You’re viewing a text-only version of this website that uses less data. View the main version of the website including all images and videos.
ਜੇਕਰ ਤੁਸੀਂ ਵੀ ਪਿੱਠ ਦਰਦ ਨਾਲ ਜੂਝ ਰਹੇ ਹੋ ਤਾਂ ਇਹ ਪੰਜ ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ
ਅਕਸਰ ਲੋਕਾਂ ਨੂੰ ਜ਼ਿੰਦਗੀ ਵਿੱਚ ਕਦੇ ਨਾ ਕਦੇ ਪਿੱਠ ਦਰਦ ਹੁੰਦਾ ਹੈ। ਆਮ ਤੌਰ 'ਤੇ ਇਹ ਕੁਝ ਹਫ਼ਤਿਆਂ ਵਿੱਚ ਘੱਟ ਹੋ ਜਾਂਦਾ ਹੈ ਪਰ ਜੇ ਇਹ ਦਰਦ ਵਾਰ-ਵਾਰ ਉੱਠਦਾ ਰਹੇ ਤਾਂ ਇਹ ਦਿੱਕਤ ਦਿੰਦਾ ਹੈ ਅਤੇ ਰੋਜ਼ਾਨਾ ਜੀਵਨ ਨੂੰ ਮੁਸ਼ਕਲ ਬਣਾ ਸਕਦਾ ਹੈ।
ਕਿਉਂਕਿ ਮਨੁੱਖੀ ਰੀੜ੍ਹ ਦੀ ਹੱਡੀ ਸਿਰਫ਼ ਪਸਲੀ-ਪਿੰਜਰ (ਰਿਬਕੇਜ) ਅਤੇ ਕਮਰ ਦੀਆਂ ਹੱਡੀਆਂ ਨਾਲ ਹੀ ਨਹੀਂ ਸਗੋਂ ਕਈ ਟੈਂਡਨ, ਲਿਗਾਮੈਂਟ, ਕਾਰਟਿਲੇਜ, ਮਾਸਪੇਸ਼ੀਆਂ ਅਤੇ ਨਰਵ ਟਿਸ਼ੂਆਂ ਨਾਲ ਵੀ ਜੁੜੀ ਹੁੰਦੀ ਹੈ, ਇਸ ਲਈ ਇਨ੍ਹਾਂ ਵਿੱਚੋਂ ਕਿਸੇ ਇੱਕ ਵਿੱਚ ਸਮੱਸਿਆ ਹੋਵੇ ਤਾਂ ਪਿੱਠ ਦਰਦ ਹੋ ਸਕਦਾ ਹੈ।
ਇਸ ਰਿਪੋਰਟ ਵਿੱਚ ਅਸੀਂ ਉਨ੍ਹਾਂ ਪੰਜ ਮੁੱਖ ਚੀਜ਼ਾਂ ਬਾਰੇ ਜਾਣਾਂਗੇ ਜੋ ਹਰ ਉਮਰ ਦੇ ਲੋਕਾਂ ਲਈ ਪਿੱਠ ਦਰਦ ਤੋਂ ਬਚਾਅ ਅਤੇ ਇਸ ਦੇ ਪ੍ਰਬੰਧਨ ਵਿੱਚ ਮਦਦਗਾਰ ਹੋ ਸਕਦੀਆਂ ਹਨ।
ਲੋਅਰ ਜਾਂ ਅੱਪਰ ਬੈਕ?
ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਸਕੂਲ ਆਫ਼ ਮੈਡੀਸਿਨ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਖੋਜਕਰਤਾਵਾਂ ਵੱਲੋਂ ਤਿਆਰ ਕੀਤੀ ਗਈ ਗਲੋਬਲ ਬਰਡਨ ਆਫ਼ ਡਿਜ਼ੀਜ਼ (ਜੀਬੀਡੀ) ਅਧਿਐਨ ਦੀ ਤਾਜ਼ਾ ਰਿਪੋਰਟ ਮੁਤਾਬਕ, ਸਾਲ 2050 ਤੱਕ ਅਗਲੇ 30 ਸਾਲਾਂ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਇੱਕ ਤਿਹਾਈ ਤੋਂ ਵੱਧ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਨੂੰ ਲੋਅਰ ਬੈਕ ਪੇਨ ਰਹੇਗਾ, ਉਹ ਵੀ ਲੰਮੇ ਸਮੇਂ ਲਈ।
ਉਸ ਸਮੇਂ ਤੱਕ ਦੁਨੀਆ ਵਿੱਚ ਹਰ 10 ਵਿੱਚੋਂ ਇੱਕ ਤੋਂ ਵੱਧ ਵਿਅਕਤੀ ਇਸ ਸਮੱਸਿਆ ਨਾਲ ਪ੍ਰਭਾਵਿਤ ਹੋਵੇਗਾ।
ਪਿੱਠ ਦਰਦ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਦਰਦ ਹੇਠਲੀ ਪਿੱਠ ਜਾਂ ਲੋਅਰ ਬੈਕ 'ਚ ਹੁੰਦਾ ਹੈ, ਕਿਉਂਕਿ ਸਰੀਰ ਦਾ ਇਹ ਹਿੱਸਾ ਵਧੇਰੇ ਹਲਚਲਾਂ ਨੂੰ ਝੱਲਦਾ ਹੈ ਅਤੇ ਵਧੇਰੇ ਦਬਾਅ ਸਹਿਣ ਕਰਦਾ ਹੈ। ਇਸੇ ਤਰ੍ਹਾਂ ਉੱਪਰੀ ਪਿੱਠ ਜਾਂ ਅਪਰ ਬੈਕ ਦੀ ਗੱਲ ਕਰੀਏ ਤਾਂ ਆਮ ਤੌਰ 'ਤੇ ਗਰਦਨ ਅਤੇ ਮੋਢੇ ਵੀ ਦਰਦ ਦਾ ਕਾਰਨ ਬਣ ਸਕਦੇ ਹਨ।
ਇਲਾਜ ਤੋਂ ਪਹਿਲਾਂ ਰੋਗ ਦੀ ਪਛਾਣ
ਪਿੱਠ ਦਰਦ ਦੇ ਮਾਮਲੇ ਵਿੱਚ ਇਲਾਜ ਤੋਂ ਪਹਿਲਾਂ ਰੋਗ ਦੀ ਪਛਾਣ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਬਹੁਤ ਸਾਰੇ ਸੰਭਾਵਿਤ ਕਾਰਨ ਹੋ ਸਕਦੇ ਹਨ। ਇਸ ਦਾ ਇਹ ਵੀ ਮਤਲਬ ਹੈ ਕਿ ਰੋਗ ਦੀ ਪਛਾਣ ਲਈ ਸਿਰਫ਼ ਇੱਕ ਟੈਸਟ ਨਹੀਂ ਹੋਵੇਗਾ।
ਡਾਕਟਰ ਆਮ ਤੌਰ 'ਤੇ ਪਹਿਲਾਂ ਜਾਨਲੇਵਾ ਬਿਮਾਰੀਆਂ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ ਪਿੱਤ ਥੈਲੀ ਜਾਂ ਗੁਰਦੇ ਦੀ ਬਿਮਾਰੀ ਜਾਂ ਕੁਝ ਕਿਸਮਾਂ ਦੇ ਕੈਂਸਰ। ਅਤੇ ਰੋਗ ਦੀ ਪਛਾਣ ਦਾ ਮਤਲਬ ਆਮ ਤੌਰ 'ਤੇ ਸਰੀਰਕ ਜਾਂਚ ਅਤੇ ਮਰੀਜ਼ ਦੀ ਮੈਡੀਕਲ ਹਿਸਟ੍ਰੀ ਜਾਂਚਣਾ ਹੁੰਦਾ ਹੈ।
ਖੂਨ ਦੀ ਜਾਂਚ ਨਾਲ ਕੈਂਸਰ ਜਾਂ ਸੋਜ਼ ਦਾ ਪਤਾ ਲੱਗ ਸਕਦਾ ਹੈ, ਜੋ ਕਾਰਟਿਲੇਜ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਅਰਥਰਾਈਟਿਸ ਦਾ ਕਾਰਨ ਬਣ ਸਕਦੀ ਹੈ।
ਹੋਰ ਪੁਸ਼ਟੀ ਲਈ ਇਮੇਜਿੰਗ ਟੈਸਟਾਂ ਦੀ ਲੋੜ ਪੈ ਸਕਦੀ ਹੈ, ਜਿਵੇਂ ਕਿ ਐਕਸ-ਰੇ, ਕੰਪਿਊਟਡ ਟੋਮੋਗ੍ਰਾਫੀ (ਸੀਟੀ) ਸਕੈਨ, ਅਲਟਰਾਸਾਊਂਡ ਜਾਂ ਮੈਗਨੈਟਿਕ ਰੀਜ਼ੋਨੈਂਸ ਇਮੇਜਿੰਗ (ਐਮਆਰਆਈ), ਜੋ ਜੋੜਾਂ, ਹੱਡੀਆਂ, ਡਿਸਕਾਂ, ਅੰਗਾਂ ਜਾਂ ਨਰਮ ਟਿਸ਼ੂਆਂ ਨੂੰ ਦੇਖਦੇ ਹਨ।
ਜ਼ਿਆਦਾਤਰ ਪਿੱਠ ਦਰਦ ਹੌਲੀ ਦਰਦ ਅਤੇ ਅਕੜਾਅ ਵਾਂਗ ਮਹਿਸੂਸ ਹੁੰਦਾ ਹੈ ਪਰ ਕੋਈ ਫਟੀ ਹੋਈ ਮਾਸਪੇਸ਼ੀ ਜਾਂ ਲਿਗਾਮੈਂਟ ਕਾਰਨ ਅਚਾਨਕ ਤੇਜ਼ ਦਰਦ ਵੀ ਉੱਠ ਸਕਦਾ ਹੈ, ਜਦਕਿ ਦਰਦ ਜੋ ਨਿੱਤੰਬਾਂ ਅਤੇ ਲੱਤਾਂ ਵੱਲ ਫੈਲਦਾ ਹੈ ਅਤੇ ਉੱਥੇ ਚੋਭ ਜਾਂ ਸੁੰਨ ਹੋਣ ਵਾਲੀ ਭਾਵਨਾ ਪੈਦਾ ਕਰਦਾ ਹੈ, ਉਹ ਨਰਵ (ਨਾੜੀ) ਨਾਲ ਜੁੜੀ ਕਿਸੇ ਸਥਿਤੀ ਦਾ ਸੰਕੇਤ ਹੋ ਸਕਦਾ ਹੈ।
ਇਲੈਕਟ੍ਰੋਡਾਇਗਨੋਸਿਸ, ਜਿਸ ਵਿੱਚ ਮਾਸਪੇਸ਼ੀਆਂ ਦੀ ਇਲੈਕਟ੍ਰਿਕ ਐਕਟੀਵਿਟੀ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਮਾਸਪੇਸ਼ੀ ਅਤੇ ਨਰਵ ਦੀਆਂ ਬਿਮਾਰੀਆਂ ਵਿੱਚ ਫ਼ਰਕ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।
ਡਾਇਗਨੋਸਿਸ ਜਾਂ ਨਿਦਾਨ, ਬਾਲਗਾਂ ਅਤੇ ਬੱਚਿਆਂ ਦੋਵਾਂ ਲਈ ਜ਼ਰੂਰੀ ਹੁੰਦਾ ਹੈ।
ਕਨਸਲਟੈਂਟ ਸਪਾਈਨ ਸਰਜਨ ਅਤੇ ਭਾਰਤ ਤੇ ਇੰਗਲੈਂਡ ਵਿੱਚ ਪੀਡੀਐਟ੍ਰੀਸ਼ਨ ਵਜੋਂ ਕੰਮ ਕਰ ਚੁੱਕੇ ਡਾਕਟਰ ਅਰੀਨਾ ਡੀਸੂਜ਼ਾ ਇਸ ਵੇਲੇ ਜਰਮਨੀ ਵਿੱਚ ਕੰਮ ਕਰ ਰਹੇ ਹਨ।
ਬੀਬੀਸੀ ਨਿਊਜ਼ ਵਰਲਡ ਸਰਵਿਸ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਲਿਆਉਂਦੇ ਹਨ ਤਾਂ ਉਹ ਕੀ ਦੇਖਦੇ ਹਨ।
"ਬੱਚੇ ਹਰ ਸਮੇਂ ਉੱਛਲਦੇ-ਕੁੱਦਦੇ ਕਰਦੇ ਰਹਿੰਦੇ ਹਨ, ਮੈਨੂੰ ਇਹ ਪਤਾ ਲਗਾਉਣਾ ਪੈਂਦਾ ਹੈ ਕਿ:
- ਕੀ ਉਨ੍ਹਾਂ ਨੂੰ ਇਨ੍ਹਾਂ ਗਤੀਵਿਧੀਆਂ ਦੌਰਾਨ ਕੋਈ ਸੱਟ ਲੱਗੀ ਹੈ?
- ਕੀ ਮਾਸਪੇਸ਼ੀ-ਹੱਡੀ ਸੰਬੰਧੀ ਕੋਈ ਲੁਕੀ ਹੋਈ ਸਮੱਸਿਆ ਹੈ?
- ਕੀ ਮਾਪਿਆਂ ਨੂੰ ਵੀ ਪਿੱਠ ਦਰਦ ਦੀ ਸਮੱਸਿਆ ਰਹੀ ਹੈ?
- ਕੀ ਉਹ ਸੰਤੁਲਿਤ ਖੁਰਾਕ ਖਾ ਰਹੇ ਹਨ?
ਡਾਕਟਰ ਡੀਸੂਜ਼ਾ ਕਹਿੰਦੇ ਹਨ, "ਅਤੇ ਅਸੀਂ ਗੋਡਿਆਂ ਅਤੇ ਲੱਤਾਂ ਵਿੱਚ ਵਧਦੇ ਦਰਦ ਬਾਰੇ ਸੁਣਿਆ ਹੈ, ਪਰ ਕਦੇ-ਕਦੇ ਇਹ ਪਿੱਠ ਵਿੱਚ ਵੀ ਹੋ ਸਕਦਾ ਹੈ ਕਿਉਂਕਿ ਕਈ ਵਾਰ ਬੱਚੇ ਦੀ ਪੂਰੀ ਰੀੜ੍ਹ ਦੀ ਹੱਡੀ ਬਾਕੀ ਹੱਡੀਆਂ ਦੇ ਮੁਕਾਬਲੇ ਕਾਫ਼ੀ ਤੇਜ਼ੀ ਨਾਲ ਲੰਮੀ ਹੋ ਜਾਂਦੀ ਹੈ।''
ਸਿਹਤਮੰਦ ਮਨ, ਸਿਹਤਮੰਦ ਤਨ
ਮਾਹਰਾਂ ਦਾ ਕਹਿਣਾ ਹੈ ਕਿ ਕੁਝ ਮਰੀਜ਼ਾਂ ਦੀ ਰਿਕਵਰੀ ਸਿਰਫ਼ ਇਸ ਡਰ ਕਰਕੇ ਰੁਕ ਜਾਂਦੀ ਹੈ ਕਿ ਕਿਤੇ ਪਿੱਠ ਦਰਦ ਮੁੜ ਸ਼ੁਰੂ ਨਾ ਹੋ ਜਾਵੇ।
ਇੰਗਲੈਂਡ ਵਿੱਚ ਡਾਊਨ2ਯੂ ਹੈਲਥ ਐਂਡ ਵੈਲਬੀਇੰਗ ਦੇ ਡਾਇਰੈਕਟਰ ਐਡਮ ਸਿਉ ਬੀਬੀਸੀ ਨਿਊਜ਼ ਵਰਲਡ ਸਰਵਿਸ ਨਾਲ ਗੱਲਬਾਤ ਦੌਰਾਨ ਦੱਸਦੇ ਹਨ ਕਿ "ਭਾਵੇਂ ਰੀੜ੍ਹ ਜਾਂ ਮਾਸਪੇਸ਼ੀਆਂ ਵਿੱਚ ਕੋਈ ਸਮੱਸਿਆ ਨਾ ਵੀ ਹੋਵੇ, ਤਾਂ ਵੀ ਮੁੜ ਦਰਦ ਹੋਣ ਦੀ ਚਿੰਤਾ ਕਾਰਨ ਉਹ ਆਪਣੀ ਪਿੱਠ ਨੂੰ ਬੇਫਿਕਰ ਹੋ ਕੇ ਇਸਤੇਮਾਲ ਨਹੀਂ ਕਰ ਪਾਉਂਦੇ।''
"ਇਹ ਡਰ ਉਨ੍ਹਾਂ ਨੂੰ ਘੱਟ ਐਕਟਿਵ ਬਣਾ ਦਿੰਦਾ ਹੈ। ਕੁਝ ਲੋਕ ਤਾਂ ਉਨ੍ਹਾਂ ਗਤੀਵਿਧੀਆਂ ਨੂੰ ਕਰਨਾ ਵੀ ਛੱਡ ਦਿੰਦੇ ਹਨ ਜੋ ਉਨ੍ਹਾਂ ਨੂੰ ਪਸੰਦ ਹੁੰਦੀਆਂ ਹਨ।"
ਆਸਟ੍ਰੇਲੀਆ ਦੀ ਮੈਕਕੁਆਰੀ ਯੂਨੀਵਰਸਿਟੀ ਵਿੱਚ ਫ਼ਿਜ਼ੀਓਥੈਰੇਪੀ ਦੇ ਪ੍ਰੋਫੈਸਰ ਮਾਰਕ ਹੈਨਕਾਕ ਨੇ ਬੀਬੀਸੀ ਨਿਊਜ਼ ਵਰਲਡ ਸਰਵਿਸ ਨੂੰ ਦੱਸਿਆ, "ਕੁਝ ਮਰੀਜ਼ ਆਪਣੀ ਪਿੱਠ ਨੂੰ ਨੁਕਸਾਨ ਪਹੁੰਚਣ ਦੇ ਡਰ ਨਾਲ ਸਮਾਜਿਕ ਜੀਵਨ ਤੋਂ ਹੀ ਦੂਰ ਹੋ ਜਾਂਦੇ ਹਨ।''
"ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਇਕੱਠੀਆਂ ਕਰ ਲੈਂਦੇ ਹੋ - ਸਮਾਜਿਕ ਤਣਾਅ, ਦਰਦ ਦੀ ਚਿੰਤਾ, ਅਤੇ ਥੋੜ੍ਹੀ ਜਿਹੀ ਸਮੱਸਿਆ ਦਿੰਦੀ ਹੋਈ ਪਿੱਠ - ਤਾਂ ਅਚਾਨਕ ਇਹ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ।"
ਇਸ ਕਰਕੇ ਹੁਣ ਇੱਕ ਹੋਲਿਸਟਿਕ ਅਪ੍ਰੋਚ ਅਪਣਾਈ ਜਾ ਰਹੀ ਹੈ।
ਪ੍ਰੋਫੈਸਰ ਹੈਨਕਾਕ ਕਹਿੰਦੇ ਹਨ, "ਦੁਨੀਆ ਭਰ ਦੀ ਹਰ ਗਾਈਡਲਾਈਨ ਹੁਣ ਸਰੀਰਕ, ਮਨੋਵਿਗਿਆਨਕ ਅਤੇ ਸਮਾਜਿਕ ਕਾਰਕਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਬਾਰੇ ਗੱਲ ਕਰਦੀ ਹੈ।"
"ਸੀਐਫਟੀ [ਕਾਗਨੀਟਿਵ ਫੰਕਸ਼ਨਲ ਥੈਰੇਪੀ] ਮਰੀਜ਼ਾਂ ਨੂੰ ਥੈਰਾਪਿਸਟਾਂ ਨਾਲ ਸੰਪਰਕ ਕਰਕੇ ਦਰਦ ਵਿੱਚ ਯੋਗਦਾਨ ਪਾਉਣ ਵਾਲੀਆਂ ਕਈ ਗੱਲਾਂ ਬਾਰੇ ਸਿੱਖਣ 'ਚ ਮਦਦ ਕਰਦੀ ਹੈ।''
"ਫਿਰ ਉਨ੍ਹਾਂ ਲਈ ਇੱਕ ਯੋਜਨਾ ਤਿਆਰ ਕੀਤੀ ਜਾ ਸਕਦੀ ਹੈ, ਜਿਸ ਵਿੱਚ ਵਿਕਲਪਿਕ (ਬਦਲ ਵਾਲੇ) ਤਰੀਕੇ ਸ਼ਾਮਲ ਹੋਣ, ਤਾਂ ਜੋ ਉਹ ਹੌਲੀ-ਹੌਲੀ ਆਪਣੀਆਂ ਪਸੰਦੀਦਾ ਗਤੀਵਿਧੀਆਂ ਵਾਪਸ ਸ਼ੁਰੂ ਕਰ ਸਕਣ।
"ਅਤੇ ਜੇ ਲੋੜ ਪਵੇ ਤਾਂ ਥੈਰਾਪਿਸਟ ਮਰੀਜ਼ਾਂ ਨਾਲ ਮਿਲ ਕੇ ਜੀਵਨਸ਼ੈਲੀ ਵਿੱਚ ਬਦਲਾਅ ਲਈ ਵੀ ਕੰਮ ਕਰ ਸਕਦੇ ਹਨ।''
ਹਿਲਦੇ-ਜੁਲਦੇ ਰਹੋ
ਵਾਰ-ਵਾਰ ਹੁੰਦੇ ਦਰਦ ਦੇ ਨਾਲ ਹੀ ਕੁਝ ਮਰੀਜ਼ ਇਹ ਵੀ ਉਮੀਦ ਕਰਦੇ ਹਨ ਕਿ ਆਰਾਮ ਕਰਨ ਨਾਲ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਜਾਵੇਗਾ ਪਰ ਬ੍ਰਿਟਿਸ਼ ਐਸੋਸੀਏਸ਼ਨ ਆਫ਼ ਸਪਾਈਨ ਸਰਜਨਜ਼ (ਬੀਏਐਸਐਸ) ਦੇ ਮੁਤਾਬਕ, ਐਕਟਿਵ ਰਹਿਣਾ ਹੀ ਪਿੱਠ ਦਰਦ ਤੋਂ ਬਚੇ ਰਹਿਣ ਦੀ ਕੁੰਜੀ ਹੈ, ਅਤੇ ਪਿਛਲੇ 10 ਸਾਲਾਂ ਦੀ ਖੋਜ ਦਰਸਾਉਂਦੀ ਹੈ ਕਿ ਆਰਾਮ ਕਰਨ ਨਾਲ ਸੁਧਾਰ ਵਿੱਚ ਲੱਗਣ ਵਾਲਾ ਸਮਾਂ ਲੰਮਾ ਹੋ ਸਕਦਾ ਹੈ।
ਸਿਉ ਕਹਿੰਦੇ ਹਨ, "ਰੀੜ੍ਹ ਦੀ ਹੱਡੀ ਦਾ ਕਾਲਮ ਵੱਖ-ਵੱਖ ਹੱਡੀਆਂ ਤੋਂ ਬਣਿਆ ਹੁੰਦਾ ਹੈ, ਜਿਨ੍ਹਾਂ ਨੂੰ ਵਰਟੀਬ੍ਰੇ ਕਿਹਾ ਜਾਂਦਾ ਹੈ ਅਤੇ ਇਹ ਕੁਦਰਤੀ ਤੌਰ 'ਤੇ ਵੱਖ-ਵੱਖ ਹਿੱਸਿਆਂ ਵਿੱਚ ਮੁੜਿਆ (ਕਰਵੀ) ਹੁੰਦਾ ਹੈ।''
"ਇਹ ਕਰਵ ਰੀੜ੍ਹ ਦੀ ਹੱਡੀ ਨੂੰ ਸਰੀਰ ਦੇ ਭਾਰ ਅਤੇ ਹਲਚਲਾਂ ਨੂੰ ਸਹਾਰਾ ਦੇਣ ਦੇ ਯੋਗ ਬਣਾਉਂਦੇ ਹਨ।''
"ਉੱਪਰਲੇ 24 ਵਰਟੀਬ੍ਰੇ ਲਚਕੀਲੇ ਹੁੰਦੇ ਹਨ ਅਤੇ ਕਾਲਮ ਦੇ ਪਿੱਛੇ ਪਾਸੇ ਫੈਸਿਟ ਜੋੜ ਨਾਲ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ। ਹਰੇਕ ਵਰਟੀਬ੍ਰੇ ਵਿਚਕਾਰ ਇੱਕ ਇੰਟਰਵਰਟੀਬ੍ਰਲ ਡਿਸਕ ਹੁੰਦੀ ਹੈ।
"ਇਸ ਕੁਦਰਤੀ ਬਣਤਰ ਅਤੇ ਡਿਸਕ ਦੀ ਝਟਕੇ ਝੱਲਣ ਵਾਲੀ ਸਮਰੱਥਾ ਨੂੰ ਕਮਜ਼ੋਰ ਹੋਣ ਤੋਂ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਲੰਮੇ ਸਮੇਂ ਲਈ ਇੱਕ ਹੀ ਸਥਿਤੀ ਵਿੱਚ ਨਾ ਰੱਖਿਆ ਜਾਵੇ, ਜਿਵੇਂ ਲਗਾਤਾਰ ਬੈਠੇ ਰਹਿਣਾ, ਪਿੱਠ ਝੁਕਾਉਣਾ ਜਾਂ ਖੜ੍ਹੇ ਰਹਿਣਾ।"
ਪਰ ਆਧੁਨਿਕ ਜੀਵਨ ਵਿੱਚ ਬੈਠਕ ਵਾਲੀਆਂ ਨੌਕਰੀਆਂ, ਗੇਮਿੰਗ, ਪੜ੍ਹਨਾ ਅਤੇ ਆਨਲਾਈਨ ਕੰਟੈਂਟ ਦੇਖਣਾ, ਅਕਸਰ ਇਹ ਸਾਰੇ ਕੰਮ ਬੈਠੇ-ਬੈਠੇ ਹੁੰਦੇ ਹਨ।
ਕੁਝ ਦਫ਼ਤਰਾਂ ਵਿੱਚ ਕਰਮਚਾਰੀ ਸਕ੍ਰੀਨ ਤੋਂ ਬ੍ਰੇਕ ਲੈ ਸਕਦੇ ਹਨ ਜਾਂ ਹਿਲਣ-ਜੁਲਣ ਲਈ ਪੌੜੀਆਂ ਦੀ ਵਰਤੋਂ ਕਰ ਸਕਦੇ ਹਨ, ਪਰ ਬਹੁਤ ਸਾਰੀਆਂ ਨੌਕਰੀਆਂ ਵਿੱਚ ਇਹ ਸੰਭਵ ਨਹੀਂ ਹੁੰਦਾ।
ਸਿਉ ਕਹਿੰਦੇ ਹਨ, "ਜੇ ਤੁਸੀਂ ਟਰੱਕ ਚਲਾਉਂਦੇ ਹੋ, ਤਾਂ ਟ੍ਰੈਫਿਕ ਲੱਗਣ ਦੌਰਾਨ ਬੈਠੇ-ਬੈਠੇ ਕੁਝ ਸਟਰੈਚਿੰਗ ਕਰਨ ਦੀ ਕੋਸ਼ਿਸ਼ ਕਰੋ।''
"ਨਿਰਮਾਣ ਕਾਰਜਾਂ ਨਾਲ ਜੁੜੇ ਅਤੇ ਭਾਰੀ ਸਮਾਨ ਚੁੱਕਣ ਵਾਲੇ ਮਜ਼ਦੂਰਾਂ ਨੂੰ ਸੱਟਾਂ ਤੋਂ ਬਚਣ ਲਈ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜ਼ਰੂਰੀ ਕਸਰਤਾਂ ਲਈ ਫ਼ਿਜ਼ੀਓਥੈਰਾਪਿਸਟਾਂ ਨਾਲ ਸਲਾਹ ਕਰਨੀ ਚਾਹੀਦੀ ਹੈ।''
ਗਰਭ ਅਵਸਥਾ ਵੀ ਪਿੱਠ ਦਰਦ ਦਾ ਕਾਰਨ ਬਣ ਸਕਦੀ ਹੈ, ਸ਼ੁਰੂਆਤੀ ਪੜਾਅ ਵਿੱਚ ਵੀ।
ਗਰਭ ਧਾਰਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਰਿਲੈਕਸਿਨ ਨਾਮਕ ਹਾਰਮੋਨ ਦਾ ਉਤਪਾਦਨ ਵਧ ਜਾਂਦਾ ਹੈ।
ਇਹ ਪੈਲਵਿਸ ਦੇ ਲਿਗਾਮੈਂਟ ਢੀਲੇ ਕਰ ਦਿੰਦਾ ਹੈ ਅਤੇ ਬੱਚੇ ਦੇ ਜਨਮ ਦੀ ਤਿਆਰੀ ਲਈ ਸਰਵਿਕਸ ਨੂੰ ਨਰਮ ਕਰਦਾ ਹੈ, ਪਰ ਇਸ ਨਾਲ ਰੀੜ੍ਹ ਦੀ ਹੱਡੀ ਦੇ ਕਨੈਕਟਿਵ ਟਿਸ਼ੂ ਅਤੇ ਜੋੜ ਵੀ ਢੀਲੇ ਹੋ ਸਕਦੇ ਹਨ, ਜਿਸ ਨਾਲ ਹੇਠਲੀ ਪਿੱਠ ਵਿੱਚ ਅਸੁਵਿਧਾ ਪੈਦਾ ਹੋ ਸਕਦੀ ਹੈ।
ਜਿਵੇਂ-ਜਿਵੇਂ ਭਰੂਣ ਵਧਦਾ ਹੈ, ਗਰਭਵਤੀ ਮਾਵਾਂ ਨੂੰ ਦੇ ਪੋਸਚਰ (ਉੱਠਣ-ਬੈਠਣ ਦੀ ਸਥਿਤੀ), ਭਾਰ ਅਤੇ ਤਣਾਅ ਵਿੱਚ ਵੀ ਵੱਡੇ ਬਦਲਾਅ ਮਹਿਸੂਸ ਹੁੰਦੇ ਹਨ।
ਇਹ ਕੁਝ ਸੁਝਾਅ ਦਰਦ ਘਟਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ:
- ਮੁੜਦੇ ਸਮੇਂ, ਰੀੜ੍ਹ ਦੀ ਹੱਡੀ ਨੂੰ ਮੋੜਣ ਤੋਂ ਬਚਣ ਲਈ ਪੈਰਾਂ ਨੂੰ ਹਿਲਾ ਕੇ ਮੁੜੋ
- ਅਜਿਹੇ ਜੁੱਤੇ ਪਹਿਨੋ ਜੋ ਭਾਰ ਨੂੰ ਸਮਾਨ ਤਰੀਕੇ ਨਾਲ ਵੰਡ ਸਕਣ
- ਮੈਟਰਨਿਟੀ ਸਪੋਰਟ ਪਿੱਲੋ (ਸਿਰਹਾਣਾ) ਅਤੇ ਚੰਗੀ ਕਿਸਮ ਦਾ ਗੱਡਾ ਤੁਹਾਨੂੰ ਪੂਰਾ ਆਰਾਮ ਲੈਣ ਵਿੱਚ ਮਦਦ ਕਰ ਸਕਦੇ ਹਨ
ਦਰਦ ਨਿਵਾਰਕ ਦਵਾਈ ਕਦੋਂ ਲੈਣੀ ਚਾਹੀਦੀ ਹੈ?
ਸਿਉ ਕਹਿੰਦੇ ਹਨ, "ਸ਼ੁਰੂਆਤੀ ਪੜਾਅ ਵਿੱਚ ਆਮ ਐਂਟੀ-ਇਨਫਲਾਮੇਟਰੀ ਕਿਸਮ ਦੀਆਂ ਦਵਾਈਆਂ,ਜੋ ਬਿਨਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੇ ਮਿਲ ਜਾਂਦੀਆਂ ਹਨ, ਲੈਣਾ ਠੀਕ ਹੈ, ਤਾਂ ਜੋ ਤੁਸੀਂ ਹਿਲਦੇ-ਡੁਲਦੇ ਰਹਿ ਸਕੋ।''
"ਪਰ ਜੇ ਤੁਸੀਂ ਹਫ਼ਤਿਆਂ ਜਾਂ ਉਸ ਤੋਂ ਵੀ ਲੰਮੇ ਸਮੇਂ ਲਈ ਉਨ੍ਹਾਂ ਦਵਾਈਆਂ ਨੂੰ ਬਸ ਖਾਈ ਜਾ ਰਹੇ ਹੋ ਅਤੇ ਲਗਾਤਾਰ ਹੋ ਰਹੇ ਦਰਦ ਦੇ ਕਾਰਨ ਨੂੰ ਨਹੀਂ ਸਮਝ ਰਹੇ ਤਾਂ ਤੁਸੀਂ ਸਿਰਫ਼ ਸਮੱਸਿਆ ਤੋਂ ਅੱਖਾਂ ਫੇਰ ਰਹੇ ਹੋ।''
"ਅਫ਼ਸੋਸ ਦੀ ਗੱਲ ਹੈ ਕਿ ਮੈਂ ਅਜਿਹੇ ਮਰੀਜ਼ ਵੀ ਦੇਖਦਾ ਹਾਂ ਜੋ ਸਾਲਾਂ ਤੋਂ ਦਵਾਈਆਂ ਲੈ ਰਹੇ ਹਨ।"
ਇਹ ਵੀ ਮੰਨਿਆ ਜਾਂਦਾ ਹੈ ਕਿ ਦਰਦ ਨੂੰ ਸੁੰਨ ਕਰਨਾ ਸ਼ਾਇਦ ਉਸ ਕਾਰਨ ਨੂੰ ਹੋਰ ਵੀ ਵਧਾ ਸਕਦਾ ਹੈ ਜਿਸ ਨਾਲ ਪਹਿਲਾਂ ਪਿੱਠ ਦਰਦ ਹੋਇਆ ਸੀ ਪਰ ਬੀਏਐਸਐਸ ਕਹਿੰਦਾ ਹੈ: "ਇਹ ਸਹੀ ਨਹੀਂ ਹੈ।''
"ਸਰੀਰ ਵਿੱਚ ਬਹੁਤ ਤਾਕਤਵਰ ਸੁਰੱਖਿਆਤਮਕ ਰਿਫ਼ਲੈਕਸ ਹੁੰਦੇ ਹਨ ਅਤੇ ਸਧਾਰਣ ਦਰਦ ਨਿਵਾਰਕ ਦਵਾਈਆਂ ਉਨ੍ਹਾਂ ਨੂੰ ਖਤਮ ਨਹੀਂ ਕਰਦੀਆਂ।''
"ਇਸ ਨੂੰ ਇਸ ਤਰ੍ਹਾਂ ਸਮਝੋ ਕਿ ਕੋਈ ਸਧਾਰਣ ਦਰਦ ਨਿਵਾਰਕ ਦਵਾਈ ਲੈ ਕੇ ਤੁਸੀਂ ਆਪਣਾ ਹੱਥ ਉਬਲਦੇ ਪਾਣੀ ਵਿੱਚ ਨਹੀਂ ਪਾ ਸਕਦੇ। ਇਸ ਲਈ, ਸਧਾਰਣ ਦਰਦ ਨਿਯੰਤਰਣ ਉਪਾਅ (ਦਵਾਈ ਆਦਿ) ਲੈਣ ਤੋਂ ਬਾਅਦ ਹਿਲਣ ਨਾਲ ਤੁਸੀਂ ਆਪਣੀ ਪਿੱਠ ਨੂੰ ਨੁਕਸਾਨ ਨਹੀਂ ਪਹੁੰਚਾਓਗੇ।''
"ਜੇ ਤੁਹਾਨੂੰ ਇਸ ਕਿਸਮ ਦੀ ਦਵਾਈ ਲੈਣ ਬਾਰੇ ਕੋਈ ਚਿੰਤਾ ਹੈ, ਤਾਂ ਫਾਰਮਾਸਿਸਟ ਨਾਲ ਗੱਲ ਕਰੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ