ਭਾਰਤ ਵਿੱਚ ਸੱਪ ਦੇ ਡੰਗਣ ਨਾਲ ਹਰ ਸਾਲ ਔਸਤਨ 58,000 ਮੌਤਾਂ, ਨਵੀਂ ਖੋਜ ਵਿੱਚ ਹੋਰ ਕੀ ਆਇਆ ਸਾਹਮਣੇ

ਤਸਵੀਰ ਸਰੋਤ, Getty Images
- ਲੇਖਕ, ਸ਼ਰਲੀਨ ਮੋਲਾਨ
- ਰੋਲ, ਮੁੰਬਈ
- ਪੜ੍ਹਨ ਦਾ ਸਮਾਂ: 8 ਮਿੰਟ
ਭਾਰਤੀ ਕਿਸਾਨ ਦੇਵੇਂਦਰ ਨੂੰ ਅਜੇ ਵੀ ਉਹ ਪਲ ਯਾਦ ਹੈ ਜਦੋਂ ਤੂਤ ਦੇ ਪੱਤੇ ਤੋੜਦੇ ਸਮੇਂ ਇੱਕ ਸੱਪ ਨੇ ਉਨ੍ਹਾਂ ਦੀ ਲੱਤ ਵਿੱਚ ਡੰਗ ਮਾਰ ਦਿੱਤਾ ਸੀ।
ਗਲੋਬਲ ਸਨੇਕਬਾਈਟ ਟਾਸਕਫੋਰਸ (ਜੀਐਸਟੀ) ਵੱਲੋਂ ਜਾਰੀ ਕੀਤੀ ਇੱਕ ਸ਼ਾਰਟ ਫ਼ਿਲਮ ਵਿੱਚ ਉਹ ਕਹਿੰਦੇ ਹਨ, "ਮੈਂ ਡੰਗ ਮਾਰਨ ਤੋਂ ਚਾਰ ਦਿਨ ਬਾਅਦ ਹਸਪਤਾਲ ਗਿਆ, ਜਦੋਂ ਦਰਦ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਪਰ ਇਸ ਦੇਰੀ ਦੀ ਕੀਮਤ ਮੇਰੀ ਲੱਤ ਨਾਲ ਚੁਕਾਉਣੀ ਪਈ।''
ਪਰ ਦੇਵੇਂਦਰ ਫਿਰ ਵੀ ਉਨ੍ਹਾਂ ਖੁਸ਼ਕਿਸਮਤ ਕੁਝ ਲੋਕਾਂ ਵਿੱਚੋਂ ਹਨ ਜੋ ਸੱਪ ਦੇ ਡੰਗ ਮਾਰਨ ਤੋਂ ਬਾਅਦ ਵੀ ਬਚ ਗਏ।
ਕੇਂਦਰ ਸਰਕਾਰ ਦੇ ਅਨੁਸਾਰ, ਹਰ ਸਾਲ ਭਾਰਤ ਵਿੱਚ ਲਗਭਗ 50,000 ਲੋਕ ਸੱਪ ਦੇ ਡੰਗ ਕਾਰਨ ਮਾਰੇ ਜਾਂਦੇ ਹਨ - ਜੋ ਦੁਨੀਆ ਭਰ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਦਾ ਲਗਭਗ ਅੱਧਾ ਅੰਕੜਾ ਹੈ।
ਕੁਝ ਅਨੁਮਾਨ ਦੱਸਦੇ ਹਨ ਕਿ ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ: 2020 ਦੀ ਇੱਕ ਅਧਿਐਨ ਰਿਪੋਰਟ ਅਨੁਸਾਰ, 2000 ਤੋਂ 2019 ਦੇ ਦਰਮਿਆਨ ਭਾਰਤ ਵਿੱਚ ਲਗਭਗ 12 ਲੱਖ ਮੌਤਾਂ ਦਾ ਅਨੁਮਾਨ ਹੈ, ਮਤਲਬ ਹਰ ਸਾਲ ਔਸਤਨ 58,000 ਮੌਤਾਂ।
ਨਵੀਂ ਖੋਜ 'ਚ ਕੀ-ਕੀ ਸਾਹਮਣੇ ਆਇਆ

ਤਸਵੀਰ ਸਰੋਤ, Strike Out Snakebite
ਹੁਣ ਜੀਐਸਟੀ ਦੀ ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਭਾਰਤ ਵਿੱਚ 99% ਸਿਹਤ ਕਰਮਚਾਰੀਆਂ ਨੂੰ ਐਂਟੀਵੇਨਮ ਦੇਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਂਟੀਵੇਨਮ ਉਹ ਜੀਵਨ-ਰੱਖਿਅਕ ਐਂਟੀਬਾਡੀਜ਼ ਹੁੰਦੀਆਂ ਹਨ ਜੋ ਜ਼ਹਿਰ ਵਿੱਚ ਮੌਜੂਦ ਵਿਸ਼ੈਲੇ ਤੱਤਾਂ ਨੂੰ ਬੇਅਸਰ ਕਰ ਦਿੰਦੀਆਂ ਹਨ।
ਖੋਜਕਰਤਾਵਾਂ ਨੇ ਭਾਰਤ, ਬ੍ਰਾਜ਼ੀਲ, ਇੰਡੋਨੇਸ਼ੀਆ ਅਤੇ ਨਾਈਜੀਰੀਆ - ਸੱਪ ਦੇ ਡੰਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ - ਵਿੱਚ 904 ਮੈਡੀਕਲ ਪੇਸ਼ੇਵਰਾਂ ਸਬੰਧੀ ਸਰਵੇਖਣ ਕੀਤਾ ਅਤੇ ਇੱਕੋ ਜਿਹੀਆਂ ਦਿੱਕਤਾਂ ਪਾਈਆਂ: ਕਮਜ਼ੋਰ ਬੁਨਿਆਦੀ ਢਾਂਚਾ, ਐਂਟੀਵੇਨਮ ਤੱਕ ਸੀਮਿਤ ਪਹੁੰਚ ਅਤੇ ਨਾਕਾਫ਼ੀ ਸਿਖਲਾਈ।
ਲਗਭਗ ਅੱਧੇ ਪੇਸ਼ੇਵਰਾਂ ਨੇ ਦੱਸਿਆ ਕਿ ਇਲਾਜ ਵਿੱਚ ਦੇਰੀ ਕਾਰਨ ਉਨ੍ਹਾਂ ਦੇ ਮਰੀਜ਼ਾਂ ਨੂੰ ਗੰਭੀਰ ਦਿੱਕਤਾਂ ਹੋਈਆਂ, ਜਿਵੇਂ ਕਿ ਅੰਗ ਕੱਟਣੇ ਪਏ, ਸਰਜਰੀਆਂ ਹੋਈਆਂ ਜਾਂ ਉਮਰ ਭਰ ਲਈ ਚਲਣ-ਫਿਰਣ ਦੀ ਸਮੱਸਿਆ ਪੈਦਾ ਹੋ ਗਈ।
ਹਰ ਸਾਲ ਦੁਨੀਆ ਭਰ 'ਚ ਸੱਪ ਦੇ ਡੰਗ ਨਾਲ ਲਗਭਗ 1 ਲੱਖ ਤੋਂ ਵੱਧ ਲੋਕਾਂ ਦੀ ਮੌਤ

ਤਸਵੀਰ ਸਰੋਤ, Getty Images
ਸਾਲ 2017 ਵਿੱਚ, ਵਿਸ਼ਵ ਸਿਹਤ ਸੰਗਠਨ (WHO) ਨੇ ਰਸਮੀ ਤੌਰ 'ਤੇ ਸੱਪ ਦੇ ਡੰਗਣ ਨੂੰ "ਸਭ ਤੋਂ ਵੱਧ ਤਰਜੀਹ ਵਾਲੀ ਅਣਗੌਲੀ ਟ੍ਰੋਪਿਕਲ ਬਿਮਾਰੀ" ਵਜੋਂ ਸੂਚੀਬੱਧ ਕੀਤਾ ਕਿਉਂਕਿ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਹੈ। In 2017, the World Health Organization (WHO) formally listed snakebite envenoming or poisoning as a "highest priority neglected tropical disease"
ਡਬਲਯੂਐਚਓ ਮੁਤਾਬਕ, ਹਰ ਸਾਲ ਦੁਨੀਆ ਭਰ ਵਿੱਚ ਲਗਭਗ 54 ਲੱਖ ਲੋਕਾਂ ਨੂੰ ਸੱਪ ਡੰਗ ਮਾਰਦੇ ਹਨ ਅਤੇ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਕਿਹਾ ਗਿਆ ਹੈ ਕਿ ਸੱਪ ਦੇ ਡੰਗ ਦਾ ਅਸਰ ਘੱਟ ਅਤੇ ਦਰਮਿਆਨੇ ਆਮਦਨ ਵਾਲੇ ਦੇਸ਼ਾਂ ਦੇ ਗਰੀਬ ਪੇਂਡੂ ਭਾਈਚਾਰਿਆਂ 'ਤੇ ਅਸਮਾਨ ਤੌਰ 'ਤੇ ਵੱਧ ਪੈਂਦਾ ਹੈ।
ਜੀਐਸਟੀ ਦੇ ਮੈਂਬਰ ਅਤੇ ਛੱਤੀਸਗੜ੍ਹ ਸੂਬੇ ਵਿੱਚ ਪ੍ਰੈਕਟੀਸ਼ਨਰ ਡਾਕਟਰ ਯੋਗੇਸ਼ ਜੈਨ ਕਹਿੰਦੇ ਹਨ ਕਿ ਭਾਰਤ ਵਿੱਚ ਸੱਪ ਦੇ ਡੰਗ ਨਾਲ ਹੋਣ ਵਾਲੀਆਂ ਮੌਤਾਂ ਅਤੇ ਜ਼ਖ਼ਮਾਂ ਦੀ ਵੱਧ ਗਿਣਤੀ ਦੇਸ਼ ਦੇ ਕੇਂਦਰੀ ਅਤੇ ਪੂਰਬੀ ਖੇਤਰਾਂ ਵਿੱਚ ਦਰਜ ਕੀਤੀ ਜਾਂਦੀ ਹੈ।
ਉਹ ਦੱਸਦੇ ਹਨ ਕਿ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ, ਖ਼ਾਸ ਕਰਕੇ ਗਰੀਬ ਕਬਾਇਲੀ ਭਾਈਚਾਰਿਆਂ ਨਾਲ ਸੰਬੰਧਤ ਲੋਕ, ਸਭ ਤੋਂ ਜ਼ਿਆਦਾ ਖ਼ਤਰੇ ਵਿੱਚ ਹਨ।
ਭਾਰਤ ਦੇ ਪੇਂਡੂ ਇਲਾਕਿਆਂ 'ਚ ਸਮੱਸਿਆ ਵਧੇਰੇ ਗੰਭੀਰ

ਤਸਵੀਰ ਸਰੋਤ, Getty Images
ਸਾਲ 2024 ਵਿੱਚ, ਭਾਰਤ ਨੇ ਸੱਪ ਦੇ ਡੰਗ ਨਾਲ ਹੋਣ ਵਾਲੀਆਂ ਮੌਤਾਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਕਾਰਵਾਈ ਯੋਜਨਾ (ਐਨਏਪੀਐਸਈ) ਸ਼ੁਰੂ ਕੀਤੀ, ਜਿਸਦਾ ਮਕਸਦ 2030 ਤੱਕ ਸੱਪ ਦੇ ਡੰਗ ਨਾਲ ਹੋਣ ਵਾਲੀਆਂ ਮੌਤਾਂ ਨੂੰ ਅੱਧਾ ਕਰਨਾ ਹੈ।
ਇਹ ਯੋਜਨਾ ਬਿਹਤਰ ਨਿਗਰਾਨੀ, ਐਂਟੀਵੇਨਮ ਦੀ ਉਪਲੱਬਧਤਾ ਅਤੇ ਖੋਜ, ਮੈਡੀਕਲ ਸਮਰੱਥਾ ਵਿੱਚ ਸੁਧਾਰ ਅਤੇ ਜਨ-ਜਾਗਰੂਕਤਾ ਮੁਹਿੰਮਾਂ 'ਤੇ ਕੇਂਦ੍ਰਿਤ ਹੈ।
ਮਾਹਿਰ ਵੀ ਸਹਿਮਤ ਹਨ ਕਿ ਇਹ ਸਹੀ ਦਿਸ਼ਾ ਵੱਲ ਇੱਕ ਕਦਮ ਹੈ, ਪਰ ਇਹ ਲਗਾਤਾਰ ਲਾਗੂ ਨਹੀਂ ਹੋ ਸਕਿਆ ਹੈ।
ਡਾਕਟਰ ਜੈਨ ਕਹਿੰਦੇ ਹਨ, "ਭਾਰਤ ਵਿੱਚ ਸੱਪ ਦੇ ਡੰਗ ਨੂੰ ਗਰੀਬਾਂ ਦੀ ਸਮੱਸਿਆ ਸਮਝਿਆ ਜਾਂਦਾ ਹੈ। ਇਸੇ ਲਈ ਇਨ੍ਹਾਂ ਪੂਰੀ ਤਰ੍ਹਾਂ ਟਾਲੀਆਂ ਜਾ ਸਕਣ ਵਾਲੀਆਂ ਮੌਤਾਂ ਬਾਰੇ ਨਾ ਤਾਂ ਉਸ ਤਰ੍ਹਾਂ ਦਾ ਗੁੱਸਾ ਹੈ ਅਤੇ ਨਾ ਹੀ ਢੁੱਕਵੀਂ ਕਾਰਵਾਈ। ਸੱਪ ਦੇ ਡੰਗ ਦੇ ਇਲਾਜ ਵਿੱਚ ਹਰ ਸਕਿੰਟ ਮਹੱਤਵਪੂਰਨ ਹੁੰਦਾ ਹੈ।"

ਉਹ ਸਮਝਾਉਂਦੇ ਹਨ ਕਿ ਸੱਪ ਦਾ ਜ਼ਹਿਰ ਮਿੰਟਾਂ ਵਿੱਚ ਹੀ ਖੂਨ ਦੇ ਵਹਾਅ ਵਿੱਚ ਦਾਖ਼ਲ ਹੋ ਜਾਂਦਾ ਹੈ ਅਤੇ (ਜ਼ਹਿਰ ਦੀ) ਕਿਸਮ ਦੇ ਅਨੁਸਾਰ ਨਸਾਂ, ਕੋਸ਼ਿਕਾਵਾਂ (ਸੈੱਲਾਂ) ਜਾਂ ਰਕਤ ਸੰਚਾਰ ਪ੍ਰਣਾਲੀ 'ਤੇ ਹਮਲਾ ਕਰਦਾ ਹੈ। ਐਂਟੀਵੇਨਮ ਦੇਣ ਵਿੱਚ ਦੇਰੀ ਹੋਣ ਨਾਲ ਸਾਹ ਲੈਣ 'ਚ ਦਿੱਕਤ, ਲੱਕਵਾ ਮਾਰਨਾ, ਟਿਸ਼ੂ ਨੁਕਸਾਨ ਜਿਸ ਨੂੰ ਠੀਕ ਨਾ ਕੀਤਾ ਜਾ ਸਕੇ ਜਾਂ ਅੰਗਾਂ ਦਾ ਕੰਮ ਕਰਨਾ ਬੰਦ ਕਰਨ ਵਰਗੀਆਂ ਗੰਭੀਰ ਦਿੱਕਤਾਂ ਹੋ ਸਕਦੀਆਂ ਹਨ।
ਫਿਰ ਵੀ, ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਅਜਿਹੇ ਮਾਮਲਿਆਂ 'ਚ ਹਸਪਤਾਲ ਪਹੁੰਚਣ ਵਿੱਚ ਦੇਰੀ ਕਰਨਾ/ਹੋਣਾ ਆਮ ਗੱਲ ਹੈ, ਜਿੱਥੇ ਖ਼ਰਾਬ ਸੜਕਾਂ, ਦੂਰ-ਦੁਰਾਡੇ ਹਸਪਤਾਲ ਅਤੇ ਐਂਬੂਲੈਂਸ ਸੇਵਾਵਾਂ ਦੀ ਘਾਟ ਸਮੇਂ ਸਿਰ ਇਲਾਜ ਵਿੱਚ ਰੁਕਾਵਟ ਬਣਦੀ ਹੈ।
ਪਿਛਲੇ ਸਾਲ ਸਤੰਬਰ ਮਹੀਨੇ ਵਿੱਚ, ਗੁਜਰਾਤ ਸੂਬੇ ਵਿੱਚ ਇੱਕ ਗਰਭਵਤੀ ਮਹਿਲਾ ਦੀ ਕਥਿਤ ਤੌਰ 'ਤੇ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ ਸੀ, ਕਿਉਂਕਿ ਉਸ ਦੇ ਪਰਿਵਾਰ ਨੂੰ ਉਸਨੂੰ 5 ਕਿਲੋਮੀਟਰ (3 ਮੀਲ) ਤੱਕ ਕੱਪੜੇ ਦੀ ਝੋਲੀ ਵਿੱਚ ਢੋ ਕੇ ਲਿਜਾਣਾ ਪਿਆ ਸੀ, ਕਿਉਂਕਿ ਕੋਈ ਵਾਹਨ ਉਨ੍ਹਾਂ ਦੇ ਪਿੰਡ ਤੱਕ ਨਹੀਂ ਪਹੁੰਚ ਸਕਿਆ ਸੀ।
ਐਂਟੀਵੇਨਮ ਦੇਣ ਲਈ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਘਾਟ

ਤਸਵੀਰ ਸਰੋਤ, Getty Images
ਡਾਕਟਰ ਜੈਨ ਕਹਿੰਦੇ ਹਨ ਕਿ ਕੁਝ ਸੂਬੇ ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਂਟੀਵੇਨਮ ਸਟੋਰ ਕਰਕੇ ਪਹੁੰਚ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਸਨੂੰ ਠੀਕ ਤਰੀਕੇ ਨਾਲ ਦੇਣਾ ਅਜੇ ਵੀ ਇੱਕ ਵੱਡੀ ਚੁਣੌਤੀ ਹੈ।
ਕਈ ਸਿਹਤ ਕਰਮਚਾਰੀ ਸਿਖਲਾਈ ਪ੍ਰਾਪਤ ਪੇਸ਼ੇਵਰ ਨਹੀਂ ਹੁੰਦੇ ਅਤੇ ਐਂਟੀਵੇਨਮ ਦੇਣ ਤੋਂ ਡਰਦੇ ਹਨ, ਕਿਉਂਕਿ ਕਈ ਵਾਰ ਮਰੀਜ਼ਾਂ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਵੀ ਹੋ ਸਕਦੀ ਹੈ।
ਡਾਕਟਰ ਜੈਨ ਕਹਿੰਦੇ ਹਨ, "ਐਂਟੀਵੇਨਮ ਨੂੰ ਸੈਲਾਈਨ ਨਾਲ ਮਿਲਾ ਕੇ ਇੱਕ ਘੰਟੇ ਦੇ ਅੰਦਰ ਨਸਾਂ ਰਾਹੀਂ ਦਿੱਤਾ ਜਾਂਦਾ ਹੈ, ਪਰ ਕਈ ਕੇਂਦਰਾਂ ਕੋਲ ਇਸਦੇ ਸਾਈਡ ਇਫੈਕਟ ਸੰਭਾਲਣ ਲਈ ਲੋੜੀਂਦੀ ਸਹੂਲਤ ਨਹੀਂ ਹੁੰਦੀ।"
ਉਹ ਇਹ ਵੀ ਖੀਂਦੇ ਹਨ ਕਿ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਧਾਰਮਿਕ ਝਾੜ-ਫੂਕ ਕਰਨ ਵਾਲਿਆਂ ਜਾਂ ਸਥਾਨਕ ਦੇਸੀ ਇਲਾਜਾਂ 'ਤੇ ਭਰੋਸਾ ਕਰਦੇ ਹਨ ਅਤੇ ਹਸਪਤਾਲ ਬਸ ਉਦੋਂ ਹੀ ਜਾਂਦੇ ਹਨ ਜਦੋਂ ਉਨ੍ਹਾਂ ਦੇ ਲੱਛਣ ਬਹੁਤ ਵਧ ਜਾਂਦੇ ਹਨ, ਜੋ ਜਾਨਲੇਵਾ ਸਾਬਤ ਹੋ ਸਕਦਾ ਹੈ।
ਐਂਟੀਵੇਨਮ ਦੀ ਉਪਲੱਬਧਤਾ ਇੱਕ ਹੋਰ ਵੱਡੀ ਰੁਕਾਵਟ

ਤਸਵੀਰ ਸਰੋਤ, The Liana Trust
ਗੈਰੀ ਮਾਰਟਿਨ, ਕਰਨਾਟਕ ਸੂਬੇ ਵਿੱਚ ਮਨੁੱਖ-ਸੱਪ ਟਕਰਾਅ ਘਟਾਉਣ ਲਈ ਕੰਮ ਕਰਨ ਵਾਲੇ ਦਿ ਲਿਆਨਾ ਟਰੱਸਟ ਦੇ ਸਹਿ-ਸੰਸਥਾਪਕ ਹਨ।
ਉਹ ਕਹਿੰਦੇ ਹਨ ਕਿ ਉੱਚ ਗੁਣਵੱਤਾ ਵਾਲੇ ਐਂਟੀਵੇਨਮ ਦੀ ਉਪਲੱਬਧਤਾ ਇੱਕ ਹੋਰ ਵੱਡੀ ਰੁਕਾਵਟ ਹੈ।
ਇਸ ਸਮੇਂ ਭਾਰਤ ਕੋਲ ਉਹ ਐਂਟੀਵੇਨਮ ਹੈ ਜੋ ਸਿਰਫ਼ "ਬਿਗ ਫੋਰ" ਸੱਪਾਂ - ਸਪੈਕਟੈਕਲਡ ਕੋਬਰਾ, ਕਾਮਨ ਕਰੇਟ, ਰਸਲਜ਼ ਵਾਈਪਰ ਅਤੇ ਸਾਅ-ਸਕੇਲਡ ਵਾਈਪਰ - ਤੋਂ ਰੱਖਿਆ ਕਰਦਾ ਹੈ, ਜਿਨ੍ਹਾਂ ਨੂੰ ਜ਼ਿਆਦਾਤਰ ਡੰਗ ਦੇ ਮਾਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਮਾਰਟਿਨ ਸਮਝਾਉਂਦੇ ਹਨ ਕਿ ਇਹ ਐਂਟੀਵੇਨਮ ਇਨ੍ਹਾਂ ਸੱਪਾਂ ਦਾ ਜ਼ਹਿਰ ਘੋੜਿਆਂ ਵਿੱਚ ਟੀਕਾ ਲਗਾ ਕੇ ਤਿਆਰ ਕੀਤਾ ਜਾਂਦਾ ਹੈ, ਅਤੇ ਫਿਰ ਉਨ੍ਹਾਂ ਘੋੜਿਆਂ ਤੋਂ ਮਿਲੀਆਂ ਐਂਟੀਬਾਡੀਜ਼ ਨੂੰ ਮਨੁੱਖਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ।
ਪਰ ਹੋਰ ਦਰਜਨਾਂ ਜ਼ਹਿਰੀਲੇ ਸੱਪਾਂ ਦੀਆਂ ਕਿਸਮਾਂ ਹਨ, ਜਿਨ੍ਹਾਂ ਲਈ ਭਾਰਤ ਕੋਲ ਟਾਰਗੇਟਿਡ ਐਂਟੀਵੇਨਮ ਮੌਜੂਦ ਨਹੀਂ ਹੈ। ਇਨ੍ਹਾਂ ਵਿੱਚ ਉੱਤਰੀ ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਆਮ ਤੌਰ 'ਤੇ ਮਿਲਣ ਵਾਲਾ ਗ੍ਰੀਨ ਪਿਟ ਵਾਈਪਰ, ਦੱਖਣੀ ਸੂਬਿਆਂ ਵਿੱਚ ਮਿਲਣ ਵਾਲਾ ਮਲਾਬਾਰ ਪਿਟ ਵਾਈਪਰ ਅਤੇ ਹੰਪ-ਨੋਜ਼ਡ ਪਿਟ ਵਾਈਪਰ, ਅਤੇ ਉੱਤਰ-ਪੂਰਬੀ ਸੂਬਿਆਂ ਵਿੱਚ ਮਿਲਣ ਵਾਲੀਆਂ ਸੱਪਾਂ ਦੀਆਂ ਕਈ ਹੋਰ ਕਿਸਮਾਂ ਸ਼ਾਮਲ ਹਨ।
ਗਰੀਬ ਲੋਕ ਬਿਹਤਰ ਸਿਹਤ ਸੇਵਾਵਾਂ ਦੇ ਹੱਕਦਾਰ

ਤਸਵੀਰ ਸਰੋਤ, Getty Images
ਪਿਛਲੇ ਸਾਲ ਰਾਜਸਥਾਨ ਦੇ ਜੋਧਪੁਰ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵੱਲੋਂ ਕੀਤੇ ਗਏ ਇੱਕ ਅਧਿਐਨ ਨੇ ਇਸ ਸਮੱਸਿਆ ਨੂੰ ਉਜਾਗਰ ਕੀਤਾ।
ਅਧਿਐਨ ਵਿੱਚ ਪਾਇਆ ਗਿਆ ਕਿ ਜਦੋਂ ਸਾਅ-ਸਕੇਲਡ ਵਾਈਪਰ ਦੇ ਡੰਗ ਦੇ ਇਲਾਜ ਲਈ ਵਰਤਿਆ ਜਾਣ ਵਾਲਾ ਐਂਟੀਵੇਨਮ ਸੱਪਾਂ ਦੇ ਡੰਗ ਦੇ 105 ਮਰੀਜ਼ਾਂ ਨੂੰ ਦਿੱਤਾ ਗਿਆ (ਜਿਨ੍ਹਾਂ ਮਾਮਲਿਆਂ 'ਚ ਸੱਪ ਦੀ ਕਿਸਮ ਦੀ ਜਾਣਕਾਰੀ ਨਹੀਂ ਸੀ), ਤਾਂ ਦੋ-ਤਿਹਾਈ ਮਰੀਜ਼ਾਂ ਨੇ ਇਲਾਜ 'ਪ੍ਰਤੀ ਢੰਗ ਨਾਲ ਪ੍ਰਤੀਕਿਰਿਆ ਨਹੀਂ ਦਿੱਤੀ।
ਅਧਿਐਨ ਨੇ ਸਿੱਟਾ ਕੱਢਿਆ ਕਿ "ਪੱਛਮੀ ਭਾਰਤ ਵਿੱਚ ਖੇਤਰ-ਵਿਸ਼ੇਸ਼ ਐਂਟੀਵੇਨਮ ਦੀ ਤੁਰੰਤ ਲੋੜ ਹੈ।"
ਪਿਛਲੇ ਪੰਜ ਸਾਲਾਂ ਤੋਂ, ਦਿ ਲਿਆਨਾ ਟਰੱਸਟ "ਬਿਗ ਫੋਰ" ਸੱਪਾਂ ਤੋਂ ਇਲਾਵਾ ਹੋਰ ਸੱਪਾਂ ਦੀਆਂ ਕਿਸਮਾਂ ਦੇ ਜ਼ਹਿਰਾਂ ਦਾ ਵੀ ਅਧਿਐਨ ਕਰ ਰਹੀ ਹੈ, ਤਾਂ ਜੋ ਉਨ੍ਹਾਂ ਲਈ ਵੀ ਐਂਟੀਡੋਟ ਤਿਆਰ ਕੀਤੇ ਜਾ ਸਕਣ। ਪਰ ਮਾਰਟਿਨ ਕਹਿੰਦੇ ਹਨ ਕਿ ਇਹ ਪ੍ਰਕਿਰਿਆ ਮਿਹਨਤ-ਭਰੀ ਅਤੇ ਸਮਾਂ ਲੈਣ ਵਾਲੀ ਹੈ, ਜਿਸ ਕਾਰਨ ਇਸ ਮਾਮਲੇ 'ਚ ਸਫਲਤਾ ਦੀ ਗਤੀ ਧੀਮੀ ਹੈ।
ਉਨ੍ਹਾਂ ਨੇ ਹੋਰ ਸੂਬਿਆਂ ਨੂੰ ਕਰਨਾਟਕ ਸਰਕਾਰ ਦੇ 2024 ਦੇ ਹੁਕਮ ਦੀ ਤਰਜ਼ 'ਤੇ ਕਦਮ ਚੁੱਕਣ ਦੀ ਅਪੀਲ ਕੀਤੀ, ਜਿਸ ਅਧੀਨ ਸੱਪ ਦੇ ਡੰਗ ਨੂੰ "ਨੋਟੀਫ਼ਾਇਏਬਲ ਡਿਜ਼ੀਜ਼" ਘੋਸ਼ਿਤ ਕੀਤਾ ਗਿਆ ਸੀ , ਜਿਸ ਦਾ ਮਤਲਬ ਹੈ ਕਿ ਸਿਹਤ ਕਰਮਚਾਰੀਆਂ ਲਈ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦੇਣਾ ਲਾਜ਼ਮੀ ਬਣਾਇਆ ਗਿਆ, ਤਾਂ ਜੋ ਘੱਟ ਰਿਪੋਰਟਿੰਗ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।
ਡਾਕਟਰ ਜੈਨ ਵੀ ਇਸ ਨਾਲ ਸਹਿਮਤ ਹਨ। ਉਹ ਕਹਿੰਦੇ ਹਨ, "ਸੱਪ ਦੇ ਡੰਗ ਨਾਲ ਹੋਣ ਵਾਲੀਆਂ ਮੌਤਾਂ ਉੱਥੋਂ ਸ਼ੁਰੂ ਹੁੰਦੀਆਂ ਹਨ ਜਿੱਥੇ ਰਾਜਨੀਤਿਕ ਇੱਛਾ ਸ਼ਕਤੀ ਖ਼ਤਮ ਹੋ ਜਾਂਦੀ ਹੈ।"
"ਸਰਕਾਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗਰੀਬ ਲੋਕਾਂ ਨੂੰ ਮਿਲਣ ਵਾਲੇ ਹੈਲਥ ਸਿਸਟਮ ਕਮਜ਼ੋਰ ਨਾ ਹੋਣ। ਉਹ ਇਸ ਤੋਂ ਬਿਹਤਰ ਦੇ ਹੱਕਦਾਰ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































