਵੱਧ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ।
ਉਸ ਮੁਤਾਬਕ ਇਹ ਤਬਦੀਲੀ ਇੱਕ "ਚੰਗਾ ਪਹਿਲਾ ਕਦਮ" ਸੀ ਅਤੇ ਗਰੁੱਪ ਵੱਲੋਂ ਇਹ ਮੁੱਦੇ ਕਈ ਸਾਲਾਂ ਤੋਂ ਚੁੱਕੇ ਜਾ ਰਹੇ ਸਨ ਤੇ ਹੁਣ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪਈ ਹੈ।
ਫੈਡਰੇਸ਼ਨ ਦੇ ਚੇਅਰਪਰਸਨ ਮੈਲੀਸਾ ਚੀਰੀਨੋ ਨੇ ਕਿਹਾ, “ਸਾਡੀ ਤਰਜੀਹ ਹੈ ਕਿ ਅਗਲੇ ਕਦਮ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਚੁੱਕੇ ਜਾਣ। ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਕੌਮਾਂਤਰੀ ਵਿਦਿਆਰਥੀਆਂ ਦੇ ਹੱਕ ਸੁਰੱਖਿਅਤ ਹੋਣ। ਵਿਦਿਅਕ ਅਦਾਰਿਆਂ ਦੇ ਬਜਟ ਨੂੰ ਕਵਰ ਕਰਨ ਲਈ ਉਨ੍ਹਾਂ ਦੀ ਟਿਊਸ਼ਨ ਫੀਸ ਉੱਤੇ ਨਿਰਭਰਤਾ ਨੂੰ ਖ਼ਤਮ ਕਰਨਾ ਪਵੇਗਾ।”
ਰੌਬਿਨਸਨ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਉੱਥੇ ਪੜ੍ਹਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਟਿਊਸ਼ਨ ਲਾਗਤਾਂ ਬਾਰੇ ਸਪਸ਼ਟ ਜਾਣਕਾਰੀ ਦੇਣੀ ਹੋਵੇਗੀ।
ਰੌਬਿਨਸਨ ਨੇ ਕਿਹਾ ਹੈ ਕਿ ਖੇਤਰ 'ਵਧੇਰੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ਲਈ ਉਮੀਦਾਂ ਨਿਰਧਾਰਨ ਕਰਨ' ਲਈ ਪਬਲਿਕ ਸਕੂਲਾਂ ਦੇ ਨਾਲ ਵੀ ਮਿਲ ਕੇ ਕੰਮ ਕਰੇਗਾ, ਜਿਸ ਨਾਲ ਵਿਦੇਸ਼ੀ ਅਤੇ ਕੈਨੇਡਾ ਵਾਸੀ ਦੋਵਾਂ ਵਿਦਿਆਰਥੀਆਂ ਨੂੰ ਲਾਭ ਹੋਵੇਗਾ।
ਉਨ੍ਹਾਂ ਨੇ ਅੱਗੇ ਦੱਸਿਆ, "ਮੈਂ ਕੁਝ ਸੰਸਥਾਵਾਂ ਦੀਆਂ ਅਜਿਹੀਆਂ ਕਹਾਣੀਆਂ ਵੀ ਸੁਣੀਆਂ ਹਨ ਜਿੱਥੇ ਪੂਰੀ ਕਲਾਸ ਭਾਰਤ ਦੇ ਇੱਕ ਸੂਬੇ ਦੇ ਵਿਦਿਆਰਥੀਆਂ ਨਾਲ ਹੀ ਭਰੀ ਹੋਈ ਹੈ, ਅਸਲ ਵਿੱਚ ਅਜਿਹੇ ਵਿੱਚ ਕੈਨੇਡੀਅਨ ਸੱਭਿਆਚਾਰ ਨੂੰ ਸਮਝਣ ਦਾ ਮੌਕਾ ਨਹੀਂ ਮਿਲਦਾ।"
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਦਾਰਿਆਂ ਲਈ ਡਿਗਰੀ ਦੀ ਗੁਣਵੱਤਾ ਲਈ ਉੱਚ ਮੁਲਾਂਕਣ ਦੇ ਮਾਪਦੰਡ ਤੈਅ ਕੀਤੇ ਜਾਣਗੇ ਤੇ ਲੇਬਰ ਮਾਰਕਿਟ ਦੀਆਂ ਜ਼ਰੂਰਤਾਂ ਉੱਤੇ ਵੀ ਧਿਆਨ ਦਿੱਤਾ ਜਾਵੇਗਾ।