You’re viewing a text-only version of this website that uses less data. View the main version of the website including all images and videos.
ਅਰਸ਼ਦੀਪ ਸਿੰਘ ਦੀ ਮੁੜ ਹੋਈ ਟਰੋਲਿੰਗ, ਕਪਤਾਨ ਨੇ ਅਰਸ਼ ਦੇ ਇਸ ਪ੍ਰਦਰਸ਼ਨ ਨੂੰ ਦੱਸਿਆ, ‘ਗੁਨਾਹ’
- ਲੇਖਕ, ਅਨੁਰੀਤ ਭਾਰਦਵਾਜ
- ਰੋਲ, ਬੀਬੀਸੀ ਪੱਤਰਕਾਰ
ਅਰਸ਼ਦੀਪ ਸਿੰਘ ਇੱਕ ਵਾਰ ਫਿਰ ਆਲੋਚਕਾਂ ਦੇ ਨਿਸ਼ਾਨੇ 'ਤੇ ਹਨ, ਇੱਕ ਵਾਰ ਫਿਰ ਤੋਂ ਉਨ੍ਹਾਂ ਨੂੰ ਟਰੋਲ ਕੀਤਾ ਗਿਆ ਹੈ।
ਇਹ ਵਾਰ ਕਾਰਨ ਹੈ ਸ਼੍ਰੀਲੰਕਾ ਖ਼ਿਲਾਫ਼ ਵੀਰਵਾਰ ਨੂੰ ਹੋਏ ਟੀ-20 ਮੈਚ ਵਿੱਚ ਉਨ੍ਹਾਂ ਦਾ ਮਾੜਾ ਪ੍ਰਦਰਸ਼ਨ।
ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਚੱਲ ਰਹੀ ਟੀ20 ਸੀਰੀਜ਼ ਦਾ ਦੂਜਾ ਮੈਚ ਪੁਣੇ 'ਚ ਖੇਡਿਆ ਗਿਆ ਤੇ ਇਸ ਮੈਚ ਵਿੱਚ ਅਰਸ਼ਦੀਪ ਨੇ ਲਗਾਤਾਰ ਤਿੰਨ ਨੋ ਬਾਲਾਂ ਸੁੱਟੀਆਂ ਤੇ ਪੂਰੇ ਮੈਚ ਵਿੱਚ ਪੰਜ ਨੋ ਬਾਲਾਂ ਸੁੱਟੀਆਂ।
ਭਾਰਤ ਨੂੰ ਇਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਇੱਕ ਵਾਰ ਫਿਰ ਆਲੋਚਨਾ ਝੱਲ ਰਹੇ ਹਨ।
ਇਸ ਤੋਂ ਪਹਿਲਾਂ ਏਸ਼ੀਆ ਕੱਪ ਵਿੱਚ ਪਾਕਿਸਤਾਨ ਖਿਲਾਫ਼ ਇੱਕ ਆਸਾਨ ਕੈਚ ਛੱਡਣ ਉੱਤੇ ਟਰੋਲ ਕੀਤਾ ਗਿਆ ਸੀ। ਇਸ ਟਰੋਲਿੰਗ ਮਗਰੋਂ ਕਈ ਖਿਡਾਰੀ ਅਰਸ਼ਦੀਪ ਸਿੰਘ ਦੇ ਬਚਾਅ ਵਿੱਚ ਵੀ ਆਏ ਸੀ।
ਵੀਰਵਾਰ ਨੂੰ ਹੋਏ ਇਸ ਮੈਚ ਵਿੱਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 207 ਦੌੜਾਂ ਦਾ ਟੀਚਾ ਦਿੱਤਾ ਸੀ।
ਹਾਲਾਂਕਿ ਭਾਰਤੀ ਟੀਮ 8 ਵਿਕਟਾਂ ਦੇ ਨੁਕਸਾਨ 'ਤੇ 20 ਓਵਰਾਂ ਵਿੱਚ 190 ਦੌੜਾਂ ਹੀ ਬਣਾ ਸਕੀ ਅਤੇ ਇਹ ਮੈਚ ਹਾਰ ਗਈ।
ਉਂਝ ਪੂਰੀ ਭਾਰਤੀ ਟੀਮ ਦੀ ਗੇਂਦਬਾਜ਼ੀ ਹੀ ਕਮਜ਼ੋਰ ਨਜ਼ਰ ਆਈ ਤੇ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਨੋ ਬਾਲਾਂ ਨੇ ਵੀ ਭਾਰਤ ਦੀ ਹਾਰ 'ਚ ਅਹਿਮ ਭੂਮਿਕਾ ਨਿਭਾਈ ਹੈ।
ਅਰਸ਼ਦੀਪ ਦੀ ਖ਼ਰਾਬ ਸ਼ੁਰੂਆਤ
ਮੈਚ ਵਿੱਚ ਪਹਿਲਾਂ ਸ਼੍ਰੀਲੰਕਾ ਦੀ ਟੀਮ ਬੱਲੇਬਾਜ਼ੀ ਕਰਨ ਲਈ ਉਤਰੀ, ਪਹਿਲਾ ਓਵਰ ਕਪਤਾਨ ਹਾਰਦਿਕ ਪਾਂਡਿਆ ਨੇ ਸੁੱਟਿਆ ਤੇ ਦੂਜੇ ਓਵਰ ਲਈ ਗੇਂਦ ਅਰਸ਼ਦੀਪ ਦੇ ਹਵਾਲੇ ਕਰ ਦਿੱਤੀ।
ਅਰਸ਼ਦੀਪ ਦੀ ਪਹਿਲੀ ਗੇਂਦ 'ਤੇ ਹੀ ਗੇਂਦ ਬਾਊਂਡਰੀ ਪਾਰ ਚਲੀ ਗਈ। ਉਨ੍ਹਾਂ ਨੇ ਆਪਣੇ ਪਹਿਲੇ ਓਵਰ 'ਚ ਇੱਕ ਜਾਂ ਦੋ ਨਹੀਂ ਬਲਕਿ ਤਿੰਨ ਨੋ ਬਾਲਾਂ ਸੁੱਟੀਆਂ ਉਹ ਵੀ ਲਗਾਤਾਰ।
ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਕਪਤਾਨ ਪਾਂਡਿਆ ਨੇ ਅਗਲੇ ਓਵਰ ਲਈ ਗੇਂਦ ਦੂਜੇ ਗੇਂਦਬਾਜ਼ ਨੂੰ ਦੇ ਦਿੱਤੀ ਪਰ ਮੈਚ ਦੇ ਆਖ਼ਿਰੀ ਓਵਰਾਂ ਵਿੱਚ ਇੱਕ ਵਾਰ ਫਿਰ ਅਰਸ਼ਦੀਪ ਨੂੰ ਮੌਕਾ ਦਿੱਤਾ ਗਿਆ।
ਉਨ੍ਹਾਂ ਨੇ 19ਵੇਂ ਓਵਰ 'ਚ ਗੇਂਦਬਾਜ਼ੀ ਕਰਦੇ ਹੋਏ ਮੁੜ ਤੋਂ ਦੋ ਨੋ ਬਾਲਾਂ ਸੁੱਟੀਆਂ ਤੇ 18 ਰਨ ਦਿੱਤੇ।
ਇਸ ਪੂਰੇ ਮੈਚ 'ਚ ਅਰਸ਼ਦੀਪ ਨੇ ਮਹਿਜ਼ ਦੋ ਓਵਰਾਂ 'ਚ ਗੇਂਦਬਾਜ਼ੀ ਕੀਤੀ, ਜਿਨ੍ਹਾਂ 'ਚ ਉਨ੍ਹਾਂ ਨੇ ਕੋਈ ਵਿਕਟ ਨਾ ਲੈਂਦੇ ਹੋਏ ਕੁੱਲ 37 ਰਨ ਦਿੱਤੇ।
ਇੱਕ ਵਾਰ ਫਿਰ ਅਰਸ਼ਦੀਪ ਦੀ ਆਲੋਚਨਾ
ਢਿੱਲੇ ਪ੍ਰਦਰਸ਼ਨ ਤੋਂ ਬਾਅਦ ਨਾ ਸਿਰਫ਼ ਕ੍ਰਿਕਟ ਪ੍ਰਸ਼ੰਸਕ ਬਲਕਿ ਮਾਹਿਰ ਵੀ ਉਨ੍ਹਾਂ ਦੀ ਆਲੋਚਨਾ ਕਰਦੇ ਨਜ਼ਰ ਆਏ।
ਮੈਚ ਦੀ ਕੁਮੈਂਟਰੀ ਕਰ ਰਹੇ ਦੀਪ ਦਾਸਗੁਪਤਾ ਨੇ ਵੀ ਸਵਾਲ ਚੁੱਕੇ ਕਿ ਸੱਟ ਜਾਂ ਲੰਮੇ ਬ੍ਰੇਕ ਤੋਂ ਬਾਅਦ ਵਾਪਸ ਆਉਣ ਵਾਲੇ ਖਿਡਾਰੀ ਨੂੰ ਸਿੱਧਾ ਅੰਤਰਰਾਸ਼ਟਰੀ ਮੈਚ ਖੇਡਣ ਦੀ ਬਜਾਏ ਪਹਿਲਾਂ ਇੱਕ-ਦੋ ਘਰੇਲੂ ਮੈਚ ਖੇਡ ਲੈਣੇ ਚਾਹੀਦੇ ਹਨ।
ਕੁਮੈਂਟਰੀ ਕਰ ਰਹੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਵੀ ਨਿਰਾਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਕਿਸੇ ਗੇਂਦ ਨੂੰ ਬੱਲੇਬਾਜ਼ ਕਿਵੇਂ ਖੇਡਦਾ ਹੈ, ਇਸ 'ਤੇ ਗੇਂਦਬਾਜ਼ ਦਾ ਪੂਰਾ ਕੰਟਰੋਲ ਨਹੀਂ ਹੁੰਦਾ ਪਰ ਗੇਂਦ ਕਿਵੇਂ ਸੁੱਟਣੀ ਹੈ ਇਸ 'ਤੇ ਗੇਂਦਬਾਜ਼ ਦਾ ਪੂਰਾ ਕੰਟਰੋਲ ਹੁੰਦਾ ਹੈ।
ਉਨ੍ਹਾਂ ਅੱਗੇ ਕਿਹਾ ਜੇ ਅਜਿਹੀ ਸਥਿਤੀ 'ਚ ਕੋਈ ਗੇਂਦਬਾਜ਼ ਨੋ ਬਾਲ ਪਾਉਂਦਾ ਹੈ ਤਾਂ ਇਹ ਕਿਸੇ ਗੁਨਾਹ ਤੋਂ ਘੱਟ ਨਹੀਂ।
ਸਾਬਕਾ ਖਿਡਾਰੀ ਇਰਫ਼ਾਨ ਪਠਾਨ ਨੇ ਵੀ ਇਸ 'ਤੇ ਟਿੱਪਣੀ ਕੀਤੀ।
ਪਠਾਨ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਅਰਸ਼ਦੀਪ ਦਾ ਨਾਲ ਲਏ ਬਗ਼ੈਰ ਉਨ੍ਹਾਂ ਲਿਖਿਆ- 'ਕਾਇਦੇ 'ਚ ਰਹੋਗੇ ਤਾਂ ਫ਼ਾਇਦੇ 'ਚ ਰਹੋਗੇ #noball'
ਹਾਲਾਂਕਿ ਦਿਨੇਸ਼ ਕਾਰਤਿਕ ਨੇ ਅਰਸ਼ਦੀਪ ਦਾ ਬਚਾਅ ਕੀਤਾ।
ਆਪਣੇ ਇੱਕ ਟਵੀਟ 'ਚ ਉਨ੍ਹਾਂ ਲਿਖਿਆ, ''ਅਰਸ਼ਦੀਪ ਦੀ ਸਥਿਤੀ ਨੂੰ ਸਮਝੋ, ਇਹ ਮੈਚ ਅਭਿਆਸ ਦੀ ਕਮੀ ਹੈ ਇਹ ਸੌਖਾ ਨਹੀਂ ਹੁੰਦਾ।'
ਅਰਸ਼ਦੀਪ ਦੇ ਨਾਮ ਰਿਕਾਰਡ ਤਾਂ ਬਣਿਆ ਪਰ...
ਇੱਕੋ ਓਵਰ 'ਚ ਲਗਾਤਾਰ ਤਿੰਨ ਨੋ ਬਾਲਾਂ ਪਾਉਣ ਕਾਰਨ ਅਰਸ਼ਦੀਪ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ।
ਇਸ ਮੈਚ ਅਰਸ਼ਦੀਪ ਦੇ ਨਾਮ ਰਿਕਾਰਡ ਤਾਂ ਜ਼ਰੂਰ ਬਣ ਗਿਆ ਪਰ ਬੇਸ਼ੱਕ ਉਹ, ਭਾਰਤੀ ਟੀਮ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਰਿਕਾਰਡ ਤੋਂ ਖੁਸ਼ ਨਹੀਂ ਹੋਣਗੇ।
ਪਹਿਲਾਂ ਵੀ ਹੋ ਚੁੱਕੇ ਹਨ ਟ੍ਰੋਲ
ਅਰਸ਼ਦੀਪ ਸਿੰਘ ਇਸ ਤੋਂ ਪਹਿਲਾਂ ਵੀ ਸਾਲ 2022 'ਚ ਏਸ਼ੀਆ ਕੱਪ ਦੌਰਾਨ ਟ੍ਰੋਲਿਂਗ ਦਾ ਸ਼ਿਕਾਰ ਹੋ ਚੁੱਕੇ ਹਨ।
ਉਸ ਵੇਲੇ, ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਪਹਿਲੇ ਸੁਪਰ 4 ਮੈਚ ਵਿੱਚ ਅਰਸ਼ਦੀਪ ਤੋਂ ਇੱਕ ਕੈਚ ਛੁੱਟ ਗਿਆ ਸੀ ਅਤੇ ਭਾਰਤ ਉਹ ਮੈਚ ਹਾਰ ਵੀ ਗਿਆ ਸੀ, ਜਿਸ ਤੋਂ ਬਾਅਦ ਅਰਸ਼ਦੀਪ ਨੂੰ ਸੋਸ਼ਲ ਮੀਡੀਆ 'ਤੇ ਉਸ ਹਾਰ ਦਾ ਜਿੰਮੇਵਾਰ ਠਹਿਰਾ ਦਿੱਤਾ ਗਿਆ ਸੀ।
ਇੱਥੋਂ ਤੱਕ ਕਿ ਉਨ੍ਹਾਂ ਨੂੰ 'ਖਾਲਿਸਤਾਨੀ' ਵੀ ਕਿਹਾ ਗਿਆ ਸੀ।
ਉਸ ਸਮੇਂ ਵਿਰਾਟ ਕੋਹਲੀ ਸਣੇ ਹੋਰ ਦਿੱਗਜ ਖਿਡਾਰੀ ਤੇ ਮਾਹਿਰ ਅਰਸ਼ ਦੇ ਸਮਰਥਨ 'ਚ ਅੱਗੇ ਆਏ ਸਨ।
ਇਸ ਮੈਚ ਮਗਰੋਂ ਟੀਮ ਮੈਨੇਜਮੈਂਟ ਨੇ ਅਰਸ਼ਦੀਪ ਸਿੰਘ ਉੱਤੇ ਭਰੋਸਾ ਕੀਤਾ ਸੀ। ਅਰਸ਼ਦੀਪ ਨੇ ਵੀ ਉਸ ਭਰੋਸੇ ਉੱਤੇ ਫੁੱਲ ਚੜਾਉਂਦਿਆਂ ਸ਼ਾਨਦਾਰ ਪਰਫੌਰਮੈਂਸਾਂ ਵੀ ਦਿੱਤੀਆਂ ਸਨ।