ਇਟਲੀ ਤੇ ਜਰਮਨੀ ਵੱਲੋਂ ਯੂਕਰੇਨ ਜੰਗ ਖ਼ਤਮ ਕਰਨ ਲਈ ਪੁਤਿਨ ਦੀਆਂ ਸ਼ਰਤਾਂ ਖਾਰਿਜ, ਕਿਉਂ ਨਹੀਂ ਬਣੀ ਗੱਲ

ਯੂਕਰੇਨ ਜੰਗ ਖ਼ਤਮ ਕਰਨ ਦੇ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਸ਼ਰਤਾਂ ਨੂੰ ਇਟਲੀ ਅਤੇ ਜਰਮਨੀ ਨੇ ਖ਼ਾਰਿਜ ਕਰ ਦਿੱਤਾ ਹੈ।

ਸਵਿਜ਼ਰਲੈਂਡ ਵਿੱਚ ਯੂਕਰੇਨ ਵਲੋਂ ਕਰਵਾਏ ਗਏ ਸੰਮੇਲਨ ਵਿੱਚ ਇਕੱਠੇ ਹੋਏ ਦੇਸਾਂ ਨੇ ਵਿਆਪਕ ਚਰਚਾ ਤੋਂ ਬਾਅਦ ਪੁਤਿਨ ਦੀਆਂ ਸ਼ਰਤਾਂ ਨੂੰ ਨਕਾਰ ਦਿੱਤਾ ਹੈ।

ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸ਼ਾਂਤੀ ਯੋਜਨਾ ਨੂੰ ਪ੍ਰਾਪੇਗੰਡਾ ਕਰਾਰ ਦਿੱਤਾ ਹੈ। ਉੱਥੇ ਹੀ ਜਰਮਨੀ ਦੇ ਚਾਂਸਲਰ ਓਲਾਫ਼ ਸ਼ਾਲਸ ਨੇ ਕਿਹਾ ਕਿ ਇਹ 'ਇੱਕ ਤਾਨਾਸ਼ਾਹ ਦੀ ਸ਼ਾਂਤੀ' ਹੈ।

ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਸਵਿਜ਼ਰਲੈਂਡ ਵਿੱਚ ਚੱਲ ਰਿਹਾ ਇਹ ਸ਼ਾਂਤੀ ਸੰਮੇਲਨ ਵੱਖ-ਵੱਖ ਦੇਸ਼ਾਂ ਅਤੇ ਕੌਮਾਂਤਰੀ ਸੰਗਠਨਾਂ ਦੀ ਸਭ ਤੋਂ ਵੱਡੀ ਬੈਠਕ ਹੈ।

ਕੀ ਸਨ ਪੁਤਿਨ ਦੀਆਂ ਸ਼ਰਤਾਂ

ਪੁਤਿਨ ਨੇ ਯੂਕਰੇਨ ਵਿੱਚ ਜੰਗ ਰੋਕਣ ਲਈ ਦੋ ਸ਼ਰਤਾਂ ਰੱਖੀਆਂ ਸਨ।

ਪਹਿਲੀ ਕਿ ਯੂਕਰੇਨ ਨੂੰ ਡੋਨੇਟਸਕ, ਲੁਹਾਨਸਕ, ਖੇਰਸਨ ਅਤੇ ਜ਼ਪੋਰੋਜ਼ਯੇ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਲੈਣਾ ਪਵੇਗਾ। ਦੂਜਾ, ਯੂਕਰੇਨ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ।

ਯੂਕਰੇਨ ਸੰਕਟ ਨੂੰ ਖਤਮ ਕਰਨ ਲਈ ਸਵਿਟਜ਼ਰਲੈਂਡ 'ਚ ਕਰਵਾਈ ਗਈ ਦੋ ਦਿਨਾ ਬੈਠਕ 'ਚ ਮੈਨੀਫੈਸਟੋ ਦਾ ਖਰੜਾ ਤਿਆਰ ਕੀਤਾ ਗਿਆ।

ਇਹ ਮੈਨੀਫੈਸਟੋ ਯੂਕਰੇਨ ਦੀ ਖੇਤਰੀ ਅਖੰਡਤਾ ਅਤੇ ਇਸਦੇ ਵਿਰੁੱਧ ਕਿਸੇ ਵੀ ਪ੍ਰਮਾਣੂ ਖਤਰੇ ਨੂੰ ਸਪੱਸ਼ਟ ਤੌਰ 'ਤੇ ਰੱਦ ਕਰਦਾ ਹੈ।

ਇਸ ਮੈਨੀਫੈਸਟੋ ਨੂੰ ਐਤਵਾਰ ਨੂੰ ਰਸਮੀ ਤੌਰ 'ਤੇ ਸਵੀਕਾਰ ਕਰ ਲਿਆ ਜਾਵੇਗਾ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਸ਼ਵਵਿਆਪੀ ਖੁਰਾਕ ਸੁਰੱਖਿਆ ਲਈ, ਕਾਲੇ ਸਾਗਰ ਅਤੇ ਅਜ਼ੋਵ ਸਾਗਰ ਰਾਹੀਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਦੀ ਮਨਜ਼ੂਰੀ ਦੇਣੀ ਜ਼ਰੂਰੀ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਚੀਫ਼ ਆਫ਼ ਸਟਾਫ਼ ਆਂਦਰੇਈ ਯੇਰਮਾਕ ਨੇ ਸਵਿਟਜ਼ਰਲੈਂਡ ਸੰਮੇਲਨ ਦੌਰਾਨ ਬੀਬੀਸੀ ਨੂੰ ਦੱਸਿਆ, "ਯੂਕਰੇਨ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।"

ਜ਼ੇਲੇਂਸਕੀ ਨੇ ਪੂਤਿਨ ਦੀ ਪੇਸ਼ਕਸ਼ ਬਾਰੇ ਕੀ ਕਿਹਾ ਸੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੁਤਿਨ ਦੇ ਜੰਗ ਬੰਦੀ ਦੀ ਪੇਸ਼ਕਸ਼ ਨੂੰ ਅਲਟੀਮੇਟਮ ਕਰਾਰ ਦਿੱਤਾ ਸੀ, ਜਿਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਜ਼ੇਲੰਸਕੀ ਨੇ ਕਿਹਾ ਸੀ ਕਿ ਜਿੱਥੋਂ ਤੱਕ ਉਹ ਸਮਝਦੇ ਹਨ ਕਿ ਪੁਤਿਨ ਫੌਜੀ ਹਮਲਾ ਨਹੀਂ ਰੋਕਣਗੇ, ਭਾਵੇਂ ਜੰਗ ਬੰਦੀ ਨਾਲ ਜੁੜੀਆਂ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਅਸੀਂ ਕਿਉਂ ਨਾ ਮੰਨ ਲਈਏ।

ਉਨ੍ਹਾਂ ਨੇ ਕਿਹਾ ਸੀ ਕਿ ਪੁਤਿਨ ਦੇ ਇਹ ਸੁਨੇਹੇ ਉਸੇ ਤਰ੍ਹਾਂ ਹਨ ਜਿਵੇਂ ਹਿਟਲਰ ਦਿੰਦੇ ਹੁੰਦੇ ਸਨ। ਇਸ ਗੱਲ ਨੂੰ ਅਜੇ ਸੌ ਸਾਲ ਵੀ ਨਹੀਂ ਹੋਏ ਹਨ।

ਜ਼ੇਲੇਂਸਕੀ ਨੇ ਕਿਹਾ ਸੀ, “ਹਿਟਲਰ ਕਿਹਾ ਕਰਦੇ ਸਨ ਕਿ ਮੈਨੂੰ ਚੈਕੋਸਲੋਵਾਕੀਆ ਦਾ ਇੱਕ ਹਿੱਸਾ ਦੇ ਦਿਓ ਅਤੇ ਜੰਗ ਖਤਮ ਕਰ ਦੇਵਾਂਗਾ। ਇਹ ਪੂਰੀ ਤਰ੍ਹਾਂ ਝੂਠ ਸੀ। ਇਸ ਤੋਂ ਬਾਅਦ ਹਿਟਲਰ ਨੇ ਪੋਲੈਂਡ ਦਾ ਇੱਕ ਹਿੱਸਾ ਮੰਗਿਆ ਸੀ। ਲੇਕਿਨ ਇਸ ਤੋਂ ਬਾਅਦ ਵੀ ਪੂਰੇ ਯੂਰਪ ਉੱਤੇ ਹਿਟਲਰ ਨੇ ਆਪਣਾ ਕਬਜ਼ਾ ਕਾਇਮ ਰੱਖਿਆ ਸੀ।”

ਕਾਨਫਰੰਸ ਵਿੱਚ ਰੂਸ ਸ਼ਾਮਲ ਨਹੀਂ ਹੈ

ਯੂਕਰੇਨ ਦੀ ਪਹਿਲਕਦਮੀ 'ਤੇ ਸਵਿਟਜ਼ਰਲੈਂਡ 'ਚ ਸ਼ਾਂਤੀ ਸੰਮੇਲਨ ਹੋ ਰਿਹਾ ਹੈ। ਪਰ ਇਸ ਵਿੱਚ ਰੂਸ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਇਸ ਲਈ ਇਸ ਜੰਗ ਦਾ ਕੋਈ ਹੱਲ ਲੱਭਣ ਦੀ ਸੰਭਾਵਨਾ ਬਹੁਤ ਘੱਟ ਹੈ।

ਹਾਲਾਂਕਿ ਪੁਤਿਨ ਯੂਕਰੇਨ ਦੀਆਂ ਸ਼ਰਤਾਂ 'ਤੇ ਸ਼ਾਂਤੀ ਲਈ ਤਿਆਰ ਨਹੀਂ ਹਨ।

ਰੂਸ ਦਾ ਉਨ੍ਹਾਂ ਚਾਰ ਖੇਤਰਾਂ 'ਤੇ ਅੰਸ਼ਕ ਕਬਜ਼ਾ ਹੈ ਜਿੱਥੋਂ ਪੁਤਿਨ ਯੂਕਰੇਨ ਨੂੰ ਪਿੱਛੇ ਹਟਣ ਲਈ ਕਹਿ ਰਹੇ ਹਨ।

ਰੂਸ ਦਾ ਦਾਅਵਾ ਹੈ ਕਿ ਉਸਨੇ 2022 ਵਿੱਚ ਇਨ੍ਹਾਂ ਖੇਤਰਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਰੂਸ ਨੇ ਯੂਕਰੇਨ 'ਚ ਇਸ 'ਤੇ ਹੋਈ ਵੋਟਿੰਗ ਨੂੰ ਰੱਦ ਕਰ ਦਿੱਤਾ ਸੀ। ਪੱਛਮੀ ਦੇਸ਼ਾਂ ਨੇ ਇਸ ਨੂੰ ਸ਼ਰਮਨਾਕ ਦੱਸਿਆ।

ਯੂਰਪੀ ਕਮਿਸ਼ਨ ਦੇ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ, "ਵਿਦੇਸ਼ੀ ਫੌਜੀ ਯੂਕਰੇਨ ਵਿੱਚ ਮੌਜੂਦ ਹਨ। ਅਜਿਹੀ ਸਥਿਤੀ ਵਿੱਚ, ਉੱਥੇ ਸੰਘਰਸ਼ ਕਿਵੇਂ ਖਤਮ ਹੋ ਸਕਦਾ ਹੈ? ਅਸਲ ਵਿੱਚ, ਪੁਤਿਨ ਦੀਆਂ ਸ਼ਰਤਾਂ ਭਵਿੱਖ ਦੇ ਹਮਲੇ ਦੀ ਰੈਸਿਪੀ ਹਨ।”

ਯੂਕਰੇਨ ਨੇ ਪੁਤਿਨ ਦੀਆਂ ਸ਼ਰਤਾਂ ਨੂੰ ਆਮ ਸਮਝ ਵਾਲੇ ਵਿਅਕਤੀ ਲਈ ਵੀ ਇਤਰਾਜ਼ਯੋਗ ਕਰਾਰ ਦਿੱਤਾ ਹੈ।

ਭਾਰਤ ਦਾ ਕੀ ਰਿਹਾ ਰੁਖ਼

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਵਿੱਚ ਜੀ-7 ਦੀ ਮੀਟਿੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਜ਼ੇਲੇਂਸਕੀ ਨੇ ਕਿਹਾ ਸੀ ਕਿ ਭਾਰਤ ਸਵਿਟਜ਼ਰਲੈਂਡ 'ਚ ਸ਼ਾਂਤੀ ਸੰਮੇਲਨ 'ਚ ਆਪਣਾ ਨੁਮਾਇੰਦਾ ਭੇਜੇਗਾ।

ਜ਼ੇਲੇਂਸਕੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਰੂਸ-ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਨਾ ਜਾਰੀ ਰੱਖੇਗਾ।

ਭਾਰਤੀ ਅੰਗਰੇਜ਼ੀ ਅਖਬਾਰ ‘ਇੰਡੀਅਨ ਐਕਸਪ੍ਰੈਸ’ ਮੁਤਾਬਕ ਭਾਰਤ ਨੇ ਆਪਣਾ ਨੁਮਾਇੰਦਾ ਸਵਿਟਜ਼ਰਲੈਂਡ ਭੇਜਿਆ ਹੈ।

ਪੱਛਮੀ ਦੇਸ਼ਾਂ ਵੱਲੋਂ ਯੂਕਰੇਨ ਲਈ 50 ਬਿਲੀਅਨ ਡਾਲਰ ਦੇ ਕਰਜ਼ੇ ਦਾ ਇੰਤਜ਼ਾਮ ਕੀਤੇ ਜਾਣ ਤੋਂ ਬਾਅਦ ਇਹ ਕਾਨਫਰੰਸ ਹੋ ਰਹੀ ਹੈ। ਇਹ ਰਕਮ ਜ਼ਬਤ ਰੂਸੀ ਸੰਪਤੀਆਂ ਦੇ ਬਦਲੇ ਮਿਲਣ ਵਾਲੇ ਵਿਆਜ ਤੋਂ ਇਕੱਠੀ ਕੀਤੀ ਜਾਵੇਗੀ।

ਜ਼ੇਲੇਂਸਕੀ ਨਾਲ ਮੁਲਾਕਾਤ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਰੂਸ-ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਏਗਾ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਮੋਦੀ ਅਤੇ ਜ਼ੇਲੇਂਸਕੀ ਵਿਚਾਲੇ ਮੁਲਾਕਾਤ 'ਚ ਸਵਿਟਜ਼ਰਲੈਂਡ ਸ਼ਾਂਤੀ ਸੰਮੇਲਨ ਦੇ ਏਜੰਡੇ ਅਤੇ ਯੂਕਰੇਨ ਦੀ ਸਥਿਤੀ 'ਤੇ ਚਰਚਾ ਹੋਈ।

ਇਸ ਸਮੇਂ ਦੌਰਾਨ, ਜ਼ੇਲੇਨਸਕੀ ਨੇ ਕਾਲੇ ਸਾਗਰ ਵਿੱਚ ਜਹਾਜ਼ਾਂ ਦੀ ਗਤੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਸੀ ਕਿ ਜੇਕਰ ਇੱਥੇ ਆਵਾਜਾਈ ਆਸਾਨ ਹੋ ਜਾਂਦੀ ਹੈ ਤਾਂ ਯੂਕਰੇਨ ਭਾਰਤ ਨੂੰ ਸੂਰਜਮੁਖੀ ਦੇ ਤੇਲ ਦੀ ਜ਼ਿਆਦਾ ਬਰਾਮਦ ਕਰ ਸਕੇਗਾ। ਇਸ ਤੋਂ ਇਲਾਵਾ ਯੂਕਰੇਨ ਤੋਂ ਭਾਰਤ ਭੇਜੀ ਜਾਣ ਵਾਲੀ ਹੋਰ ਸਮੱਗਰੀ ਵਿੱਚ ਵੀ ਵਾਧਾ ਹੋਵੇਗਾ।

ਇਸ ਤੋਂ ਪਹਿਲਾਂ ਜ਼ੇਲੇਨਸਕੀ ਨੇ ਆਪਣੀ ਦਸ ਸੂਤਰੀ ਸ਼ਾਂਤੀ ਯੋਜਨਾ ਨੂੰ ਲਾਗੂ ਕਰਨ ਲਈ ਭਾਰਤ ਦੀ ਮਦਦ ਮੰਗੀ ਸੀ। ਇਸ ਵਿਚ ਯੂਕਰੇਨ ਦੀ ਖੇਤਰੀ ਅਖੰਡਤਾ ਨੂੰ ਬਹਾਲ ਕਰਨ ਅਤੇ ਇਸ ਨੂੰ ਪ੍ਰਮਾਣੂ, ਭੋਜਨ ਅਤੇ ਊਰਜਾ ਸੁਰੱਖਿਆ ਦੇਣ ਦੀ ਗੱਲ ਕੀਤੀ ਗਈ।

ਭਾਰਤ ਨੇ ਯੂਕਰੇਨ ਵਿੱਚ ਮਾਨਵਤਾਵਾਦੀ ਸਹਾਇਤਾ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ 15 ਮੈਂਬਰੀ ਟੀਮ ਵੀ ਭੇਜੀ ਹੈ।

ਭਾਰਤ ਰੂਸ ਦਾ ਰਣਨੀਤਕ ਭਾਈਵਾਲ ਹੈ। ਭਾਰਤ ਦੀ ਰੂਸੀ ਹਥਿਆਰਾਂ 'ਤੇ ਕਾਫੀ ਨਿਰਭਰਤਾ ਹੈ। ਯੁੱਧ ਤੋਂ ਬਾਅਦ, ਪੱਛਮੀ ਦੇਸ਼ਾਂ ਦੁਆਰਾ ਪਾਬੰਦੀਆਂ ਲਗਾਉਣ ਤੋਂ ਬਾਅਦ ਭਾਰਤ ਨੇ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)