ਸਮਾਰਟ ਐਨਕਾਂ ਰਾਹੀਂ ਕੁੜੀਆਂ ਦੀ ਗੁਪਤ ਰਿਕਾਰਡਿੰਗ ਕਰਨ ਦਾ ਖ਼ਤਰਨਾਕ ਟਰੈਂਡ ਕਿਵੇਂ ਵਧ ਰਿਹਾ ਹੈ

    • ਲੇਖਕ, ਜਾਰਜੀਆ ਪੌਂਸੀਆ
    • ਰੋਲ, ਸਾਊਥ ਈਸਟ ਇਨਵੈਸਟੀਗੇਸ਼ਨਸ

ਊਨਾ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਪਹਿਲਾਂ ਉਨ੍ਹਾਂ ਨੂੰ ਸਮਾਰਟ ਐਨਕਾਂ ਬਾਰੇ ਜਾਂ ਉਨ੍ਹਾਂ ਦੀ ਵਰਤੋਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ।

ਸਮਾਰਟ ਐਨਕਾਂ, ਧਾਰਨ ਕੀਤੀ ਜਾ ਸਕਣ ਵਾਲੀ ਟੈਕਨਾਲੋਜੀ ਦਾ ਭਵਿੱਖ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦੀ ਵਰਤੋਂ ਮੁੜ ਤੋਂ ਜ਼ੋਰ ਫੜ ਰਹੀ ਹੈ। ਇਸ ਬਾਰੇ ਕਈ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ ਕਿ ਇਨ੍ਹਾਂ ਉਤਪਾਦਾਂ ਦੀ ਵਰਤੋਂ ਔਰਤਾਂ ਨੂੰ ਨੁਕਸਾਨ ਪਹੁੰਚਾਉਣ, ਜ਼ਲੀਲ ਕਰਨ ਅਤੇ ਉਨ੍ਹਾਂ ਦੀ ਨਿੱਜਤਾ ਦੀ ਉਲੰਘਣਾ ਕਰਨ ਲਈ ਕੀਤੀ ਜਾ ਰਹੀ ਹੈ।

ਊਨਾ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੇ ਸਮਾਰਟ ਐਨਕਾਂ ਰਾਹੀਂ ਜਿਨ੍ਹਾਂ ਦੇ ਅੰਦਰ ਹੀ ਕੈਮਰੇ ਹੁੰਦੇ ਹਨ, ਦੇ ਨਾਲ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਵੀਡੀਓ ਬਣਾਈ। ਫਿਰ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਗਈ, ਜਿਸ ਨੂੰ ਲਗਭਗ 10 ਲੱਖ ਵਾਰ ਦੇਖਿਆ ਗਿਆ ਅਤੇ ਸੈਂਕੜੇ ਕਮੈਂਟ ਆਏ। ਇਨ੍ਹਾਂ ਕਮੈਂਟਾਂ ਵਿੱਚੋਂ ਬਹੁਤ ਸਾਰੇ ਜਿਨਸੀ ਤੌਰ 'ਤੇ ਅਸ਼ਲੀਲ ਅਤੇ ਅਪਮਾਨਜਨਕ ਸਨ।

ਊਨਾ ਨੇ ਕਿਹਾ,"ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ, ਮੈਂ ਉਸ ਨੂੰ ਪੋਸਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ, ਅਤੇ ਨਾ ਹੀ ਮੈਂ ਚੋਰੀਓਂ ਵੀਡੀਓ ਬਣਾਉਣ ਦੀ ਸਹਿਮਤੀ ਦਿੱਤੀ ਸੀ।"

"ਇਸ ਨੇ ਮੈਨੂੰ ਬਹੁਤ ਡਰਾ ਦਿੱਤਾ - ਹੁਣ ਮੈਨੂੰ ਜਨਤਕ ਥਾਵਾਂ 'ਤੇ ਜਾਣ ਤੋਂ ਡਰ ਲੱਗਦਾ ਹੈ।"

ਪਿਛਲੇ ਜੂਨ ਵਿੱਚ ਬ੍ਰਾਈਟਨ ਦੇ ਬੀਚ 'ਤੇ ਧੁੱਪ ਸੇਕਣ ਤੋਂ ਬਾਅਦ, ਊਨਾ ਦੱਸਦੀ ਹੈ ਕਿ ਇੱਕ ਵਿਅਕਤੀ ਜਿਸਨੇ ਧੁੱਪ ਵਾਲੀਆਂ ਐਨਕਾਂ ਲਾਈਆਂ ਹੋਈਆਂ ਸਨ ਪਾਏ ਹੋਏ ਸਨ, ਉਨ੍ਹਾਂ ਦੇ ਕੋਲ ਆਇਆ।

ਵਿਅਕਤੀ ਨੇ ਉਨ੍ਹਾਂ ਦਾ ਨਾਮ ਪੁੱਛਿਆ, ਉਹ ਕਿੱਥੋਂ ਹਨ ਅਤੇ ਕੀ ਉਹ ਉਸਨੂੰ ਆਪਣਾ ਨੰਬਰ ਦੇ ਸਕਦੇ ਹਨ।

ਊਨਾ ਨੇ ਨਿਮਰਤਾ ਸਹਿਤ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾ ਦਾ ਇੱਕ ਬੋਇਫਰੈਂਡ ਹੈ।

ਕੁਝ ਹਫ਼ਤਿਆਂ ਬਾਅਦ, ਉਸਨੂੰ ਟਿਕਟੌਕ 'ਤੇ ਇੱਕ ਵੀਡੀਓ ਭੇਜੀ ਗਈ। ਇਹ ਉਸ ਵਿਅਕਤੀ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਸੀ, ਜੋ ਉਸਦੇ ਨਜ਼ਰੀਏ ਤੋਂ ਫਿਲਮਾਈ ਗਈ ਸੀ। ਊਨਾ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਚਸ਼ਮੇ ਰਾਹੀਂ ਉਸਦੀ ਵੀਡੀਓ ਬਣਾ ਰਿਹਾ ਸੀ।

ਸਮਾਰਟ ਐਨਕਾਂ ਪਾਉਣ ਵਾਲੇ ਨੂੰ ਜਾਣਕਾਰੀ ਅਤੇ ਐਪਲੀਕੇਸ਼ਨਾਂ ਤੱਕ ਪਹੁੰਚ ਦਿੰਦੀਆਂ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਮਾਰਟ ਫੋਨ 'ਤੇ ਹੁੰਦਾ ਹੈ, ਜਿਸ ਵਿੱਚ ਨਕਸ਼ਿਆਂ ਦੀ ਵਰਤੋਂ ਕਰਨਾ, ਸੰਗੀਤ ਸੁਣਨਾ ਅਤੇ ਵੀਡੀਓ ਰਿਕਾਰਡ ਕਰਨਾ ਸ਼ਾਮਲ ਹੈ।

ਜਿਵੇਂ-ਜਿਵੇਂ ਊਨਾ ਨੇ ਵੀਡੀਓ ਦੇ ਵਿਊਜ਼ ਵਧਦੇ ਦੇਖੇ, ਉਨ੍ਹਾਂ ਨੇ ਕਿਹਾ ਕਿ ਉਹ ਬਹੁਤ "ਘਬਰਾ ਗਏ"।

ਉਨ੍ਹਾਂ ਨੇ ਦੱਸਿਆ ਕਿ ਵੀਡੀਓ ਵਿੱਚ ਇਹ ਜ਼ਾਹਰ ਕਰਨ ਤੋਂ ਇਲਾਵਾ ਕਿ ਉਹ ਬ੍ਰਾਈਟਨ ਵਿੱਚ ਰਹਿੰਦੇ ਹਨ, ਕਮੈਂਟ ਵੀ ਭੱਦੀਆਂ ਗਾਲਾਂ ਅਤੇ ਇਤਰਾਜ਼ਯੋਗ ਪੋਸਟਾਂ ਨਾਲ ਭਰੇ ਹੋਏ ਸਨ।

"ਇਹ ਸਭ ਮੇਰੇ ਵੱਸ ਤੋਂ ਬਾਹਰ ਸੀ, ਜੋ ਮੇਰੇ ਲਈ ਸਭ ਤੋਂ ਡਰਾਉਣਾ ਹਿੱਸਾ ਸੀ।"

ਉਸਨੇ ਇਸ ਘਟਨਾ ਦੀ ਰਿਪੋਰਟ ਸਸੇਕਸ ਪੁਲਿਸ ਨੂੰ ਕੀਤੀ, ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਕੁਝ ਨਹੀਂ ਕਰ ਸਕਦੇ, ਕਿਉਂਕਿ ਜਨਤਕ ਥਾਵਾਂ 'ਤੇ ਲੋਕਾਂ ਦੀ ਵੀਡੀਓ ਬਣਾਉਣਾ ਗੈਰ-ਕਾਨੂੰਨੀ ਨਹੀਂ ਹੈ।

ਊਨਾ ਦੱਸਦੇ ਹਨ, "ਇਸ ਤਰ੍ਹਾਂ ਦੀ ਗੱਲਬਾਤ ਹਰ ਉਸ ਔਰਤ ਨਾਲ ਹੁੰਦੀ ਹੈ ਜਿਸਨੂੰ ਮੈਂ ਜਾਣਦੀ ਹਾਂ," ਪਰ ਇਹ ਸੋਚਣਾ ਕਿ ਉਹ ਗੱਲਬਾਤ ਰਿਕਾਰਡ ਕਰਕੇ ਆਨਲਾਈਨ ਚਾੜ੍ਹੀ ਜਾ ਸਕਦੀ ਹੈ, "ਬਹੁਤ ਭਿਆਨਕ ਅਤੇ ਡਰਾਉਣਾ ਹੈ।"

ਬੀਬੀਸੀ ਨੇ ਊਨਾ ਦੀ ਵੀਡੀਓ ਪਾਉਣ ਵਾਲੇ ਅਕਾਊਂਟ ਦੇ ਮਾਲਕ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।

ਜਿਸ ਵਿਅਕਤੀ ਨੇ ਉਸਦੀ ਵੀਡੀਓ ਬਣਾਈ ਸੀ, ਉਸਨੇ ਆਪਣੇ ਟਿਕਟੌਕ ਪੇਜ 'ਤੇ ਸੌ ਤੋਂ ਵੱਧ ਅਜਿਹੀਆਂ ਵੀਡੀਓਜ਼ ਪਾਈਆਂ ਹੋਈਆਂ ਸਨ, ਅਤੇ ਅਜਿਹਾ ਕਟੈਂਟ ਬਣਾਉਣ ਵਾਲਾ ਉਹ ਇਕੱਲਾ ਨਹੀਂ ਹੈ।

ਕੇਟ ਦੀ ਵੀ ਕਿਸੇ ਸਮਾਰਟ ਐਨਕਾਂ ਪਾਈ ਵਿਅਕਤੀ ਨੇ ਰਿਕਾਰਡਿੰਗ ਕਰ ਲਈ ਸੀ।

ਉਹ ਜਿੰਮ ਵਿੱਚ ਸੀ ਜਦੋਂ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਨੰਬਰ ਮੰਗਿਆ, ਜਿਸ ਲਈ ਕੇਟ ਨੇ ਮਨ੍ਹਾ ਕਰ ਦਿੱਤਾ।

ਅਗਲੇ ਦਿਨ ਕੇਟ ਨੂੰ ਟਿਕਟੌਕ 'ਤੇ ਉਸੇ ਗੱਲਬਾਤ ਦੀ ਇੱਕ ਵੀਡੀਓ ਭੇਜੀ ਗਈ।

ਵੀਡੀਓ ਪੋਸਟ ਹੋਣ ਦੇ ਛੇ ਘੰਟਿਆਂ ਦੇ ਅੰਦਰ ਹੀ ਇਸਨੂੰ ਲਗਭਗ 50,000 ਵਾਰ ਦੇਖ ਲਿਆ ਗਿਆ। ਵੀਡੀਓ 'ਤੇ ਕੇਟ ਦੀ ਦਿੱਖ ਅਤੇ ਵਿਵਹਾਰ ਬਾਰੇ ਕਈ ਅਪਮਾਨਜਨਕ ਅਤੇ ਅਣਉਚਿਤ ਕਮੈਂਟ ਵੀ ਆਏ।

ਕੇਟ ਨੇ ਦੱਸਿਆ, "ਮੈਨੂੰ ਲੱਗਿਆ ਜਿਵੇਂ ਮੈਨੂੰ ਉਲਟੀ ਆ ਜਾਵੇਗੀ।"

"ਮੈਂ ਬਹੁਤ ਪ੍ਰੇਸ਼ਾਨ ਹਾਂ। ਇੰਟਰਨੈੱਟ ਉੱਤੇ ਲੋਕ ਮੇਰਾ ਮਜ਼ਾਕ ਉਡਾ ਰਹੇ ਹਨ, ਇਹ ਮਹਿਸੂਸ ਕੀਤੇ ਬਿਨਾਂ ਕਿ ਇਹ ਸਭ ਮੇਰੀ ਸਹਿਮਤੀ ਤੋਂ ਬਿਨਾਂ ਕੀਤਾ ਗਿਆ ਸੀ।"

ਕੇਟ ਦਾ ਕਹਿਣਾ ਹੈ ਕੁ ਉਹ ਵੀਡੀਓ ਬਣਾਉਣ ਵਾਲੇ ਆਦਮੀ 'ਤੇ ਬਹੁਤ ਗੁੱਸੇ ਹਨ।

"ਇਹ ਸਭ ਕੁਝ ਆਨਲਾਈਨ ਸਸਤੇ ਕਲਿੱਕਾਂ ਲਈ ਕੀਤਾ ਜਾ ਰਿਹਾ ਹੈ। ਫਿਰ ਤੁਹਾਨੂੰ ਬਹੁਤ ਸਾਰੇ ਗੰਦੇ ਕਮੈਂਟ ਮਿਲਦੇ ਹਨ ਜੋ ਤੁਹਾਡੇ ਸਵੈ-ਭਰੋਸੇ ਅਤੇ ਸਵੈ-ਮਾਣ ਉੱਤੇ ਅਸਰ ਪਾਉਂਦੇ ਹਨ।"

ਕੇਟ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਦੋ ਵਾਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ।

"ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਮਾਨਸਿਕ ਸਿਹਤ ਦੇ ਪੱਖੋਂ ਬਿਹਤਰ ਹੋ ਰਹੇ ਹੋ, ਪਰ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ (ਹੋ ਜਾਂਦੀਆਂ ਹਨ)।"

ਟਿਕਟੌਕ ਨੇ ਪਲੇਟਫਾਰਮ 'ਤੇ ਰਿਪੋਰਟ ਕੀਤੇ ਜਾਣ ਤੋਂ ਬਾਅਦ ਊਨਾ ਅਤੇ ਕੇਟ ਦੀਆਂ ਵੀਡੀਓ ਪੋਸਟ ਕਰਨ ਵਾਲੇ ਖਾਤਿਆਂ ਨੂੰ ਹਟਾ ਦਿੱਤਾ ਹੈ।

ਰੇਬੇਕਾ ਹਿਚਨ ਦਾ ਕਹਿਣਾ ਹੈ ਕਿ ਬਿਨਾਂ ਸਹਿਮਤੀ ਦੇ ਲੋਕਾਂ ਨੂੰ ਰਿਕਾਰਡ ਕਰਨ ਲਈ ਸਮਾਰਟ ਐਨਕਾਂ ਦੀ ਵਰਤੋਂ ਦਾ ਇਹ ਰੁਝਾਨ "ਅਫ਼ਸੋਸ ਦੀ ਗੱਲ ਹੈ, ਪਰ ਇਸਦੀ ਉਮੀਦ ਸੀ।"

ਇਹ ਬਹੁਤ ਸਪੱਸ਼ਟ ਹੈ ਕਿ ਇਸ ਕਿਸਮ ਦੀਆਂ ਐਨਕਾਂ ਅਪਰਾਧੀਆਂ ਦੁਆਰਾ, ਜਾਂ ਨੁਕਸਾਨਦੇਹ ਜਿਨਸੀ ਵਿਵਹਾਰ ਦੇ ਹਿੱਸੇ ਵਜੋਂ ਵਰਤੇ ਜਾਣਗੇ, ਜਿਸ ਨਾਲ ਔਰਤਾਂ ਅਸੁਰੱਖਿਅਤ ਅਤੇ ਅਪਮਾਨਿਤ ਮਹਿਸੂਸ ਕਰਨਗੀਆਂ।

ਉਨ੍ਹਾਂ ਨੇ ਕਿਹਾ, "ਇਹ ਪੂਰੀ ਤਰ੍ਹਾਂ ਔਰਤਾਂ ਅਤੇ ਕੁੜੀਆਂ ਪ੍ਰਤੀ ਪਰੇਸ਼ਾਨ ਕਰਨ ਵਾਲੇ ਅਤੇ ਚਿੰਤਾਜਨਕ ਰਵੱਈਏ ਨੂੰ ਦਰਸਾਉਂਦਾ ਹੈ।"

ਗੂਗਲ ਗਲਾਸ, ਜਿਸਨੂੰ ਪਹਿਲੀਆਂ ਵੱਡੀਆਂ ਸਮਾਰਟ ਐਨਕਾਂ ਮੰਨਿਆ ਜਾਂਦਾ ਹੈ, 2014 ਵਿੱਚ ਬ੍ਰਿਟੇਨ ਵਿੱਚ ਵਿਕਰੀ ਲਈ ਜਾਰੀ ਕੀਤੇ ਗਏ ਸਨ। ਇਨ੍ਹਾਂ ਦੀ ਕੀਮਤ ਲਗਭਗ 1,000 ਬ੍ਰਿਟਿਸ਼ ਪੌਂਡ ਸੀ।

ਸੱਤ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ 2015 ਵਿੱਚ, ਨਿੱਜਤਾ ਬਾਰੇ ਚਿੰਤਾਵਾਂ ਕਾਰਨ ਇਨ੍ਹਾਂ ਦੀ ਵਿਕਰੀ ਬੰਦ ਹੋ ਗਈ। ਕੁਝ ਬਾਰਾਂ ਅਤੇ ਰੈਸਟੋਰੈਂਟਾਂ ਨੇ ਤਾਂ ਆਪਣੀ ਹਦੂਦ ਅੰਦਰ ਇਨ੍ਹਾਂ ਦੀ ਵਰਤੋਂ 'ਤੇ ਪਾਬੰਦੀ ਵੀ ਲਗਾ ਦਿੱਤੀ ਸੀ।

ਗੂਗਲ ਹੁਣ ਮੁੜ ਤੋਂ ਮਾਰਕੀਟ ਵਿੱਚ ਆਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਸਾਲ ਏਆਈ ਨਾਲ ਲੈਸ ਸਮਾਰਟ ਐਨਕਾਂ ਲਾਂਚ ਕਰੇਗਾ।

ਸਮੇਂ ਦੇ ਨਾਲ, ਸਮਾਰਟ ਐਨਕਾਂ ਨੂੰ ਇਸ ਤਰ੍ਹਾਂ ਵਿਕਸਿਤ ਕੀਤਾ ਗਿਆ ਹੈ ਕਿ ਉਹ ਆਮ ਰੋਜ਼ਾਨਾ ਵਰਤੋਂ ਵਾਲੇ ਚਸ਼ਮੇ ਵਾਂਗ ਦਿਖਾਈ ਦੇਣ।

ਮਾਹਿਰ ਚੇਤਾਵਨੀ ਦਿੰਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਸਮਾਰਟ ਤਕਨੀਕ ਵਜੋਂ ਪਛਾਣਨਾ ਔਖਾ ਹੋ ਜਾਂਦਾ ਹੈ।

ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਨੇ 2021 ਵਿੱਚ ਸਮਾਰਟ ਐਨਕਾਂ ਵੇਚਣੀਆਂ ਸ਼ੁਰੂ ਕੀਤੀਆਂ ਸਨ, ਅਤੇ ਪਿਛਲੇ ਸਾਲ ਫਰਵਰੀ ਤੋਂ ਹੁਣ ਤੱਕ ਲਗਭਗ 20 ਲੱਖ ਐਨਕਾਂ ਵੇਚ ਚੁੱਕੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਸਦੀਆਂ ਸਮਾਰਟ ਐਨਕਾਂ ਵਿੱਚ "ਇੱਕ ਐੱਲਈਡੀ ਲਾਈਟ ਹੁੰਦੀ ਹੈ ਜੋ ਉਦੋਂ ਚਲਦੀ ਹੈ ਜਦੋਂ ਕੋਈ ਰਿਕਾਰਡਿੰਗ ਕਰ ਰਿਹਾ ਹੁੰਦਾ ਹੈ, ਤਾਂ ਜੋ ਦੂਜਿਆਂ ਨੂੰ ਪਤਾ ਲੱਗ ਕਿ ਉਪਕਰਣ ਰਿਕਾਰਡਿੰਗ ਕਰ ਰਿਹਾ ਹੈ।"

ਕੰਪਨੀ ਇਹ ਵੀ ਕਹਿੰਦੀ ਹੈ ਕਿ ਉਤਪਾਦ ਵਿੱਚ ਅਜਿਹੀ ਤਕਨੀਕ ਹੈ ਜੋ ਲੋਕਾਂ ਨੂੰ ਉਸ ਲਾਈਟ ਨੂੰ ਢੱਕਣ ਤੋਂ ਰੋਕਦੀ ਹੈ।"

ਇੰਟਰਨੈੱਟ ਉੱਤੇ ਅਜਿਹੀਆਂ ਬਹੁਤ ਸਾਰੀਆਂ ਹਦਾਇਤਾਂ ਹਨ ਜੋਂ ਚੋਰੀ-ਛਿਪੇ ਫਿਲਮਾਉਣ ਲਈ ਇਸ ਲਾਈਟ ਨੂੰ ਬੰਦ ਕਰਨਾ ਜਾਂ ਲੁਕਾਉਣਾ ਸਿਖਾਉਂਦੀਆਂ ਹਨ। ਬੀਬੀਸੀ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਵਿੱਚੋਂ ਕੁਝ ਤਰੀਕੇ ਰਿਕਾਰਡਿੰਗ ਦੌਰਾਨ ਇਹ ਲਾਈਟ ਨੂੰ ਸਫਲਤਾਪੂਰਵਕ ਲੁਕਾ ਸਕਦੇ ਹਨ।

ਊਨਾ ਅਤੇ ਕੇਟ ਦੋਵਾਂ ਵਿੱਚੋਂ ਕਿਸੇ ਨੇ ਵੀ ਨਹੀਂ ਕਿਹਾ ਕਿ ਉਨ੍ਹਾਂ ਨੇ ਵੀਡੀਓ ਬਣਾਏ ਜਾਣ ਦੌਰਾਨ ਐਨਕ ਉੱਤੇ ਕੋਈ ਲਾਈਟ ਜਗਦੀ ਦੇਖੀ ਸੀ।

ਅਸੀਂ ਆਪਣੇ ਨਤੀਜੇ ਮੈਟਾ ਨਾਲ ਸਾਂਝੇ ਕੀਤੇ। ਕੰਪਨੀ ਦਾ ਕਹਿਣਾ ਹੈ ਕਿ ਇਹ "ਗਾਹਕਾਂ ਦੇ ਫੀਡਬੈਕ ਅਤੇ ਚੱਲ ਰਹੀ ਖੋਜ ਦੇ ਅਧਾਰ 'ਤੇ ਆਪਣੇ ਏਆਈ ਐਨਕਾਂ ਨੂੰ ਬਿਹਤਰ ਬਣਾਉਣ ਦੇ ਮੌਕਿਆਂ ਦੀ ਲਗਾਤਾਰ ਸਮੀਖਿਆ ਕਰੇਗੀ।

'ਸਮਾਰਟ ਐਨਕਾਂ ਲਾਭਦਾਇਕ ਹਨ'

ਆਮ ਤੌਰ 'ਤੇ ਜਨਤਕ ਥਾਵਾਂ 'ਤੇ ਲੋਕਾਂ ਦੀ ਫਿਲਮ ਬਣਾਉਣਾ ਕਾਨੂੰਨੀ ਹੈ, ਜਦੋਂ ਤੱਕ ਕਿ ਉਹ ਕੁਝ ਅਜਿਹਾ ਨਾ ਕਰ ਰਹੇ ਹੋਣ ਜਿਸ ਨੂੰ ਨਿੱਜੀ ਮੰਨਿਆ ਜਾਵੇ, ਪਰ ਅਜਿਹਾ ਕਰਨਾ, ਪਰੇਸ਼ਾਨ ਕਰਨ ਜਾਂ ਪਿੱਛਾ ਕਰਨ ਸੰਬੰਧੀ ਕਨੂੰਨਾਂ ਦੇ ਅਧੀਨ ਆ ਸਕਦਾ ਹੈ।

ਯੂਨੀਵਰਸਿਟੀ ਆਫ਼ ਕੈਂਟ ਦੇ ਇੰਸਟੀਚਿਊਟ ਆਫ਼ ਸਾਈਬਰ ਸਕਿਓਰਿਟੀ ਫਾਰ ਸੁਸਾਇਟੀ ਦੇ ਡਾ. ਜੇਸਨ ਨਰਸ ਨੇ ਕਿਹਾ, "ਇੱਕ ਮੁੱਦਾ ਇਹ ਹੈ ਕਿ ਕਾਨੂੰਨ, ਤਕਨੌਲੋਜੀ ਦੇ ਮੁਕਾਬਲੇ ਫਾਡੀ ਰਹਿ ਜਾਂਦਾ ਹੈ।"

ਉਨ੍ਹਾਂ ਨੇ ਕਿਹਾ, "ਮੈਂ ਯਕੀਨੀ ਤੌਰ 'ਤੇ ਮੰਨਦਾ ਹਾਂ ਕਿ ਸਮਾਰਟ ਐਨਕਾਂ ਲਾਭਦਾਇਕ ਹਨ।" ਉਹ ਜੀਵਨ ਜਿਉਣ ਵਿੱਚ ਸਹਾਇਕ ਹੋ ਸਕਦੀਆਂ ਹਨ, ਜਿਵੇਂ ਕਮਜੋਰ ਨਜ਼ਰ ਵਾਲੇ ਲੋਕਾਂ ਲਈ , ਸੈਰ-ਸਪਾਟੇ ਅਤੇ ਆਮ ਸਹੂਲਤ ਲਈ ਲੋਕਾਂ ਦੀ ਮਦਦ ਕਰ ਸਕਦੇ ਹਨ, "ਪਰ ਇਸਦੇ ਨਾਲ ਹੀ ਅਸੀਂ ਲੋਕਾਂ ਨੂੰ ਉਹਨਾਂ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।"

ਉਨ੍ਹਾਂ ਨੇ ਕਿਹਾ ਕਿ ਸਾਨੂੰ "ਅਪਰਾਧੀਆਂ ਨੂੰ ਇਹ ਬਿਲਕੁਲ ਸਪੱਸ਼ਟ" ਕਰਨ ਦੀ ਲੋੜ ਹੈ ਕਿ ਜੇਕਰ ਉਹ ਨੁਕਸਾਨ ਪਹੁੰਚਾਉਂਦੇ ਹਨ ਤਾਂ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਵੇਗਾ।

ਨਰਸ ਚੇਤਾਵਨੀ ਦਿੰਦੇ ਹਨ ਕਿ ਸਮਾਰਟ ਐਨਕਾਂ ਨੂੰ ਸਮਾਰਟ ਤਕਨੀਕ ਵਜੋਂ ਪਛਾਣਨਾ ਔਖਾ ਹੁੰਦਾ ਜਾ ਰਿਹਾ ਹੈ, ਜਿਸਦਾ ਮਤਲਬ ਹੈ ਕਿ "ਬਹੁਤ ਸਾਰੇ ਲੋਕ ਸ਼ਾਇਦ ਉਸ ਤਰ੍ਹਾਂ ਚੌਕਸ ਨਾ ਰਹਿਣ ਜਿਸ ਤਰ੍ਹਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ।"

ਮੈਟਾ ਨੇ ਕਿਹਾ ਕਿ ਕਿਸੇ ਵੀ ਰਿਕਾਰਡਿੰਗ ਉਪਕਰਣ ਦੀ ਤਰ੍ਹਾਂ, ਸਮਾਰਟ ਐਨਕਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ "ਪਰੇਸ਼ਾਨ ਕਰਨ, ਨਿੱਜਤਾ ਹੱਕਾਂ ਦੀ ਉਲੰਘਣਾ, ਜਾਂ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਵਰਗੀਆਂ ਨੁਕਸਾਨਦੇਹ ਗਤੀਵਿਧੀਆਂ" ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।

ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ: "ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਇੱਕ ਰਾਸ਼ਟਰੀ ਐਮਰਜੈਂਸੀ ਹੈ। ਅਸੀਂ ਦੇਖ ਰਹੇ ਹਾਂ ਕਿ ਕਿਵੇਂ ਸਮਾਰਟ ਉਪਕਰਣਾਂ ਸਮੇਤ ਟੈਕਨਾਲੋਜੀ ਦੀ ਵਰਤੋਂ ਪੀੜਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ।

"ਟੈਕਨਾਲੋਜੀ ਨਾਲ ਹੋਣ ਵਾਲੀ ਦੁਰਵਰਤੋਂ ਨਾਲ ਨਜਿੱਠਣ ਦੇ ਉਪਾਅ ਸਾਡੀ ਆਉਣ ਵਾਲੀ ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਖਿਲਾਫ਼ ਰਣਨੀਤੀ ਦਾ ਹਿੱਸਾ ਹੋਣਗੇ ਅਤੇ ਪੀੜਤਾਂ ਦੀ ਰੱਖਿਆ ਕਰਨ ਅਤੇ ਅਪਰਾਧੀਆਂ ਨੂੰ ਜਵਾਬਦੇਹ ਬਣਾਉਣ ਵਿੱਚ ਮਦਦ ਕਰਨਗੇ।"

ਗੂਗਲ ਨੂੰ ਜਦੋਂ ਅਸੀਂ ਇਸ ਬਾਰੇ ਟਿੱਪਣੀ ਦੀ ਬੇਨਤੀ ਕੀਤਾ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)