ਸਿੱਖ ਕੈਦੀਆਂ ਦੀ ਰਿਹਾਈ ਲਈ ਸ਼ੰਭੂ ਬਾਰਡਰ 'ਤੇ ਕੌਮੀ ਇਨਸਾਫ਼ ਮੋਰਚੇ ਦਾ ਮੁਜ਼ਾਹਰਾ ਹੋਇਆ ਖ਼ਤਮ

ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ੰਭੂ ਮੋਰਚੇ ਉੱਤੇ ਕੀਤਾ ਜਾ ਰਿਹਾ ਮੁਜ਼ਾਹਰਾ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ ਹੈ।
ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ 14 ਨਵੰਬਰ ਨੂੰ ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਅਤੇ ਉਸ ਮਗਰੋਂ ਦਿੱਲੀ ਵੱਲ ਕੂਚ ਦਾ ਐਲਾਨ ਕੀਤਾ ਹੋਇਆ ਸੀ।
ਇਸ ਮੋਰਚੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਦੇ ਆਗੂ ਸਾਥ ਦੇਣ ਲਈ ਪਹੁੰਚੇ ਸਨ।
ਮੋਰਚੇ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਅਲਰਟ ਤੇ ਸੀ ਅਤੇ ਸ਼ੰਭੂ ਬਾਰਡਰ 'ਤੇ ਬੈਰੀਕੇਡਿੰਗ ਕੀਤੀ ਗਈ ਸੀ ਤਾਂ ਜੋ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ।
ਬੀਬੀਸੀ ਸਹਿਯੋਗੀ ਨਵਜੋਤ ਕੌਰ ਦੇ ਮੁਤਾਬਕ 12 ਵਜੇ ਸ਼ੰਭੂ ਬਾਰਡਰ ਉੱਤੇ ਮੁਜ਼ਾਹਰਾ ਸ਼ੁਰੂ ਕੀਤਾ ਗਿਆ ਸੀ, 4 ਵਜੇ ਕੇਂਦਰ ਦੇ ਨੁਮਾਇੰਦੇ ਆਏ ਸਨ ਜਿਨ੍ਹਾਂ ਨੂੰ ਮੋਰਚੇ ਦੇ ਆਗੂਆਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ।
ਇਸ ਮਗਰੋਂ ਇਹ ਫ਼ੈਸਲਾ ਕੀਤਾ ਗਿਆ ਕਿ ਮੁਜ਼ਾਹਰਾ ਇੱਥੇ ਹੀ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਸ਼ੰਭੂ ਬਾਰਡਰ ਖਾਲੀ ਕਰ ਦਿੱਤਾ ਜਾਵੇਗਾ।
ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਦਿੱਲੀ ਪਹੁੰਚ ਕੇ ਉਹ ਸ਼ਾਂਤਮਈ ਢੰਗ ਨਾਲ ਇਨਸਾਫ਼ ਮਾਰਚ ਕੱਢਣਗੇ ਅਤੇ ਸਿੱਖ ਕੈਦੀਆਂ ਅਤੇ ਹੋਰ ਕੈਦੀਆਂ, ਜਿਨ੍ਹਾਂ ਨੂੰ ਬਿਨਾਂ ਐੱਫਰਆਈਆਰ ਦਰਜ ਕੀਤੇ ਜਾਂ ਸਜ਼ਾ ਪੂਰੀ ਹੋਣ 'ਤੇ ਵੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ, ਦੀ ਰਿਹਾਈ ਦੀ ਮੰਗ ਕਰਨਗੇ।
ਕੌਮੀ ਇਨਸਾਫ਼ ਮੋਰਚੇ ਦੀ ਟੀਮ ਦੇ ਮੈਂਬਰ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਇਸ ਮੁਜ਼ਾਹਰੇ ਵਿੱਚ ਕਰੀਬ 20,000 ਹਜ਼ਾਰ ਲੋਕਾਂ ਦਾ ਇਕੱਠ ਹੋਇਆ।
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਅਜਿਹੇ ਮੰਗ ਪੱਤਰ ਕਈ ਵਾਰ ਦਿੱਤੇ ਜਾ ਚੁੱਕੇ ਹਨ ਉਨ੍ਹਾਂ ਨੂੰ ਇਸ ਨਾਲ ਸੰਤੁਸ਼ਟੀ ਨਹੀਂ ਹੈ ਪਰ ਉਹ ਫਿਲਹਾਲ ਵਾਪਸ ਜਾ ਰਹੇ ਹਨ।
ਸ਼ੰਭੂ ਬਾਰਡਰ ਉੱਤੇ ਕੀ ਸੀ ਸਥਿਤੀ

ਤਸਵੀਰ ਸਰੋਤ, Mayank Moongia/BBC
ਸ਼ੰਭੂ ਬਾਰਡਰ ਉੱਤੇ ਪੰਜਾਬ ਵਾਲੇ ਪਾਸਿਓਂ ਭਾਰੀ ਪੁਲਿਸ ਫੋਰਸ ਤਾਇਨਾਤ ਸੀ।
ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਮੁਤਾਬਕ, ਪੁਲਿਸ ਨੇ ਹਰਿਆਣਾ-ਪੰਜਾਬ ਸਰਹੱਦ 'ਤੇ ਸ਼ੰਭੂ ਬਾਰਡਰ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ।
ਪੁਲਿਸ ਸਵੇਰੇ 6 ਵਜੇ ਤੋਂ ਹੀ ਬਾਰਡਰ ਨੂੰ ਬੰਦ ਕਰਨ ਦਾ ਕੰਮ ਕਰ ਰਹੀ ਸੀ ਅਤੇ ਅੰਬਾਲਾ ਪੁਲਿਸ ਵੱਲੋਂ ਸੀਮਿੰਟ ਵਾਲੇ ਬੈਰੀਕੇਡ ਲਗਾਏ ਜਾ ਰਹੇ ਹਨ।
ਦੋ ਅੱਥਰੂ ਗੈਸ ਗੱਡੀਆਂ ਅਤੇ ਪਾਣੀ ਦੀਆਂ ਤੋਪਾਂ ਵੀ ਬਾਰਡਰ 'ਤੇ ਤਾਇਨਾਤ ਕੀਤੀਆਂ ਗਈਆਂ ਹਨ।
ਪ੍ਰਦਰਸ਼ਨ ਦੀ ਕਾਲ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਵੱਲੋਂ ਟ੍ਰੈਫਿਕ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਸੀ ਅਤੇ ਕੁਝ ਰਸਤਿਆਂ ਵਿੱਚ ਤਬਦੀਲੀਆਂ ਵੀ ਕੀਤੀਆਂ ਗਈਆਂ ਸਨ।
ਡੀਐਸਪੀ ਅੰਬਾਲਾ, ਰਮੇਸ਼ ਕੁਮਾਰ ਨੇ ਦੱਸਿਆ ਸੀ, ''ਪੰਜਾਬ ਦੇ ਕੁਝ ਸੰਗਠਨਾਂ ਵੱਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਸੀ। ਉਹ ਅੱਜ ਸ਼ੰਭੂ ਬਾਰਡਰ 'ਤੇ ਇਕੱਠੇ ਹੋਣਗੇ। ਇਸ ਕਾਰਨ ਅਹਿਤਿਆਤ ਵਰਤਦੇ ਹੋਏ ਅਸੀਂ ਰੂਟ ਡਾਈਵਰਟ ਕੀਤੇ ਹਨ ਹੈ।''
'ਸਰਕਾਰਾਂ ਇਕੱਠ ਤੋਂ ਡਰਦੀਆਂ ਹਨ'

ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਨੇ ਬੀਬੀਸੀ ਸਹਿਯੋਗੀ ਨਵਜੋਤ ਕੌਰ ਨਾਲ ਗੱਲਬਾਤ ਦੌਰਾਨ ਕਿਹਾ ਸੀ, ''ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 7 ਜਨਵਰੀ 2023 ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਤੇ ਚੰਡੀਗੜ੍ਹ ਵਿਚਕਾਰ ਕੌਮੀ ਇਨਸਾਫ਼ ਮੋਰਚਾ ਲੱਗਾ ਹੋਇਆ ਹੈ। ਪਰ ਸਰਕਾਰਾਂ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਤਿਆਰ ਨਹੀਂ। ਉਹ ਦੁੱਗਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।''
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੀਸ ਗੰਜ ਸਾਹਿਬ ਦਿੱਲੀ ਜਾ ਕੇ ਨਤਮਸਤਕ ਹੋਣ ਦਾ ਪ੍ਰੋਗਰਾਮ ਸੀ।
ਉਨ੍ਹਾਂ ਕਿਹਾ ਸੀ, ''ਅੱਜ ਜਿਸ ਤਰ੍ਹਾਂ ਸਰਕਾਰਾਂ ਨੇ ਸੜਕਾਂ ਬੰਦ ਕੀਤੀਆਂ, ਬੈਰੀਕੇਡਿੰਗ ਕੀਤੀ ਗਈ, ਇਹ ਦਹਿਸ਼ਤ ਪੈਦਾ ਕਰ ਰਹੇ।''
ਕਿਸਾਨ ਆਗੂਆਂ ਨੇ ਕੀ ਕਿਹਾ ਸੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਮੈਂਬਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੀ ਕਾਲ ਹੈ ਕਿ ਉਹ ਗੁਰੂ ਸਾਹਿਬ ਦੇ ਸਾਢੇ ਤਿੰਨ ਸੌ ਸਾਲਾ ਸ਼ਹੀਦੀ ਪੂਰਬ 'ਤੇ ਵੱਖ-ਵੱਖ ਸਿੱਖ ਕੈਦੀਆਂ ਦੀ ਰਿਹਾਈ ਤੇ ਦੇਸ਼ ਦੇ ਵੱਖ-ਵੱਖ ਵਿਚਾਰਾਂ ਦੇ ਲੋਕ ਜੋ ਆਪਣੀ ਕੈਦ ਪੂਰੀ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਲਈ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਦੱਸਿਆ ਸੀ, ''ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦਾ ਜਥਾ ਸ਼ੰਭੂ ਬਾਰਡਰ ਲਈ ਰਵਾਨਾ ਹੋ ਚੁੱਕਿਆ ਹੈ।''
''ਇੰਝ ਲੱਗਦਾ ਹੈ ਕਿ ਸ਼ਾਂਤਮਈ ਢੰਗ ਨਾਲ ਮਾਰਚ ਕਰਕੇ ਮੰਗ ਪੱਤਰ ਦੇਣ ਦੀ ਗੱਲ ਨੂੰ ਵੀ ਸਰਕਾਰ ਗਵਾਰਾ ਨਹੀਂ ਸਮਝ ਰਹੀ, ਇਹ ਧੱਕਾ ਕੀਤਾ ਜਾ ਰਿਹਾ ਹੈ।''
ਇਸ ਦੇ ਨਾਲ ਹੀ ਬਿਜਲੀ ਸੋਧ ਬਿੱਲ 2025 ਬਾਰੇ ਉਨ੍ਹਾਂ ਕਿਹਾ ਸੀ ਕਿ ਉਹ 15, 16 ਅਤੇ 17 ਨਵੰਬਰ ਨੂੰ ਪੰਜਾਬ ਭਰ ਵਿੱਚ ਅਰਥੀ ਫੂਕ ਮੁਜ਼ਾਹਰੇ ਕਰਨਗੇ।

ਇਸ ਬਾਰੇ ਸੰਗਰੂਰ ਵਿੱਚ ਵੀ ਪ੍ਰਦਰਸ਼ਨ ਚੱਲ ਰਿਹਾ ਹੈ।
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਕੁਝ ਸ਼ਖ਼ਸ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਜਾਂ ਫਿਰ ਜਿੰਨਾਂ ਤੇ ਹੁਣ ਤੱਕ ਕੋਈ ਵੀ ਮਾਮਲਾ ਜਾਂ ਐਫ ਆਈਆਰ ਦਰਜ ਨਹੀਂ ਹੋਈ ਹੈ, ਉਨ੍ਹਾਂ ਨੂੰ ਸਰਕਾਰਾਂ ਵੱਲੋਂ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਧਰਨੇ ਰਾਹੀਂ ਉਹ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਅਜਿਹੇ ਕੈਦੀਆਂ ਦੀ ਜਲਦ ਤੋਂ ਜਲਦ ਰਿਹਾਈ ਕੀਤੀ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀ ਉਨ੍ਹਾਂ ਨਾਲ ਡੱਟ ਕੇ ਖੜ੍ਹੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।
ਕੀ ਹੈ ਕੌਮੀ ਇਨਸਾਫ਼ ਮੋਰਚਾ

ਤਸਵੀਰ ਸਰੋਤ, SGPC/Twitter
ਕੌਮੀ ਇਨਸਾਫ਼ ਮੋਰਚਾ ਦੇ ਬੈਨਰ ਹੇਠ ਸਿੱਖ ਕੈਦੀਆਂ ਦੀ ਰਿਹਾਈ ਲਈ ਮੰਗ ਕੀਤੀ ਜਾ ਰਹੀ ਹੈ। ਇਸ ਮੋਰਚੇ ਨਾਲ ਜੁੜੇ ਆਗੂਆਂ ਅਤੇ ਲੋਕਾਂ ਦੀਆਂ ਮੰਗਾਂ ਮੁੱਖ ਮੰਗਾਂ ਵਿੱਚ 1995 ਵਿੱਚ ਇੱਕ ਬੰਬ ਧਮਾਕੇ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਦੇ ਦੋਸ਼ੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਵੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿੱਖ ਕੈਦੀ, ਜਿੰਨ੍ਹਾਂ ਨੂੰ ਉਹ ਬੰਦੀ ਸਿੰਘਾਂ ਦਾ ਨਾਂ ਦਿੰਦੇ ਹਨ, ਸਜ਼ਾ ਪੂਰੀ ਕਰਨ ਦੇ ਬਾਵਜੂਦ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ।
ਉਹ ਫ਼ਰੀਦਕੋਟ ਵਿੱਚ 2015 ਦੀ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀ ਇਨਸਾਫ਼ ਦੀ ਮੰਗ ਕਰ ਰਹੇ ਹਨ।
ਕੌਣ ਹਨ ਉਹ ਸਿੱਖ ਕੈਦੀ ਜਿਨ੍ਹਾਂ ਦੀ ਰਿਹਾਈ ਦੀ ਮੰਗ ਕਰਦਾ ਰਿਹਾ ਹੈ ਕੌਮੀ ਇਨਸਾਫ਼ ਮੋਰਚਾ
ਦਵਿੰਦਰ ਪਾਲ ਸਿੰਘ ਭੁੱਲਰ

ਤਸਵੀਰ ਸਰੋਤ, Getty Images
ਦਵਿੰਦਰ ਪਾਲ ਸਿੰਘ ਭੁੱਲਰ 1995 ਤੋਂ ਜੇਲ੍ਹ ਵਿਚ ਬੰਦ ਹਨ ਤੇ ਫ਼ਿਲਹਾਲ ਅੰਮ੍ਰਿਤਸਰ ਜੇਲ੍ਹ ਵਿੱਚ ਹਨ।
ਦਵਿੰਦਰ ਪਾਲ ਸਿੰਘ ਭੁੱਲਰ ਨੂੰ 1993 ਵਿੱਚ ਦਿੱਲੀ ਵਿੱਚ ਬੰਬ ਧਮਾਕਾ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਵਿੱਚ 9 ਲੋਕ ਮਾਰੇ ਗਏ ਸਨ ਤੇ ਉਸ ਸਮੇਂ ਦੇ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਸਮੇਤ ਕਈ ਹੋਰ ਜ਼ਖ਼ਮੀ ਹੋਏ ਸਨ।
ਉਨ੍ਹਾਂ ਨੂੰ 1995 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2001 ਵਿੱਚ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਖ਼ਰਾਬ ਸਿਹਤ ਦੇ ਆਧਾਰ 'ਤੇ 2014 ਵਿੱਚ ਉਮਰ ਕੈਦ ਵਿੱਚ ਬਦਲ ਦਿੱਤਾ ਸੀ।
ਜਗਤਾਰ ਸਿੰਘ ਹਵਾਰਾ

ਜਗਤਾਰ ਸਿੰਘ ਹਵਾਰਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਦਸੰਬਰ 1995 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਸਾਲ 2007 ਵਿਚ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪਰ ਸਾਲ 2010 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ।
ਪਰ ਨਾਲ ਹੀ ਇਹ ਵੀ ਹੁਕਮ ਦਿੱਤੇ ਕਿ ਆਖ਼ਰੀ ਸਾਹ ਤਕ ਬਾਕੀ ਜ਼ਿੰਦਗੀ ਉਹ ਜੇਲ੍ਹ ਵਿਚ ਰਹਿਣਗੇ। ਅਦਾਲਤ ਦਾ ਮੰਨਣਾ ਸੀ ਕਿ ਉਮਰ ਕੈਦ ਦੀ ਸਜ਼ਾ 14 ਸਾਲ ਵਿਚ ਖ਼ਤਮ ਹੋ ਜਾਂਦੀ ਹੈ ਜੋ ਕਿ ਉਨ੍ਹਾਂ ਲਈ ਘੱਟ ਹੈ, ਜਦਕਿ ਫਾਂਸੀ ਦੀ ਸਜ਼ਾ ਦੇ ਵੀ ਉਹ ਹੱਕਦਾਰ ਨਹੀਂ ਹਨ।
ਇਸ ਤੋਂ ਬਾਅਦ ਸੀਬੀਆਈ ਨੇ ਇਸ ਹੁਕਮ ਦੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁੱਖ ਕੀਤਾ। ਹਵਾਰਾ ਨੇ ਵੀ ਆਪਣੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਦੋਵੇਂ ਅਪੀਲਾਂ ਅਜੇ ਪੈਂਡਿੰਗ ਹਨ।
ਹਵਾਰਾ ਬਾਰੇ ਅਦਾਲਤ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਕਤਲ ਲਈ ਦੋਸ਼ੀਆਂ ਨੂੰ ਪ੍ਰੇਰਿਤ ਕੀਤਾ, ਉਸ ਲਈ ਲੋੜੀਂਦਾ ਪ੍ਰਬੰਧ ਕੀਤਾ, ਖ਼ਰਚੇ ਜਾਣ ਵਾਲੇ ਪੈਸੇ ਹਾਸਿਲ ਕੀਤੇ, ਉਨ੍ਹਾਂ ਥਾਵਾਂ ਦਾ ਪ੍ਰਬੰਧ ਕੀਤਾ ਜਿੱਥੇ ਉਹ ਅਤੇ ਹੋਰ ਸਹਿ-ਦੋਸ਼ੀ ਠਹਿਰੇ ਅਤੇ ਆਰਡੀਐਕਸ ਖ਼ਰੀਦੇ ਤੇ ਛੁਪਾਏ।
ਸੀਬੀਆਈ ਦੇ ਵਕੀਲ ਦੀ ਇਸ ਦਲੀਲ ਨੂੰ ਵੀ ਸਹੀ ਠਹਿਰਾਇਆ ਗਿਆ ਸੀ ਕਿ "ਉਹ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਦੇ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਸੀ। ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਸਭ ਨੇ ਕੀਤੀ। ਉਨ੍ਹਾਂ ਨੇ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਬਣਨ ਲਈ ਪ੍ਰੇਰਿਆ।"
ਅੰਡਰ ਟਰਾਇਲ ਵਜੋਂ ਹਵਾਰਾ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਸੀ। ਜਨਵਰੀ 2004 ਵਿੱਚ, ਉਹ ਕੁਝ ਹੋਰ ਕੈਦੀਆਂ ਦੇ ਨਾਲ ਇੱਕ 95 ਫੁੱਟ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਇੱਕ ਸਨਸਨੀਖ਼ੇਜ਼ ਤਰੀਕੇ ਨਾਲ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ।
ਪਰ ਹਵਾਰਾ ਨੂੰ ਜੂਨ 2005 ਵਿੱਚ ਦਿੱਲੀ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਸੀ। ਉਹ ਉਦੋਂ ਤੋਂ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ।
ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਵਿਚੋਂ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਵਕੀਲ ਦਿਲਸ਼ੇਰ ਸਿੰਘ ਨੇ ਕਿਹਾ ਸੀ, "ਅਸੀਂ ਦਲੀਲ ਇਹ ਦਿੰਦੇ ਹਾਂ ਕਿ ਜੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਨੂੰ ਕਿਉਂ ਨਹੀਂ।"
ਗੁਰਮੀਤ ਸਿੰਘ ਉਰਫ਼ ਮੀਤਾ

ਤਸਵੀਰ ਸਰੋਤ, Kaumi Insaaf Morcha
ਗੁਰਮੀਤ ਸਿੰਘ ਉੱਤੇ ਇਹ ਦੋਸ਼ ਸੀ ਕਿ ਉਨ੍ਹਾਂ ਨੇ ਬੇਅੰਤ ਸਿੰਘ ਦੇ ਕਤਲ ਲਈ ਪਹਿਨੀ ਗਈ ਵਿਸਫੋਟਕ ਬੈਲਟ ਤਿਆਰ ਕਰਨ ਵਿੱਚ ਮਦਦ ਕੀਤੀ ਸੀ। ਉਹ ਸਤੰਬਰ 1995 ਵਿੱਚ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਸੀ।
ਸਾਲ 2007 ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਗੁਰਮੀਤ ਸਿੰਘ ਇਲੈਕਟ੍ਰਾਨਿਕ ਇੰਜੀਨੀਅਰ ਹਨ। ਬੇਅੰਤ ਸਿੰਘ ਕੇਸ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ, ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਬੈਲਟ-ਬੰਬ ਦੇ ਸਰਕਟ ਦੀ ਜਾਂਚ ਕੀਤੀ ਅਤੇ ਉਸ ਵਿਚ ਜ਼ਰੂਰੀ ਸੁਧਾਰ ਕੀਤੇ।
ਉਨ੍ਹਾਂ ਕੋਲੋਂ ਬੰਬ ਤਿਆਰ ਕਰਨ ਲਈ ਵਰਤੇ ਜਾਂਦੇ ਅਖ਼ਬਾਰਾਂ ਦੇ ਟੁਕੜੇ, ਕਾਰਡ-ਬਾਕਸ ਆਦਿ ਬਰਾਮਦ ਹੋਏ ਸੀ।
2022 ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਗੁਰਮੀਤ ਸਿੰਘ ਦੀ ਜੇਲ੍ਹ ਤੋਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।
ਇਹ ਫ਼ੈਸਲਾ ਪਟਿਆਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਮਿਲੀ ਰਿਪੋਰਟ ਤੋਂ ਬਾਅਦ ਲਿਆ ਗਿਆ ਕਿ ਗੁਰਮੀਤ ਦੀ ਰਿਹਾਈ ਸੂਬੇ ਦੇ ਸ਼ਾਂਤਮਈ ਮਾਹੌਲ ਲਈ ਠੀਕ ਨਹੀਂ ਹੈ। ਉਹ ਕਈ ਵਾਰ ਪੈਰੋਲ ਉੱਤੇ ਵੀ ਰਹਿ ਚੁੱਕੇ ਹਨ।
ਗੁਰਦੀਪ ਸਿੰਘ ਖੇੜਾ

ਸਾਲ 1990 ਵਿਚ ਉਨ੍ਹਾਂ ਨੂੰ ਕਰਨਾਟਕ ਦੇ ਇੱਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਕਿਉਂਕਿ ਉਨ੍ਹਾਂ ਦਾ ਪਿੰਡ ਅੰਮ੍ਰਿਤਸਰ ਜੇਲ੍ਹ ਵਿਚ ਪੈਂਦਾ ਹੈ ਉਨ੍ਹਾਂ ਨੂੰ ਇੱਥੇ ਭੇਜ ਦਿੱਤਾ ਗਿਆ।
ਵਕੀਲ ਦਿਲਸ਼ੇਰ ਸਿੰਘ ਦਾ ਕਹਿਣਾ ਹੈ ਕਿ ਜਿੰਨ੍ਹਾਂ ਦੀ ਅਸੀਂ ਰਿਹਾਈ ਦੀ ਮੰਗ ਕਰ ਰਹੇ ਹਾਂ ਉਨ੍ਹਾਂ ਵਿਚੋਂ ਸਭ ਤੋਂ ਵੱਧ ਲੰਬਾ ਸਮਾਂ ਗੁਰਦੀਪ ਸਿੰਘ ਖੇੜਾ ਦਾ ਹੈ।
ਉਹ 32 ਸਾਲਾਂ ਤੋਂ ਜੇਲ੍ਹ ਵਿਚ ਹਨ। ਉਨ੍ਹਾਂ ਦੇ ਖ਼ਿਲਾਫ਼ ਇੱਕ ਦਿੱਲੀ ਦਾ ਕੇਸ ਹੈ ਤੇ ਇੱਕ ਕਰਨਾਟਕ ਦਾ।
ਪਹਿਲਾਂ ਦਿੱਲੀ ਵਾਲੇ ਕੇਸ ਵਿਚ ਸਜ਼ਾ ਹੋਈ ਤੇ ਬਾਅਦ ਵਿਚ ਕਰਨਾਟਕ ਵਾਲੇ ਮਾਮਲੇ ਵਿਚ। ਪਰ ਉਨ੍ਹਾਂ ਦਾ ਦਾਅਵਾ ਹੈ ਕਿ ਜੱਜ ਨੇ ਸਾਫ਼ ਕੀਤਾ ਸੀ ਕਿ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।
ਵਕੀਲ ਦਿਲਸ਼ੇਰ ਸਿੰਘ ਦਾ ਕਹਿਣਾ ਹੈ ਕਿ ਕਰਨਾਟਕ ਸਰਕਾਰ ਸਿਰਫ਼ ਇਹ ਚਾਹੁੰਦੀ ਹੈ, "ਪੰਜਾਬ ਦੇ ਮੁੱਖ ਮੰਤਰੀ ਤੋਂ ਲਿਖਤੀ ਤੌਰ 'ਤੇ ਦੇਣ ਕਿ ਗੁਰਮੀਤ ਸਿੰਘ ਨੂੰ ਛੱਡਿਆ ਜਾਵੇ ਜਾਂ ਪੱਕੇ ਤੌਰ ਤੇ ਰਿਹਾਅ ਕੀਤਾ ਜਾਵੇ।"
ਬਲਵੰਤ ਸਿੰਘ ਰਾਜੋਆਣਾ

ਤਸਵੀਰ ਸਰੋਤ, Getty Images
ਇਸ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ, ਰਾਜੋਆਣਾ ਨੂੰ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦਸੰਬਰ 1995 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਧਮਾਕੇ ਵਾਲੇ ਦਿਨ 31 ਅਗਸਤ 1995 ਨੂੰ ਉਹ ਦਿਲਾਵਰ ਸਿੰਘ ਦੇ ਨਾਲ ਸੀ।
ਉਨ੍ਹਾਂ ਨੇ ਕਿਹਾ ਸੀ, "ਮੈਂ ਆਪਣੇ ਹੱਥਾਂ ਨਾਲ ਉਨ੍ਹਾਂ 'ਤੇ ਬੰਬ ਬੰਨ੍ਹਿਆ ਸੀ। ਮੈਨੂੰ ਉਕਤ ਕਤਲ ਵਿੱਚ ਸ਼ਾਮਲ ਹੋਣ ਦਾ ਕੋਈ ਪਛਤਾਵਾ ਨਹੀਂ ਹੈ। ਮੈਨੂੰ ਭਾਈ ਦਿਲਾਵਰ ਦੀ ਕੁਰਬਾਨੀ 'ਤੇ ਮਾਣ ਹੈ ਅਤੇ ਉਨ੍ਹਾਂ ਦੇ ਸਨਮੁੱਖ ਮੇਰਾ ਸਿਰ ਝੁਕਦਾ ਹੈ।"
ਜੋ ਲੋਕ ਬੇਅੰਤ ਸਿੰਘ ਦੇ ਨਾਲ ਧਮਾਕੇ ਵਿਚ ਮਾਰੇ ਗਏ ਉਨ੍ਹਾਂ ਬਾਰੇ ਰਾਜੋਆਣਾ ਨੇ ਕਿਹਾ ਸੀ, "ਆਮ ਜਨਤਾ ਨਾ ਤਾਂ ਸਾਡਾ ਨਿਸ਼ਾਨਾ ਸੀ ਅਤੇ ਨਾ ਹੀ ਸਾਡਾ ਮਨੋਰਥ ਨਿਰਦੋਸ਼ ਲੋਕਾਂ ਨੂੰ ਮਾਰਨਾ ਸੀ।"
ਰਾਜੋਆਣਾ ਨੇ ਆਪਣੀ ਸਜ਼ਾ ਵਿਰੁੱਧ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਤਰਫੋਂ ਰਹਿਮ ਦੀ ਅਪੀਲ ਦਾਇਰ ਕੀਤੀ ਸੀ।
ਅਜੇ ਵੀ ਮਾਮਲਾ ਅਦਾਲਤ ਵਿੱਚ ਪੈਂਡਿੰਗ ਹੈ।
ਸ਼ਮਸ਼ੇਰ ਸਿੰਘ

ਤਸਵੀਰ ਸਰੋਤ, Kaumi Insaaf Morcha
ਸ਼ਮਸ਼ੇਰ ਸਿੰਘ ਨੂੰ ਸਾਲ 1995 ਦੇ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਲ 2007 ਵਿਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਤੇ ਉਹ ਬੁੜੈਲ ਜੇਲ੍ਹ ਵਿੱਚ ਬੰਦ ਹਨ।
ਉਹ ਇੱਕ ਟਰੱਕ ਡਰਾਈਵਰ ਸੀ ਅਤੇ ਇਹ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਆਤਮਘਾਤੀ ਬੰਬ ਧਮਾਕੇ ਵਿੱਚ ਵਰਤੇ ਜਾਣ ਲਈ ਭਾਰਤ-ਪਾਕਿਸਤਾਨ ਸਰਹੱਦ ਤੋਂ ਪਟਿਆਲਾ ਅਤੇ ਰੋਪੜ ਵਿੱਚ ਵਿਸਫੋਟਕ ਸਮੱਗਰੀ ਪਹੁੰਚਾਈ ਸੀ।
ਸ਼ਮਸ਼ੇਰ ਸਿੰਘ ਦੇ ਇਕਬਾਲੀਆ ਬਿਆਨ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਨ੍ਹਾਂ ਦਾ ਕੰਮ ਆਰਡੀਐਕਸ ਮੰਗਵਾਉਣਾ ਸੀ, ਜੋ ਪਾਕਿਸਤਾਨ ਤੋਂ ਵਧਾਵਾ ਸਿੰਘ ਵੱਲੋਂ ਭੇਜਿਆ ਗਿਆ ਸੀ। ਅਜਿਹਾ ਉਨ੍ਹਾਂ ਨੇ ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ 'ਤੇ ਕੀਤਾ ਸੀ।
ਉਨ੍ਹਾਂ ਨੂੰ ਪਹਿਲੀ ਵਾਰ ਦਸੰਬਰ 2013 ਵਿੱਚ ਪੈਰੋਲ ਮਿਲੀ ਸੀ।
ਕੋਵਿਡ ਵੇਲੇ ਉਨ੍ਹਾਂ ਨੂੰ 9 ਮਹੀਨੇ ਦੀ ਸਪੈਸ਼ਲ ਪੈਰੋਲ ਮਿਲੀ ਸੀ। 28 ਦਿਨਾਂ ਦੀ ਉਨ੍ਹਾਂ ਨੂੰ 10 ਵਾਰ ਪੈਰੋਲ ਮਿਲੀ। ਇਸ ਤੋਂ ਇਲਾਵਾ 4 ਵਾਰੀ ਫਰਲੋ ਵੀ ਮਿਲੀ ਸੀ।
ਪਰਮਜੀਤ ਸਿੰਘ ਭਿਓਰਾ

ਤਸਵੀਰ ਸਰੋਤ, Kaumi Insaaf Morcha
ਪਰਮਜੀਤ ਸਿੰਘ ਭਿਓਰਾ ਬੇਅੰਤ ਸਿੰਘ ਧਮਾਕੇ ਵਿਚ ਜਗਤਾਰ ਸਿੰਘ ਹਵਾਰਾ ਦਾ ਸਹਿਯੋਗੀ ਸੀ ਅਤੇ ਉਨ੍ਹਾਂ ਉੱਤੇ ਦੋਸ਼ ਸੀ ਕਿ ਉਨ੍ਹਾਂ ਨੇ ਕਤਲ ਵਿੱਚ ਵਰਤੀ ਗਈ ਕਾਰ ਖ਼ਰੀਦੀ ਸੀ।
ਭਿਓਰਾ ਨੂੰ 1997 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 2004 ਤੱਕ ਬੁੜੈਲ ਜੇਲ੍ਹ ਵਿੱਚ ਰਿਹਾ।
ਜਿਹੜੇ ਚਾਰ ਕੈਦੀ ਬੁੜੈਲ ਜੇਲ੍ਹ ਵਿਚੋਂ ਸੁਰੰਗ ਪੁੱਟ ਕੇ ਫ਼ਰਾਰ ਹੋਏ ਸੀ ਉਨ੍ਹਾਂ ਵਿਚ ਭਿਓਰਾ ਵੀ ਸੀ। ਉਨ੍ਹਾਂ ਨੂੰ ਮਾਰਚ 2006 ਵਿੱਚ ਮੁੜ ਗ੍ਰਿਫਤਾਰ ਕੀਤਾ ਗਿਆ ਸੀ। ਭਿਓਰਾ ਨੂੰ ਕਦੇ ਵੀ ਨਿਯਮਤ ਪੈਰੋਲ ਨਹੀਂ ਦਿੱਤੀ ਗਈ।
ਉਨ੍ਹਾਂ ਨੂੰ ਦੋ ਸਾਲ ਸੱਤ ਮਹੀਨੇ ਤੋਂ ਵੱਧ ਰਿਮੀਸ਼ਨ ਮਿਲੀ ਹੈ। ਜਿਸ ਨੂੰ ਮਿਲਾ ਕੇ ਉਨ੍ਹਾਂ ਦੀ ਸਜ਼ਾ 24 ਸਾਲ ਤੋਂ ਵੱਧ ਬਣਦੀ ਹੈ।
ਲਖਵਿੰਦਰ ਸਿੰਘ ਉਰਫ਼ ਲੱਖਾ

ਤਸਵੀਰ ਸਰੋਤ, Kaumi Insaaf Morcha
ਉਹ ਪੰਜਾਬ ਪੁਲਿਸ ਵਿੱਚ ਡਰਾਈਵਰ ਸੀ ਅਤੇ ਸਾਲ 2007 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
ਸਾਲ 2020 ਵਿਚ ਉਨ੍ਹਾਂ ਨੂੰ ਵੀ ਗੁਰਮੀਤ ਸਿੰਘ ਵਾਂਗ ਕੋਵਿਡ ਕਾਰਨ ਸਪੈਸ਼ਲ ਪੈਰੋਲ ਮਿਲੀ ਤੇ ਉਹ 7 ਮਹੀਨੇ ਤੋਂ ਵੱਧ ਪੈਰੋਲ 'ਤੇ ਰਹੇ।
6 ਸਾਲ ਦੀ ਮਾਫੀ ਮਿਲ ਚੁੱਕੀ ਹੈ। ਮਾਫੀ ਤੇ ਪੈਰੋਲ ਮਿਲਾ ਕੇ ਉਨ੍ਹਾਂ ਨੇ 30 ਸਾਲ ਤੋਂ ਵੱਧ ਦੀ ਸਜ਼ਾ ਪੂਰੀ ਕਰ ਲਈ ਹੈ।
ਹੱਤਿਆ ਦੀ ਸਾਜ਼ਿਸ਼ ਰਚਣ ਲਈ ਦੋਸ਼ੀ ਠਹਿਰਾਇਆ ਗਿਆ ਸੀ ।
ਉਹ 1995 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਦਸੰਬਰ 2013 ਵਿੱਚ ਪੈਰੋਲ ਵੀ ਮਿਲੀ ਸੀ।
2022 ਵਿੱਚ ਲਖਵਿੰਦਰ ਨੇ ਆਪਣੀ ਜਲਦੀ ਰਿਹਾਈ ਦੀ ਮੰਗ ਲਈ ਭੁੱਖ ਹੜਤਾਲ ਕੀਤੀ ਸੀ।
ਲਖਵਿੰਦਰ ਸਿੰਘ ਪੰਜਾਬ ਸਿਵਲ ਸਕੱਤਰੇਤ ਵਿੱਚ ਪੰਜਾਬ ਪੁਲਿਸ ਦੇ ਮੋਟਰ ਟਰਾਂਸਪੋਰਟ ਵਿਭਾਗ ਵਿੱਚ ਕੰਮ ਕਰਦੇ ਸੀ। ਉਹ ਪਿੰਡ ਕਾਂਸਲ ਦਾ ਰਹਿਣ ਵਾਲੇ ਹੈ।
ਸੀਬੀਆਈ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਮਨੁੱਖੀ ਬੰਬ ਦਿਲਾਵਰ ਸਿੰਘ ਦੇ ਕੱਪੜੇ ਅਤੇ ਪੇਟੀ ਫਿਟ ਕਰਨ ਵਿਚ ਮਦਦ ਕੀਤੀ।
ਉਨ੍ਹਾਂ 'ਤੇ ਅਪਰਾਧ ਵਿੱਚ ਇਸਤੇਮਾਲ ਕੀਤੀ ਕਾਰ ਨੂੰ ਪੇਂਟ ਕਰਾਉਣ ਦਾ ਕੰਮ ਸੌਂਪਿਆ ਗਿਆ ਸੀ।
ਕਾਰ ਨੂੰ ਬਾਹਰੋਂ ਚਿੱਟਾ ਰੰਗ ਦਿੱਤਾ ਗਿਆ ਸੀ। ਲਖਵਿੰਦਰ ਸਿੰਘ ਨੇ ਇਸ ਲਈ ਕੁੱਲ 3,000 ਰੁਪਏ ਅਦਾ ਕੀਤੇ ਸੀ। ਉਨ੍ਹਾਂ ਦੇ ਉਂਗਲਾਂ ਦੇ ਨਿਸ਼ਾਨ ਕਾਰ ਤੋਂ ਮਿਲੇ ਸੀ।
ਲਖਵਿੰਦਰ ਸਿੰਘ ਨੂੰ ਧਮਾਕੇ ਦੇ ਪੰਜਵੇਂ ਦਿਨ ਪਿੰਡ ਕਾਂਸਲ ਨੇੜਿਉਂ ਗ੍ਰਿਫਤਾਰ ਕੀਤਾ ਗਿਆ ਸੀ।
ਜਗਤਾਰ ਸਿੰਘ ਤਾਰਾ

ਤਸਵੀਰ ਸਰੋਤ, FB/ SIMRANJIT SINGH/BBC
ਜਗਤਾਰ ਸਿੰਘ ਤਾਰਾ ਨੂੰ 1995 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ 2004 ਵਿੱਚ ਹਵਾਰਾ ਨਾਲ ਜੇਲ੍ਹ ਵਿੱਚੋਂ ਫ਼ਰਾਰ ਹੋਣ ਵਾਲਿਆਂ ਵਿੱਚ ਸ਼ਾਮਲ ਸੀ।
ਸਤੰਬਰ 2015 ਵਿੱਚ ਉਨ੍ਹਾਂ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 2018 ਵਿੱਚ, ਉਨ੍ਹਾਂ ਨੂੰ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਤਾਰਾ ਨੂੰ ਕਦੇ ਨਿਯਮਤ ਪੈਰੋਲ ਨਹੀਂ ਦਿੱਤੀ ਗਈ।
ਬੇਅੰਤ ਸਿੰਘ ਦੇ ਕਤਲ ਤੋਂ ਇਲਾਵਾ, ਤਾਰਾ ਦੇ ਖ਼ਿਲਾਫ਼ ਕਈ ਮਾਮਲੇ ਦਰਜ ਕੀਤੇ ਗਏ ਸੀ।
ਸਾਲ 2022 ਦੇ ਕਸਟਡੀ ਸਰਟੀਫਿਕੇਟ ਦੇ ਮੁਤਾਬਕ ਉਨ੍ਹਾਂ ਦੇ ਖ਼ਿਲਾਫ਼ ਰੋਪੜ ਵਿਚ ਸਾਲ 1998 ਦਾ ਮਾਮਲਾ ਦਰਜ ਸੀ ਜਿਸ ਵਿਚ ਉਨ੍ਹਾਂ ਨੂੰ ਬਰੀ ਕੀਤਾ ਗਿਆ ਸੀ।
ਫਿਰ ਰੋਪੜ ਦੇ ਸਾਲ 1991 ਦੇ ਇੱਕ ਹੋਰ ਮਾਮਲੇ ਵਿਚ ਵੀ ਉਨ੍ਹਾਂ ਨੂੰ ਬਰੀ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












