ਪੰਜਾਬ: ਪਰਵਾਸੀ ਮਜ਼ਦੂਰਾਂ ਦਾ ਪੰਜਾਬੀਕਰਨ, 'ਅਸੀਂ ਵਾਪਸ ਨਹੀਂ ਮੁੜਨਾ, ਹੁਣ ਅਸੀਂ ਬਿਹਾਰੀ ਨਹੀਂ ਰਹੇ ਪੰਜਾਬੀ ਹੋ ਗਏ ਹਾਂ'

ਪੰਜਾਬ ਦੇ ਪਰਵਾਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਕਸਬੇ ਦੇ ਲਸਾੜੀ ਪਿੰਡ ਦੇ ਬਰਜਿੰਦਰ ਪੰਡਿਤ ਦਾ ਪਰਿਵਾਰ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਅਸੀਂ ਵਾਪਸ ਯੂਪੀ ਕਿੱਥੇ ਮੁੜਨਾ ਹੈ, ਪੰਜਾਬ ਵਿੱਚ ਹੀ ਰਹਿਣਾ ਹੈ, ਸਾਡਾ ਸਭ ਕੁਝ ਤਾਂ ਇੱਥੇ ਹੈ, ਪੰਜਾਬੀ ਬੋਲਦੇ ਹਾਂ, ਪੰਜਾਬੀ ਪੜ੍ਹਦੇ ਹਾਂ।"

ਲਖੇਂਦਰ ਸਿੰਘ ਦੀ ਇਹ ਟਿੱਪਣੀ ਉਸ ਨੂੰ ਵਾਪਸ ਯੂਪੀ ਪਰਤਣ ਸਬੰਧੀ ਪੁੱਛੇ ਗਏ ਸਵਾਲ ਦੇ ਸੰਦਰਭ ਵਿੱਚ ਹੈ।

ਲਖੇਂਦਰ ਦਾ ਜਨਮ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਵਿੱਚ ਹੋਇਆ ਸੀ ਅਤੇ ਇਸ ਸਮੇਂ ਉਹ ਸਿੰਘ ਸੱਜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵਜੋਂ ਕੰਮ ਕਰ ਰਹੇ ਹਨ।

ਅੰਮ੍ਰਿਤ ਛਕਣ ਤੋਂ ਬਾਅਦ ਲਖੇਂਦਰ ਕੁਮਾਰ ਤੋਂ ਲਖੇਂਦਰ ਸਿੰਘ ਬਣ ਕੇ ਉਹ ਇਸ ਸਮੇਂ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੇ ਹਨ।

ਸ੍ਰੀ ਅਨੰਦਪੁਰ ਸਾਹਿਬ ਰੋਪੜ ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦਾ ਸ਼ਹਿਰ ਹੈ। ਇੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ 13 ਅਪ੍ਰੈਲ 1699 ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ।

ਦਰਅਸਲ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਪਰਵਾਸੀਆਂ ਦੇ ਪੰਜਾਬ ਵਿੱਚ ਵੱਸਣ ਖ਼ਿਲਾਫ਼ ਕੁਝ ਲੋਕ ਮੁਹਿੰਮ ਚਲਾ ਰਹੇ ਹਨ। ਉਹ ਪੰਜਾਬ ਸਰਕਾਰ ਤੋਂ ਅਜਿਹਾ ਕਾਨੂੰਨ ਪਾਸ ਕਰਨ ਦੀ ਮੰਗ ਕਰ ਰਹੇ ਹਨ, ਜਿਸ ਨਾਲ ਪੰਜਾਬ ਵਿੱਚ ਆਉਣ ਵਾਲੇ ਪਰਵਾਸੀ ਕਾਮਿਆਂ ਨੂੰ ਪੱਕੇ ਤੌਰ ਉੱਤੇ ਵੱਸਣ ਦੇ ਮਾਮਲੇ ਵਿੱਚ ਕੋਈ ਮਾਪਦੰਡ ਤੈਅ ਕੀਤੇ ਜਾਣ।

ਵੀਡੀਓ ਕੈਪਸ਼ਨ, ਪੰਜਾਬ 'ਚ ਵੱਸਦੇ 'ਪਰਵਾਸੀਆਂ' ਨੂੰ ਕੀ ਹੈ ਮਲਾਲ

ਲਖੇਂਦਰ ਸਿੰਘ ਕਹਿੰਦੇ ਹਨ, ''ਜਦੋਂ ਮੈਂ ਯੂਪੀ ਅਤੇ ਬਿਹਾਰ ਦੇ ਕਾਮਿਆਂ ਨੂੰ ਪੰਜਾਬ ਵਿਚੋਂ ਬਾਹਰ ਕਰਨ ਦੀਆਂ ਖ਼ਬਰਾਂ ਸੁਣਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਅਤੇ ਅਸੀਂ ਹੁਣ ਯੂਪੀ ਦੇ ਨਹੀਂ ਬਲਕਿ ਪੰਜਾਬ ਦੇ ਹਾਂ।''

ਅਸਲ ਵਿੱਚ ਲਖੇਂਦਰ ਸਿੰਘ ਦਾ ਪੰਜਾਬ ਆਉਣ ਦਾ ਕਿੱਸਾ ਵੀ ਦਿਲਚਸਪ ਹੈ।

ਉਹ ਦੱਸਦੇ ਹਨ, "ਮੇਰੇ ਪਿਤਾ 1980 ਦੇ ਆਸ ਪਾਸ ਮਜ਼ਦੂਰੀ ਕਰਨ ਲਈ ਪੰਜਾਬ ਆਏ ਸਨ ਅਤੇ ਇੱਥੇ ਹੀ ਉਨ੍ਹਾਂ ਅੰਮ੍ਰਿਤ ਛਕ ਲਿਆ ਸੀ।"

ਲਖੇਂਦਰ ਸਿੰਘ ਦੇ ਪਿਤਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮਾਲੀ ਦੀ ਨੌਕਰੀ ਕਰ ਕੇ ਸੇਵਾ ਮੁਕਤ ਹੋਏ ਹਨ।

ਪਰਵਾਸੀ
ਤਸਵੀਰ ਕੈਪਸ਼ਨ, ਲਖੇਂਦਰ ਸਿੰਘ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ

ਯੂਪੀ ਵਿੱਚ ਪੜਾਈ ਕਰਨ ਵਾਲੇ ਲਖੇਂਦਰ ਸਿੰਘ ਦੱਸਦੇ ਹਨ ਕਿ ਜਦੋਂ ਛੁੱਟੀਆਂ ਵਿੱਚ ਪਿਤਾ ਜੀ ਪਿੰਡ ਆਉਂਦੇ ਸਨ ਤਾਂ ਸਿੱਖ ਧਰਮ ਸਬੰਧੀ ਬਹੁਤ ਸਾਰੀਆਂ ਕਿਤਾਬਾਂ ਆਪਣੇ ਨਾਲ ਲੈ ਕੇ ਆਉਂਦੇ ਸਨ।

ਸਮਾਜ ਸ਼ਾਸਤਰ ਵਿੱਚ ਐੱਮਏ ਪਾਸ ਲਖੇਂਦਰ ਸਿੰਘ ਨੇ ਦੱਸਿਆ, "ਮੈਂ ਸਿੱਖ ਧਰਮ ਦਾ ਅਧਿਐਨ ਕੀਤਾ ਅਤੇ ਫਿਰ ਪ੍ਰਭਾਵਿਤ ਹੋ ਕੇ 1990 ਵਿੱਚ ਪੰਜਾਬ ਆ ਗਿਆ। ਪੰਜਾਬ ਆ ਕੇ ਪੰਜਾਬੀ ਪੜ੍ਹਨੀ ਅਤੇ ਬੋਲਣੀ ਸਿੱਖੀ ਤੇ ਇਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ।"

ਲਖੇਂਦਰ ਸਿੰਘ ਦੀ ਪਤਨੀ ਨੇ ਵੀ ਅੰਮ੍ਰਿਤ ਛਕਿਆ ਹੋਇਆ ਹੈ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਮ ਜਗਜੀਤ ਸਿੰਘ, ਰਮਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਹਨ।

ਰੂਕਮ ਕੌਰ
ਤਸਵੀਰ ਕੈਪਸ਼ਨ, ਲਖੇਂਦਰ ਸਿੰਘ ਦੀ ਪਤਨੀ ਰੂਕਮ ਕੌਰ ਰੋਜ਼ਾਨਾ ਨਿਤਨੇਮ ਕਰਦੇ ਹਨ

ਲਖੇਂਦਰ ਸਿੰਘ ਮਾਣ ਨਾਲ ਆਖਦੇ ਹਨ ਕਿ ਜਦੋਂ ਉਹ ਆਜ਼ਮਗੜ੍ਹ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾਂਦੇ ਹਨ ਤਾਂ ਉੱਥੋਂ ਦੇ ਸਥਾਨਕ ਲੋਕ ਉਨ੍ਹਾਂ ਨੂੰ "ਸਰਦਾਰ ਜੀ" ਆਖ ਕੇ ਬੁਲਾਉਂਦੇ ਹਨ, ਜੋ ਉਨ੍ਹਾਂ ਨੂੰ ਚੰਗਾ ਲੱਗਦਾ ਹੈ।

ਰੂਕਮ ਕੁਮਾਰੀ ਤੋਂ ਰੂਕਮ ਕੌਰ ਬਣੀ ਲਖੇਂਦਰ ਸਿੰਘ ਦੀ ਪਤਨੀ ਦੱਸਦੇ ਹਨ ਕਿ ਉਹ ਰੋਜ਼ਾਨਾ ਨਿਤਨੇਮ ਕਰਦੇ ਹਨ ਅਤੇ ਬੱਚੇ ਪੰਜਾਬੀ ਸਕੂਲਾਂ ਵਿੱਚ ਪੜ੍ਹਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਭਾਵੇਂ ਲਖੇਂਦਰ ਅਤੇ ਮੈਂ ਘਰ ਵਿੱਚ ਭੋਜਪੁਰੀ ਜਾਂ ਹਿੰਦੀ ਵਿੱਚ ਗੱਲਬਾਤ ਕਰਦੇ ਹਾਂ, ਪਰ ਬੱਚੇ ਭੋਜਪੁਰੀ ਦੀ ਥਾਂ ਪੰਜਾਬੀ ਬੋਲਦੇ ਹਨ।"

ਉਨ੍ਹਾਂ ਦੱਸਿਆ ਕਿ ਹੁਣ ਉਹ ਯੂਪੀ ਵਾਲੇ ਨਹੀਂ ਸਗੋਂ ਪੰਜਾਬੀ ਹਨ ਕਿਉਂਕਿ ਘਰ ਦਾ ਮਾਹੌਲ ਪੂਰੀ ਤਰਾਂ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ।

ਰੂਕਮ ਕੌਰ ਦੇ ਪੁੱਤਰ ਜਗਜੀਤ ਸਿੰਘ ਨੇ ਵੀ ਕੇਸ ਰੱਖੇ ਹੋਏ ਹਨ ਅਤੇ ਪੰਜਾਬੀਆਂ ਵਾਂਗ ਉਹ ਫਰਾਟੇਦਾਰ ਪੁਆਧੀ ਭਾਸ਼ਾ ਬੋਲਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਪੰਜਾਬ 'ਚ ਸਿਆਸੀ ਆਗੂ ਬਣਿਆ ਪਰਵਾਸੀ

ਅਜਿਹੀ ਹੀ ਕਹਾਣੀ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਕਸਬੇ ਦੇ ਲਸਾੜੀ ਪਿੰਡ ਦੇ ਬਰਜਿੰਦਰ ਪੰਡਿਤ ਦੀ ਵੀ ਹੈ।

ਬਰਜਿੰਦਰ ਪੰਡਿਤ ਅਸਲ ਵਿੱਚ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਪਰ ਉਹ ਵੀ ਪੰਜਾਬੀਅਤ ਦੇ ਰੰਗ ਵਿੱਚ ਰੰਗੇ ਗਏ ਹਨ।

ਪਹਿਲੀ ਤੱਕਣੀ ਵਿੱਚ ਤੁਹਾਨੂੰ ਇਹ ਪਤਾ ਨਹੀਂ ਲੱਗੇਗਾ ਕਿ ਬਰਜਿੰਦਰ ਦਾ ਪਿਛੋਕੜ ਬਿਹਾਰ ਨਾਲ ਹੈ ਕਿਉਂਕਿ ਉਹ ਵੀ ਦਸਤਾਰਧਾਰੀ ਹੈ ਅਤੇ ਫਰਾਟੇਦਾਰ ਪੰਜਾਬੀ ਬੋਲਦੇ ਹਨ।

ਸੀਪੀਐੱਮ ਪਾਰਟੀ ਦੇ ਜ਼ਿਲ੍ਹਾ ਰੋਪੜ ਦੇ ਸਕੱਤਰ ਬਰਜਿੰਦਰ ਪੰਡਿਤ ਦਾ ਖੇਤਾਂ ਵਿੱਚ ਬਣਿਆ ਮਕਾਨ ਕਿਸੇ ਜ਼ਿਮੀਂਦਾਰ ਦੇ ਘਰ ਤੋਂ ਘੱਟ ਨਹੀਂ ਹੈ।

ਬਰਜਿੰਦਰ ਪੰਡਿਤ ਕਹਿੰਦੇ ਹਨ, "ਘਰ ਦੀ ਗ਼ਰੀਬੀ ਅਤੇ ਰੋਜ਼ਗਾਰ ਦੀ ਭਾਲ ਵਿੱਚ ਮੈਂ ਮਹਿਜ਼ 9 ਸਾਲ ਦੀ ਉਮਰ ਵਿੱਚ 1974 ਦੇ ਆਸ-ਪਾਸ ਪੰਜਾਬ ਆ ਗਿਆ ਸੀ।"

"ਸ਼ੁਰੂ ਦੇ ਸਾਲਾਂ ਵਿੱਚ ਨਵਾਂ ਸ਼ਹਿਰ ਦੇ ਕਿਸੇ ਜ਼ਿਮੀਂਦਾਰ ਦੇ ਘਰ ਪਸ਼ੂਆਂ ਦੀ ਦੇਖਭਾਲ ਕਰਨ ਦੀ ਨੌਕਰੀ ਕੀਤੀ ਅਤੇ ਫਿਰ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਤਾਂ ਟਰੈਕਟਰ ਚਲਾਉਣਾ ਅਤੇ ਖੇਤੀਬਾੜੀ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ।"

ਇੱਥੇ ਰਹਿੰਦੇ ਹੀ ਉਨ੍ਹਾਂ ਨੂੰ ਕਿਸੇ ਪੰਜਾਬੀ ਜਾਣਕਾਰ ਨੇ ਬਿਜਲੀ ਬੋਰਡ ਵਿੱਚ ਮਾਲੀ ਦੀ ਨੌਕਰੀ ਲਗਵਾ ਦਿੱਤੀ, ਜਿੱਥੋਂ ਉਹ ਲਾਈਨਮੈਨ ਦੇ ਅਹੁਦੇ ਤੋਂ 2023 ਵਿੱਚ ਸੇਵਾ ਮੁਕਤ ਹੋਏ ਹਨ।

ਬਰਜਿੰਦਰ ਪੰਡਿਤ ਹੁਣ ਪੰਜਾਬ ਦੇ ਪੱਕੇ ਵਸਨੀਕ ਬਣ ਚੁੱਕੇ ਹਨ ਅਤੇ ਉਨ੍ਹਾਂ ਦੇ ਘਰ ਵਿੱਚ ਪੂਰਾ ਮਾਹੌਲ ਪੰਜਾਬੀ ਹੈ।

ਘਰ ਦੀਆਂ ਔਰਤਾਂ ਸਾੜੀ ਦੀ ਥਾਂ ਪੰਜਾਬੀ ਸੂਟ ਪਾਉਂਦੀਆਂ ਹਨ ਅਤੇ ਪੰਜਾਬੀ ਵਿੱਚ ਗੱਲਾਂ ਕਰਦੀਆਂ ਹਨ।

ਬਰਜਿੰਦਰ ਪੰਡਿਤ ਦਾ ਪਰਿਵਾਰ
ਤਸਵੀਰ ਕੈਪਸ਼ਨ, ਬਰਜਿੰਦਰ ਪੰਡਿਤ ਮਹਿਜ਼ 9 ਸਾਲ ਦੀ ਉਮਰ ਵਿੱਚ ਪੰਜਾਬ ਆਏ ਸਨ

ਬਰਜਿੰਦਰ ਪੰਡਿਤ ਆਖਦੇ ਹਨ, "ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਪੂਰੀ ਕਰ ਕੇ ਦੋਵੇਂ ਪੁੱਤਰ ਇੱਕ ਬੀਐੱਸਐੱਫ ਵਿੱਚ ਦੂਜਾ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਰਿਹਾ ਹੈ। ਮੇਰੀ ਪੂਰੀ ਜ਼ਿੰਦਗੀ ਪੰਜਾਬ ਵਿੱਚ ਗੁਜਰੀ ਹੈ ਅਤੇ ਕਿਸੇ ਨੇ ਵੀ ਮੇਰੇ ਨਾਲ ਵਿਤਕਰਾ ਨਹੀਂ ਕੀਤਾ।"

ਬਰਜਿੰਦਰ ਪੰਡਿਤ ਦਾ ਕਹਿਣਾ ਹੈ, "ਲਸਾੜੀ ਪਿੰਡ ਦੇ ਲੋਕਾਂ ਨਾਲ ਮੇਰੇ ਰਿਸ਼ਤੇ ਬਣ ਗਏ ਹਨ, ਕੋਈ ਮੇਰੇ ਬੱਚਿਆਂ ਦਾ ਚਾਚਾ ਹੈ, ਕੋਈ ਤਾਇਆ,ਇਥੋਂ ਤੱਕ ਕਿ ਬੱਚਿਆਂ ਦਾ ਮਾਮਾ ਵੀ ਪੰਜਾਬੀ ਹੈ।"

"ਜੇਕਰ ਮੈਨੂੰ ਕੋਈ ਬਿਹਾਰੀ ਆਖਦਾ ਹੈ ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ ਅਤੇ ਜੇਕਰ ਕੋਈ ਪੰਜਾਬੀ ਆਖਦਾ ਹੈ ਤਾਂ ਇਸ ਨਾਲ ਮੇਰੀ ਖ਼ੁਸ਼ੀ ਦੁੱਗਣੀ ਹੋ ਜਾਂਦੀ ਹੈ। ਬਿਹਾਰੀ-ਪੰਜਾਬੀ ਦੀ ਥਾਂ ਹਿੰਦੁਸਤਾਨੀ ਅਖਵਾਉਣਾ ਜ਼ਿਆਦਾ ਪਸੰਦ ਹੈ।"

ਬੇਸ਼ੱਕ ਬਰਜਿੰਦਰ ਪੰਡਿਤ ਨੇ ਆਪਣੇ ਦੋਵਾਂ ਪੁੱਤਰਾਂ ਦੇ ਵਿਆਹ ਬਿਹਾਰ ਵਿੱਚ ਕੀਤੇ ਹਨ ਪਰ ਪਾਰਟੀ ਉਨ੍ਹਾਂ ਨੇ ਲਸਾੜੀ ਪਿੰਡ ਵਿੱਚ ਪੰਜਾਬੀ ਤਰੀਕੇ ਨਾਲ ਕੀਤੀ ਹੈ। ਬਰਜਿੰਦਰ ਪੰਡਿਤ ਦੀ ਤੀਜੀ ਪੀੜੀ ਉਨ੍ਹਾਂ ਦੇ ਪੋਤੇ ਪੋਤੀਆਂ ਪੰਜਾਬੀ ਬੋਲਦੇ ਹਨ ਅਤੇ ਪੰਜਾਬੀ ਸਕੂਲਾਂ ਵਿੱਚ ਪੜਦੇ ਹਨ।

ਬਰਜਿੰਦਰ ਦੀ ਪਤਨੀ ਪਰਮਿਲਾ ਦੇਵੀ ਆਖਦੇ ਹਨ ਕਿ ਵਿਆਹ ਤੋਂ ਬਾਅਦ ਜਦੋਂ ਪੰਜਾਬ ਆਏ ਤਾਂ ਸ਼ੁਰੂ ਵਿੱਚ ਕੁਝ ਦਿੱਕਤਾਂ ਆਈਆਂ, ਖ਼ਾਸ ਤੌਰ ਉੱਤੇ ਭਾਸ਼ਾ ਨੂੰ ਲੈ ਕੇ... ਪਰ ਹੌਲੀ ਹੌਲੀ ਉਹ ਵੀ ਪੰਜਾਬੀ ਪੜਨੀ ਅਤੇ ਲਿਖਣੀ ਸਿੱਖ ਗਏ।

ਉਨ੍ਹਾਂ ਆਖਿਆ, "ਬੇਸ਼ੱਕ ਮੇਰਾ ਸਬੰਧ ਬਿਹਾਰ ਨਾਲ ਹੈ ਪਰ ਸਾਡੇ ਰੀਤੀ ਰਿਵਾਜ ਪੰਜਾਬੀਆਂ ਵਾਂਗ ਹੀ ਹੋ ਗਏ ਹਨ ਅਤੇ ਖ਼ੁਸ਼ੀ ਦੇ ਮੌਕੇ ਉੱਤੇ ਜਿਵੇਂ ਵਿਆਹ ਸਮੇਂ ਪੰਜਾਬੀ ਗਾਣੇ ਵੱਜਦੇ ਹਨ।"

ਬਰਜਿੰਦਰ ਪੰਡਿਤ
ਤਸਵੀਰ ਕੈਪਸ਼ਨ, ਬਰਜਿੰਦਰ ਪੰਡਿਤ ਦੀ ਤੀਜੀ ਪੀੜੀ ਉਨ੍ਹਾਂ ਦੇ ਪੋਤੇ ਪੋਤੀਆਂ ਪੰਜਾਬੀ ਬੋਲਦੇ ਹਨ ਅਤੇ ਪੰਜਾਬੀ ਸਕੂਲਾਂ ਵਿੱਚ ਪੜਦੇ ਹਨ

ਗ਼ੈਰ-ਪੰਜਾਬੀ ਪਰਵਾਸੀ ਮਜ਼ਦੂਰਾਂ ਦਾ ਮੁੱਦਾ

ਲਖੇਂਦਰ ਸਿੰਘ ਅਤੇ ਬਰਜਿੰਦਰ ਪੰਡਿਤ ਦਾ ਪਰਿਵਾਰ ਪੰਜਾਬ ਵਿੱਚ ਵੱਸੇ ਹਜ਼ਾਰਾ ਪਰਵਾਸੀਆਂ ਦੀ ਨੁੰਮਾਇਦਗੀ ਕਰਦੇ ਹਨ, ਜੋ ਆਏ ਦਾ ਰੋਜ਼ੀ-ਰੋਟੀ ਦੀ ਭਾਲ਼ ਵਿੱਚ ਸਨ ਪਰ ਪੱਕੇ ਤੌਰ ਉੱਤੇ ਇੱਥੇ ਹੀ ਵੱਸ ਗਏ।

ਪਰ ਪੰਜਾਬ ਵਿੱਚ ਪਰਵਾਸੀਆਂ ਦੀ ਵੱਧਦੀ ਅਬਾਦੀ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਸਮੇਂ-ਸਮੇਂ ਉੱਤੇ ਸੁਰਖ਼ੀਆਂ ਵਿੱਚ ਆਉਂਦਾ ਰਹਿੰਦਾ ਹੈ।

2024 ਦੀਆਂ ਲੋਕ ਚੋਣਾਂ ਵਿੱਚ ਇਸ ਮੁੱਦੇ ਨੇ ਉਦੋਂ ਸੁਰਖ਼ੀਆਂ ਫੜੀਆਂ ਜਦੋਂ ਸੰਗਰੂਰ ਤੋਂ ਲੋਕ ਸਭਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਇਸ ਨੂੰ ਉਛਾਲਿਆ।

ਵਿਵਾਦ ਹੋਇਆ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਇਸ ਮੁੱਦੇ ਉੱਤੇ ਸਫ਼ਾਈ ਵੀ ਦੇਣੀ ਪਈ।

ਸੁਖਪਾਲ ਸਿੰਘ ਖਹਿਰਾ ਦੀ ਦਲੀਲ ਸੀ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਉੱਤੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ ਵਿੱਚ ਜ਼ਮੀਨ ਅਤੇ ਜਾਇਦਾਦ ਖ਼ਰੀਦਣ ਦੀ ਆਗਿਆ ਨਹੀਂ ਹੋਣੀ ਚਾਹੀਦੀ।

2024 ਨਵੰਬਰ ਵਿੱਚ ਗ਼ੈਰ-ਪੰਜਾਬੀ ਪਰਵਾਸੀ ਮਜ਼ਦੂਰਾਂ ਦੇ ਮੁੱਦੇ ਨੇ ਇੱਕ ਵਾਰ ਫਿਰ ਉਸ ਸਮੇਂ ਸੁਰਖ਼ੀਆਂ ਵਿੱਚ ਫੜੀਆਂ ਜਦੋਂ ਮੁਹਾਲੀ ਜ਼ਿਲ੍ਹੇ ਦੇ ਕੁੰਬੜਾ ਪਿੰਡ ਦੋ ਨੌਜਵਾਨਾਂ ਦਾ ਕਤਲ ਹੋ ਜਾਂਦਾ ਹੈ।

ਕਤਲ ਦਾ ਇਲਜ਼ਾਮ ਉੱਤਰ ਪ੍ਰਦੇਸ਼ ਦੇ ਕੁਝ ਨੌਜਵਾਨਾਂ ਉੱਤੇ ਲੱਗਾ। ਖ਼ੈਰ ਇਸ ਮੁੱਦੇ ਤੋਂ ਬਾਅਦ ਪਿੰਡਾਂ ਵਿੱਚੋਂ ਪਰਵਾਸੀ ਮਜ਼ਦੂਰਾਂ ਨੂੰ ਬਾਹਰ ਕਰਨ ਦੀ ਚਰਚਾ ਨੇ ਜ਼ੋਰ ਫੜ ਲਿਆ।

ਬੀਬੀਸੀ ਨੇ ਇਸ ਪਿੰਡ ਦਾ ਜਦੋਂ ਦੌਰਾ ਕੀਤਾ ਤਾਂ ਦੇਖਿਆ ਪਿੰਡ ਦੇ ਬਾਹਰ ਬਕਾਇਦਾ ਬੋਰਡ ਲੱਗੇ ਹੋਏ ਹਨ, ਜਿਸ ਵਿੱਚ ਕਿਰਾਏ ਉੱਤੇ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਸਬੰਧੀ ਕਈ ਨਿਯਮ ਲਿਖੇ ਹੋਏ ਸਨ।

ਪਰਵਾਸੀ ਕਾਮੇ
ਤਸਵੀਰ ਕੈਪਸ਼ਨ, ਪਿੰਡ ਕੁੰਬੜ ਵਿੱਚ ਪਰਵਾਸੀਆਂ ਸਬੰਧੀ ਹਦਾਇਤਾਂ ਵਾਲੇ ਲੱਗੇ ਬੋਰਡ

ਪਿੰਡ ਦੇ ਵਸਨੀਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਨਹੀਂ ਹਨ "ਪਰ ਅਸੀਂ ਚਾਹੁੰਦੇ ਹਾਂ ਇਥੇ ਰਹਿਣ ਵਾਲੇ ਪਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ।"

ਉਨ੍ਹਾਂ ਆਖਿਆ ਕਿ ਜੋ ਪਰਵਾਸੀ ਪਿੰਡ ਵਿੱਚ ਕਿਰਾਏ ਉਤੇ ਰਹਿੰਦੇ ਹਨ, ਉਹ ਆਪਣੇ ਆਧਾਰ ਕਾਰਡ ਅਤੇ ਵੋਟਾਂ ਇੱਥੇ ਬਿਨਾ ਪੁਲਿਸ ਵੈਰੀਫੈਕੀਸ਼ਨ ਦੇ ਬਣਾ ਲੈਂਦੇ ਹਨ ਤੇ ਫਿਰ ਕ੍ਰਾਈਮ ਕਰ ਕੇ ਇੱਥੋਂ ਫ਼ਰਾਰ ਹੋ ਜਾਂਦੇ ਹਨ।

ਇਸ ਤੋਂ ਪਹਿਲਾਂ ਮੁਹਾਲੀ ਜ਼ਿਲ੍ਹੇ ਦੇ ਟੱਪਰੀਆਂ ਪਿੰਡ ਦੇ ਕੁਝ ਲੋਕਾਂ ਨੇ ਬਿਹਾਰ ਅਤੇ ਯੂਪੀ ਨਾਲ ਸਬੰਧਿਤ ਸੂਬਿਆਂ ਦੇ ਮਜ਼ਦੂਰਾਂ ਨੂੰ ਪਿੰਡ ਤੋਂ ਬਾਹਰ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਸੀ।

ਸਮਾਜਿਕ ਕਾਰਕੁਨ ਲੱਖਾ ਸਿਧਾਣਾ ਸਮੇਂ ਸਮੇਂ ਉੱਤੇ ਪਰਵਾਸੀਆਂ ਦਾ ਮੁੱਦਾ ਚੁੱਕਦੇ ਰਹਿੰਦੇ ਹਨ।

ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਦੂਜੇ ਸੂਬਿਆਂ ਤੋਂ ਕੋਈ ਵੀ ਵਿਅਕਤੀ ਪੰਜਾਬ ਵਿੱਚ ਆ ਸਕਦਾ ਹੈ ਅਤੇ ਉਸ ਦਾ ਉਹ ਸਵਾਗਤ ਕਰਦੇ ਹਾਂ, ਪਰ ਪੰਜਾਬ ਦੀਆਂ ਨੌਕਰੀਆਂ ਅਤੇ ਕਾਰੋਬਾਰ ਉੱਤੇ ਪਹਿਲਾ ਹੱਕ ਪੰਜਾਬੀਆਂ ਦਾ ਹੈ।

ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਪੰਜਾਬੀਆਂ ਦਾ ਹੈ ਕਿਉਂਕਿ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਹਨ। ਪੰਜਾਬੀ ਕਾਮਿਆਂ ਨੂੰ ਕੰਮ ਨਹੀਂ ਮਿਲਦਾ, ਉਲਟਾ ਪਰਵਾਸੀਆਂ ਮਜ਼ਦੂਰਾਂ ਨੂੰ ਘੱਟ ਤਨਖ਼ਾਹ ਉੱਤੇ ਰੱਖ ਕੇ ਉਨ੍ਹਾਂ ਦਾ ਸ਼ੋਸ਼ਣ ਇੱਥੇ ਕੀਤਾ ਜਾ ਰਿਹਾ ਹੈ ਜਿਸ ਨੂੰ ਰੋਕਣਾ ਜ਼ਰੂਰੀ ਹੈ।

ਦੂਜੇ ਪਾਸੇ "ਅਕਾਲੀ ਦਲ ਵਾਰਿਸ ਪੰਜਾਬ ਦੇ" ਸਿਆਸੀ ਪਾਰਟੀ ਨੇ ਬਕਾਇਦਾ ਮਤਾ ਪਾਸ ਕਰ ਕੇ ਆਖਿਆ ਹੈ ਕਿ ਪੰਜਾਬ ਪੰਜਾਬੀਆਂ ਦਾ ਹੈ ਅਤੇ ਇਸ ਉੱਤੇ ਹੱਕ ਇੱਥੇ ਦੇ ਮੂਲ ਲੋਕਾਂ ਦਾ ਹੈ।

ਪਰਵਾਸੀ ਕਾਮੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਮੁਤਾਬਕ ਅਸਲ ਵਿੱਚ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਸਾਲ 1977-78 ਵਿੱਚ ਸ਼ੁਰੂ ਹੋਈ ਸੀ

ਪੰਜਾਬ ਵਿੱਚ ਕਿੰਨੇ ਪਰਵਾਸੀ ਮਜ਼ਦੂਰ

ਪੰਜਾਬ ਵਿੱਚ ਖੇਤੀਬਾੜੀ ਅਤੇ ਉਦਯੋਗਿਕ ਇਕਾਈਆਂ ਹਿੰਦੀ ਭਾਸ਼ੀ ਸੂਬਿਆਂ ਨਾਲ ਸਬੰਧਿਤ ਮਜ਼ਦੂਰਾਂ ਉੱਤੇ ਨਿਰਭਰ ਹੈ। ਪੰਜਾਬ ਵਿੱਚ ਤਿੰਨ ਤਰੀਕੇ ਨਾਲ ਮਜ਼ਦੂਰੀ ਕਰਨ ਲਈ ਪਰਵਾਸੀ ਮਜ਼ਦੂਰ ਦੂਜੇ ਸੂਬਿਆਂ ਤੋਂ ਆਉਂਦੇ ਹਨ।

  • ਪਹਿਲੀ ਕਿਸਮ ਦੇ ਮਜ਼ਦੂਰ ਖੇਤੀ ਕਾਮਿਆਂ ਵਜੋਂ ਆਉਂਦੇ ਹਨ। ਉਨ੍ਹਾਂ ਦਾ ਛਿਮਾਹੀ- ਦਰ ਛਿਮਾਹੀ ਫ਼ਸਲਾਂ ਦੇ ਕੰਮ ਦੇ ਹਿਸਾਬ ਨਾਲ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।
  • ਦੂਜੇ ਕਿਸਮ ਦੇ ਮਜ਼ਦੂਰ, ਸੂਬੇ ਦੀਆਂ ਫ਼ੈਕਟਰੀਆਂ, ਢਾਂਚਾ ਗਤ ਸਹੂਲਤਾਂ ਦੇ ਉਸਾਰੀ ਕਾਰਜਾਂ ਲਈ ਆਉਂਦੇ ਹਨ। ਇਹ ਪੰਜਾਬ ਵਿੱਚ ਵੱਧ ਸਥਾਈ ਤੌਰ ਉੱਤੇ ਰਹਿੰਦੇ ਹਨ।
  • ਤੀਜੀ ਕਿਸਮ ਘਰੇਲੂ ਕਾਮਿਆਂ, ਰੇਹੜੀ ਫੜੀ ਲਾਉਣ ਵਾਲਿਆਂ ਅਤੇ ਜ਼ਮੀਨਾਂ ਠੇਕੇ ਉੱਤੇ ਲੈ ਕੇ ਖੇਤੀ ਕਰਨ ਜਾਂ ਛੋਟੇ-ਮੋਟੇ ਧੰਦਿਆਂ ਵਾਲਿਆਂ ਦੀ ਹੈ, ਇਹ ਵੀ ਪੰਜਾਬ ਸਥਾਈ ਤੌਰ ਉੱਤੇ ਵੱਸਦੇ ਹਨ।

ਇਨ੍ਹਾਂ ਵਿੱਚ ਬਹੁਗਿਣਤੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਮੁਤਾਬਕ ਅਸਲ ਵਿੱਚ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਸਾਲ 1977-78 ਵਿੱਚ ਸ਼ੁਰੂ ਹੋਈ ਸੀ।

ਸਾਲ 1978 ਵਿੱਚ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ 2.18 ਲੱਖ ਦੇ ਕਰੀਬ ਦੱਸੀ ਗਈ ਸੀ। ਪੰਜਾਬ ਸਰਕਾਰ ਦੇ ਇੱਕ ਸਰਵੇਖਣ ਮੁਤਾਬਕ 50 ਹਜ਼ਾਰ ਦੇ ਕਰੀਬ ਪਰਵਾਸੀ ਮਜ਼ਦੂਰ ਲੁਧਿਆਣਾ ਨੇੜਲੇ ਪਿੰਡ ਸਾਹਨੇਵਾਲ ਵਿੱਚ ਰਹਿੰਦੇ ਹਨ।

ਪੰਜਾਬ

ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਲੇਬਰ ਐਂਡ ਇੰਪਲਾਈਮੈਂਟ ਵਿਭਾਗ ਮੁਤਾਬਕ ਸਾਲ 1977 ਤੋਂ ਲੈ ਕੇ ਭਾਰਤ ਦੇ ਦੂਜੇ ਸੂਬਿਆਂ ਵਿੱਚੋਂ ਮਜ਼ਦੂਰਾਂ ਦਾ ਪੰਜਾਬ ਆਉਣ ਦਾ ਰੁਝਾਨ ਨਿਰੰਤਰ ਜਾਰੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਸਾਲ 2015 ਤੱਕ ਪੰਜਾਬੀਆਂ ਦੀ 3 ਕਰੋੜ ਦੀ ਆਬਾਦੀ ਪਿੱਛੇ 37 ਲੱਖ ਪਰਵਾਸੀ ਮਜ਼ਦੂਰ ਦੂਜੇ ਸੂਬਿਆਂ ਤੋਂ ਪੰਜਾਬ ਆ ਕੇ ਪੰਜਾਬ ਇੱਥੇ ਵਸ ਚੁੱਕੇ ਹਨ।

ਅੰਕੜਿਆਂ ਮੁਤਾਬਕ ਪੰਜਾਬ ਆ ਕੇ ਵਸਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿੱਚ ਸਾਲ 2022 ਦੇ ਅੰਤ ਤੱਕ ਹੋਰ ਵਾਧਾ ਹੋਇਆ ਹੈ।

ਪਰਵਾਸੀ ਕਾਮਿਆਂ ਸਬੰਧੀ ਖੋਜ ਕਰ ਚੁੱਕੇ ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿੱਚ ਜਦੋਂ ਕਾਮਿਆਂ ਦੀ ਲੋੜ ਹੋਈ ਤਾਂ ਇਸ ਦੀ ਪੂਰਤੀ ਬਿਹਾਰ ਅਤੇ ਯੂਪੀ ਤੋਂ ਆਏ ਲੋਕਾਂ ਨੇ ਪੂਰੀ ਕੀਤੀ।

ਪ੍ਰੋਫੈਸਰ ਮਨਜੀਤ ਸਿੰਘ ਮੁਤਾਬਕ, "ਪੰਜਾਬ ਦੀ ਖੇਤੀਬਾੜੀ ਪਰਵਾਸੀ ਕਾਮਿਆਂ ਉੱਤੇ ਕਿੰਨੀ ਨਿਰਭਰ ਹੈ ਇਸ ਦੀ ਉਦਾਹਰਨ ਕੋਵਿਡ ਵੇਲੇ ਦੇਖਣ ਨੂੰ ਮਿਲੀ ਸੀ। ਉਸ ਵੇਲੇ ਮਜ਼ਦੂਰਾਂ ਦੀ ਇੰਨੀ ਜ਼ਿਆਦਾ ਕਮੀ ਹੋ ਗਈ ਸੀ ਕਿ ਪੰਜਾਬੀ ਕਿਸਾਨ ਆਪ ਯੂਪੀ ਅਤੇ ਬਿਹਾਰ ਦੇ ਪਿੰਡਾਂ ਵਿੱਚ ਜਾ ਕੇ ਮਜ਼ਦੂਰਾਂ ਨੂੰ ਲੈ ਕੇ ਆਏ ਸਨ।"

ਉਨ੍ਹਾਂ ਆਖਿਆ ਕਿ ਪੰਜਾਬ ਦੀ ਸਥਾਨਕ ਮਜ਼ਦੂਰਾਂ ਨੇ ਝੋਨੇ ਦੀ ਲੁਆਈ ਇੰਨੀ ਮਹਿੰਗੀ ਕਰ ਦਿੱਤੀ ਸੀ ਜੋ ਕਿਸਾਨਾਂ ਦੇ ਵਿੱਤ ਵਿੱਚ ਨਹੀਂ ਸੀ। ਇਸ ਕਰ ਕੇ ਪੰਜਾਬ ਦੀ ਖੇਤੀਬਾੜੀ ਅਤੇ ਉਦਯੋਗ ਪਰਵਾਸੀਆਂ ਤੋਂ ਬਗ਼ੈਰ ਚੱਲ ਨਹੀਂ ਸਕਦੇ।

ਮਨਜੀਤ ਸਿੰਘ
ਤਸਵੀਰ ਕੈਪਸ਼ਨ, ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ

ਕਾਰੋਬਾਰ, ਜਿਨ੍ਹਾਂ ਵਿੱਚ ਪਰਵਾਸੀਆਂ ਦੀ ਸਰਦਾਰੀ

ਲੁਧਿਆਣਾ ਅਤੇ ਜਲੰਧਰ ਦੀਆਂ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਨ ਤੋਂ ਇਲਾਵਾ ਪਰਵਾਸੀ ਮਜ਼ਦੂਰ ਉਸਾਰੀ, ਸੰਗਮਰਮਰ ਦੇ ਫ਼ਰਸ਼ ਲਾਉਣ, ਫਲ ਤੇ ਸਬਜ਼ੀਆਂ ਵੇਚਣ, ਬਿਜਲੀ ਮਕੈਨਿਕ, ਢਾਬੇ ਚਲਾਉਣ ਅਤੇ ਪਲੰਬਰ ਆਦਿ ਦੇ ਧੰਦਿਆਂ ਨਾਲ ਜੁੜੇ ਹੋਏ ਹਨ।

ਕਈ ਪਰਵਾਸੀ ਮਜ਼ਦੂਰਾਂ ਨੇ ਲੁਧਿਆਣਾ, ਪਟਿਆਲਾ, ਪਠਾਨਕੋਟ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਪਣਾ ਹੌਜ਼ਰੀ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜਲੰਧਰ ਵਿੱਚ ਖੇਡਾਂ ਦਾ ਸਮਾਨ ਬਣਾਉਣ ਵਾਲੀਆਂ ਫ਼ੈਕਟਰੀਆਂ ਵਿੱਚ ਵੀ ਪਰਵਾਸੀ ਮਜ਼ਦੂਰਾਂ ਦਾ ਬੋਲਬਾਲਾ ਹੈ। ਪੰਦਰਾਂ ਲੱਖ ਦੇ ਕਰੀਬ ਪਰਵਾਸੀ ਮਜ਼ਦੂਰ ਫ਼ੈਕਟਰੀਆਂ ਵਿੱਚ ਕੰਮ ਕਰਦੇ ਹਨ।

"ਇੱਕ ਸਰਵੇਖਣ ਮੁਤਾਬਕ 4 ਲੱਖ ਪਰਵਾਸੀ ਮਜ਼ਦੂਰ ਖੇਤਾਂ ਵਿੱਚ ਕੰਮ ਕਰਦੇ ਹਨ। ਪਰ ਝੋਨਾ ਲਾਉਣ ਦੇ ਸੀਜ਼ਨ ਦਰਮਿਆਨ ਇਹ ਗਿਣਤੀ 5 ਲੱਖ ਤੱਕ ਪਹੁੰਚ ਜਾਂਦੀ ਹੈ।"

ਪਰਵਾਸੀ ਕਾਮੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1978 ਵਿੱਚ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ 2.18 ਲੱਖ ਦੇ ਕਰੀਬ ਦੱਸੀ ਗਈ ਸੀ

ਪਰਵਾਸੀਆਂ ਦੇ ਜ਼ਮੀਨ-ਜਾਇਦਾਦ ਖ਼ਰੀਦਣ ਬਾਰੇ ਵਿਵਾਦ

ਪੰਜਾਬ ਵਿੱਚ ਗ਼ੈਰ-ਪੰਜਾਬੀ ਪਰਵਾਸੀ ਮਜ਼ਦੂਰਾਂ ਨੂੰ ਸੂਬੇ ਵਿਚ ਜ਼ਮੀਨ ਜਾਂ ਮਕਾਨ ਵਗ਼ੈਰਾ ਖ਼ਰੀਦਣ ਦੇ ਹੱਕ ਤੋਂ ਵਾਂਝਾ ਕਰਨ ਦੀ ਚੁੱਕੀ ਜਾ ਰਹੀ ਮੰਗ ਨਾਲ ਪ੍ਰੋਫੈਸਰ ਮਨਜੀਤ ਸਿੰਘ ਸਹਿਮਤ ਨਹੀਂ ਹਨ।

ਉਹ ਆਖਦੇ ਹਨ, "ਇਹ ਮੰਗ ਉਸ ਤਰ੍ਹਾਂ ਹੈ ਜਿਵੇਂ ਅਮਰੀਕਾ ਵਿੱਚ ਟਰੰਪ ਵੱਲੋਂ ਪਰਵਾਸੀਆਂ ਨੂੰ ਬਾਹਰ ਕੱਢਣ ਦੀ ਗੱਲ ਹੋ ਰਹੀ ਹੈ।"

ਉਨ੍ਹਾਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਉੱਤੇ ਪੰਜਾਬ ਵਿੱਚ ਜ਼ਮੀਨ ਖ਼ਰੀਦਣ ਦੀਆਂ ਦਿੱਤੀਆਂ ਜਾਂਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਇਆ ਆਖਿਆ ਕਿ ਦੋਵਾਂ ਸੂਬਿਆਂ ਵਿੱਚ ਭੂਗੋਲਿਕ ਤੌਰ ਉੱਤੇ ਬਹੁਤ ਫ਼ਰਕ ਹੈ।

ਡਾਕਟਰ ਮਨਜੀਤ ਸਿੰਘ ਮੁਤਾਬਕ ਪੰਜਾਬ ਵਿੱਚ ਪੰਜਾਬੀਆਂ ਨੇ ਹੱਥੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਉਹ ਪੂਰੀ ਤਰਾਂ ਪਰਵਾਸੀ ਮਜ਼ਦੂਰਾਂ ਉੱਤੇ ਨਿਰਭਰ ਹੋ ਗਏ ਹਨ।

ਇਸ ਕਰ ਕੇ ਉਹ ਕਾਮਯਾਬ ਹੋ ਰਹੇ ਹਨ। ਡਾਕਟਰ ਮਨਜੀਤ ਸਿੰਘ ਆਖਦੇ ਹਨ ਜਦੋਂ ਪੰਜਾਬੀ ਦੂਜਿਆਂ ਸੂਬਿਆਂ ਵਿੱਚ ਜ਼ਮੀਨਾਂ ਖ਼ਰੀਦ ਦੇ ਅਤੇ ਕਾਰੋਬਾਰ ਕਰ ਸਕਦੇ ਹਨ ਤਾਂ ਪੰਜਾਬ ਵਿੱਚ ਉਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਰਹਿਣ ਅਤੇ ਘਰ ਲੈਣ ਦੀ ਵੀ ਖੁੱਲ੍ਹ ਹੈ।

ਡਾਕਟਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਬਹੁਤ ਸਾਰੇ ਪਰਵਾਸੀ ਮਜ਼ਦੂਰਾਂ ਪੰਜਾਬ ਵਿੱਚ ਰਹਿ ਕੇ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਲਿਖ ਅਤੇ ਪੜ੍ਹ ਰਹੇ ਹਨ, ਇਸ ਉੱਤੇ ਖ਼ੁਸ਼ੀ ਹੋਣੀ ਚਾਹੀਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)