ਕਿਸਾਨਾਂ ਨੇ ਯੂਰਪੀ ਦੇਸ਼ਾਂ ਵਿੱਚ ਸੜਕਾਂ 'ਤੇ ਕਿਉਂ ਸੁੱਟੇ ਫਲ਼ ਤੇ ਸਬਜ਼ੀਆਂ, ਸਾੜੇ ਵਾਹਨ, ਕਿਹੜੀ ਨੀਤੀ ਦਾ ਕਰ ਰਹੇ ਨੇ ਵਿਰੋਧ

ਭਾਰਤ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅਕਸਰ ਹੀ ਚਰਚਾ ਦਾ ਵਿਸ਼ਾ ਰਹਿੰਦਾ ਹੈ ਪਰ ਹੁਣ ਕੁਝ ਯੂਰਪੀ ਮੁਲਕਾਂ ਵਿੱਚ ਕਿਸਾਨਾਂ ਦੇ ਮਸਲੇ ਵੀ ਭਖੇ ਹੋਏ ਹਨ, ਜਿਸ ਕਾਰਨ ਉੱਥੋਂ ਦੇ ਕਿਸਾਨ ਸੜਕਾਂ ਉੱਤੇ ਉਤਰੇ ਹੋਏ ਹਨ।

ਫਰਾਂਸ ਦੀਆਂ ਸੜਕਾਂ ਉੱਤੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਫਲ ਅਤੇ ਸਬਜ਼ੀਆਂ ਨੂੰ ਸੜਕਾਂ 'ਤੇ ਸੁੱਟ ਦਿੱਤਾ ਅਤੇ ਬੈਰੀਕੇਡਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹ ਕਿਸਾਨ ਕਈ ਦਿਨਾਂ ਤੋਂ ਸੜਕਾਂ ਉੱਤੇ ਉਤਰੇ ਹੋਏ ਹਨ।

19 ਦਸੰਬਰ ਨੂੰ ਫਰਾਂਸ ਦੇ ਐਵੀਗਨਨ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਉੱਗੇ ਫਲ ਤੇ ਸਬਜ਼ੀਆਂ ਨੂੰ ਤਬਾਹ ਕਰ ਦਿੱਤਾ। ਇੱਥੇ ਕਿਸਾਨਾਂ ਨੇ ਇੱਕ ਪ੍ਰਸ਼ਾਸਕੀ ਇਮਾਰਤ ਦੇ ਬਾਹਰ ਕੁਝ ਵਾਹਨਾਂ ਨੂੰ ਵੀ ਅੱਗ ਲਗਾਈ ਗਈ। ਕਿਸਾਨ ਟਰੈਕਟਰ ਲੈ ਕੇ ਇੱਥੇ ਸੜਕਾਂ ਉੱਤੇ ਉਤਰੇ ਹੋਏ ਹਨ।

ਕਿਸਾਨਾਂ ਦੇ ਪ੍ਰਦਰਸ਼ਨ ਪਿੱਛੇ ਕੀ ਕਾਰਨ?

ਫਰਾਂਸ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਪਿੱਛੇ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਹੈ, ਜਿਸ ਕਾਰਨ ਪ੍ਰਭਾਵਿਤ ਪਸ਼ੂਆਂ ਨੂੰ ਮਾਰਿਆ ਜਾ ਰਿਹਾ ਹੈ।

ਕਿਸਾਨ ਸਰਕਾਰ ਵੱਲੋਂ ਚੁੱਕੇ ਜਾ ਰਹੇ ਇਸ ਕਦਮ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਖੇਤੀਬਾੜੀ ਸੈਕਟਰ ਨੂੰ ਵੱਡਾ ਘਾਟਾ ਪਵੇਗਾ। ਫਰਾਂਸੀਸੀ ਨਿਯਮਾਂ ਅਨੁਸਾਰ ਜਦੋਂ ਵੀ ਕੋਈ ਅਜਿਹੀ ਬਿਮਾਰੀ ਫੈਲਦੀ ਹੈ ਤਾਂ ਪ੍ਰਭਾਵਿਤ ਪਸ਼ੂਆਂ ਨੂੰ ਮਾਰਨਾ ਪੈਂਦਾ ਹੈ।

ਹਾਲਾਂਕਿ ਕੁਝ ਯੂਨੀਅਨਾਂ ਇਸ ਨੂੰ ਇੱਕ ਜ਼ਾਲਮ ਕਦਮ ਮੰਨਦੀਆਂ ਹਨ। ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ 3000 ਪਸ਼ੂਆਂ ਨੂੰ ਮਾਰਿਆ ਜਾ ਚੁੱਕਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨੀਤੀ ਪੂਰੇ ਫਰਾਂਸ ਵਿੱਚ ਬਿਮਾਰੀ ਨੂੰ ਰੋਕਣ ਲਈ ਜ਼ਰੂਰੀ ਹੈ।

ਫਰਾਂਸ ਤੇ ਬੈਲਜੀਅਮ ਵਿੱਚ ਈਯੂ ਮਰਕੋਸੁਰ ਸਮਝੌਤੇ ਦਾ ਵਿਰੋਧ

ਉਧਰ ਕੁਝ ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਨੀਤੀ ਰੋਜ਼ੀ-ਰੋਟੀ ਖ਼ਤਮ ਕਰ ਦੇਵੇਗੀ। ਕਿਸਾਨ ਇਸ ਦੇ ਨਾਲ-ਨਾਲ ਪਹਿਲਾਂ ਤੋਂ ਹੀ ਮੌਜੂਦ ਕੁਝ ਹੋਰ ਕਿਸਾਨ ਨਾਲ ਜੁੜੀਆਂ ਨੀਤੀਆਂ ਨੂੰ ਲੈ ਕੇ ਵੀ ਪਰੇਸ਼ਾਨ ਹਨ, ਜਿਨ੍ਹਾਂ ਵਿੱਚ ਈਯੂ ਮਰਕੋਸੁਰ ਵਪਾਰ ਸਮਝੌਤਾ ਵੀ ਸ਼ਾਮਲ ਹੈ।

ਉੱਧਰ ਦੂਜੇ ਪਾਸੇ ਬੈਲਜੀਅਮ ਦੇ ਬ੍ਰਸਲਸ ਵਿੱਚ ਕਿਸਾਨਾਂ ਦਾ ਵੱਡਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ।

18 ਦਸੰਬਰ ਨੂੰ ਇੱਥੇ ਗੁੱਸੇ ਵਿੱਚ ਆਏ ਕਿਸਾਨਾਂ ਦੀ ਭੀੜ ਟਰੈਕਟਰਾਂ ਸਣੇ ਯੂਰਪੀਅਨ ਕਾਊਂਸਲ ਦੇ ਬਾਹਰ ਇਕੱਠੀ ਹੋ ਗਈ, ਜਿੱਥੇ ਬੇਕਾਬੂ ਹੋਈ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਦੀ ਵੀ ਵਰਤੋਂ ਕਰਨੀ ਪਈ।

ਕੀ ਹੈ ਈਯੂ ਤੇ ਦੱਖਣੀ ਅਮਰੀਕੀ ਦੇਸ਼ਾਂ ਵਿਚਾਲੇ ਹੋਇਆ ਸਮਝੌਤਾ

ਬੈਲਜ਼ੀਅਮ ਤੇ ਫਰਾਂਸ ਦੇ ਕਿਸਾਨ ਈਯੂ ਮਰਕੋਸੁਰ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਹਨ, ਜੋ ਈਯੂ ਅਤੇ ਲੈਟਿਨ ਅਮਰੀਕੀ ਦੇਸ਼ਾਂ ਦੇ ਇੱਕ ਸਮੂਹ ਵਿਚਾਲੇ ਨਵਾਂ ਵਪਾਰ ਸਮਝੌਤਾ ਹੈ ਜਿਸ ਨੂੰ ਅਜੇ ਟਾਲਿਆ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਸਸਤਾ ਅਤੇ ਬਾਹਰੀ ਮੁਲਕਾਂ ਤੋਂ ਸਸਤਾ ਤੇ ਘੱਟ ਗੁਣਵੱਤਾ ਵਾਲਾ ਸਮਾਨ ਲਿਆਉਣ ਦਾ ਰਸਤਾ ਖੋਲ੍ਹ ਦੇਵੇਗਾ ਜਿਸ ਨਾਲ ਸਥਾਨਕ ਕਿਸਾਨਾਂ ਦਾ ਕਾਰੋਬਾਰ ਠੱਪ ਹੋ ਸਕਦਾ ਹੈ।

ਸਮਝੌਤੇ ਬਾਰੇ ਗੱਲ ਕਰੀਏ ਤਾਂ ਇਹ ਇੱਕ ਫ੍ਰੀ ਟਰੇਡ ਸਮਝੌਤਾ ਹੈ, ਜੋ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਅਤੇ ਦੱਖਣੀ ਅਮਰੀਕਾ ਦੇ ਮਰਕੋਸੁਰ ਬਲਾਕ ਵਿਚਾਲੇ ਹੈ, ਇਸ ਬਲਾਕ ਵਿੱਚ ਬ੍ਰਾਜ਼ੀਲ, ਅਰਜਨਟੀਨਾ, ਉਰੂਗਵੇ ਤੇ ਪੇਰਾਗੁਏ ਦੇਸ਼ ਸ਼ਾਮਲ ਹਨ।

ਈਯੂ ਦੇ ਐਗਜ਼ੀਕਿਊਟਿਵ ਨੇ ਕਿਹਾ ਕਿ ਅਰਜਨਟੀਨਾ, ਬ੍ਰਾਜ਼ੀਲ, ਪੈਰਾਗੁਏ ਅਤੇ ਉਰੂਗਵੇ ਦੇ ਬਣੇ ਮਰਕੋਸੁਰ ਬਲਾਕ ਨਾਲ ਸਮਝੌਤਾ ਲਗਭਗ 700 ਮਿਲੀਅਨ ਲੋਕਾਂ ਦਾ ਇੱਕ ਫ੍ਰੀ-ਟ੍ਰੇਡ ਖੇਤਰ ਬਣਾਏਗਾ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਖੇਤਰ ਬਣ ਜਾਵੇਗਾ।

ਫਰਾਂਸ ਅਤੇ ਪੋਲੈਂਡ ਨੇ ਸ਼ੁਰੂ ਵਿੱਚ ਚਿਤਾਵਨੀ ਦਿੱਤੀ ਸੀ ਕਿ ਸਸਤੇ ਸਮਾਨ ਅਤੇ ਖੇਤੀ ਦੇ ਪ੍ਰੋਡਕਟਸ ਦਾ ਉਨ੍ਹਾਂ ਦੇ ਕਿਸਾਨਾਂ 'ਤੇ ਮਾੜਾ ਅਸਰ ਪੈ ਸਕਦਾ ਹੈ।

ਹਾਲਾਂਕਿ ਫਰਾਂਸ ਦੇ ਵਪਾਰ ਮੰਤਰੀ ਲਾਰੈਂਟ ਸੈਂਟ ਮਾਰਟਿਨ ਨੇ ਕਿਹਾ ਸੀ ਕਿ ਕਮਿਸ਼ਨ ਵੱਲੋਂ ਦਿੱਤੀ ਗਈ ਗਾਰੰਟੀ 'ਸਹੀ ਦਿਸ਼ਾ ਵਿੱਚ ਇੱਕ ਕਦਮ' ਹੈ।

ਖ਼ਬਰ ਏਜੰਸੀ ਰਾਇਟਰਸ ਮੁਤਾਬਕ ਇਟਲੀ ਵੱਲੋਂ ਹੋਰ ਸਮਾਂ ਮੰਗਣ ਕਰਕੇ ਫਿਲਹਾਲ ਇਹ ਸਮਝੌਤਾ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਹੈ।

ਫਰਾਂਸ ਦੇ ਰਾਸ਼ਟਰਪਤੀ ਨੇ ਉਮੀਦ ਜਤਾਈ ਹੈ ਕਿ ਇਸ ਦੇਰੀ ਮਗਰੋਂ ਇਹ ਸਮਝੌਤਾ ਜ਼ਰੂਰ ਨੇਪਰੇ ਚੜ੍ਹ ਜਾਵੇਗਾ।

ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਕੀ ਹੈ?

ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫਏਓ) ਨੇ ਇਸਨੂੰ "ਵੈਕਟਰ-ਜਨਿਤ ਚੇਚਕ ਦੀ ਬਿਮਾਰੀ" ਦੱਸਿਆ ਹੈ, ਜਿਸਦੀ ਪਛਾਣ "ਚਮੜੀ 'ਤੇ ਗੱਠਾਂ ਦੇ ਦਿਖਣ" ਨਾਲ ਹੁੰਦੀ ਹੈ।

ਇਹ ਇਨਫੈਕਸ਼ਨ ਕੈਪਰੀਪੌਕਸ ਵਾਇਰਸ ਕਾਰਨ ਹੁੰਦੀ ਹੈ, ਜੋ ਕਿ ਜੈਨੇਟਿਕ ਤੌਰ 'ਤੇ ਉਨ੍ਹਾਂ ਵਾਇਰਸਾਂ ਵਰਗਾ ਹੀ ਹੈ, ਜਿਨ੍ਹਾਂ ਕਰਕੇ ਬੱਕਰੀਆਂ ਅਤੇ ਭੇਡਾਂ ਵਿੱਚ ਚੇਚਕ ਹੁੰਦਾ ਹੈ।

ਮਾਹਿਰਾਂ ਨੇ ਕਿਹਾ ਹੈ ਕਿ ਇਹ ਮੱਝਾਂ ਨਾਲੋਂ ਗਾਵਾਂ ਨੂੰ ਵਧੇਰੇ ਤੇਜ਼ੀ ਨਾਲ ਸੰਕਰਮਿਤ ਕਰ ਸਕਦਾ ਹੈ।

ਅਸਲ ਵਿੱਚ, ਲੰਪੀ ਬਿਮਾਰੀ ਪਹਿਲੀ ਵਾਰ 1929 ਵਿੱਚ ਜ਼ੈਂਬੀਆ ਵਿੱਚ ਉਤਪੰਨ ਹੋਈ ਸੀ।

ਕੁਝ ਸਮੇਂ ਲਈ ਇਹ ਉਪ-ਸਹਾਰਨ ਅਫ਼ਰੀਕਾ ਵਿੱਚ ਸਥਾਨਕ ਤੌਰ 'ਤੇ ਰਹੀ, ਪਰ ਇਹ ਉੱਤਰੀ ਅਫ਼ਰੀਕਾ, ਪੱਛਮੀ ਏਸ਼ੀਆ, ਯੂਰਪ ਅਤੇ ਏਸ਼ੀਆ ਦੇ ਦੇਸ਼ਾਂ ਵਿੱਚ ਫੈਲ ਗਈ।

ਐੱਫਏਕਿਊ ਦੀ ਇੱਕ ਰਿਪੋਰਟ ਮੁਤਾਬਕ, ਏਸ਼ੀਆ ਵਿੱਚ ਇਹ ਬਿਮਾਰੀ ਪਹਿਲੀ ਵਾਰ ਜੁਲਾਈ 2019 ਵਿੱਚ ਬੰਗਲਾਦੇਸ਼, ਚੀਨ ਅਤੇ ਭਾਰਤ ਵਿੱਚ ਦੇਖੀ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)