ਹਵਾ ਤੋਂ ਪੀਣ ਵਾਲਾ ਪਾਣੀ ਬਣਾਉਣ ਦਾ ਕੱਢਿਆ ਤਰੀਕਾ, ਪਾਣੀ ਦੀ ਕਿੱਲਤ ਦਾ ਹੱਲ

    • ਲੇਖਕ, ਸੂਜ਼ੀ ਬੀਰਨੇ
    • ਰੋਲ, ਬੀਬੀਸੀ ਪੱਤਰਕਾਰ

ਸਾਲ 2016 ਵਿੱਚ ਜਦੋਂ ਭਾਰਤ ਦੇ ਸ਼ਹਿਰ ਕੋਜ਼ੀਕੋਡੇ ਵਿੱਚ ਸੋਕਾ ਪਿਆ ਤਾਂ ਉੱਥੋਂ ਦੇ ਨਿਵਾਸੀਆਂ ਕੋਲ ਪ੍ਰਤੀ ਦਿਨ ਪੀਣ ਵਾਲੇ ਪਾਣੀ ਦੀ ਮਾਤਰਾ ਬਹੁਤ ਸੀਮਿਤ ਸੀ।

ਇਨ੍ਹਾਂ ਨਿਵਾਸੀਆਂ ਵਿੱਚੋਂ ਇੱਕ ਵਿਦਿਆਰਥੀ ਸਵਾਪਨਿਲ ਸ਼੍ਰੀਵਾਸਤਵ ਵੀ ਸਨ ਜੋ ਕਿ ਕਹਿੰਦੇ ਹਨ, “ਅਸੀਂ ਇੱਕ ਦਿਨ ਲਈ ਸਿਰਫ਼ ਦੋ ਬਾਲ਼ਟੀਆਂ ਪਾਣੀ ਰੱਖ ਸਕਦੇ ਸੀ, ਜੋ ਕਿ ਅਸੀਂ ਪਾਣੀ ਦੇ ਟੈਂਕਾਂ ਤੋਂ ਲਿਆਉਂਦੇ ਸੀ।”

ਭਾਰਤ ਦੇ ਕਈ ਹਿੱਸਿਆਂ ਵਿੱਚ ਪਾਣੀ ਸਪਲਾਈ ਸਬੰਧੀ ਮਸਲੇ ਆਮ ਹਨ, ਪਰ ਉਹ ਮਹੀਨਾ ਸ਼੍ਰੀਵਾਸਤਵ ਅਤੇ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਲਈ ਬਹੁਤ ਔਖਾ ਸੀ।

ਉਹ ਕਹਿੰਦੇ ਹਨ, “ਉਹ ਬਹੁਤ ਨਮੀਂ ਵਾਲਾ ਖੇਤਰ ਸੀ, ਹਾਲਾਤ ਕਾਬੂ ਤੋਂ ਬਾਹਰ ਸਨ।”

ਸਵਾਪਨਿਲ ਸ੍ਰੀਵਾਸਤਵ ਪਹਿਲਾਂ ਤੋਂ ਹੀ ‘ਪਾਣੀ ਦੀ ਕਿੱਲਤ’ ਦੇ ਵਿਸ਼ੇ ਵਿੱਚ ਰੁਚੀ ਰੱਖਦੇ ਸਨ ਅਤੇ ਉਨ੍ਹਾਂ ਨੇ 2012 ਵਿੱਚ ਭਾਰਤੀ ਸ਼ਹਿਰਾਂ ਵਿੱਚ ਪਾਣੀ ਦੇ ਭਵਿੱਖ ਦੀ ਕਲਪਨਾ ਬਾਰੇ ਇੱਕ ਵਿਦਿਆਰਥੀ ਮੁਕਾਬਲਾ ਜਿੱਤਿਆ ਸੀ ਪਰ ਸੋਕੇ ਦੇ ਇਸ ਤਜਰਬੇ ਨੇ ਉਨ੍ਹਾਂ ਨੂੰ ਹੱਲ ਲੱਭਣ ਵੱਲ ਪ੍ਰੇਰਿਤ ਕੀਤਾ।

ਉਹ ਕਹਿੰਦੇ ਹਨ, “ਪ੍ਰੇਰਨਾ ਦਾ ਇੱਕ ਕਾਰਨ ‘ਸਟਾਰ ਵਾਰਜ਼’ ਸੀ, ਜਿਸ ਵਿੱਚ ਹਵਾ ਤੋਂ ਪਾਣੀ ਬਣਾਉਣ ਵਾਲਾ ਯੰਤਰ ਸੀ। ਮੈਂ ਸੋਚਿਆਂ ਕਿਉਂ ਨਾ ਇਸ ਦਿਸ਼ਾ ਵੱਲ ਕੋਸ਼ਿਸ਼ ਕੀਤੀ ਜਾਵੇ? ਇਹ ਇੱਕ ਜਗਿਆਸਾ ਨਾਲ ਭਰਿਆ ਪ੍ਰੋਜੈਕਟ ਸੀ।”

ਸ਼ੁਰੂਆਤ ਕਿਵੇਂ ਹੋਈ

ਸ਼੍ਰੀਵਾਸਤਵ ਦੇ ਖ਼ਿਆਲ ਨੂੰ 2019 ਵਿੱਚ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਵਿਚਾਰ ਨੂੰ ਗੋਵਿੰਦਾ ਬਾਲਾਜੀ ਅਤੇ ਵੈਂਕਾਟੇਸ਼ ਰਾਜਾ ਦੇ ‘ਉਰਾਵੂ' ਲੈਬ ਸੈੱਟ-ਅਪ ਕਰਨ ਤੱਕ ਪਹੁੰਚਾਇਆ।

ਸੂਰਜ ਦੀ ਰੋਸ਼ਨੀ ਅਤੇ ਨਵਿਆਉਣਯੋਗ ਬਿਜਲੀ ਦਾ ਇਸਤੇਮਾਲ ਕਰਕੇ ਉਹ ਡੈਸੀਕੈਂਟ ਨੂੰ 65 ਸੈਂਟੀਗਰੇਡ ਤੱਕ ਗਰਮ ਕਰਦੇ ਹਨ,ਜਿਸ ਨਾਲ ਨਮੀ ਨਿਕਲਦੀ ਹੈ ਅਤੇ ਉਸ ਨਮੀ ਦੇ ਸੰਘਣੇਕਰਨ ਨਾਲ ਪੀਣ ਦਾ ਪਾਣੀ ਬਣਾਇਆ ਜਾ ਸਕਦਾ ਹੈ।

ਸ਼੍ਰੀਵਾਸਤਵ ਕਹਿੰਦੇ ਹਨ ਕਿ ਸਾਰੀ ਪ੍ਰਕਿਰਿਆ ਵਿੱਚ 12 ਘੰਟੇ ਦਾ ਸਮਾਂ ਲੱਗਦਾ ਹੈ। ਅੱਜ ਹਰ ਯੂਨਿਟ ਤਕਰੀਬਨ 2000 ਲੀਟਰ ਪੀਣ ਦਾ ਪਾਣੀ ਬਣਾਉਂਦਾ ਹੈ।

ਭਾਵੇਂ ਕਿ ਉਨ੍ਹਾਂ ਦਾ ਇਰਾਦਾ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨ ਵਾਲੇ ਲੋਕਾਂ ਤੱਕ ਪਾਣੀ ਪਹੁੰਚਾਉਣ ਦਾ ਸੀ, ਪਰ ਉਹ ਕਹਿੰਦੇ ਹਨ ਕਿ ਅਜਿਹਾ ਕਰਨਾ ਆਰਥਿਕ ਪੱਖੋਂ ਸੰਭਵ ਨਹੀਂ ਸੀ।

ਉਹ ਕਹਿੰਦੇ ਹਨ,”ਅਸੀਂ ਮਹਿਸੂਸ ਕੀਤਾ ਹੈ ਕਿ ਤਕਨੀਕ ਨੂੰ ਹਾਲੇ ਹੋਰ ਬਿਹਤਰ ਕਰਨ ਅਤੇ ਇਸ ਉੱਤੇ ਆਉਣ ਵਾਲਾ ਖ਼ਰਚਾ ਘੱਟ ਕਰਨ ਦੀ ਲੋੜ ਹੈ। ਜਾਂ ਕੋਈ ਇਸ ਨੂੰ ਫੰਡ ਕਰੇ, ਪਰ ਸਾਨੂੰ ਹਾਲੇ ਤੱਕ ਭਾਰਤ ਵਿੱਚ ਇਸ ਬਾਰੇ ਸਹਿਯੋਗ ਨਹੀਂ ਮਿਲਿਆ ਹੈ।”

ਇਸ ਦੀ ਬਜਾਇ ਉਹ ਹੌਸਪੀਟੈਲਿਟੀ ਉਦਯੋਗ ਵਿੱਚ 40 ਗਾਹਕਾਂ ਨੂੰ ਉਹ ਪਾਣੀ ਵੇਚਦੇ ਹਨ, ਜੋ ਕਿ ਅੱਗੇ ਆਪਣੇ ਗਾਹਕਾਂ ਨੂੰ ਪਾਣੀ ਮੁਹੱਈਆ ਕਰਵਾਉਂਦੇ ਹਨ।

ਉਹ ਕਹਿੰਦੇ ਹਨ,”ਅਸੀਂ ਨਾਨ-ਪ੍ਰੋਫਿਟ ਅਤੇ ਸੀਐਸਐਰ ਵਿਭਾਗਾਂ ਨਾਲ ਵੀ ਕੋਸ਼ਿਸ਼ ਕੀਤੀ, ਪਰ ਕਈ ਕੰਪਨੀਆਂ ਤਕਨੀਕ ਤੋਂ ਕਤਰਾਉਂਦੀਆਂ ਹਨ। ਉਹ ਸੋਚਦੇ ਹਨ ਇਹ ਨਹੀਂ ਚੱਲੇਗਾ। ਸਾਨੂੰ ਕਮਰਸ਼ੀਅਲ ਵਰਤੋਂ ਵੱਲ ਹੋਣਾ ਪਿਆ ਕਿਉਂਕਿ ਉਹ ਸਾਨੂੰ ਪੈਸੇ ਦੇਣ ਲਈ ਤਿਆਰ ਸਨ।”

ਪਾਣੀ ਦੀ ਕਿੱਲਤ ਦਾ ਮਸਲਾ

ਪਾਣੀ ਦੀ ਕਿੱਲਤ ਨਵਾਂ ਮਸਲਾ ਨਹੀਂ ਹੈ, ਪਰ ਕਈ ਦੇਸ਼ ਖ਼ਾਸ ਕਰਕੇ ਗਲੋਬਲ ਦੱਖਣ ਵਿੱਚ ਜਲਵਾਯੂ ਪਰਿਵਰਤਨ ਕਰਕੇ ਸੋਕੇ ਅਤੇ ਹੜ੍ਹਾਂ ਦੀ ਗਹਿਰੀ ਮਾਰ ਝੱਲ ਰਹੇ ਹਨ, ਜਿਸ ਨਾਲ ਪਾਣੀ ਦੇ ਸਰੋਤ ਗੰਧਲੇ ਹੋ ਰਹੇ ਹਨ।

ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਨ ਆਫ ਯੁਨਾਈਟਿਡ ਨੇਸ਼ਨ ਮੁਤਾਬਕ, ਦੁਨੀਆ ਦੀ ਅਬਾਦੀ ਦੇ ਪੰਜਾਹ ਫ਼ੀਸਦੀ ਤੋਂ ਜ਼ਿਆਦਾ, ਕਰੀਬ ਚਾਰ ਅਰਬ ਲੋਕ ਘੱਟੋ-ਘੱਟ ਇੱਕ ਮਹੀਨਾ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਦੇ ਹਨ। ਜਦਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2025 ਤੱਕ 180 ਕਰੋੜ ਲੋਕ ਪਾਣੀ ਦੀ ਕਮੀ ਵਾਲੇ ਇਲਾਕਿਆਂ ਜਾਂ ਦੇਸ਼ਾਂ ਵਿੱਚ ਰਹਿ ਰਹੇ ਹੋਣਗੇ।

ਕੀ ਵਾਯੂ-ਮੰਡਲ ਜ਼ਰੀਏ ਪਾਣੀ ਤਿਆਰ ਕਰਨ ਦੀ ਤਕਨੀਕ ਇਸ ਦਾ ਹੱਲ ਹੋ ਸਕਦਾ ਹੈ?

ਊਰਜਾ ਕੁਸ਼ਲਤਾ-ਇਸ ਨੂੰ ਨਵਿਆਉਣਯੋਗ ਸਰੋਤਾਂ ਜ਼ਰੀਏ ਸੰਚਾਲਿਤ ਕੀਤਾ ਜਾ ਸਕਦਾ ਹੈ। ਇਹ ਰਵਾਇਤੀ ਪਾਣੀ ਦੇ ਢਾਂਚੇ ਦੀ ਲੋੜ ਬਿਨ੍ਹਾਂ ਪਾਣੀ ਦਾ ਤਾਜ਼ਾ ਸਰੋਤ ਮੁਹਈਆ ਕਰਵਾਉਣ ਦਾ ਇੱਕ ਤਰੀਕਾ ਹੈ। ਇਹ ਦੂਰ-ਦੂਰਾਡੇ ਖੇਤਰਾਂ ਲਈ ਚੰਗਾ ਵਿਕਲਪ ਹੋ ਸਕਦਾ ਹੈ।

ਗਲੋਬਲ ਮਾਰਕੀਟ ਇਨਸਾਈਟ ਦੇ ਮੁਤਾਬਕ, ਉੱਕਤ ਤਕਨੀਕ ਦੀ ਮਾਰਕੀਟ ਨਜ਼ਰ ਆ ਰਹੀ ਹੈ। ਵਾਯੂ-ਮੰਡਲ ਤੋਂ ਪਾਣੀ ਤਿਆਰ ਕਰਨ ਦੀ ਮਾਰਕੀਟ 2022 ਵਿੱਚ, ਜੋ 135 ਕਰੋੜ ਸੀ, ਉਹ 2032 ਵਿੱਤ 340 ਕਰੋੜ ਹੋਣ ਦੀ ਉਮੀਦ ਹੈ।

ਉਹ ਦੱਸਦੇ ਹਨ ਕਿ ਮੁੱਖ ਰੂਪ ਵਿੱਚ ਜਲ-ਵਾਯੂ ਤੋਂ ਪਾਣੀ ਤਿਆਰ ਕਰਨ ਦੇ ਦੋ ਤਰੀਕੇ ਹਨ। ਪਹਿਲਾ, ਜਿਸ ਵਿੱਚ ਠੰਡਾ ਅਤੇ ਸੰਘਣਾ ਕਰਨ ਦੀ ਪ੍ਰਕਿਰਿਆ ਹੁੰਦੀ ਹੈ, ਜਿਸ ਵਿੱਚ ਨਮੀ ਵਾਲੀ ਹਵਾ ਨੂੰ ਇਸ ਦੇ ਤ੍ਰੇਲ ਬਿੰਦੂ ਤੱਕ ਠੰਡਾ ਕੀਤਾ ਜਾਂਦਾ ਹੈ, ਜਿਸ ਨਾਲ ਪਾਣੀ ਦੇ ਵਾਸ਼ਪ ਤਰਲ ਪਾਣੀ ਵਿੱਚ ਢਾਲੇ ਜਾਂਦੇ ਹਨ।

ਘੱਟ ਪਾਣੀ ਵਾਲੇ ਇਲਾਕਿਆਂ ਤੱਕ ਪਾਣੀ ਪਹੁੰਚਾਉਣਾ

ਦੂਜਾ ਤਰੀਕਾ ਡੈਸੀਕੈਂਟ ਅਧਾਰਿਤ ਸਿਸਟਮ ਹੈ ਜੋ ਹਾਈਗ੍ਰੋਸਕੋਪਿਕ ਮਟੀਰੀਅਲ ਨੂੰ ਵਰਤ ਕੇ ਹਵਾ ਦੀ ਨਮੀ ਨੂੰ ਸੋਖਿਆ ਜਾਂਦਾ ਹੈ ਅਤੇ ਫਿਰ ਹੀਟਿੰਗ ਪ੍ਰੋਸੈਸ ਜ਼ਰੀਏ ਛੱਡਿਆ ਜਾਂਦਾ ਹੈ।

'ਮੈਜਿਕ ਵਾਟਰ' ਦੀ ਕੋ-ਫਾਊਂਡਰ ਅਤੇ ਚੀਫ ਐਗਜ਼ੀਕਿਉਟਿਵ ਬੇਥ ਕੋਇਗੀ ਕੀਨੀਆ ਦੇ ਸੋਕੇ ਤੇ ਅਰਧ-ਸੋਕੇ ਵਾਲੇ ਇਲਾਕਿਆਂ ਵਿੱਚ ਵਾਯੂ-ਮੰਡਲ ਜ਼ਰੀਏ ਪਾਣੀ ਤਿਆਰ ਕਰਨ ਵਾਲੇ 40 ਯੁਨਿਟ ਮੈਨੇਜ ਕਰਦੇ ਹਨ। ਇਹ ਠੰਡਾ ਅਤੇ ਸੰਘਣਾਕਰਨ ਦੀ ਤਕਨੀਕ ਵਰਤ ਕੇ ਹਵਾ ਵਿੱਚੋਂ ਨਮੀ ਇਕੱਠੀ ਕਰਨ ਦੀ ਵਿਧੀ ਵਰਤਦੇ ਹਨ।

ਕੋਇਗੀ ਨੂੰ ਨੈਰੋਬੀ ਵਿੱਚ ਪੜ੍ਹਦਿਆਂ 2016 ਵਿੱਚ ਪਹਿਲੀ ਵਾਰ ਸੋਕੇ ਦਾ ਤਜਰਬਾ ਹੋਇਆ, ਜਿਸ ਨੂੰ ਦੇਖਦਿਆਂ ਉਸ ਨੇ 2017 ਵਿੱਚ ਮੈਜੀਕ ਵਾਟਰ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਕਈ ਲੋਕ ਨੇੜਲੀ ਨਦੀ ਤੋਂ ਖਾਣਾ ਪਕਾਉਣ, ਪੀਣ ਜਾਂ ਕੱਪੜੇ ਧੋਣ ਲਈ ਪਾਣੀ ਲਿਆਉਂਦੇ ਸੀ ਪਰ ਉਹ ਦੂਸ਼ਿਤ ਪਾਣੀ ਆਪਣੇ ਪੀਣ ਲਈ ਨਹੀਂ ਲਿਆ ਪਾਉਂਦੀ ਸੀ।

“ਇਸ ਨਾਲ ਮੈਨੂੰ ਅਹਿਸਾਸ ਹੋਇਆ ਕਿ ਤੁਸੀਂ ਪਾਣੀ ਨੂੰ ਕਿਵੇਂ ਗਰਾਂਟਿਡ ਲੈਂਦੇ ਹੈ।”

ਉਨ੍ਹਾਂ ਨੇ ਹਵਾ ਤੋ ਪਾਣੀ ਬਣਾਉਣ ਦਾ ਸਿਸਟਮ ਸ਼ੁਰੂ ਕਰਨ ਤੋਂ ਪਹਿਲਾਂ ਪਾਣੀ ਦੇ ਹੋਰ ਸਰੋਤਾਂ ਬਾਰੇ ਵੀ ਵਿਚਾਰ ਕੀਤੇ ਅਤੇ ਇੱਕ ਪਾਣੀ ਫ਼ਿਲਟਰ ਕਰਨ ਵਾਲੀ ਕੰਪਨੀ ਵੀ ਸ਼ੁਰੂ ਕੀਤੀ।

ਸਕੂਲਾਂ ਤੱਕ ਪਾਣੀ ਪਹੁੰਚਾਉਣਾ

ਮੈਜਿਕ ਵਾਟਰ ਐਨਜੀਓਜ਼ ਅਤੇ ਮਨੁੱਖਤਾਵਾਦੀ ਸੰਸਥਾਵਾਂ ਨਾਲ ਕੰਮ ਕਰਦਾ ਹੈ ਅਤੇ ਸਟੋਰਜ਼ ਵਿੱਚ ਵੀ ਇਸ ਕੰਪਨੀ ਦਾ ਪਾਣੀ ਵਿਕਦਾ ਹੈ।

ਮੈਜਿਕ ਵਾਟਰ ਦੀ ਸਭ ਤੋਂ ਵੱਡੀ ਯੁਨਿਟ 24 ਘੰਟਿਆਂ ਅੰਦਰ 500 ਲੀਟਰ ਪਾਣੀ ਤਿਆਰ ਕਰਦੀ ਹੈ ਅਤੇ ਇਸ ਨੂੰ ਸਕੂਲਾਂ ਅਤੇ ਘੱਟ ਅਬਾਦੀ ਵਾਲੇ ਇਲਾਕਿਆਂ ਵਿੱਚ ਲਗਾਇਆ ਜਾਂਦਾ ਹੈ।

ਭਾਵੇਂ ਕਿ ਇਸ ਕੰਪਨੀ ਦੀ ਡਿਮਾਂਡ ਹੈ, ਪਰ ਕੋਇਗੀ ਕਹਿੰਦੇ ਹਨ ਕਿ ਇਹ ਕੋਈ ਸਥਿਰ ਹੱਲ ਨਹੀਂ ਹੈ।

ਉਹ ਕਹਿੰਦੇ ਹਨ, “ਇਮਾਨਦਾਰੀ ਨਾਲ ਕਹਾਂ ਤਾਂ ਇਹ ਪਾਣੀ ਦੀ ਕਿੱਲਤ ਦਾ ਕੋਈ ਪੱਕਾ ਹੱਲ ਨਹੀਂ ਹੈ। ਇਹ ਆਰਜ਼ੀ ਹੱਲ ਹੈ, ਖ਼ਾਸ ਕਰਕੇ ਇਸ ਲਈ ਕਿਉਂਕਿ ਇਹ ਸਸਤਾ ਨਹੀਂ ਹੈ।”

ਗਲੋਬਲ ਮਾਰਕਿਟ ਇਨਸਾਈਟਸ ਵਿੱਚ ਰਿਸਰਚ ਅਤੇ ਕੰਸਲਟਿੰਗ ਦੇ ਐਸੋਸੀਏਟ ਡਾਇਰੈਕਟਰ ਅਵੀਨਾਸ਼ ਸਿੰਘ ਕਹਿੰਦੇ ਹਨ ਕਿ ਕੰਪਨੀਆਂ ਹਵਾ ਤੋਂ ਪਾਣੀ ਬਣਾਉਣ ਵਾਲੇ ਸਿਸਟਮ ਨੂੰ ਵਧੇਰੇ ਊਰਜਾ ਕੁਸ਼ਲ ਕਰਨ ਵੱਲ ਧਿਆਨ ਦੇ ਰਹੇ ਹਨ।

ਉਹ ਕਹਿੰਦੇ ਹਨ, “ਉਦਾਹਰਨ ਵਜੋਂ, ਕੰਪਰੈਸਰਜ਼, ਹੀਟ ਐਕਸਚੇਂਜਰ ਅਤੇ ਡੈਸੀਕੈਂਟਸ ਵਿੱਚ ਨਵੀਨਤਾਵਾਂ ਨੇ ਸਿਸਟਮ ਦੀ ਊਰਜਾ ਕੁਸ਼ਲਤਾ ਵਿੱਚ ਸੁਧਾਰ ਲਿਆਂਦਾ ਹੈ।”

ਉਹ ਕਹਿੰਦੇ ਹਨ ਕਿ ਸਰਕਾਰ ਤੋਂ ਸਹਿਯੋਗ, ਸਬਸਿਡੀਆਂ ਜਾਂ ਵਾਤਾਵਰਨ ਸਬੰਧੀ ਨਿਯਮ ਤਕਨੀਕ ਨੂੰ ਹੋਰ ਵਧਾਵਾ ਦੇ ਸਕਦੇ ਹਨ।

ਇੱਕ ਚੀਜ਼ ਜਿਸ ਨੇ ਪਾਣੀ ਦੇ ਅਜਿਹੇ ਸਿਸਟਮ ਨੂੰ ਅਪਣਾਉਣ ਵਿੱਚ ਮਦਦ ਕੀਤੀ ਹੈ, ਉਹ ਹੈ ਡਿਜੀਟਲ ਪੇਮੈਂਟ ਵੱਲ ਕਦਮ।

ਇਮਲੀ ਵਿੱਚ ਹੈਡਕੁਆਟਰ ਵਾਸੇ ਵੇਰਾਗੋਨ ਦੇ ਮੱਧ ਪੂਰਬ, ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਪਾਣੀ ਤਿਆਰ ਕਰਨ ਦੇ ਯੁਨਿਟ ਹਨ।

ਵੇਰਾਗੋਨ ਦੇ ਗਲੋਬਲ ਬਿਜ਼ਨਲ ਡਾਇਰੈਕਟਰ ਸਟੀਫਨ ਵਾਈਟ ਕਹਿੰਦੇ ਹਨ, “ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ, ਉਹ ਕੈਸ਼-ਅਧਾਰਤ ਸਮਾਜ ਸੀ, ਹੁਣ ਸਭ ਕੁਝ ਡਿਜੀਟਲ ਹੋ ਗਿਆ ਹੈ।”

“ਉਦਾਹਰਨ ਵਜੋਂ ਕੰਬੋਡੀਆ ਦਾ ਵਧੇਰੇ ਹਿੱਸੇ ਵਿੱਚ 4G ਦੀ ਸਹੂਲਤ ਹੈ ਅਤੇ ਕੋਵਿਡ ਦੌਰਾਨ ਈ-ਵਾਲੇਟਸ ਦਾ ਧਮਾਕੇਦਾਰ ਇਸਤੇਮਾਲ ਹੋਇਆ।ਬਿਹਤਰ ਨਿੱਜੀ ਢਾਂਚਾ ਅਤੇ ਪਾਰਟਨਰਸ਼ਿਪ ਹੈ, ਸਰਕਾਰ ਦੀ ਸ਼ਮੂਲੀਅਤ ਦੀ ਲੋੜ ਨਹੀਂ ਹੈ ਅਤੇ ਅਸੀਂ ਕਾਫ਼ੀ ਘੱਟ ਕੀਮਤਾਂ ‘ਤੇ ਪਾਣੀ ਵੇਚਦੇ ਹਾਂ।”

ਉਹ ਦੱਸਦੇ ਹਨ ਕਿ ਸਾਰੇ ਯੁਨਿਟ ਅਗਲੇ ਕੁਝ ਮਹੀਨਿਆਂ ਵਿੱਚ ਡਿਜੀਟਲ ਕਰ ਦਿੱਤੇ ਜਾਣਗੇ।

ਹਾਲਾਂਕਿ ਯੁਨਿਟਾਂ ਸਸਤੀਆਂ ਨਹੀਂ ਹਨ। ਵੇਰਾਗੋਨ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਣੀ ਠੰਡਾ ਕਰਨ ਅਤੇ ਸੰਘਣਾਕਰਨ ਦੀ ਤਕਨੀਕ ਵਰਤਣ ਵਾਲੀ ਯੁਨਿਟ ਦੀ ਕੀਮਤ ਕਰੀਬ 60 ਤੋਂ 70 ਹਜ਼ਾਰ ਡਾਲਰ ਹੈ।

ਉਧਰ ਕੋਇਗੀ ਕਹਿੰਦੇ ਹਨ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਯੁਨਿਟ ਦੀ ਕੀਮਤ ਕਰੀਬ 18,000 ਡਾਲਰ ਹੈ।

ਪਰ ਸ਼੍ਰੀਵਾਸਤਵ ਕਹਿੰਦੇ ਹਨ ਕਿ ਪਾਣੀ ਤਿਆਰ ਕਰਨਾ ਵਧੇਰੇ ਲਾਭ ਵਾਲਾ ਹੈ ਕਿਉਂਕਿ ਭਾਰਾ ਹੋਣ ਕਰਕੇ ਇਸ ਦਾ ਟਰਾਂਸਪੋਰਟ ਸੌਖਾ ਨਹੀਂ ਹੈ।

ਉਰਾਵੂ ਲੈਬ ਤਰੀਕੇ ਲੱਭ ਰਹੀ ਹੈ ਕਿ ਕਿਵੇਂ ਮਟੀਰੀਅਲ ਸਾਇੰਸ ਡੈਸੀਕੈਂਟ ਦੀ ਕੁਸ਼ਲਤਾ ਵਧਾ ਸਕਦੀ ਹੈ ਅਤੇ ਕਿਵੇਂ ਹਵਾ ਦੀ ਨਮੀ ਸੋਖਣ ਲਈ ਵੱਖਰੇ ਮਟੀਰੀਅਲ ਵਰਤ ਕੇ ਇਸ ਤਰੀਕੇ ਨੂੰ ਹੋਰ ਅਸਰਦਾਰ ਬਣਾਇਆ ਜਾ ਸਕਦਾ ਹੈ। ਸ੍ਰੀਵਾਸਤਵ ਇਹ ਵੀ ਕਹਿੰਦੇ ਹਨ ਕਿ ਇਸ ਸਿਸਟਮ ਵਿੱਚ ਹੋਰ ਤਰੱਕੀ ਲੋੜੀਂਦਾ ਤਾਪ ਵੀ 60C ਤੋਂ ਘਟਾ ਕੇ 40C ਕਰ ਦੇਵੇਗੀ।

ਉਹ ਭਾਰਤ ਅਤੇ ਸਿੰਘਾਪੁਰ ਦੇ ਡਾਟਾ ਕੇਂਦਰਾਂ ਵਿੱਚ ਆਪਣੀਆਂ ਯੁਨੀਟਸ ਲਗਾ ਕੇ ਪਾਈਲਟ ਪ੍ਰੋਜੈਕਟ ਚਲਾਉਣ ਦੀ ਉਮੀਦ ਕਰ ਰਹੇ ਹਨ। ਡਾਟਾ ਕੇਂਦਰ ਕਾਫ਼ੀ ਤਾਪ ਪੈਦਾ ਕਰਦੇ ਹਨ ਜੋ ਕਿ ਆਮ ਤੌਰ ’ਤੇ ਅਸੀਂ ਗਵਾ ਦਿੰਦੇ ਹਾਂ ਪਰ ਉਰਾਵੂ ਦੀ ਯੋਜਨਾ ਹੈ ਕਿ ਇਸ ਨੂੰ ਵਰਤ ਕੇ ਤਾਜ਼ਾ ਪਾਣੀ ਤਿਆਰ ਕੀਤਾ ਜਾਵੇ।

ਸ਼੍ਰੀਵਾਸਤਵ ਕਹਿੰਦੇ ਹਨ, “ਇਹ ਪ੍ਰਕਿਰਿਆ ਡਾਟਾ ਕੇਂਦਰਾਂ ਵਿੱਚ ਪਾਣੀ ਦੀ ਵਰਤੋਂ 95 ਫੀਸਦੀ ਤੱਕ ਘਟਾ ਸਕਦੀ ਹੈ ਅਤੇ ਉਰਾਵੂ ਦਾ ਸਿਸਟਮ ਜ਼ਿਆਦਾਤਰ ਫਾਲਤੂ ਤਾਪ ਨੂੰ ਵਰਤ ਕੇ ਠੰਡਾ ਪਾਣੀ ਵਾਪਸ ਕਰੇਗਾ। ਇਸ ਲਈ ਰਵਾਇਤੀ ਪਾਣੀ ਦੀ ਲੋੜ ਬਹੁਤ ਥੋੜ੍ਹੀ ਪਵੇਗੀ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)