ਇਮੀਗ੍ਰੇਸ਼ਨ ਕਲੀਅਰੈਂਸ ਨੂੰ ਕਿਵੇਂ ਸਕਿੰਟਾਂ ਵਿੱਚ ਕੀਤਾ ਜਾ ਸਕਦਾ ਹੈ, ਏਅਰਪੋਰਟ 'ਤੇ ਲੰਮੀਆਂ ਕਤਾਰਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਪਹਿਲਾਂ ਏਅਰਪੋਰਟ ਪਹੁੰਚਣ ਦਾ ਤਣਾਅ, ਫਿਰ ਬੋਰਡਿੰਗ ਪਾਸ ਲੈਣਾ ਅਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੀ ਲੰਮੀ ਕਤਾਰ ਵਿੱਚ ਖੜਾ ਹੋਣਾ। ਇਹ ਸਭ ਔਖਾ ਤਾਂ ਹੈ।

ਪਰ ਜ਼ਰਾ ਫਰਜ਼ ਕਰੋ ਕਿ ਤੁਹਾਨੂੰ ਕਿਸੀ ਲੰਮੀ ਕਤਾਰ ਵਿੱਚ ਨਾ ਲੱਗਣਾ ਪਵੇ, ਕੋਈ ਮੈਨੂਅਲ ਚੈਕਿੰਗ ਨਾ ਹੋਵੇ ਅਤੇ ਮਹਿਜ਼ 30 ਸਕਿੰਟਾਂ ਵਿੱਚ ਇਮੀਗ੍ਰੇਸ਼ਨ ਕਲੀਅਰੈਂਸ ਮਿਲ ਜਾਵੇ।

ਇਹ ਮੁਮਕਿਨ ਹੈ ਭਾਰਤ ਸਰਕਾਰ ਦੇ ਫਾਸਟ ਟ੍ਰੈਕ ਇਮੀਗ੍ਰੇਸ਼ਨ – ਟ੍ਰਸਟਿਡ ਟ੍ਰੈਵਲਰ ਪ੍ਰੋਗਰਾਮ ਦੇ ਨਾਲ।

ਤੁਸੀਂ ਸ਼ਾਇਦ ਅੱਜਕੱਲ੍ਹ ਕਈ ਸੈਲੀਬ੍ਰਿਟੀਜ਼ ਦੀਆਂ ਵੀਡੀਓਜ਼ ਦੇਖੀਆਂ ਹੋਣ ਜਿਸ ਵਿੱਚ ਉਹ ਬਾਇਓਮੈਟਰਿਕਸ ਦਿੰਦੇ ਨਜ਼ਰ ਆ ਰਹੇ ਹੋਣ। ਉਹ ਅਜਿਹਾ ਕਰ ਰਹੇ ਹਨ ਇਸੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ।

ਕੀ ਹੈ ਐੱਫਟੀਆਈ-ਟੀਟੀਪੀ

ਐੱਫਟੀਆਈ-ਟੀਟੀਪੀ ਯਾਨੀ ਫਾਸਟ ਟ੍ਰੈਕ ਇਮੀਗ੍ਰੇਸ਼ਨ – ਟ੍ਰਸਟਿਡ ਟ੍ਰੈਵਲਰ ਪ੍ਰੋਗਰਾਮ ਭਾਰਤ ਸਰਕਾਰ ਦਾ ਅਜਿਹਾ ਪ੍ਰੋਗਰਾਮ ਹੈ ਜੋ ਯੋਗ ਵਿਅਕਤੀਆਂ ਦੇ ਇਮੀਗ੍ਰੇਸ਼ਨ ਕਲੀਅਰਿੰਗ ਪ੍ਰੋਸੈਸ ਦੇ ਵਿੱਚ ਕਾਫੀ ਤੇਜ਼ੀ ਲਿਆਉਂਦਾ ਹੈ। ਇਸ ਪ੍ਰੋਗਰਾਮ ਨੂੰ https://ftittp.mha.gov.in ਆਨਲਾਈਨ ਵੈੱਬਸਾਈਟ ਜ਼ਰੀਏ ਬਿਊਰੋ ਆਫ਼ ਇਮੀਗ੍ਰੇਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ।

ਇਸ ਦੀ ਸ਼ੁਰੂਆਤ ਸਾਲ 2024 ਵਿੱਚ ਹੋਈ ਪਰ ਹੁਣ ਸਰਕਾਰ ਜਨਤਾ ਤੱਕ ਇਸ ਦੀ ਜਾਣਕਾਰੀ ਪਹੁੰਚਾਉਣ ਲਈ ਕਈ ਸੈਲੀਬ੍ਰਿਟੀਜ਼ ਦੀ ਮਦਦ ਲੈ ਰਹੀ ਹੈ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ, ਸੁਸ਼ਮਿਤਾ ਸੇਨ ਆਪਣੇ ਬਾਈਓਮੈਟਰਿਕਸ ਦਿੰਦੇ ਨਜ਼ਰ ਆਏ।

ਬਿਊਰੋ ਆਫ਼ ਇਮੀਗ੍ਰੇਸ਼ਨ ਕਈ ਇੰਸਟਾਗ੍ਰਾਮ ਇਨਫਲੂਐਂਸਰਾਂ ਜ਼ਰੀਏ ਵੀ ਇਸ ਬਾਰੇ ਜਾਣਕਾਰੀ ਸਾਂਝਾ ਕਰ ਰਹੀ ਹੈ।

ਜੂਨ ਮਹੀਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 ਉੱਤੇ ਇਸ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਇਹ ਸੁਵਿਧਾ ਸਾਰੇ ਯਾਤਰੀਆਂ ਲਈ ਮੁਫਤ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਦੋ ਹਿੱਸਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਭਾਰਤੀ ਨਾਗਰਿਕਾਂ ਅਤੇ ਓਸੀਆਈ ਕਾਰਡ ਧਾਰਕਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਦੂਜੇ ਪੜਾਅ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ।

ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੁਹਾਨੂੰ ਆਪਣੇ ਬਾਈਓਮੈਟਰਿਕਸ ਕਰਵਾਉਣੇ ਪੈਣਗੇ ਅਤੇ ਐਪਲੀਕੇਸ਼ਨ ਫਾਰਮ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਦੇਣੀ ਪਵੇਗੀ। ਹਾਲਾਂਕਿ ਤੁਸੀਂ ਇਸ ਪ੍ਰੋਗਰਾਮ ਲਈ ਉਦੋਂ ਹੀ ਯੋਗ ਮੰਨੇ ਜਾਵੋਗੇ ਜਦੋਂ ਤੁਹਾਡੀ ਲੋੜੀਂਦੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਅਤੇ ਤੁਸੀਂ ਸਾਰੇ ਪੈਮਾਨਿਆਂ ਨੂੰ ਪੂਰੇ ਕਰਦੇ ਹੋ।

ਪਰ ਜਿਹੜੇ ਯਾਤਰੀ ਲਾਅ ਇਨਫੋਰਸਮੈਂਟ ਏਜੰਸੀਆਂ ਜਾਂ ਅਦਾਲਤ ਵੱਲੋਂ ਕਿਸੇ ਮਾਮਲੇ ਦੀ ਜਾਂਚ ਲਈ ਲੋੜੀਂਦੇ ਹੋਣ, ਉਹ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਸਕਣਗੇ।

ਪ੍ਰੋਗਰਾਮ ਬਾਰੇ ਖਾ਼ਸ ਹਦਾਇਤਾਂ

ਐੱਫਟੀਆਈ-ਟੀਟੀਪੀ ਦੀ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਦੇ ਮੁਤਾਬਕ, ਅਰਜ਼ੀਕਰਤਾ ਨੂੰ ਇਸ ਪ੍ਰੋਗਰਾਮ ਦੇ ਲਈ https://ftittp.mha.gov.in ਉੱਤੇ ਸਾਈਨ-ਅੱਪ ਕਰਨਾ ਪਵੇਗਾ। ਇਸ ਦੇ ਲਈ ਤੁਹਾਡਾ ਮੋਬਾਈਲ ਓਟੀਪੀ ਅਤੇ ਇਮੇਲ ਵੈਰੀਫਿਕੇਸ਼ਨ ਜ਼ਰੂਰੀ ਹੋਵੇਗੀ।

ਜਦੋਂ ਤੁਸੀਂ ਇਸ ਪ੍ਰੋਗਰਾਮ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ ਪਾਸਪੋਰਟ ਘੱਟੋ-ਘੱਟ 6 ਮਹੀਨਿਆਂ ਲਈ ਵੈਧ ਹੋਣਾ ਚਾਹੀਦਾ ਹੈ। ਪ੍ਰੋਗਰਾਮ ਦੀ ਮੈਂਬਰਸ਼ਿਪ 10 ਸਾਲਾਂ ਲਈ ਜਾਂ ਤੁਹਾਡੇ ਪਾਸਪੋਰਟ ਦੀ ਵੈਲੀਡਿਟੀ ਤੱਕ ਵੈਧ ਮੰਨੀ ਜਾਵੇਗੀ।

ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੁਹਾਨੂੰ ਹੇਠਾਂ ਲਿਖੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ –

  • ਪਾਸਪੋਰਟ ਸਾਈਜ਼ ਫੋਟੋਗ੍ਰਾਫ (ਅਰਜ਼ੀਕਰਤਾ ਦਾ ਚਿਹਰਾ ਫੋਟੋ ਦੇ ਤਿੰਨ-ਚੌਥਾਈ ਹਿੱਸੇ ਵਿੱਚ ਹੋਣਾ ਚਾਹੀਦਾ ਹੈ ਅਤੇ ਕੰਨ ਨਜ਼ਰ ਆਉਣ ਚਾਹੀਦੇ ਹਨ)
  • ਤੁਹਾਡੀ ਤਸਵੀਰ 6 ਮਹੀਨੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਅਤੇ ਤਸਵੀਰ ਦਾ ਬੈਕਗ੍ਰਾਉਂਡ ਸਫੇਦ ਹੋਣਾ ਚਾਹੀਦਾ ਹੈ
  • ਪਾਸਪੋਰਟ ਦੀ ਵੈਧਤਾ ਘੱਟੋ-ਘੱਟ 6 ਮਹੀਨਿਆਂ ਦੀ ਹੋਣੀ ਚਾਹੀਦੀ ਹੈ। ਪਾਸਪੋਰਟ ਦਾ ਪਹਿਲਾ ਅਤੇ ਅਖ਼ੀਰਲਾ ਪੰਨਾ ਅਪਲੋਡ ਕਰਨਾ ਹੈ।
  • ਵਰਤਮਾਨ ਪਤੇ ਦੇ ਸਬੂਤੀ ਦਸਤਾਵੇਜ਼ ਪੇਸ਼ ਕਰਨੇ ਹੋਣਗੇ।
  • ਇਸੇ ਤਰ੍ਹਾਂ ਓਸੀਆਈ ਕਾਰਡ ਦਾ ਪਹਿਲਾ ਅਤੇ ਆਖ਼ਰੀ ਪੰਨਾ ਸਕੈਨ ਕਰਕੇ ਅਪਲੋਡ ਕਰਨਾ ਹੈ

ਪਰ ਇਸ ਵਿੱਚ ਇਹ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਸਕਦੀ ਹੈ ਜੇਕਰ –

  • ਤੁਸੀਂ ਗਲਤ ਜਾਂ ਝੂਠ ਜਾਣਕਾਰੀ ਦਿੰਦੇ ਹੋ
  • ਕੁਝ ਅਹਿਮ ਜਾਣਕਾਰੀ ਨੂੰ ਲੁਕਾਇਆ ਗਿਆ ਹੋਵੇ
  • ਅਪਲੋਡ ਕਰਨ ਵਾਲੇ ਦਸਤਾਵੇਜ਼ ਜਾਂ ਫੋਟੋ ਧੁੰਦਲੀ ਹੋਵੇ
  • ਵਰਤਮਾਨ ਰਹਿਣ ਦਾ ਪਤਾ ਨਾ ਦਿੱਤਾ ਗਿਆ ਹੋਵੇ

ਜਦੋਂ ਤੁਹਾਡੀ ਐਪਲੀਕੇਸ਼ਨ ਜਮਾ ਹੋ ਜਾਵੇਗੀ, ਇਸ ਦੀ ਜਾਣਕਾਰੀ ਤੁਹਾਨੂੰ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ਉੱਤੇ ਦੇ ਦਿੱਤੀ ਜਾਵੇਗੀ।

ਫਿਰ ਤੁਹਾਡੀ ਐਪਲੀਕੇਸ਼ਨ ਦੀ ਸਾਰੀ ਜਾਣਕਾਰੀ ਅਤੇ ਦਸਤਾਵੇਜ਼ਾਂ ਨੂੰ ਜਾਂਚਿਆ ਜਾਵੇਗਾ।

ਜੇਕਰ ਤੁਹਾਡੀ ਆਪਲੀਕੇਸ਼ਨ ਨੂੰ ਸਫਲਤਾਪੂਰਵਕ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਤੁਹਾਨੂੰ ਬਾਇਓਮੈਟਰਿਕਸ ਕਰਵਾਉਣੇ ਪੈਣਗੇ। ਇਸ ਦੇ ਲਈ ਤੁਹਾਨੂੰ ਲਿਸਟ ਵਿੱਚ ਮੌਜੂਦ ਇੰਟਰਨੈਸ਼ਨਲ ਏਅਰਪੋਰਟਸ ਜਾਂ ਐਫਆਰਆਰਓ ਦਫਤਰ ਜਾਣਾ ਪਵੇਗਾ।

ਇਸ ਪ੍ਰੋਸੈਸ ਨੂੰ ਕਰੀਬ ਇੱਕ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ।

ਜੇਕਰ ਜਿਸ ਪਾਸਪੋਰਟ ਤੋਂ ਤੁਸੀਂ ਅਪਲਾਈ ਕੀਤਾ ਹੈ, ਉਸ ਦੀ ਵੈਧਤਾ ਖ਼ਤਮ ਹੋ ਜਾਂਦੀ ਹੈ, ਗੁੰਮ ਹੋ ਜਾਂਦਾ ਹੈ ਜਾਂ ਫੱਟ ਜਾਂਦਾ ਹੈ ਤਾਂ ਤੁਹਾਨੂੰ ਮੁੜ ਤੋਂ ਇਸ ਦੇ ਲਈ ਅਪਲਾਈ ਕਰਨਾ ਪਵੇਗਾ।

ਕੌਣ ਅਪਲਾਈ ਨਹੀਂ ਕਰ ਸਕਦਾ

7 ਸਾਲ ਤੋਂ ਘੱਟ ਉਮਰ ਦਾ ਬੱਚਾ ਇਸ ਪ੍ਰੋਗਰਾਮ ਲਈ ਅਪਲਾਈ ਨਹੀਂ ਕਰ ਸਕਦਾ।

7 ਤੋਂ 18 ਸਾਲ ਦੀ ਉਮਰ ਵਾਲੇ ਬੱਚਿਆਂ ਲਈ ਉਨ੍ਹਾਂ ਦੇ ਮਾਪਿਆਂ ਜਾਂ ਗਾਰਡੀਅਨ ਦੀ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਰਜਿਸਟਰ ਹੋਵੇਗਾ। ਇਨ੍ਹਾਂ ਤੋਂ ਬਗੈਰ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕਦੀ।

ਇਸ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਸਰਕਾਰ ਦੀ ਵੈੱਬਸਾਈਟ [email protected]. ਉੱਤੇ ਹਾਸਲ ਕਰ ਸਕਦੇ ਹੋ।

ਇਸ ਤੋਂ ਬਾਅਦ ਕੀ ਹੋਵੇਗਾ

ਜਦੋਂ ਤੁਸੀਂ ਇਸ ਪ੍ਰੋਗਰਾਮ ਦਾ ਸਫਲਤਾਪੂਰਵਕ ਹਿੱਸਾ ਬਣ ਜਾਵੋਗੇ ਤਾਂ ਜਿਵੇਂ ਹੀ ਏਅਰਪੋਰਟ ਦੇ ਈ-ਗੇਟਸ ਉੱਤੇ ਤੁਸੀਂ ਪਹੁੰਚੋਗੇ ਤਾਂ ਪਹਿਲਾਂ ਤੁਹਾਡਾ ਬੋਰਡਿੰਗ ਪਾਸ ਸਕੈਨ ਕੀਤਾ ਜਾਵੇਗਾ। ਫਿਰ ਤੁਹਾਨੂੰ ਆਪਣਾ ਪਾਸਪੋਰਟ ਸਕੈਨ ਕਰਨਾ ਪਵੇਗਾ ਅਤੇ ਬਾਈਓਮੈਟਰਿਕਸ ਦੇਣੇ ਪੈਣਗੇ।

ਸਭ ਮੈਚ ਹੋਇਆ ਤਾਂ ਈ-ਗੇਟ ਖੁਦ ਹੀ ਖੁੱਲ੍ਹ ਜਾਵੇਗਾ। ਯਾਨੀ ਤੁਹਾਨੂੰ ਇਮੀਗ੍ਰੇਸ਼ਨ ਅਪਰੂਵਲ ਮਿਲ ਗਿਆ ਹੈ।

ਅੰਕੜੇ ਕੀ ਕਹਿੰਦੇ ਹਨ

ਪੀਆਈਬੀ ਦੀ ਰਿਪੋਰਟ ਦੇ ਮੁਤਾਬਕ, ਪਿਛਲੇ 11 ਸਾਲਾਂ ਵਿੱਚ ਭਾਰਤ ਦੇ ਕੌਮਾਂਤਰੀ ਯਾਤਰੀਆਂ ਵਿੱਚ ਕਾਫੀ ਇਜ਼ਾਫਾ ਹੋਇਆ ਹੈ। 2014 ਵਿੱਚ ਵਿਦੇਸ਼ ਜਾਣ ਵਾਲੇ ਯਾਤਰੀਆਂ ਦੀ ਗਿਣਤੀ 3 ਕਰੋੜ 54 ਲੱਖ ਸੀ ਜੋ ਸਾਲ 2024 ਵਿੱਚ ਲਗਭਗ 73 ਫ਼ੀਸਦ ਦੇ ਇਜ਼ਾਫੇ ਦੇ ਨਾਲ 6 ਕਰੋੜ 12 ਲੱਖ ਹੋ ਗਈ।

ਇਸੇ ਤਰ੍ਹਾਂ, ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਦੀ ਗਿਣਤੀ 2014 ਵਿੱਚ 1 ਕਰੋੜ 53 ਲੱਖ ਸੀ ਜੋ ਸਾਲ 2024 ਵਿੱਚ ਲਗਭਗ 31 ਫ਼ੀਸਦ ਵਾਧੇ ਦੇ ਨਾਲ ਲਗਭਗ 2 ਕਰੋੜ ਹੋ ਗਈ।

ਯਾਨੀ ਦੋਹੇਂ ਅੰਕੜਿਆਂ ਨੂੰ ਮਿਲਾ ਕੇ ਦੇਖੀਏ ਤਾਂ 2014 ਵਿੱਚ ਕੁੱਲ 5 ਕਰੋੜ 7 ਲੱਖ ਯਾਤਰੀਆਂ ਦੇ ਮੁਕਾਬਲੇ 2024 ਵਿੱਚ ਕੁਲ 8 ਕਰੋੜ 12 ਲੱਖ ਯਾਤਰੀ ਜਾਂ ਤਾਂ ਵਿਦੇਸ਼ ਤੋਂ ਆਏ ਜਾਂ ਵਿਦੇਸ਼ ਗਏ ਜੋ ਕਿ ਕੁਲ 60 ਫ਼ੀਸਦ ਦੇ ਵਾਧੇ ਨੂੰ ਦਰਸਾਉਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)