Punjabi Culture and Heritage: ਦੁਰਲੱਭ ਤੰਤੀ ਸਾਜ਼ਾਂ ਦੀ ਸੰਭਾਲ ਦੇ ਨਾਲ ਸੰਗੀਤ ਦੀ ਮੁਫ਼ਤ ਸਿਖਲਾਈ- ਵੀਡੀਓ

ਸੰਗੀਤ ਦੀ ਦੁਨੀਆਂ ਵਿੱਚ ਤੰਤੀ ਸਾਜ਼ਾਂ ਦਾ ਆਪਣਾ ਹੀ ਮੁਕਾਮ ਹੈ, ਖਾਸਕਰ ਗੁਰਬਾਣੀ ਕੀਰਤਨ ਦਾ ਤਾਂ ਇਨ੍ਹਾਂ ਨਾਲ ਅਟੁੱਟ ਰਿਸ਼ਤਾ ਹੈ।

ਤੰਤੀ ਸਾਜ਼ ਯਾਨਿ ਕਿ ਉਹ ਸਾਜ਼ ਹਨ, ਜਿਨ੍ਹਾਂ ਵਿੱਚ ਤਾਰਾਂ ਦੀ ਵਰਤੋਂ ਹੁੰਦੀ ਹੈ

ਮੈਂ ਰਵਿੰਦਰ ਸਿੰਘ ਰੌਬਿਨ ਅੱਜ ਤੁਹਾਨੂੰ ਤੰਤੀ ਸਾਜ਼ਾਂ ਦੇ ਇੱਕ ਵਿਲੱਖਣ ਮਿਊਜ਼ੀਅਮ ਵੱਲ ਲੈ ਕੇ ਜਾ ਰਿਹਾ ਹਾਂ

ਇਹ ਮਿਊਜ਼ੀਅਮ ਚੀਫ ਖਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ ਸੈਂਟਰਲ ਖਾਲਸਾ ਯਤੀਮਖਾਨੇ ਵਿੱਚ ਸਥਿਤ ਹੈ।

ਬਾਬਾ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਰਬਾਬੀ ਦੀ ਰਬਾਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਤਾਊਸ ਤੱਕ, 10 ਗੁਰੂਆਂ ਦੇ ਕਾਰਜਕਾਲ ਦੌਰਾਨ ਗੁਰਬਾਣੀ ਗਾਇਨ ਲਈ ਵਰਤੇ ਗਏ ਹਰ ਤਰ੍ਹਾਂ ਦੇ ਤੰਤੀ ਸਾਜ਼ਾਂ ਦੇ ਨਮੂਨਿਆਂ ਨੂੰ ਇੱਥੇ ਸਾਂਭਿਆ ਗਿਆ ਹੈ।

ਇੱਥੇ ਸਾਰੰਗੀ, ਤਾਊਸ, ਸਰੰਦਾ, ਦਿਲਰੁਬਾ, ਸਰਸਵਤੀ ਵੀਣਾ, ਸਿਤਾਰ, ਤਾਨਪੁਰਾ ਅਤੇ ਸਰੋਦ ਵਰਗੇ ਕਈ ਤਾਰਾਂ ਅਤੇ ਲੋਕ ਸਾਜ਼ ਹਨ।

ਤੰਤੀ ਸਾਜ਼ਾਂ ਦੇ ਇਸ ਮਿਊਜ਼ੀਅਮ ਵਿੱਚ ਦੁਰਲੱਭ ਤੰਤੀ ਸਾਜ਼ਾਂ ਦੀ ਸੰਭਾਲ ਦੇ ਨਾਲ-ਨਾਲ ਗੁਰਮਤਿ ਸੰਗੀਤ ਦੀ ਸਿਖਲਾਈ ਮੁਫ਼ਤ ਦਿੱਤੀ ਜਾਂਦੀ ਹੈ

ਅਜਾਇਬ ਘਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਨੂੰ ਦਰਸਾਉਂਦੀਆਂ ਤਸਵੀਰਾਂ ਤੋਂ ਇਲਾਵਾ ਪ੍ਰਸਿੱਧ ਸੰਗੀਤਕਾਰਾਂ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਹੈ।

ਪਿਛਲੇ ਸਮੇਂ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਸਣੇ ਹੋਰ ਕਈ ਵਿਵਦਾਨ ਗੁਰਬਾਣੀ ਦਾ ਸਿਰਫ਼ ਤੰਤੀ ਸਾਜ਼ਾਂ ਨਾਲ ਹੀ ਗਾਇਨ ਕਰਨ ਦੀ ਵਕਾਲਤ ਕਰ ਚੁੱਕੇ ਹਨ।

ਪਰ ਤੰਤੀ ਸਾਜ਼ਾਂ ਵੱਲ ਮੁੜ ਪਰਤਣ ਲਈ ਅਲੋਪ ਹੋ ਰਹੀ ਇਸ ਸੰਗੀਤਕ ਤੇ ਰੂਹਾਨੀ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦੀ ਲੋੜ ਹੈ।

ਪੰਜਾਬ ਵਿੱਚ ਚੀਫ਼ ਖਾਲਸਾ ਦੀਵਾਨ ਦੇ ਇਸ ਮਿਊਜ਼ਮ ਦੇ ਨਾਲ ਨਾਲ ਲੁਧਿਆਣਾ ਦੀ ਜਵੱਦੀ ਟਕਸਾਲ ਅਤੇ ਨਾਮਧਾਰੀ ਸੰਪ੍ਰਦਾਇ ਵਲੋਂ ਵੀ ਤੰਤੀ ਸਾਜਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਚੀਫ ਖਾਲਸਾ ਦੀਵਾਨ ਦੀ ਇਸ ਸੰਸਥਾ ਦਾ ਮਕਸਦ ਤੰਤੀ ਸਾਜ਼ਾਂ ਨੂੰ ਸੰਭਾਲਣਾ ਅਤੇ ਇਨ੍ਹਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨਾ ਹੈ। ਆਸ ਕਰਨੀ ਬਣਦੀ ਹੈ ਕਿ ਅਜਿਹੇ ਯਤਨ ਤੰਤੀ ਸਾਜ਼ਾਂ ਦੇ ਸੰਗੀਤ ਨੂੰ ਗੁਰੂ ਪ੍ਰਪੰਰਾ ਦੇ ਰਾਹ ਉੱਤੇ ਤੋਰਨ ਵਿੱਚ ਸਹਾਈ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)