ਕੌਣ ਹਨ ਇਹ ਲੋਕ ਜੋ ਅੱਜ ਵੀ ਸਾਰੀ ਦੁਨੀਆਂ ਤੋਂ ਵੱਖਰੇ ਰਹਿ ਰਹੇ ਹਨ, ਇਨ੍ਹਾਂ ਨੂੰ ਨੇੜਿਓਂ ਦੇਖਣ ਵਾਲੇ ਵਿਅਕਤੀ ਨੇ ਕੀ-ਕੀ ਦੱਸਿਆ

ਮਾਸ਼ਕੋ ਪਿਰੋ ਕਬੀਲੇ ਦੇ ਲੋਕ

ਤਸਵੀਰ ਸਰੋਤ, Fenamad

ਤਸਵੀਰ ਕੈਪਸ਼ਨ, ਪੇਰੂ ਦੇ ਐਮਾਜ਼ਾਨ ਵਿੱਚ ਖਾਨਾਬਦੋਸ਼ ਕਬੀਲਿਆਂ ਨੂੰ ਕਈ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਨੇੜਲੇ ਪਿੰਡ ਵਾਸੀ ਉਨ੍ਹਾਂ ਦੀ ਸੁਰੱਖਿਆ ਲਈ ਚਿੰਤਤ ਹਨ
    • ਲੇਖਕ, ਸਟੈਫਨੀ ਹੇਗਾਰਟੀ
    • ਰੋਲ, ਬੀਬੀਸੀ ਪੱਤਰਕਾਰ

ਟੋਮਾਸ ਏਨੇਜ਼ ਡੌਸ ਸੈਂਟੋਸ ਪੇਰੂ ਵਿੱਚ ਅਮੇਜ਼ਨ ਦੇ ਜੰਗਲ ਵਿੱਚ ਇੱਕ ਛੋਟੀ ਜਿਹੀ ਖੁੱਲ੍ਹੀ ਥਾਂ ਉੱਤੇ ਕੰਮ ਕਰ ਰਹੇ ਸਨ। ਅਚਾਨਕ ਉਨ੍ਹਾਂ ਨੂੰ ਕਿਸੇ ਦੇ ਕਦਮਾਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ।

ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਚਾਰੋਂ ਪਾਸਿਆਂ ਤੋਂ ਘਿਰ ਚੁੱਕੇ ਹਨ, ਅਤੇ ਉਹ ਹੱਕੇ-ਬੱਕੇ ਰਹਿ ਗਏ।

ਟੋਮਾਸ ਦੱਸਦੇ ਹਨ, "ਇੱਕ ਆਦਮੀ ਤੀਰ ਨਾਲ ਨਿਸ਼ਾਨਾ ਲਗਾ ਕੇ ਖੜ੍ਹਾ ਸੀ। ਉਸ ਨੇ ਕਿਸੇ ਤਰ੍ਹਾਂ ਮੈਨੂੰ ਦੇਖ ਲਿਆ ਕਿ ਮੈਂ ਇੱਥੇ ਹਾਂ। ਫਿਰ ਮੈਂ ਭੱਜਣ ਲੱਗ ਪਿਆ।"

ਟੋਮਾਸ ਉਸ ਸਮੇਂ ਮਾਸ਼ਕੋ ਪਿਰੋ ਜਨਜਾਤੀ ਦੇ ਲੋਕਾਂ ਦੇ ਸਾਹਮਣੇ ਆ ਗਏ ਸਨ।

ਟੋਮਾਸ ਨੂਏਵਾ ਓਸੇਨੀਆ ਨਾਂ ਦੇ ਛੋਟੇ ਪਿੰਡ ਵਿੱਚ ਰਹਿੰਦੇ ਹਨ। ਉਹ ਦਹਾਕਿਆਂ ਤੋਂ ਇਨ੍ਹਾਂ ਖਾਨਾਬਦੋਸ਼ ਕਬੀਲਿਆਂ ਦੇ ਗੁਆਂਢੀ ਰਹੇ ਹਨ, ਜਿਹੜੀਆਂ ਬਾਹਰੀ ਲੋਕਾਂ ਨਾਲ ਸੰਪਰਕ ਤੋਂ ਬਚਦੀਆਂ ਹਨ। ਹਾਲਾਂਕਿ ਹਾਲ ਹੀ ਦੇ ਸਮੇਂ ਤੱਕ ਟੋਮਾਸ ਨੇ ਉਨ੍ਹਾਂ ਨੂੰ ਕਦੇ ਵੀ ਨੇੜੇ ਤੋਂ ਨਹੀਂ ਵੇਖਿਆ ਸੀ।

ਮਾਸ਼ਕੋ ਪਿਰੋ ਲੋਕ ਪਿਛਲੇ ਸੌ ਸਾਲਾਂ ਤੋਂ ਦੁਨੀਆਂ ਤੋਂ ਵੱਖ ਹੋ ਕੇ ਰਹਿ ਰਹੇ ਹਨ। ਉਹ ਲੰਬੇ ਧਨੁਸ਼ ਅਤੇ ਤੀਰ ਨਾਲ ਸ਼ਿਕਾਰ ਕਰਦੇ ਹਨ ਅਤੇ ਆਪਣੀਆਂ ਸਾਰੀਆਂ ਲੋੜਾਂ ਲਈ ਅਮੇਜ਼ਨ ਦੇ ਵਰਖਾ-ਜੰਗਲਾਂ 'ਤੇ ਨਿਰਭਰ ਰਹਿੰਦੇ ਹਨ।

ਟੋਮਾਸ ਯਾਦ ਕਰਦੇ ਹਨ, "ਉਨ੍ਹਾਂ ਨੇ ਚੱਕਰ ਲਾਉਣੇ ਅਤੇ ਸੀਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ, ਜਾਨਵਰਾਂ ਤੇ ਪੰਛੀਆਂ ਦੀਆਂ ਆਵਾਜ਼ਾਂ ਕੱਢਣ ਲੱਗ ਪਏ।"

"ਮੈਂ ਵਾਰ-ਵਾਰ ਕਹਿੰਦਾ ਰਿਹਾ 'ਨੋਮੋਲੇ' (ਭਰਾ)। ਫਿਰ ਉਹ ਇਕੱਠੇ ਹੋ ਗਏ। ਉਨ੍ਹਾਂ ਨੂੰ ਲੱਗਾ ਕਿ ਅਸੀਂ ਨੇੜੇ ਹਾਂ, ਤਾਂ ਅਸੀਂ ਨਦੀ ਵੱਲ ਵਧੇ ਅਤੇ ਦੌੜ ਪਏ।"

ਨੂਏਵਾ ਓਸੇਨੀਆ
ਤਸਵੀਰ ਕੈਪਸ਼ਨ, ਨੂਏਵਾ ਓਸੇਨੀਆ ਇੱਕ ਛੋਟਾ ਜਿਹਾ ਪਿੰਡ ਹੈ

ਮਾਨਵ ਅਧਿਕਾਰ ਸੰਸਥਾ ਸਰਵਾਈਵਲ ਇੰਟਰਨੈਸ਼ਨਲ ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਦੁਨੀਆਂ ਵਿੱਚ ਘੱਟੋ-ਘੱਟ 196 ਅਜਿਹੇ ਸਮੂਹ ਬਾਕੀ ਹਨ ਜਿਨ੍ਹਾਂ ਨੂੰ ਅਨਕਾਂਟੈਕਟੇਡ ਗਰੁੱਪਸ ਕਿਹਾ ਜਾਂਦਾ ਹੈ । ਜਿਨ੍ਹਾਂ ਦਾ ਬਾਹਰੀ ਦੁਨੀਆਂ ਨਾਲ ਕੋਈ ਸੰਪਰਕ ਨਹੀਂ ਹੈ।

ਮੰਨਿਆ ਜਾਂਦਾ ਹੈ ਕਿ ਮਾਸ਼ਕੋ ਪਿਰੋ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਸਮੂਹ ਹੈ। ਰਿਪੋਰਟ ਕਹਿੰਦੀ ਹੈ ਕਿ ਜੇਕਰ ਸਰਕਾਰਾਂ ਨੇ ਉਨ੍ਹਾਂ ਦੀ ਰੱਖਿਆ ਲਈ ਹੋਰ ਕਦਮ ਨਾ ਚੁੱਕੇ, ਤਾਂ ਅਗਲੇ ਦਹਾਕੇ ਵਿੱਚ ਇਨ੍ਹਾਂ ਵਿੱਚੋਂ ਅੱਧੇ ਸਮੂਹ ਖ਼ਤਮ ਹੋ ਸਕਦੇ ਹਨ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੱਕੜ ਦੀ ਕਟਾਈ, ਮਾਈਨਿੰਗ ਅਤੇ ਤੇਲ ਦੀ ਖੋਜ ਲਈ ਖੁਦਾਈ, ਇਨ੍ਹਾਂ ਕਬੀਲਿਆਂ ਲਈ ਸਭ ਤੋਂ ਵੱਡਾ ਖ਼ਤਰਾ ਹੈ।

ਇਹ ਅਨਕਾਂਟੈਕਟਡ ਜਨਜਾਤੀਆਂ ਆਮ ਬਿਮਾਰੀਆਂ ਲਈ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ। ਇਸ ਲਈ ਰਿਪੋਰਟ ਚਿਤਾਵਨੀ ਦਿੰਦੀ ਹੈ ਕਿ ਈਸਾਈ ਮਿਸ਼ਨਰੀਆਂ ਜਾਂ ਸੋਸ਼ਲ ਮੀਡੀਆ ਇੰਫਲੂਐਂਸਰਾਂ ਵੱਲੋਂ ਸੰਪਰਕ ਕਰਨਾ ਵੀ ਉਨ੍ਹਾਂ ਲਈ ਇੱਕ ਵੱਡਾ ਖ਼ਤਰਾ ਬਣ ਸਕਦਾ ਹੈ।

'ਉਹ ਜਿਵੇਂ ਜੀਅ ਰਹੇ ਹਨ, ਉਵੇਂ ਹੀ ਜੀਣ ਦਿਓ'

ਟੋਮਾਸ
ਤਸਵੀਰ ਕੈਪਸ਼ਨ, ਟੋਮਾਸ ਨੂਏਵਾ ਓਸੇਨੀਆ ਪਿੰਡ ਵਿੱਚ ਰਹਿੰਦੇ ਹਨ, ਜੋ ਦਹਾਕਿਆਂ ਤੋਂ ਇਨ੍ਹਾਂ ਖਾਨਾਬਦੋਸ਼ ਕਬੀਲਿਆਂ ਦੇ ਗੁਆਂਢੀ ਰਹੇ ਹਨ

ਸਥਾਨਕ ਲੋਕਾਂ ਅਨੁਸਾਰ, ਹਾਲ ਹੀ ਦੇ ਸਮੇਂ ਵਿੱਚ ਮਾਸ਼ਕੋ ਪਿਰੋ ਦੇ ਲੋਕ ਨਿਊਵਾ ਓਸੇਨੀਆ ਪਿੰਡ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਉਣ ਲੱਗੇ ਹਨ।

ਇਹ 7-8 ਪਰਿਵਾਰਾਂ ਦੇ ਇੱਕ ਮਛੇਰੇ ਭਾਈਚਾਰੇ ਦਾ ਪਿੰਡ ਹੈ। ਇਹ ਪੇਰੂ ਵਿੱਚ ਅਮੇਜ਼ਨ ਦੇ ਵਿਚਕਾਰ ਤਾਉਹਾਮਾਨੁ ਨਦੀ ਦੇ ਕੰਢੇ ਉੱਚਾਈ ਉੱਤੇ ਮੌਜੂਦ ਹੈ ਅਤੇ ਸਭ ਤੋਂ ਨੇੜਲੀ ਬਸਤੀ ਵੀ ਇੱਥੋਂ ਕਿਸ਼ਤੀ ਰਾਹੀਂ 10 ਘੰਟੇ ਦੀ ਦੂਰੀ 'ਤੇ ਹੈ।

ਇਸ ਖੇਤਰ ਨੂੰ ਅਨਕਾਂਟੈਕਟਡ ਟਰਾਈਬਜ਼ ਲਈ ਸੁਰੱਖਿਅਤ (ਰਿਜ਼ਰਵ) ਇਲਾਕਾ ਨਹੀਂ ਮੰਨਿਆ ਗਿਆ ਅਤੇ ਇੱਥੇ ਲੱਕੜ ਕੱਟਣ ਵਾਲੀਆਂ ਕੰਪਨੀਆਂ ਕੰਮ ਕਰਦੀਆਂ ਹਨ।

ਟੋਮਾਸ ਕਹਿੰਦੇ ਹਨ ਕਿ ਕਈ ਵਾਰ ਲੱਕੜ ਕੱਟਣ ਵਾਲੀਆਂ ਮਸ਼ੀਨਾਂ ਦੀਆਂ ਆਵਾਜ਼ਾਂ ਦਿਨ-ਰਾਤ ਸੁਣਾਈ ਦਿੰਦੀਆਂ ਹਨ ਅਤੇ ਮਾਸ਼ਕੋ ਪਿਰੋ ਦੇ ਲੋਕ ਆਪਣੇ ਜੰਗਲ ਨੂੰ ਕਟਦਾ ਵੇਖ ਰਹੇ ਹਨ।

ਨੂਏਵਾ ਓਸੇਨੀਆ ਦੇ ਲੋਕ ਕਹਿੰਦੇ ਹਨ ਕਿ ਉਹ ਦੁਚਿੱਤੀ ਵਿੱਚ ਹਨ। ਉਹ ਮਾਸ਼ਕੋ ਪਿਰੋ ਜਨਜਾਤੀਆਂ ਦੇ ਤੀਰਾਂ ਤੋਂ ਡਰਦੇ ਵੀ ਹਨ, ਪਰ ਉਨ੍ਹਾਂ ਜੰਗਲਾਂ ਵਿੱਚ ਰਹਿਣ ਵਾਲੇ ਆਪਣੇ ਭਰਾਵਾਂ ਪ੍ਰਤੀ ਬਹੁਤ ਸਤਿਕਾਰ ਵੀ ਰੱਖਦੇ ਹਨ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਚਾਹੁੰਦੇ ਹਨ।

ਟੋਮਾਸ ਕਹਿੰਦੇ ਹਨ, "ਜਿਵੇਂ ਉਹ ਜੀਅ ਰਹੇ ਹਨ, ਉਨ੍ਹਾਂ ਨੂੰ ਉਵੇਂ ਹੀ ਜੀਣ ਦਿਓ, ਅਸੀਂ ਉਨ੍ਹਾਂ ਦੀ ਸੰਸਕ੍ਰਿਤੀ ਨੂੰ ਨਹੀਂ ਬਦਲ ਸਕਦੇ। ਇਸੇ ਲਈ ਅਸੀਂ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਦੇ ਹਾਂ।"

ਨਿਊਵਾ ਓਸੇਨੀਆ ਦੇ ਲੋਕ ਮਾਸ਼ਕੋ ਪਿਰੋ ਦੀ ਰੋਜ਼ੀ-ਰੋਟੀ ਨੂੰ ਹੋ ਰਹੇ ਨੁਕਸਾਨ, ਹਿੰਸਾ ਦੇ ਖ਼ਤਰੇ ਅਤੇ ਇਸ ਖਦਸ਼ੇ ਤੋਂ ਚਿੰਤਤ ਹਨ ਕਿ ਲੱਕੜ ਕੱਟਣ ਵਾਲੇ ਲੋਕ ਉਨ੍ਹਾਂ ਨੂੰ ਅਜਿਹੀਆਂ ਬੀਮਾਰੀਆਂ ਦੇ ਸੰਪਰਕ ਵਿੱਚ ਲਿਆ ਸਕਦੇ ਹਨ, ਜਿਨ੍ਹਾਂ ਨਾਲ ਲੜਨ ਲਈ ਉਨ੍ਹਾਂ ਦੇ ਸਰੀਰ ਵਿੱਚ ਕੋਈ ਪ੍ਰਤਿਰੋਧਕ ਸਮਰੱਥਾ ਨਹੀਂ ਹੈ।

ਜਦੋਂ ਅਸੀਂ ਪਿੰਡ ਵਿੱਚ ਸੀ ਤਾਂ ਮਾਸ਼ਕੋ ਪੀਰੋ ਨੇ ਇੱਕ ਵਾਰ ਫਿਰ ਇਲਾਕੇ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਲੈਟੀਸੀਆ ਰੋਡਰਿਗਜ਼ ਲੋਪੇਜ਼ ਇੱਕ ਜਵਾਨ ਮਾਂ, ਜੋ ਆਪਣੀ ਦੋ ਸਾਲ ਦੀ ਧੀ ਨਾਲ ਇਲਾਕੇ ਵਿੱਚ ਰਹਿੰਦੀ ਸੀ, ਜੰਗਲ ਵਿੱਚ ਫਲ ਤੋੜ ਰਹੀ ਸੀ, ਜਦੋਂ ਉਨ੍ਹਾਂ ਨੇ ਮਾਸ਼ਕੋ ਪਿਰੋ ਦੀ ਆਵਾਜ਼ ਸੁਣੀ।

ਉਨ੍ਹਾਂ ਨੇ ਦੱਸਿਆ, "ਅਸੀਂ ਚੀਕਾਂ ਸੁਣੀਆਂ, ਲੋਕਾਂ ਦੀਆਂ ਚੀਕਾਂ। ਬਹੁਤ ਸਾਰੇ ਲੋਕ ਚੀਕ ਰਹੇ ਸਨ। ਅਜਿਹਾ ਲੱਗ ਰਿਹਾ ਸੀ ਜਿਵੇਂ ਇੱਕ ਪੂਰਾ ਸਮੂਹ ਚੀਕ ਰਿਹਾ ਹੋਵੇ।

ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੇ ਮਾਸ਼ਕੋ ਪਿਰੋ ਨੂੰ ਵੇਖਿਆ ਅਤੇ ਉਹ ਭੱਜ ਗਈਆਂ। ਇੱਕ ਘੰਟੇ ਬਾਅਦ ਵੀ ਡਰ ਦੀ ਵਜ੍ਹਾ ਨਾਲ ਉਨ੍ਹਾਂ ਦੇ ਸਿਰ ਵਿੱਚ ਤੇਜ਼ ਦਰਦ ਹੋ ਰਿਹਾ ਸੀ।

ਲੇਟੀਸ਼ੀਆ ਕਹਿੰਦੇ ਹਨ, "ਕਿਉਂਕਿ ਇੱਥੇ ਲੱਕੜ ਕੱਟਣ ਵਾਲੇ ਅਤੇ ਕੰਪਨੀਆਂ ਵੀ ਜੰਗਲ ਨੂੰ ਕੱਟ ਰਹੀਆਂ ਹਨ, ਸ਼ਾਇਦ ਇਸੇ ਲਈ ਡਰ ਦੀ ਵਜ੍ਹਾ ਨਾਲ ਉਹ (ਮਾਸ਼ਕੋ ਪਿਰੋ) ਭੱਜ ਰਹੇ ਹਨ ਅਤੇ ਸਾਡੇ ਕੋਲ ਆ ਜਾਂਦੇ ਹਨ।"

"ਸਾਨੂੰ ਨਹੀਂ ਪਤਾ ਕਿ ਜਦੋਂ ਉਹ ਸਾਨੂੰ ਦੇਖਣਗੇ ਤਾਂ ਉਹ ਕਿਵੇਂ ਪ੍ਰਤੀਕਿਰਿਆ ਕਰਨਗੇ। ਇਹੀ ਗੱਲ ਮੈਨੂੰ ਡਰਾਉਂਦੀ ਹੈ।"

ਬਾਹਰੀ ਸੰਪਰਕ ਕਬੀਲਿਆਂ ਲਈ ਖ਼ਤਰਾ

ਮਾਸ਼ਕੋ ਪਿਰੋ ਕਬੀਲੇ ਦੇ ਲੋਕ

ਤਸਵੀਰ ਸਰੋਤ, Fenamad

ਤਸਵੀਰ ਕੈਪਸ਼ਨ, ਸਥਾਨਕ ਲੋਕਾਂ ਅਨੁਸਾਰ, ਹਾਲ ਹੀ ਦੇ ਸਮੇਂ ਵਿੱਚ ਮਾਸ਼ਕੋ ਪਿਰੋ ਦੇ ਲੋਕ ਨਿਊਵਾ ਓਸੇਨੀਆ ਪਿੰਡ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਉਣ ਲੱਗੇ ਹਨ

ਸਾਲ 2022 ਵਿੱਚ, ਮਾਸ਼ਕੋ ਪਿਰੋ ਜਨਜਾਤੀ ਦੇ ਲੋਕਾਂ ਨੇ ਦੋ ਲੱਕੜ ਕੱਟਣ ਵਾਲਿਆਂ 'ਤੇ ਉਸ ਵੇਲੇ ਹਮਲਾ ਕੀਤਾ ਜਦੋਂ ਉਹ ਮੱਛੀਆਂ ਫੜ੍ਹ ਰਹੇ ਸਨ।

ਇੱਕ ਵਿਅਕਤੀ ਦੇ ਪੇਟ ਵਿੱਚ ਤੀਰ ਲੱਗਾ, ਉਹ ਬਚ ਗਿਆ। ਪਰ ਦੂਜਾ ਵਿਅਕਤੀ ਕੁਝ ਦਿਨਾਂ ਬਾਅਦ ਮਰਿਆ ਹੋਇਆ ਮਿਲਿਆ, ਉਸ ਦੇ ਸਰੀਰ 'ਤੇ ਤੀਰਾਂ ਦੇ 9 ਜ਼ਖ਼ਮ ਸਨ।

ਪੇਰੂ ਸਰਕਾਰ ਦੀ ਨੀਤੀ ਹੈ ਕਿ ਜੋ ਸਥਾਨਕ ਜਨਜਾਤੀਆਂ ਦੁਨੀਆਂ ਤੋਂ ਅਲੱਗ ਰਹਿੰਦੀਆਂ ਹਨ, ਉਨ੍ਹਾਂ ਨਾਲ ਕੋਈ ਸੰਪਰਕ ਨਾ ਕੀਤਾ ਜਾਵੇ। ਉਨ੍ਹਾਂ ਨਾਲ ਗੱਲਬਾਤ ਕਰਨਾ ਕਾਨੂੰਨੀ ਤੌਰ 'ਤੇ ਮਨ੍ਹਾਂ ਹੈ।

ਇਹ ਨੀਤੀ ਸਭ ਤੋਂ ਪਹਿਲਾਂ ਬ੍ਰਾਜ਼ੀਲ ਵਿੱਚ ਸ਼ੁਰੂ ਹੋਈ ਸੀ, ਜਿੱਥੇ ਕਈ ਦਹਾਕਿਆਂ ਤੱਕ ਸਥਾਨਕ ਅਧਿਕਾਰ ਸਮੂਹਾਂ ਨੇ ਅੰਦੋਲਨ ਚਲਾਇਆ ਸੀ। ਉਨ੍ਹਾਂ ਨੇ ਵੇਖਿਆ ਕਿ ਜਦੋਂ ਇਨ੍ਹਾਂ ਜਨਜਾਤੀਆਂ ਦਾ ਪਹਿਲੀ ਵਾਰ ਬਾਹਰੀ ਲੋਕਾਂ ਨਾਲ ਸੰਪਰਕ ਹੋਇਆ, ਤਾਂ ਬਿਮਾਰੀਆਂ, ਗਰੀਬੀ ਅਤੇ ਕੁਪੋਸ਼ਣ ਕਾਰਨ ਪੂਰੇ ਸਮੂਹ ਖਤਮ ਹੋ ਗਏ।

1980 ਦੇ ਦਹਾਕੇ ਵਿੱਚ ਜਦੋਂ ਪੇਰੂ ਦੇ ਨਾਹੁਆ ਲੋਕਾਂ ਦਾ ਪਹਿਲੀ ਵਾਰ ਬਾਹਰੀ ਦੁਨੀਆਂ ਨਾਲ ਸੰਪਰਕ ਹੋਇਆ ਤਾਂ ਕੁਝ ਹੀ ਸਾਲਾਂ ਵਿੱਚ ਉਨ੍ਹਾਂ ਦੀ 50% ਆਬਾਦੀ ਮਰ ਗਈ।

1990 ਦੇ ਦਹਾਕੇ ਵਿੱਚ ਮੁਰੂਹਾਨੁਆ ਲੋਕਾਂ ਨਾਲ ਵੀ ਇਹੋ-ਜਿਹਾ ਹਾਲ ਹੋਇਆ ਸੀ।

ਪੇਰੂ ਦੀ ਸਥਾਨਕ ਅਧਿਕਾਰ ਸੰਸਥਾ ਫੇਮਨਾਡ ਦੇ ਇਜ਼ਰਾਈਲ ਐਕੁਇਸ ਕਹਿੰਦੇ ਹਨ, "ਇਹ ਲੋਕ ਜਿਨ੍ਹਾਂ ਦਾ ਬਾਹਰੀ ਦੁਨੀਆਂ ਨਾਲ ਕੋਈ ਸੰਪਰਕ ਨਹੀਂ, ਬਹੁਤ ਸੰਵੇਦਨਸ਼ੀਲ ਹੁੰਦੇ ਹਨ।"

ਉਹ ਕਹਿੰਦੇ ਹਨ, "ਮਹਾਂਮਾਰੀ ਦੇ ਨਜ਼ਰੀਏ ਨਾਲ ਦੇਖੋ ਤਾਂ ਕੋਈ ਵੀ ਸੰਪਰਕ ਉਨ੍ਹਾਂ ਵਿੱਚ ਬਿਮਾਰੀਆਂ ਫੈਲਾ ਸਕਦਾ ਹੈ। ਇੱਥੋਂ ਤੱਕ ਕਿ ਇੱਕ ਆਮ ਜਿਹਾ ਸੰਪਰਕ ਵੀ ਉਨ੍ਹਾਂ ਲਈ ਘਾਤਕ ਹੋ ਸਕਦਾ ਹੈ।"

"ਸੰਸਕ੍ਰਿਤਿਕ ਪੱਖੋਂ ਵੀ, ਕੋਈ ਵੀ ਦਖ਼ਲ ਜਾਂ ਸੰਪਰਕ ਉਨ੍ਹਾਂ ਦੇ ਸਮਾਜਿਕ ਜੀਵਨ ਅਤੇ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ।"

'ਸਰਕਾਰ ਨੇ ਮੁਸ਼ਕਲ ਹਾਲਾਤ ਵਿੱਚ ਛੱਡ ਦਿੱਤਾ'

ਟੋਮਾਸ
ਤਸਵੀਰ ਕੈਪਸ਼ਨ, ਪੇਰੂ ਸਰਕਾਰ ਦੀ ਨੀਤੀ ਹੈ ਕਿ ਜੋ ਸਥਾਨਕ ਜਨਜਾਤੀਆਂ ਦੁਨੀਆਂ ਤੋਂ ਅਲੱਗ ਰਹਿੰਦੀਆਂ ਹਨ, ਉਨ੍ਹਾਂ ਨਾਲ ਕੋਈ ਸੰਪਰਕ ਨਾ ਕੀਤਾ ਜਾਵੇ

ਬਾਹਰੀ ਸੰਪਰਕ ਤੋਂ ਦੂਰ ਰਹਿਣ ਵਾਲੀਆਂ ਜਨਜਾਤੀਆਂ ਦੇ ਗੁਆਂਢੀਆਂ ਲਈ ਬਿਨਾਂ ਸੰਪਰਕ ਦੇ ਰਹਿਣਾ ਵੀ ਆਸਾਨ ਨਹੀਂ ਹੁੰਦਾ।

ਟੋਮਾਸ ਸਾਨੂੰ ਉਸ ਜੰਗਲ ਦੇ ਖੁੱਲ੍ਹੇ ਮੈਦਾਨ ਵਿੱਚ ਲੈ ਜਾਂਦੇ ਹਨ ਜਿੱਥੇ ਉਹਨਾਂ ਨੇ ਮਾਸ਼ਕੋ ਪਿਰੋ ਨੂੰ ਦੇਖਿਆ ਸੀ। ਉਹ ਰੁਕਦੇ ਹਨ ਆਵਾਜ਼ ਮਾਰਦੇ ਹਨ ਤੇ ਫਿਰ ਚੁੱਪਚਾਪ ਇੰਤਜ਼ਾਰ ਕਰਦੇ ਹਨ।

ਉਹ ਕਹਿੰਦੇ ਹਨ, "ਜੇ ਉਹ ਜਵਾਬ ਦਿੰਦੇ ਤਾਂ ਅਸੀਂ ਮੁੜ ਜਾਂਦੇ। ਹੁਣ ਅਸੀਂ ਸਿਰਫ਼ ਕੀੜਿਆਂ ਤੇ ਪੰਛੀਆਂ ਦੀਆਂ ਆਵਾਜ਼ਾਂ ਸੁਣ ਰਹੇ ਹਾਂ। ਉਹ ਇੱਥੇ ਨਹੀਂ ਹਨ।"

ਟੌਮਸ ਨੂੰ ਲੱਗਦਾ ਹੈ ਕਿ ਸਰਕਾਰ ਨੇ ਇਸ ਮੁਸ਼ਕਲ ਸਥਿਤੀ ਨਾਲ ਨਜਿੱਠਣ ਲਈ ਨੂਏਵਾ ਓਸ਼ੇਨੀਆ ਦੇ ਵਸਨੀਕਾਂ ਨੂੰ ਇਕੱਲਾ ਛੱਡ ਦਿੱਤਾ ਹੈ।

ਉਹ ਆਪਣੇ ਬਗੀਚੇ ਵਿੱਚ ਮਾਸ਼ਕੋ ਪਿਰੋ ਲਈ ਖਾਣ ਵਾਲੀਆਂ ਚੀਜ਼ਾਂ ਉਗਾਉਂਦੇ ਹਨ। ਇਹ ਇੱਕ ਸੁਰੱਖਿਆ ਕਦਮ ਹੈ ਜੋ ਉਹ ਅਤੇ ਹੋਰ ਪਿੰਡ ਵਾਸੀਆਂ ਨੇ ਆਪਣੇ ਗੁਆਂਢੀਆਂ ਦੀ ਮਦਦ ਕਰਨ ਅਤੇ ਆਪਣੀ ਰੱਖਿਆ ਲਈ ਚੁੱਕਿਆ ਹੈ।

ਉਹ ਕਹਿੰਦੇ ਹਨ, "ਕਾਸ਼ ਮੈਂ ਉਹਨਾਂ ਦੀ ਭਾਸ਼ਾ ਜਾਣਦਾ ਤਾਂ ਮੈਂ ਕਹਿੰਦਾ 'ਲਓ ਇਹ ਕੇਲੇ ਹਨ, ਇਹ ਤੋਹਫ਼ਾ ਹੈ। ਤੁਸੀਂ ਇਹ ਆਰਾਮ ਨਾਲ ਲੈ ਸਕਦੇ ਹੋ, ਪਰ ਕਿਰਪਾ ਕਰਕੇ ਮੈਨੂੰ ਨਾ ਮਾਰੋ।'"

ਕੰਟਰੋਲ ਪੋਸਟ

ਮਾਸ਼ਕੋ ਪਿਰੋ ਕਬੀਲੇ ਦੇ ਲੋਕ

ਤਸਵੀਰ ਸਰੋਤ, Fenamad

ਤਸਵੀਰ ਕੈਪਸ਼ਨ, ਮਾਨੂ ਦਰਿਆ ਦੇ ਕੰਢੇ 'ਤੇ ਮਾਸ਼ਕੋ ਪਿਰੋ ਲੋਕ ਇੱਕ ਅਜਿਹੇ ਖੇਤਰ ਵਿੱਚ ਰਹਿੰਦੇ ਹਨ ਜਿਸਨੂੰ ਸਰਕਾਰੀ ਤੌਰ 'ਤੇ ਫ਼ਾਰੈਸਟ ਰਿਜ਼ਰਵ ਇਲਾਕਾ ਮੰਨਿਆ ਗਿਆ ਹੈ

ਇਸ ਸੰਘਣੇ ਜੰਗਲ ਦੇ ਦੂਜੇ ਪਾਸੇ, ਲਗਭਗ 200 ਕਿਲੋਮੀਟਰ ਦੱਖਣ-ਪੂਰਬ ਵੱਲ ਹਾਲਾਤ ਬਿਲਕੁਲ ਵੱਖਰੇ ਹਨ। ਉੱਥੇ ਮਾਨੂ ਦਰਿਆ ਦੇ ਕੰਢੇ 'ਤੇ ਮਾਸ਼ਕੋ ਪਿਰੋ ਲੋਕ ਇੱਕ ਅਜਿਹੇ ਖੇਤਰ ਵਿੱਚ ਰਹਿੰਦੇ ਹਨ ਜਿਸਨੂੰ ਸਰਕਾਰੀ ਤੌਰ 'ਤੇ ਫ਼ਾਰੈਸਟ ਰਿਜ਼ਰਵ ਇਲਾਕਾ ਮੰਨਿਆ ਗਿਆ ਹੈ।

ਪੇਰੂ ਦੇ ਸੰਸਕ੍ਰਿਤੀ ਮੰਤਰਾਲੇ ਅਤੇ ਫੇਮਨਾਡ ਨੇ ਇੱਥੇ ਇੱਕ ਨੋਮੋਲੇ ਕੰਟਰੋਲ ਪੋਸਟ ਬਣਾਈ ਹੈ ਜਿੱਥੇ ਅੱਠ ਅਧਿਕਾਰੀ ਤੈਨਾਤ ਹਨ।

ਇਹ ਚੌਕੀ ਸਾਲ 2013 ਵਿੱਚ ਬਣਾਈ ਗਈ ਸੀ, ਜਦੋਂ ਮਾਸ਼ਕੋ ਪਿਰੋ ਅਤੇ ਸਥਾਨਕ ਪਿੰਡਾਂ ਵਿਚਕਾਰ ਟਕਰਾਅ ਹੋਇਆ ਸੀ ਅਤੇ ਕਈ ਲੋਕ ਮਾਰੇ ਗਏ ਸਨ।

ਇਸ ਚੌਕੀ ਦੇ ਮੁਖੀ ਐਂਟੋਨਿਓ ਤ੍ਰਿਗੋਸੋ ਹਿਡਾਲਗੋ ਦੀ ਜ਼ਿੰਮੇਵਾਰੀ ਹੈ ਕਿ ਦੁਬਾਰਾ ਅਜਿਹਾ ਨਾ ਹੋਵੇ।

ਮਾਸ਼ਕੋ ਪਿਰੋ ਇੱਥੇ ਅਕਸਰ ਨਜ਼ਰ ਆਉਂਦੇ ਹਨ ਕਈ ਵਾਰ ਤਾਂ ਇੱਕ ਹਫ਼ਤੇ ਵਿੱਚ ਕਈ ਵਾਰ।ਉਹ ਨੂਏਵਾ ਓਸੇਨੀਆ ਦੇ ਨੇੜੇ ਰਹਿਣ ਵਾਲੇ ਲੋਕਾਂ ਤੋਂ ਵੱਖਰੇ ਸਮੂਹ ਹਨ ਅਤੇ ਏਜੰਟਾਂ ਦਾ ਮੰਨਣਾ ਹੈ ਕਿ ਦੋਵੇਂ ਗਰੁੱਪ ਇੱਕ-ਦੂਜੇ ਨੂੰ ਨਹੀਂ ਜਾਣਦੇ।

ਮਾਨੂ ਦਰਿਆ ਦੇ ਪਾਰ ਇੱਕ ਛੋਟੀ ਪੱਥਰੀਲੇ ਤਟ ਵੱਲ ਇਸ਼ਾਰਾ ਕਰਦੇ ਹੋਏ ਐਂਟੋਨਿਓ ਕਹਿੰਦੇ ਹਨ, "ਉਹ ਹਮੇਸ਼ਾਂ ਇੱਕੋ ਜਗ੍ਹਾ ਤੋਂ ਬਾਹਰ ਆਉਂਦੇ ਹਨ। ਉੱਥੇ ਹੀ ਖੜ੍ਹੇ ਹੋ ਕੇ ਆਵਾਜ਼ ਮਾਰਦੇ ਹਨ। ਉਹ ਕੇਲੇ, ਕਸਾਵਾ ਜਾਂ ਗੰਨਾ ਮੰਗਦੇ ਹਨ। ਜੇ ਅਸੀਂ ਜਵਾਬ ਨਾ ਦਈਏ ਤਾਂ ਉਹ ਸਾਰਾ ਦਿਨ ਉੱਥੇ ਹੀ ਬੈਠੇ ਰਹਿੰਦੇ ਹਨ।"

ਏਜੰਟ ਕੋਸ਼ਿਸ਼ ਕਰਦੇ ਹਨ ਕਿ ਅਜਿਹੇ ਹਾਲਾਤ ਨਾ ਬਣਨ ਤਾਂ ਜੋ ਸੈਲਾਨੀਆਂ ਜਾਂ ਸਥਾਨਕ ਕਿਸ਼ਤੀਆਂ ਨੂੰ ਗੁਜ਼ਰਦਿਆਂ ਕੋਈ ਮੁਸ਼ਕਲ ਨਾ ਹੋਵੇ। ਇਸ ਲਈ ਉਹ ਆਮ ਤੌਰ 'ਤੇ ਉਹਨਾਂ ਦੀਆਂ ਮੰਗਾਂ ਪੂਰੀ ਕਰ ਦਿੰਦੇ ਹਨ।

ਜਾਨਵਰਾਂ ਦੇ ਨਾਮ 'ਤੇ ਆਪਣੇ ਨਾਮ ਰੱਖਦੇ

ਬਾਂਦਰ ਦੇ ਦੰਦਾਂ ਤੋਂ ਬਣਿਆ ਹਾਰ
ਤਸਵੀਰ ਕੈਪਸ਼ਨ, ਬਾਂਦਰ ਦੇ ਦੰਦਾਂ ਤੋਂ ਬਣਿਆ ਹਾਰ

ਇਸ ਕੰਟਰੋਲ ਪੋਸਟ ਵਿੱਚ ਇੱਕ ਛੋਟਾ ਜਿਹਾ ਬਗੀਚਾ ਹੈ, ਜਿੱਥੇ ਏਜੰਟ ਆਪਣੇ ਲਈ ਖਾਣ ਪੀਂਣ ਦੀਆਂ ਚੀਜ਼ਾਂ ਉਗਾਉਂਦੇ ਹਨ। ਜਦੋਂ ਖਾਣਾ ਮੁੱਕ ਜਾਂਦਾ ਹੈ, ਉਹ ਨੇੜਲੇ ਪਿੰਡ ਤੋਂ ਸਮਾਨ ਮੰਗਦੇ ਹਨ।

ਜੇ ਉੱਥੇ ਵੀ ਨਾ ਮਿਲੇ ਤਾਂ ਉਹ ਮਾਸ਼ਕੋ ਪਿਰੋ ਨੂੰ ਕਹਿੰਦੇ ਹਨ ਕਿ ਕੁਝ ਦਿਨ ਬਾਅਦ ਮੁੜ ਆਉਣ।ਇਹ ਤਰੀਕਾ ਹੁਣ ਤੱਕ ਚੰਗਾ ਚੱਲ ਰਿਹਾ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਕੋਈ ਵੱਡਾ ਟਕਰਾਅ ਨਹੀਂ ਹੋਇਆ।

ਐਂਟੋਨਿਓ ਲਗਭਗ 40 ਲੋਕਾਂ 'ਤੇ ਨਿਯਮਿਤ ਤੌਰ 'ਤੇ ਨਿਗਰਾਨੀ ਕਰਦੇ ਹਨ। ਜਿਨ੍ਹਾਂ ਵਿੱਚ ਵੱਖ-ਵੱਖ ਪਰਿਵਾਰਾਂ ਦੇ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਹਨ।ਉਹ ਆਪਣੇ ਨਾਮ ਜਾਨਵਰਾਂ ਦੇ ਨਾਮਾਂ 'ਤੇ ਰੱਖਦੇ ਹਨ।

ਇਸ ਸਮੂਹ ਦੇ ਮੁਖੀ ਦਾ ਨਾਮ ਕਾਮੋਟੋਲੋ (ਮਧੂ-ਮੱਖੀ) ਹੈ। ਏਜੰਟ ਕਹਿੰਦੇ ਹਨ ਕਿ ਉਹ ਕਾਫੀ ਸਖ਼ਤ ਸੁਭਾਅ ਵਾਲੇ ਹਨ ਅਤੇ ਕਦੇ ਹੱਸਦੇ ਨਹੀਂ।ਇੱਕ ਹੋਰ ਆਗੂ ਦਾ ਨਾਂ ਟਕਟਕੋ (ਗਿੱਧ) ਹੈ, ਉਹ ਮਜ਼ਾਕੀਆ ਹਨ, ਖੂਬ ਹੱਸਦੇ ਹਨ ਅਤੇ ਏਜੰਟਾਂ ਨੂੰ ਛੇੜਦੇ ਹਨ।

ਇਨ੍ਹਾਂ ਵਿੱਚ ਇੱਕ ਜਵਾਨ ਔਰਤ ਹੈ ਯੋਮਾਕੋ (ਡ੍ਰੈਗਨ)। ਏਜੰਟਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੈਂਸ ਆਫ਼ ਹਿਊਮਰ ਚੰਗਾ ਹੈ।

ਮਾਸ਼ਕੋ ਪਿਰੋ ਨੂੰ ਬਾਹਰੀ ਦੁਨੀਆਂ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਹੈ ਪਰ ਉਹ ਉਨ੍ਹਾਂ ਏਜੰਟਾਂ ਦੇ ਨਿੱਜੀ ਜੀਵਨ ਵਿੱਚ ਦਿਲਚਸਪੀ ਲੈਂਦੇ ਹਨ ਜਿਨ੍ਹਾਂ ਨਾਲ ਉਹ ਮਿਲਦੇ ਹਨ।

ਜਦੋਂ ਇੱਕ ਏਜੰਟ ਗਰਭਵਤੀ ਹੋਈ ਅਤੇ ਮੈਟਰਨਿਟੀ ਲੀਵ ਤੇ ਗਈ, ਤਾਂ ਮਾਸ਼ਕੋ ਪਿਰੋ ਬੱਚੇ ਦੇ ਖੇਡਣ ਲਈ ਇੱਕ ਰੈਟਲ (ਗਲੇ ਦੀ ਹਾਰ) ਲਿਆਏ, ਜੋ ਹਾਉਲਰ ਬਾਂਦਰ ਦੇ ਦੰਦ ਨਾਲ ਬਣਾਇਆ ਗਿਆ ਸੀ।

ਉਹ ਏਜੰਟਾਂ ਦੇ ਕੱਪੜਿਆਂ ਵਿੱਚ ਦਿਲਚਸਪੀ ਰੱਖਦੇ ਹਨ। ਖ਼ਾਸਕਰ ਲਾਲ ਜਾਂ ਹਰੇ ਰੰਗ ਦੇ ਸਪੋਰਟਸ-ਕੱਪੜਿਆਂ ਵਿੱਚ।

ਐਂਟੋਨੀਓ ਕਹਿੰਦੇ ਹਨ, "ਜਦੋਂ ਅਸੀਂ ਉਨ੍ਹਾਂ ਕੋਲ ਜਾਂਦੇ ਹਾਂ ਤਾਂ ਅਸੀਂ ਪੁਰਾਣੇ, ਫਟੇ ਹੋਏ ਕੱਪੜੇ ਪਹਿਨਦੇ ਹਾਂ ਜਿਨ੍ਹਾਂ ਵਿੱਚ ਬਟਨ ਨਹੀਂ ਹੁੰਦੇ। ਤਾਂ ਜੋ ਉਹ ਕੱਪੜੇ ਨਾ ਲੈ ਜਾਣ।"

ਮਾਸ਼ਕੋ ਪਿਰੋ ਕਬੀਲੇ ਦੇ ਲੋਕ

ਕੰਟਰੋਲ ਪੋਸਟ ਦੇ ਏਜੰਟ ਏਡੂਆਰਡੋ ਪੈਂਚੋ ਪਿਜ਼ਾਰੋ ਕਹਿੰਦੇ ਹਨ, "ਪਹਿਲਾਂ ਉਹ ਆਪਣੇ ਰਵਾਇਤੀ ਕੱਪੜੇ ਪਾਉਂਦੇ ਸਨ। ਕੀੜਿਆਂ ਦੇ ਰੇਸ਼ਿਆਂ ਨਾਲ ਬਣੇ ਸੁੰਦਰ ਸਕਰਟ, ਜੋ ਉਹ ਆਪਣੇ ਆਪ ਬਣਾਉਂਦੇ ਸਨ। ਪਰ ਹੁਣ ਜਦੋਂ ਸੈਲਾਨੀਆਂ ਦੀਆਂ ਕਿਸ਼ਤੀਆਂ ਲੰਘਦੀਆਂ ਹਨ ਤਾਂ ਕੁਝ ਲੋਕ ਉਹਨਾਂ ਤੋਂ ਕੱਪੜੇ ਜਾਂ ਜੁੱਤੇ ਲੈ ਲੈਂਦੇ ਹਨ।"

ਪਰ ਜਦੋਂ ਵੀ ਟੀਮ ਜੰਗਲ ਵਿੱਚ ਉਸਦੀ ਜ਼ਿੰਦਗੀ ਬਾਰੇ ਪੁੱਛਦੀ ਹੈ, ਤਾਂ ਮਾਸ਼ਕੋ ਪੀਰੋ ਬੋਲਣਾ ਬੰਦ ਕਰ ਦਿੰਦਾ ਹੈ।

ਐਂਟੋਨੀਓ ਕਹਿੰਦੇ ਹਨ, "ਇੱਕ ਵਾਰ ਮੈਂ ਪੁੱਛਿਆ ਕਿ ਉਹ ਅੱਗ ਕਿਵੇਂ ਜਲਾਉਂਦੇ ਹਨ? ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਕੋਲ ਲੱਕੜ ਹੈ ਤਾਂ ਤੁਹਾਨੂੰ ਪਤਾ ਹੀ ਹੈ। ਮੈਂ ਜਾਣਨ ਲਈ ਜ਼ੋਰ ਦਿੱਤਾ ਤਾਂ ਕਹਿਣ ਲੱਗੇ ਕਿ ਤੁਹਾਡੇ ਕੋਲ ਤਾਂ ਇਹ ਸਾਰੀਆਂ ਚੀਜ਼ਾਂ ਹਨ ਫਿਰ ਜਾਣਨਾ ਕਿਉਂ ਚਾਹੁੰਦੇ ਹੋ?"

ਜੇ ਕੋਈ ਵਿਅਕਤੀ ਲੰਬੇ ਸਮੇਂ ਤੱਕ ਨਹੀਂ ਦਿੱਸਦਾ, ਤਾਂ ਏਜੰਟ ਪੁੱਛਦੇ ਹਨ ਕਿ ਉਹ ਕਿੱਥੇ ਹੈ।ਜੇ ਮਾਸ਼ਕੋ ਪਿਰੋ ਕਹਿੰਦੇ ਹਨ, "ਪੁੱਛੋ ਨਾ," ਤਾਂ ਏਜੰਟ ਸਮਝ ਲੈਂਦੇ ਹਨ ਕਿ ਉਹ ਵਿਅਕਤੀ ਹੁਣ ਇਸ ਦੁਨੀਆ ਵਿੱਚ ਨਹੀਂ।

ਕਿੱਥੋਂ ਆਏ ਇਹ ਲੋਕ?

ਮਾਸ਼ਕੋ ਪਿਰੋ ਕਬੀਲੇ ਦੇ ਲੋਕ

ਤਸਵੀਰ ਸਰੋਤ, Fenamad

ਤਸਵੀਰ ਕੈਪਸ਼ਨ, ਇਹ ਕਬੀਲਾ ਕਿੱਥੋਂ ਆਇਆ, ਇਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ

ਸਾਲਾਂ ਦੇ ਸੰਪਰਕ ਦੇ ਬਾਵਜੂਦ ਏਜੰਟ ਹਾਲੇ ਵੀ ਨਹੀਂ ਜਾਣਦੇ ਕਿ ਮਾਸ਼ਕੋ ਪਿਰੋ ਕਿਵੇਂ ਰਹਿੰਦੇ ਹਨ ਜਾਂ ਉਹ ਜੰਗਲ ਵਿੱਚ ਹੀ ਕਿਉਂ ਰਹਿਣਾ ਚਾਹੁੰਦੇ ਹਨ।

ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਉਨ੍ਹਾਂ ਆਦਿਵਾਸੀ ਲੋਕਾਂ ਦੇ ਵੰਸ਼ਜ ਹੋ ਸਕਦੇ ਹਨ ਜੋ ਕਥਿਤ ਰਬੜ ਬੈਰਨ ਸ਼ੋਸ਼ਣ ਅਤੇ ਅਤੇ ਕਤਲੇਆਮ ਤੋਂ ਬਚਣ ਲਈ 19ਵੀਂ ਸਦੀ ਦੇ ਅੰਤ ਵਿੱਚ ਸੰਘਣੇ ਜੰਗਲਾਂ ਵਿੱਚ ਭੱਜ ਗਏ ਸਨ।

ਮਾਹਿਰਾਂ ਦਾ ਮੰਨਣਾ ਹੈ ਕਿ ਮਾਸ਼ਕੋ ਪਿਰੋ ਸ਼ਾਇਦ ਪੇਰੂ ਦੇ ਦੱਖਣ-ਪੂਰਬੀ ਹਿੱਸੇ ਦੇ ਯੀਨ ਆਦਿਵਾਸੀ ਸਮੁਦਾਇ ਨਾਲ ਨੇੜਲਾ ਸੰਬੰਧ ਰੱਖਦੇ ਹਨ।

ਉਹ ਉਸੇ ਭਾਸ਼ਾ ਦਾ ਇੱਕ ਪੁਰਾਣਾ ਰੂਪ ਬੋਲਦੇ ਹਨ, ਜਿਸ ਨੂੰ ਯੀਨ ਸਮੁਦਾਇ ਨਾਲ ਸਬੰਧਤ ਏਜੰਟ ਸਿੱਖ ਸਕੇ ਹਨ।

ਪਰ ਯੇਨ ਲੰਬੇ ਸਮੇਂ ਤੋਂ ਦਰਿਆਈ ਕਿਸ਼ਤੀਆਂ ਚਲਾਉਣ ਵਾਲੇ, ਕਿਸਾਨ ਅਤੇ ਮਛੇਰੇ ਰਹੇ ਹਨ, ਜਦਕਿ ਮਾਸ਼ਕੋ ਪਿਰੋ ਇਹ ਸਭ ਭੁੱਲ ਚੁੱਕੇ ਹਨ।

ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਖਾਨਾਬਦੋਸ਼ ਅਤੇ ਸ਼ਿਕਾਰ ਇਕੱਠਾ ਕਰਨ ਵਾਲੀ ਜੀਵਨਸ਼ੈਲੀ ਅਪਣਾਈ ਹੋਵੇ।

ਐਂਟੋਨੀਓ ਕਹਿੰਦੇ ਹਨ, "ਹੁਣ ਮੈਂ ਸਮਝਦਾ ਹਾਂ ਕਿ ਉਹ ਕਿਸੇ ਖੇਤਰ ਵਿੱਚ ਕੁਝ ਸਮੇਂ ਲਈ ਰੁੱਕਦੇ ਹਨ, ਇੱਕ ਕੈਂਪ ਲਗਾਉਂਦੇ ਹਨ ਅਤੇ ਪੂਰਾ ਪਰਿਵਾਰ ਉੱਥੇ ਇਕੱਠਾ ਹੋ ਜਾਂਦਾ ਹੈ। ਜਦੋਂ ਉਹ ਉਸ ਖੇਤਰ ਦੇ ਆਲੇ ਦੁਆਲੇ ਹਰ ਚੀਜ਼ ਦਾ ਸ਼ਿਕਾਰ ਕਰ ਲੈਂਦੇ ਹਨ ਤਾਂ ਉਹ ਕਿਸੇ ਹੋਰ ਜਗ੍ਹਾ ਚਲੇ ਜਾਂਦੇ ਹਨ।"

ਫੇਮੀਨਾਡ ਦੇ ਇਜ਼ਰਾਈਲ ਅਕਵੇਸ ਦਾ ਕਹਿਣਾ ਹੈ ਕਿ ਹੁਣ ਤੱਕ 100 ਤੋਂ ਵੱਧ ਲੋਕ ਵੱਖ-ਵੱਖ ਸਮਿਆਂ 'ਤੇ ਕੰਟਰੋਲ ਪੋਸਟ 'ਤੇ ਪਹੁੰਚ ਚੁੱਕੇ ਹਨ।

"ਉਹ ਆਪਣੇ ਭੋਜਨ ਵਿੱਚ ਬਦਲਾਅ ਲਿਆਉਣ ਲਈ ਕੇਲੇ ਅਤੇ ਕਸਾਵਾ ਮੰਗਦੇ ਹਨ। ਪਰ ਕੁਝ ਪਰਿਵਾਰ ਇਸ ਤੋਂ ਬਾਅਦ ਮਹੀਨਿਆਂ ਜਾਂ ਸਾਲਾਂ ਤੱਕ ਗਾਇਬ ਹੋ ਜਾਂਦੇ ਹਨ।"

ਉਨ੍ਹਾਂ ਦਾ ਕਹਿਣਾ ਹੈ, "ਉਹ ਬੱਸ ਕਹਿੰਦੇ ਹਨ ਕਿ 'ਮੈਂ ਕੁਝ ਮਹੀਨਿਆਂ ਲਈ ਜਾ ਰਿਹਾ ਹਾਂ, ਫਿਰ ਵਾਪਸ ਆਵਾਂਗਾ' ਅਤੇ ਫਿਰ ਅਲਵਿਦਾ ਕਹਿ ਦਿੰਦੇ ਹਨ।"

ਇਸ ਖੇਤਰ ਦੇ ਮਾਸ਼ਕੋ ਪਿਰੋ ਚੰਗੀ ਤਰ੍ਹਾਂ ਸੁਰੱਖਿਅਤ ਹਨ, ਪਰ ਸਰਕਾਰ ਇੱਕ ਸੜਕ ਬਣਾ ਰਹੀ ਹੈ ਜੋ ਇਸ ਖੇਤਰ ਨੂੰ ਗੈਰਕਾਨੂੰਨੀ ਖਣਨ ਵਾਲੇ ਇਲਾਕੇ ਨਾਲ ਜੋੜ ਦੇਵੇਗੀ।

ਪਰ ਏਜੰਟਾਂ ਲਈ ਇਹ ਸਪੱਸ਼ਟ ਹੈ ਕਿ ਮਾਸ਼ਕੋ ਪਿਰੋ ਬਾਹਰੀ ਦੁਨੀਆਂ ਨਾਲ ਜੁੜਨਾ ਨਹੀਂ ਚਾਹੁੰਦੇ।

ਐਂਟੋਨਿਓ ਕਹਿੰਦੇ ਹਨ, "ਇਸ ਅਹੁਦੇ 'ਤੇ ਮੇਰਾ ਤਜਰਬਾ ਮੈਨੂੰ ਦੱਸਦਾ ਹੈ ਕਿ ਉਹ 'ਸੱਭਿਆਚਾਰੀ' ਨਹੀਂ ਬਣਨਾ ਚਾਹੁੰਦੇ। ਹੋ ਸਕਦਾ ਬੱਚੇ ਅਜਿਹਾ ਚਾਹੁਣ, ਜਦੋਂ ਉਹ ਵੱਡੇ ਹੋਣ ਅਤੇ ਸਾਨੂੰ ਕੱਪੜੇ ਪਹਿਨੇ ਵੇਖਣ। ਸ਼ਾਇਦ 10 ਜਾਂ 20 ਸਾਲਾਂ ਵਿੱਚ। ਪਰ ਵੱਡੇ ਨਹੀਂ। ਉਹ ਤਾਂ ਸਾਨੂੰ ਇੱਥੇ ਵੀ ਨਹੀਂ ਚਾਹੁੰਦੇ।"

ਸਾਲ 2016 ਵਿੱਚ ਸਰਕਾਰ ਨੇ ਇੱਕ ਬਿੱਲ ਪਾਸ ਕੀਤਾ ਸੀ ਜਿਸ ਵਿੱਚ ਮਾਸ਼ਕੋ ਪਿਰੋ ਦੇ ਰਿਜ਼ਰਵ ਖੇਤਰ ਨੂੰ ਵਧਾ ਕੇ ਨੂਏਵਾ ਓਸੇਨੀਆ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਸੀ। ਹਾਲਾਂਕਿ ਇਹ ਬਿੱਲ ਅਜੇ ਤੱਕ ਕਾਨੂੰਨ ਨਹੀਂ ਬਣ ਸਕਿਆ।

ਟੋਮਾਸ ਕਹਿੰਦੇ ਹਨ, "ਸਾਨੂੰ ਚਾਹੀਦਾ ਹੈ ਕਿ ਉਹ ਵੀ ਸਾਡੀ ਤਰ੍ਹਾਂ ਆਜ਼ਾਦ ਰਹਿਣ। ਅਸੀਂ ਜਾਣਦੇ ਹਾਂ ਕਿ ਉਹ ਸਾਲਾਂ ਤੱਕ ਸ਼ਾਂਤੀਪੂਰਨ ਜੀਵਨ ਜੀਵਦੇ ਰਹੇ ਹਨ ਤੇ ਹੁਣ ਉਹਨਾਂ ਦੇ ਜੰਗਲ ਖ਼ਤਮ ਕੀਤੇ ਜਾ ਰਹੇ ਹਨ, ਬਰਬਾਦ ਕੀਤੇ ਜਾ ਰਹੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)