ਕੀ ਪਾਸਪੋਰਟ 'ਤੇ ਲੱਗਣ ਵਾਲੀਆਂ ਸਟੈਂਪਾਂ ਹੁਣ ਬੀਤੇ ਸਮੇਂ ਦੀ ਗੱਲ ਬਣ ਜਾਣਗੀਆਂ, ਇਸ ਰਵਾਇਤ ਦਾ ਇਤਿਹਾਸ ਕੀ ਹੈ

    • ਲੇਖਕ, ਲਿਨ ਬ੍ਰਾਊਨ
    • ਰੋਲ, ਬੀਬੀਸੀ ਨਿਊਜ਼

ਪਾਸਪੋਰਟ ਨੂੰ ਸਰਹੱਦ 'ਤੇ ਮੌਜੂਦ ਅਧਿਕਾਰੀ ਨੂੰ ਦੇਣਾ ਅਤੇ ਨਵੇਂ ਦੇਸ਼ ਵਿੱਚ ਦਾਖ਼ਲੇ ਦੀ ਨਿਸ਼ਾਨੀ ਵਜੋਂ ਮੋਹਰ ਲਗਵਾਉਣਾ, ਇਹ ਪ੍ਰਕਿਰਿਆ ਸ਼ਾਇਦ ਜਲਦੀ ਹੀ ਬੀਤੇ ਸਮੇਂ ਦੀ ਗੱਲ ਬਣ ਜਾਵੇ।

ਅਕਤੂਬਰ 2025 ਵਿੱਚ ਯੂਰਪੀ ਯੂਨੀਅਨ (ਈਯੂ)ਨੇ ਆਪਣਾ ਐਂਟਰੀ/ਐਗਜ਼ਿਟ ਸਿਸਟਮ (ਈਈਐੱਸ) ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਇੱਕ ਨਵਾਂ ਡਿਜੀਟਲ ਸਰਹੱਦ-ਪ੍ਰਬੰਧਨ ਭਾਵ ਬਾਰਡਰ ਮੈਨੇਜਮੈਂਟ ਟੂਲ ਹੈ। ਇਹ ਸਿਸਟਮ ਸ਼ੈਨੇਗਨ ਖੇਤਰ ਵਿੱਚ ਆਉਣ-ਜਾਣ ਵਾਲੇ ਗ਼ੈਰ-ਈਯੂ ਨਾਗਰਿਕਾਂ ਦੇ ਬਾਇਓਮੈਟ੍ਰਿਕ ਡਾਟਾ ਦੇ ਨਾਲ-ਨਾਲ ਦਾਖ਼ਲੇ ਅਤੇ ਨਿਕਾਸ ਦੀਆਂ ਤਰੀਖਾਂ ਦਾ ਰਿਕਾਰਡ ਰੱਖਦਾ ਹੈ।

ਅਪ੍ਰੈਲ 2026 ਤੱਕ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ, ਇਹ ਸਿਸਟਮ ਮੈਨੂਅਲ ਪਾਸਪੋਰਟ ਸਟੈਂਪਾਂ ਨੂੰ ਡਿਜੀਟਲ ਸਕ੍ਰੀਨਿੰਗ ਵਿੱਚ ਬਦਲ ਦੇਵੇਗਾ। ਇਸ ਨਾਲ ਪ੍ਰਕਿਰਿਆ ਹੋਰ ਜ਼ਿਆਦਾ ਕੁਸ਼ਲ ਅਤੇ ਸੁਰੱਖਿਅਤ ਹੋ ਜਾਵੇਗੀ ਅਤੇ ਇਸ ਵਿੱਚ ਇੱਕ ਵੱਡਾ ਬਦਲਾਅ ਆਵੇਗਾ, ਜਿਸ ਨਾਲ ਪਤਾ ਲੱਗ ਸਕੇਗਾ ਕਿ ਕੁਝ ਯਾਤਰੀ ਯੂਰਪੀ ਸਰਹੱਦਾਂ ਕਿਵੇਂ ਪਾਰ ਕਰ ਰਹੇ ਹਨ।

ਇਹ ਤਬਦੀਲੀ ਇੱਕ ਵੱਡੇ ਵਿਸ਼ਵ ਪੱਧਰੀ ਰੁਝਾਨ ਦਾ ਹਿੱਸਾ ਹੈ। ਆਸਟ੍ਰੇਲੀਆ, ਜਪਾਨ ਅਤੇ ਕੈਨੇਡਾ ਵਰਗੇ ਦੇਸ਼ ਪਹਿਲਾਂ ਹੀ ਸਰਹੱਦਾਂ 'ਤੇ ਬਾਇਓਮੈਟ੍ਰਿਕ ਡਾਟਾ ਦੀ ਵਰਤੋਂ ਕਰ ਰਹੇ ਹਨ, ਜਦਕਿ ਸੰਯੁਕਤ ਰਾਜ ਅਮਰੀਕਾ ਨੇ ਵੀ ਇਸ ਤਰ੍ਹਾਂ ਦੀਆਂ ਪ੍ਰਣਾਲੀਆਂ ਨੂੰ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।

ਜਿਵੇਂ-ਜਿਵੇਂ ਡਿਜੀਟਲ ਪ੍ਰਕਿਰਿਆ ਆਮ ਬਣਦੀ ਜਾ ਰਹੀ ਹੈ, ਇਹ ਯਾਤਰਾ ਦੀ ਇੱਕ ਪੁਰਾਣੀ ਰਸਮ ਦਾ ਅੰਤ ਕਰ ਸਕਦੀ ਹੈ, ਜਿਸ ਦੌਰਾਨ ਪਾਸਪੋਰਟ ਸਟੈਂਪਾਂ ਇਕੱਠੀਆਂ ਹੁੰਦੀਆਂ ਹਨ।

ਸਟੈਂਪਾਂ ਦੀ ਸ਼ੁਰੂਆਤ

ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ 'ਲਾਇਸੈਂਸ ਟੂ ਟਰੈਵਲ: ਏ ਕਲਚਰਲ ਹਿਸਟਰੀ ਆਫ ਦਿ ਪਾਸਪੋਰਟ' ਦੇ ਲੇਖਕ ਪੈਟ੍ਰਿਕ ਬਿਕਸਬੀ ਨੇ ਕਿਹਾ, "ਪਾਸਪੋਰਟ ਸਟੈਂਪਾਂ ਦੇ ਰੂਪ ਮੱਧਯੁੱਗ ਜਾਂ ਪੁਨਰਜਾਗਰਣ ਕਾਲ (ਰਿਨੈਸਾਂਸ) ਤੱਕ ਤੋਂ ਤੁਰੇ ਆ ਰਹੇ ਹਨ। ਯੂਰਪ ਦੇ ਸ਼ਾਸਕਾਂ ਵੱਲੋਂ ਮੋਮ ਦੀ ਮੋਹਰ ਯਾਤਰਾ ਦੇ ਪੱਤਰਾਂ 'ਤੇ ਲਗਾਈ ਜਾਂਦੀ ਸੀ। ਇਹ ਇੱਕ ਤਰ੍ਹਾਂ ਨਾਲ ਇਸ ਦੀ ਸ਼ੁਰੂਆਤ ਸੀ, ਘੱਟੋ-ਘੱਟ ਮੇਰੇ ਖ਼ਿਆਲ ਵਿੱਚ।"

ਹਾਲਾਂਕਿ ਯਾਤਰਾ ਦਸਤਾਵੇਜ਼ ਅਤੇ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਮੁਹਰਾਂ ਸਦੀਆਂ ਤੋਂ ਮੌਜੂਦ ਰਹੀਆਂ ਹਨ, ਪਰ 20ਵੀਂ ਸਦੀ ਦੇ ਸ਼ੁਰੂ ਵਿੱਚ ਆਧੁਨਿਕ ਪਾਸਪੋਰਟ ਨੇ ਆਕਾਰ ਲੈਣਾ ਸ਼ੁਰੂ ਨਹੀਂ ਕੀਤਾ ਸੀ। ਪਹਿਲੀ ਵਿਸ਼ਵ ਜੰਗ ਤੋਂ ਬਾਅਦ, ਲੀਗ ਆਫ ਨੇਸ਼ਨਜ਼ ਨੇ ਪਾਸਪੋਰਟ ਮਿਆਰਾਂ ਨੂੰ ਅਧਿਕਾਰਕ ਤੌਰ 'ਤੇ ਤੈਅ ਕਰਨ ਵਿੱਚ ਮਦਦ ਕੀਤੀ ਕਿਉਂਕਿ ਸਰਹੱਦਾਂ ਉੱਤੇ ਜ਼ਿਆਦਾ ਸਖ਼ਤੀ ਹੋਣ ਲੱਗ ਗਈ ਸੀ।

1950 ਦੇ ਦਹਾਕੇ ਤੱਕ ਪਾਸਪੋਰਟ 'ਤੇ ਸਟੈਂਪ ਲਗਣ ਦੀ ਆਧੁਨਿਕ ਰਵਾਇਤੀ ਯਾਤਰਾ ਅਤੇ ਦਰਜੇ ਦੀ ਪਛਾਣ ਬਣ ਗਈ ਕਿਉਂਕਿ ਜਦੋਂ ਉਡਾਨਾਂ ਆਮ ਲੋਕਾਂ ਲਈ ਵੀ ਆਸਾਨ ਹੋਣ ਲੱਗੀਆਂ ਤਾਂ ਦੁਨੀਆ ਯਾਤਰਾ ਦੇ "ਸੁਨਿਹਰੇ ਦੌਰ" ਵਿੱਚ ਦਾਖ਼ਲ ਹੋ ਗਈ ਸੀ।

ਬਿਕਸਬੀ ਨੇ ਕਿਹਾ, "ਅਸਲ ਵਿੱਚ ਦੂਜੀ ਵਿਸ਼ਵ ਜੰਗ ਤੋਂ ਬਾਅਦ ਅਤੇ ਅੰਤਰਰਾਸ਼ਟਰੀ ਯਾਤਰਾ ਮੁੜ ਸ਼ੁਰੂ ਹੋਣ ਤੋਂ ਬਾਅਦ ਹੋਇਆ ਕਿ ਸਟੈਂਪਾਂ ਨੂੰ ਉਹ ਭਾਵਨਾਤਮਕ ਮਹੱਤਤਾ ਮਿਲਣੀ ਸ਼ੁਰੂ ਹੋਈ, ਜੋ ਉਨ੍ਹਾਂ ਨੂੰ ਅੱਜ ਮਿਲਦੀ ਹੈ।"

ਯਾਤਰੀਆਂ ਦੀ ਪ੍ਰਤੀਕਿਰਿਆ

ਸਟੈਂਪ ਖ਼ਤਮ ਹੋਣ ਦੀ ਸੰਭਾਵਨਾ ਨੂੰ ਲੈ ਕੇ ਯਾਤਰੀਆਂ ਦੀ ਪ੍ਰਤੀਕਿਰਿਆ ਮਿਲੀ-ਜੁਲੀ ਹੈ।

ਲੰਡਨ ਵਿੱਚ ਰਹਿਣ ਵਾਲੀ ਹਰਿਸਟੀਨਾ ਨਾਬੋਸਨੀ ਕਹਿੰਦੀ ਹੈ, "ਮੈਨੂੰ ਸੱਚਮੁੱਚ ਪਾਸਪੋਰਟ ਸਟੈਂਪਾਂ ਦੀ ਕਮੀ ਮਹਿਸੂਸ ਹੋਵੇਗੀ। ਮੇਰੇ ਲਈ ਇਹ ਦਾਖ਼ਲੇ ਦੇ ਸਬੂਤ ਤੋਂ ਕਿਤੇ ਜ਼ਿਆਦਾ ਹਨ, ਉਹ ਥਾਵਾਂ ਅਤੇ ਦੇਸ਼ਾਂ ਦੀਆਂ ਛੋਟੀਆਂ-ਛੋਟੀਆਂ ਯਾਦਾਂ ਹਨ, ਜਿੱਥੇ ਵੀ ਮੈਂ ਗਈ ਹਾਂ।"

ਨਿਊਯਾਰਕ ਦੀ ਲੇਖਿਕਾ ਐੱਲ ਬੁਲਾਡੋ ਵੀ ਇਸ ਨਾਲ ਸਹਿਮਤ ਹੈ। ਉਨ੍ਹਾਂ ਨੇ ਕਿਹਾ, "ਪਾਸਪੋਰਟ ਸਟੈਂਪਾਂ ਦਾ ਜਾਣ ਦਾ ਅਹਿਸਾਸ ਮਿਲਿਆ-ਜੁਲਿਆ ਹੁੰਦਾ ਹੈ। ਹਾਲਾਂਕਿ ਮੈਂ ਤੇਜ਼ ਅਤੇ ਪ੍ਰਭਾਵਸ਼ਾਲੀ ਪ੍ਰਕਿਰਿਆਵਾਂ ਦੀ ਲੋੜ ਨੂੰ ਸਮਝਦੀ ਹਾਂ, ਪਰ ਸਟੈਂਪ ਮਿਲਣਾ ਹਮੇਸ਼ਾ ਇੱਕ ਛੋਟੀ ਜਿਹੀ ਪਛਾਣ ਵਰਗਾ ਲੱਗਦਾ ਸੀ।"

"ਇਹ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਤੁਸੀਂ ਇਕ ਸਰਹੱਦ ਪਾਰ ਕੀਤੀ ਅਤੇ ਉਸ ਥਾਂ ਪਹੁੰਚੇ, ਜਿਸਦਾ ਤੁਸੀਂ ਸਿਰਫ਼ ਸੁਪਨਾ ਹੀ ਦੇਖਿਆ ਹੋ ਸਕਦਾ ਹੈ। ਜੇਕਰ ਸਟੈਂਪ ਖ਼ਤਮ ਹੋ ਗਏ, ਤਾਂ ਮੈਨੂੰ ਇਸ ਦੀ ਕਮੀ ਜ਼ਰੂਰ ਲੱਗੇਗੀ।"

ਕੁਝ ਹੋਰ ਲੋਕ ਇਸ ਨੂੰ ਵਿਹਾਰਿਕ ਨਜ਼ਰੀਏ ਨਾਲ ਦੇਖਦੇ ਹਨ। ਟੂਰ ਕੰਪਨੀ ਨਿਊ ਪਾਥਸ ਐਕਸਪੀਡਿਸ਼ਨਸ ਦੇ ਪ੍ਰਧਾਨ ਅਤੇ ਸੰਸਥਾਪਕ ਜੋਰਜ ਸਾਲਾਸ-ਗੁਏਵਾਰਾ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨਵੀਂ ਡਿਜੀਟਲ ਪ੍ਰਕਿਰਿਆ ਨਾਲ ਕਿੰਨਾ ਸਮਾਂ ਬਚ ਸਕਦਾ ਹੈ।

ਉਹ ਕਹਿੰਦੇ ਹਨ, "ਮੈਂ ਸਾਲ ਵਿੱਚ ਲਗਭਗ 250 ਤੋਂ 300 ਦਿਨ ਯਾਤਰਾ 'ਤੇ ਰਹਿੰਦਾ ਹਾਂ ਅਤੇ ਲਗਾਤਾਰ ਸਰਹੱਦਾਂ ਪਾਰ ਕਰਦਾ ਹਾਂ, ਇਸ ਲਈ ਮੇਰੇ ਵਰਗੇ ਲੋਕਾਂ ਲਈ ਇਹ ਬਦਲਾਅ ਇੱਕ ਰਾਹਤ ਹੈ।"

ਹਾਲਾਂਕਿ, ਕੁਝ ਯਾਤਰੀਆਂ ਨੂੰ ਪਾਸਪੋਰਟ ਸਟੈਂਪਾਂ ਇਕੱਠਾ ਕਰਨ ਦੀਆਂ ਪੁਰਾਣੀਆਂ ਯਾਦਾਂ ਯਾਦ ਆਉਣਗੀਆਂ, ਪਰ ਕਈ ਲੋਕਾਂ ਨੇ ਇਸ ਦੀ ਬਜਾਇ ਹੋਰਨਾਂ ਤਰੀਕਿਆਂ ਰਾਹੀਂ ਆਪਣੀ ਯਾਤਰਾ ਨੂੰ ਯਾਦਗਾਰ ਬਣਾਉਣ ਦੀ ਯੋਜਨਾ ਬਣਾਈ ਹੈ, ਜਿਵੇਂ ਫ੍ਰਿਜ ਮੈਗਨੈਟ ਜਾਂ ਹੋਰ ਯਾਦਗਾਰ ਚੀਜ਼ਾਂ ਇਕੱਠੀਆਂ ਕਰਨਾ।

ਫਿਰ ਵੀ ਬਿਕਸਬੀ ਲਈ ਆਪਣੀ ਯਾਤਰਾ ਦਾ ਕੋਈ ਵਿਹਾਰਿਕ ਰਿਕਾਰਡ ਹੋਣਾ ਹਮੇਸ਼ਾ ਖਾਸ ਰਹੇਗਾ।

ਉਨ੍ਹਾਂ ਦਾ ਕਹਿਣਾ ਹੈ, "ਇਹ ਅਸਲ ਵਿੱਚ ਐਨਾਲਾਗ ਬਨਾਮ ਡਿਜੀਟਲ ਬਾਰੇ ਇੱਕ ਵੱਡਾ ਸਵਾਲ ਹੈ। ਕਿਸੇ ਦਸਤਾਵੇਜ਼ ਦਾ ਤੁਹਾਡੇ ਨਾਲ ਉਸ ਸਮੇਂ (ਯਾਤਰਾ ਦੌਰਾਨ) ਮੌਜੂਦ ਹੋਣਾ, ਉਸ ਭੌਤਿਕ ਚੀਜ਼ ਦੇ ਆਲੇ ਦੁਆਲੇ ਇੱਕ ਖ਼ਾਸ ਅਹਿਸਾਸ ਪੈਦਾ ਕਰਦਾ ਹੈ, ਜੋ ਸਭ ਕੁਝ ਡਿਜੀਟਲ ਹੋ ਜਾਣ 'ਤੇ ਖ਼ਤਮ ਹੋ ਜਾਂਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)