ਸ਼ਰੀਫ਼ ਉਸਮਾਨ ਹਾਦੀ ਕੌਣ ਹਨ, ਜਿਨ੍ਹਾਂ ਦੀ ਮੌਤ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਸਾ ਭੜਕੀ ਹੈ

ਪਿਛਲੇ ਸਾਲ ਦੇ ਵਿਦਿਆਰਥੀ ਅੰਦੋਲਨ ਨਾਲ ਜੁੜੇ ਬੰਗਲਾਦੇਸ਼ ਦੇ ਵਿਦਿਆਰਥੀ ਆਗੂ ਸ਼ਰੀਫ਼ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਰਾਜਧਾਨੀ ਢਾਕਾ ਦੇ ਕਈ ਇਲਾਕਿਆਂ ਵਿੱਚ ਵੀਰਵਾਰ ਨੂੰ ਹਿੰਸਾ ਭੜਕ ਗਈ।

ਬੀਬੀਸੀ ਬੰਗਲਾ ਦੇ ਮੁਤਾਬਕ, ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਢਾਕਾ ਦੇ ਧਾਨਮੰਡੀ, ਸ਼ਾਹਬਾਗ ਸਮੇਤ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ, ਭੰਨਤੋੜ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ ਹਨ।

ਭੀੜ ਨੇ ਵੀਰਵਾਰ ਰਾਤ ਭਰ ਢਾਕਾ ਵਿੱਚ ਕਈ ਥਾਵਾਂ 'ਤੇ ਹਮਲਾ ਕੀਤਾ। ਜਿੱਥੇ ਹਮਲੇ ਹੋਏ ਉਨ੍ਹਾਂ ਵਿੱਚ ਬੰਗਲਾਦੇਸ਼ ਦੇ ਦੋ ਪ੍ਰਮੁੱਖ ਅਖ਼ਬਾਰਾਂ ਦੇ ਦਫ਼ਤਰ ਵੀ ਸ਼ਾਮਲ ਹਨ।

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਨੇ ਵੀਰਵਾਰ ਰਾਤ 11:20 ਵਜੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਅਤੇ ਕਿਸੇ ਵੀ ਕਿਸਮ ਦੇ 'ਪ੍ਰਚਾਰ ਅਤੇ ਅਫ਼ਵਾਹਾਂ' 'ਤੇ ਧਿਆਨ ਨਾ ਦੇਣ ਅਤੇ ਜਲਦਬਾਜ਼ੀ ਵਿੱਚ ਫੈਸਲੇ ਨਾ ਲੈਣ ਦੀ ਵੀ ਅਪੀਲ ਕੀਤੀ।

ਮੁਹੰਮਦ ਯੂਨੁਸ ਨੇ ਸ਼ਨੀਵਾਰ ਨੂੰ ਇੱਕ ਦਿਨ ਦਾ ਕੌਮੀ ਸ਼ੋਕ ਐਲਾਨਿਆ ਹੈ।

ਉੱਧਰ, ਇੰਕਲਾਬ ਮੰਚ ਨੇ ਇੱਕ ਫੇਸਬੁੱਕ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਸਮਾਨ ਹਾਦੀ ਦੇ ਰਿਸ਼ਤੇਦਾਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਦੇਹ ਸਿੰਗਾਪੁਰ ਤੋਂ ਬੰਗਲਾਦੇਸ਼ ਲੈ ਕੇ ਜਾਣਗੇ।

ਲੰਘੇ ਸ਼ੁੱਕਰਵਾਰ ਨੂੰ ਹਾਦੀ ਨੂੰ ਢਾਕਾ ਦੀ ਇੱਕ ਮਸਜਿਦ ਤੋਂ ਨਿਕਲਦੇ ਸਮੇਂ ਗੋਲ਼ੀ ਮਾਰ ਦਿੱਤੀ ਗਈ ਸੀ। ਗੋਲ਼ੀ ਉਨ੍ਹਾਂ ਦੇ ਸਿਰ ਵਿੱਚ ਵੱਜੀ ਸੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ।

ਇਸ ਤੋਂ ਬਾਅਦ ਉਨ੍ਹਾਂ ਨੂੰ 15 ਦਸੰਬਰ ਨੂੰ ਏਅਰਲਿਫ਼ਟ ਕਰਕੇ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ ਸੀ, ਜਿੱਥੇ ਹਸਪਤਾਲ ਵਿੱਚ ਉਨ੍ਹਾਂ ਦੀ ਵੀਰਵਾਰ, 18 ਦਸੰਬਰ ਨੂੰ ਮੌਤ ਹੋ ਗਈ।

ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਿਕ ਬਿਆਨ ਮੁਤਾਬਕ, "ਸਿੰਗਾਪੁਰ ਜਨਰਲ ਹਸਪਤਾਲ ਅਤੇ ਨੈਸ਼ਨਲ ਨਿਊਰੋਸਾਇੰਸ ਇੰਸਟੀਟਿਊਟ ਦੇ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਦੀ ਨੇ 18 ਦਸੰਬਰ 2025 ਨੂੰ ਆਪਣੀਆਂ ਸੱਟਾਂ ਕਾਰਨ ਦਮ ਤੋੜ ਦਿੱਤਾ।"

ਸਿੰਗਾਪੁਰ ਪ੍ਰਸ਼ਾਸਨ ਲਾਸ਼ ਨੂੰ ਢਾਕਾ ਭੇਜਣ ਲਈ ਸਿੰਗਾਪੁਰ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਦੀ ਮਦਦ ਕਰ ਰਿਹਾ ਹੈ।

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਮਾਨ, ਜਮਾਤ-ਏ-ਇਸਲਾਮੀ ਅਤੇ ਐਨਸੀਪੀ (ਨੈਸ਼ਨਲ ਸਿਟਿਜ਼ੰਸ ਪਾਰਟੀ) ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਾਦੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਵੱਡੇ ਪੱਧਰ 'ਤੇ ਹਿੰਸਾ, ਭੰਨਤੋੜ, ਅੱਗਜ਼ਨੀ

ਉਸਮਾਨ ਹਾਦੀ ਦੀ ਮੌਤ ਦੀ ਖ਼ਬਰ ਫੈਲਦੇ ਹੀ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਗਏ।

ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿੱਚ ਪ੍ਰੋਥੋਮ ਆਲੋ ਅਤੇ ਡੇਲੀ ਸਟਾਰ ਅਖ਼ਬਾਰਾਂ ਦੇ ਦਫ਼ਤਰਾਂ, ਧਾਨਮੰਡੀ 32 ਸਥਿਤ ਸ਼ੇਖ਼ ਮੁਜੀਬ ਦੇ ਘਰ ਅਤੇ ਛਾਯਾਨਾਟ ਸੰਸਕ੍ਰਿਤੀ ਭਵਨ 'ਤੇ ਹਮਲਾ ਕਰ ਦਿੱਤਾ, ਭੰਨਤੋੜ ਕੀਤੀ ਅਤੇ ਇਮਾਰਤਾਂ ਨੂੰ ਅੱਗ ਲਗਾ ਦਿੱਤੀ।

ਇਸ ਤੋਂ ਇਲਾਵਾ, ਚਟਗਾਂਵ, ਰਾਜਸ਼ਾਹੀ ਅਤੇ ਕਈ ਹੋਰ ਇਲਾਕਿਆਂ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਹਮਲੇ ਹੋਏ।

ਢਾਕਾ ਪੁਲਿਸ ਨੇ ਬੀਬੀਸੀ ਬੰਗਲਾ ਨੂੰ ਦੱਸਿਆ ਕਿ ਧਾਨਮੰਡੀ 32 ਵਿੱਚ ਭੰਨਤੋੜ ਹੋਈ ਹੈ। ਇਹ ਬੰਗਲਾਦੇਸ਼ ਦੇ ਸਥਾਪਕ ਰਾਸ਼ਟਰਪਤੀ ਸ਼ੇਖ਼ ਮੁਜੀਬੁਰ ਰਹਮਾਨ ਦਾ ਨਿਵਾਸ ਸਥਾਨ ਰਿਹਾ ਹੈ ਅਤੇ ਬਾਅਦ ਵਿੱਚ ਇਸ ਨੂੰ ਅਜਾਇਬ ਘਰ ਵਜੋਂ ਤਬਦੀਲ ਕਰ ਦਿੱਤਾ ਗਈ ਸੀ। ਇਸ ਭਵਨ ਵਿੱਚ 5 ਅਗਸਤ 2024 ਤੋਂ ਬਾਅਦ ਦੋ ਵਾਰ ਭੰਨਤੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।

ਵੀਰਵਾਰ ਦੁਪਹਿਰ ਨੂੰ ਵੀ ਉੱਥੇ ਭੰਨਤੋੜ ਹੋਈ ਅਤੇ ਜੇਸੀਬੀ ਮਸ਼ੀਨਾਂ ਦਾ ਇਸਤੇਮਾਲ ਵੀ ਦੇਖਿਆ ਗਿਆ।

ਵੀਰਵਾਰ ਨੂੰ ਅੱਧੀ ਰਾਤ ਦੇ ਕਰੀਬ ਰੋਹ 'ਚ ਆਏ ਸੈਂਕੜੇ ਲੋਕਾਂ ਨੇ ਪਹਿਲਾਂ ਦੈਨਿਕ ਪ੍ਰੋਥੋਮ ਆਲੋ ਅਤੇ ਫਿਰ ਦਿ ਡੇਲੀ ਸਟਾਰ ਦੇ ਦਫ਼ਤਰਾਂ 'ਤੇ ਹਮਲਾ ਕੀਤਾ, ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ।

ਉਸ ਸਮੇਂ ਦੋਵੇਂ ਅਖ਼ਬਾਰਾਂ ਦੇ ਕਈ ਪੱਤਰਕਾਰ ਇਮਾਰਤ ਦੇ ਅੰਦਰ ਫਸੇ ਹੋਏ ਸਨ।

ਬਾਅਦ ਵਿੱਚ ਫੌਜ, ਪੁਲਿਸ ਅਤੇ ਬੀਜੀਬੀ ਦੇ ਮੈਂਬਰ ਘਟਨਾ ਵਾਲੀ ਥਾਂ ਪਹੁੰਚੇ, ਹਮਲਾਵਰਾਂ ਨੂੰ ਉੱਥੋਂ ਹਟਾਇਆ ਅਤੇ ਇਸ ਤੋਂ ਬਾਅਦ ਅੱਗ ਬੁਝਾਉ ਦਸਤੇ ਨੇ ਅੱਗ 'ਤੇ ਕਾਬੂ ਪਾਇਆ ਅਤੇ ਇਮਾਰਤ ਦੇ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਇਨ੍ਹਾਂ ਅਖ਼ਬਾਰਾਂ ਦਾ ਸੰਚਾਲਨ ਸ਼ੁੱਕਰਵਾਰ ਨੂੰ ਨਿਲੰਬਿਤ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵੇਂ ਮੀਡੀਆ ਸੰਸਥਾਵਾਂ ਦੀਆਂ ਆਨਲਾਈਨ ਸੇਵਾਵਾਂ ਵੀ ਲਗਭਗ ਠੱਪ ਹੋ ਗਈਆਂ ਹਨ।

ਭਾਰਤੀ ਹਾਈ ਕਮਿਸ਼ਨ 'ਤੇ ਵੀ ਪੱਥਰਬਾਜ਼ੀ

ਵੀਰਵਾਰ ਰਾਤ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਪ੍ਰਦਰਸ਼ਨ ਅਤੇ ਵਿਰੋਧ ਕੀਤਾ ਗਿਆ।

ਉਸਮਾਨ ਹਾਦੀ ਦੇ ਸਮਰਥਕਾਂ ਅਤੇ ਵੱਖ-ਵੱਖ ਸਿਆਸੀ ਅਤੇ ਵਿਦਿਆਰਥੀ ਸੰਗਠਨਾਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਢਾਕਾ ਦੇ ਅੰਦਰ ਤੇ ਬਾਹਰ ਕਈ ਜ਼ਿਲ੍ਹਿਆਂ ਵਿੱਚ ਸੜਕਾਂ 'ਤੇ ਪ੍ਰਦਰਸ਼ਨ ਕੀਤਾ।

ਚਟਗਾਂਵ ਵਿੱਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋਏ।

ਉੱਥੇ ਭਾਰਤੀ ਸਹਾਇਕ ਹਾਈ ਕਮਿਸ਼ਨਰ ਦੇ ਨਿਵਾਸ ਸਥਾਨ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਸਥਾਨਕ ਪੱਤਰਕਾਰਾਂ ਨੇ ਦੱਸਿਆ ਕਿ ਭੀੜ ਨੇ ਹਾਈ ਕਮਿਸ਼ਨ 'ਤੇ ਪੱਥਰਬਾਜ਼ੀ ਕੀਤੀ।

ਇਸ ਤੋਂ ਇਲਾਵਾ, ਬਰਖਾਸਤ ਆਵਾਮੀ ਲੀਗ ਸਰਕਾਰ ਦੇ ਸਾਬਕਾ ਸਿੱਖਿਆ ਮੰਤਰੀ ਮੋਹਿਬੁਲ ਹਸਨ ਚੌਧਰੀ ਨੌਫ਼ੇਲ ਦੇ ਘਰ 'ਚ ਵੀ ਭੰਨਤੋੜ ਕੀਤੀ ਗਈ ਅਤੇ ਉਸ ਨੂੰ ਅੱਗ ਲਗਾ ਦਿੱਤੀ ਗਈ।

ਮੁਹੰਮਦ ਯੂਨੁਸ ਨੇ ਕੀ ਕਿਹਾ

ਵੀਰਵਾਰ ਦੇਰ ਰਾਤ ਮੁਹੰਮਦ ਯੂਨੁਸ ਨੇ ਦੇਸ਼ ਦੇ ਨਾਮ ਸੰਦੇਸ਼ ਵਿੱਚ ਕਿਹਾ, "ਇਸ ਬੇਰਹਿਮ ਕਤਲ ਵਿੱਚ ਸ਼ਾਮਲ ਸਾਰੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਨਿਆਂ ਦੇ ਕਟਿਹਰੇ ਵਿੱਚ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਈ ਜਾਵੇਗੀ। ਇਸ ਮਾਮਲੇ ਵਿੱਚ ਕੋਈ ਨਰਮੀ ਨਹੀਂ ਵਰਤੀ ਜਾਵੇਗੀ।"

ਉਨ੍ਹਾਂ ਕਿਹਾ, "ਸਾਨੂੰ ਉਨ੍ਹਾਂ ਲੋਕਾਂ ਦੇ ਜਾਲ਼ 'ਚ ਨਹੀਂ ਫਸਣਾ ਚਾਹੀਦਾ ਜੋ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਆਓ ਅਸੀਂ ਸਾਰੇ ਇਕੱਠੇ ਹੋ ਕੇ ਲੋਕਤੰਤਰ, ਨਿਆਂ ਅਤੇ ਜਨਤਾ ਦੇ ਅਧਿਕਾਰਾਂ ਦੀ ਸਥਾਪਨਾ ਦੀ ਦਿਸ਼ਾ ਵੱਲ ਠੋਸ ਕਦਮ ਵਧਾਈਏ।"

ਯੂਨੁਸ ਨੇ ਕਿਹਾ, "ਮੈਂ ਇੱਕ ਵਾਰ ਫਿਰ ਸਪਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਉਸਮਾਨ ਹਾਦੀ ਹਾਰੀਆਂ ਹੋਈਆਂ ਤਾਕਤਾਂ ਅਤੇ ਫਾਸੀਵਾਦੀ ਅੱਤਵਾਦੀਆਂ ਦੇ ਦੁਸ਼ਮਣ ਸਨ। ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਅਤੇ ਕ੍ਰਾਂਤੀਕਾਰੀਆਂ ਨੂੰ ਡਰਾਉਣ ਦੀ ਨਾਪਾਕ ਕੋਸ਼ਿਸ਼ ਪੂਰੀ ਤਰ੍ਹਾਂ ਨਾਕਾਮ ਕੀਤੀ ਜਾਵੇਗੀ। ਕਿਸੇ ਵੀ ਡਰ, ਅੱਤਵਾਦ ਜਾਂ ਖੂਨਖਰਾਬੇ ਰਾਹੀਂ ਇਸ ਦੇਸ਼ ਦੀ ਲੋਕਤੰਤਰਿਕ ਤਰੱਕੀ ਨੂੰ ਨਹੀਂ ਰੋਕਿਆ ਜਾ ਸਕਦਾ।"

ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਹਾਦੀ ਦੀ ਪਤਨੀ ਅਤੇ ਇਕਲੌਤੇ ਬੱਚੇ ਦੀ ਜ਼ਿੰਮੇਵਾਰੀ ਸਰਕਾਰ ਚੁੱਕੇਗੀ।

ਕੌਣ ਸਨ ਹਾਦੀ ਉਸਮਾਨ?

ਪਿਛਲੇ ਸਾਲ ਅਗਸਤ ਮਹੀਨੇ ਵਿੱਚ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਖ਼ਿਲਾਫ਼ ਹੋਏ ਹਿੰਸਕ ਵਿਦਿਆਰਥੀ ਅੰਦੋਲਨ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਸਨ ਹਾਦੀ ਉਸਮਾਨ।

ਉਹ ਸ਼ੇਖ਼ ਹਸੀਨਾ ਵਿਰੋਧੀ ਇੰਕਲਾਬ ਮੰਚ ਦੇ ਮੈਂਬਰ ਸਨ। ਫ਼ਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਲਈ ਉਹ ਵੀ ਸੰਭਾਵਿਤ ਉਮੀਦਵਾਰ ਸਨ ਅਤੇ ਹਮਲੇ ਦੇ ਸਮੇਂ ਢਾਕਾ-8 ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਪ੍ਰਚਾਰ ਕਰ ਰਹੇ ਸਨ।

ਇੰਕਲਾਬ ਮੰਚ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਹੋਏ ਬੰਗਲਾਦੇਸ਼ ਵਿਦਿਆਰਥੀ ਅੰਦੋਲਨ ਦੌਰਾਨ ਚਰਚਾ ਵਿੱਚ ਆਇਆ ਸੀ।

ਇਸ ਸਮੂਹ ਨੂੰ ਕਟਟਰਪੰਥੀ ਸੰਗਠਨ ਕਿਹਾ ਗਿਆ ਹੈ ਅਤੇ ਇਹ ਅਵਾਮੀ ਲੀਗ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਅੱਗੇ ਰਿਹਾ ਹੈ।

ਵਿਦਿਆਰਥੀ ਅੰਦੋਲਨ ਵਿੱਚ ਭੂਮਿਕਾ ਦੇ ਬਾਵਜੂਦ ਯੂਨੁਸ ਸਰਕਾਰ ਨੇ ਇਸ ਮੰਚ ਨੂੰ ਭੰਗ ਕਰ ਦਿੱਤਾ ਸੀ ਅਤੇ ਰਾਸ਼ਟਰੀ ਚੋਣਾਂ ਲੜਨ 'ਤੇ ਰੋਕ ਲਗਾ ਦਿੱਤੀ ਸੀ।

ਭਾਰਤ ਵਿਰੋਧੀ ਬਿਆਨਬਾਜ਼ੀ ਤੇਜ਼

ਪਿਛਲੇ ਕੁਝ ਦਿਨਾਂ ਤੋਂ ਬੰਗਲਾਦੇਸ਼ ਦੇ ਕਈ ਆਗੂਆਂ ਦੀ ਭਾਰਤ ਵਿਰੋਧੀ ਬਿਆਨਬਾਜ਼ੀ ਤੇਜ਼ ਹੋ ਗਈ ਹੈ।

ਲੰਘੇ ਬੁੱਧਵਾਰ ਨੂੰ ਬੰਗਲਾਦੇਸ਼ ਦੀ ਨੇਸ਼ਨਲ ਸਿਟਿਜ਼ਨ ਪਾਰਟੀ (ਐਨਸੀਪੀ) ਦੇ ਸਦਰਨ ਚੀਫ਼ ਆਰਗੇਨਾਈਜ਼ਰ ਹਸਨਤ ਅਬਦੁੱਲਾਹ ਨੇ ਕਿਹਾ ਸੀ ਕਿ ਭਾਰਤੀ ਹਾਈ ਕਮਿਸ਼ਨ ਨੂੰ ਦੇਸ਼ ਤੋਂ ਬਾਹਰ ਕੱਢ ਦੇਣਾ ਚਾਹੀਦਾ ਸੀ।

ਹਸਨਤ ਅਬਦੁੱਲਾਹ ਨੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਬੰਗਲਾਦੇਸ਼ ਨੂੰ ਅਸਥਿਰ ਕੀਤਾ ਗਿਆ ਤਾਂ ਭਾਰਤ ਦੇ ਉੱਤਰ-ਪੂਰਬੀ ਸੂਬਿਆਂ 'ਸੈਵਨ ਸਿਸਟਰਜ਼' ਨੂੰ ਅਲੱਗ-ਥਲੱਗ ਕਰ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਭਾਰਤ ਨੇ ਦਿੱਲੀ ਵਿੱਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਰਿਆਜ਼ ਹਮੀਦੁੱਲਾਹ ਨੂੰ ਤਲਬ ਕਰਕੇ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਚਿੰਤਾ ਜਤਾਈ ਸੀ।

ਸ਼ੇਖ਼ ਹਸੀਨਾ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਬੰਗਲਾਦੇਸ਼ ਅਤੇ ਭਾਰਤ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਹਨ।

ਹਾਲ ਦੇ ਮਹੀਨਿਆਂ ਵਿੱਚ ਬੰਗਲਾਦੇਸ਼ ਦੇ ਆਗੂ ਭਾਰਤ ਖ਼ਿਲਾਫ਼ ਆਏ ਦਿਨੀਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਰਹੇ ਹਨ।

ਇਸ ਸਮੇਂ ਸ਼ੇਖ਼ ਹਸੀਨਾ ਨੇ ਭਾਰਤ ਵਿੱਚ ਸ਼ਰਨ ਲਈ ਹੋਈ ਹੈ ਅਤੇ ਉਨ੍ਹਾਂ ਦੇ ਪੁੱਤਰ ਸਾਜਿਬ ਵਾਜਿਦ ਜੌਏ ਨੇ ਇਲਜ਼ਾਮ ਲਗਾਇਆ ਹੈ ਕਿ ਮੁਹੰਮਦ ਯੂਨੁਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਇੱਕ ਇਸਲਾਮੀ ਸ਼ਾਸਨ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)