ਸਿੱਧੂ ਮੂਸੇਵਾਲਾ ਕਤਲ: ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਖਿਲਾਫ਼ ਚਾਰਜਸ਼ੀਟ ’ਚ ਪੰਜਾਬ ਪੁਲਿਸ ਦੇ ਕੀ ਦਾਅਵੇ

    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਪੁਲਿਸ ਨੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਖ਼ਿਲਾਫ਼ ਹਾਲ ਹੀ ਵਿੱਚ ਮਾਨਸਾ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।

ਇਸ ਚਾਰਜਸ਼ੀਟ ਵਿੱਚ ਸਚਿਨ ਬਿਸ਼ਨੋਈ ਦੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਭੂਮਿਕਾ ਬਾਰੇ ਜ਼ਿਕਰ ਹੈ।

ਇਹ ਚਾਰਜਸ਼ੀਟ 30 ਦਸੰਬਰ 2023 ਨੂੰ ਦਾਇਰ ਕੀਤੀ ਗਈ ਸੀ।

ਸ਼ੁਭਦੀਪ ਸਿੰਘ ਨੂੰ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਦਿਨ ਪਹਿਲਾ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਸੁਰੱਖਿਆ ਘੇਰੇ ਵਿੱਚ ਕਟੌਤੀ ਦੇ ਫ਼ੈਸਲੇ ਨੂੰ ਜਨਤਕ ਕਰ ਦਿੱਤਾ ਗਿਆ ਸੀ।

ਸਚਿਨ ਕਥਿਤ ਤੌਰ 'ਤੇ 2022 ਵਿਚ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਅਜ਼ਰਬਾਈਜਾਨ ਭੱਜ ਗਿਆ ਸੀ ਜਿੱਥੇ ਉਸ ਨੂੰ ਉੱਥੋਂ ਦੇ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਸੀ।

ਹਵਾਲਗੀ ਤੋਂ ਬਚਣ ਲਈ ਸਚਿਨ ਵੱਲੋਂ ਅਜ਼ਰਬਾਈਜਾਨ ਵਿੱਚ ਕਾਨੂੰਨੀ ਲੜਾਈ ਲੜੀ ਗਈ ਪਰ ਬਾਅਦ ਵਿੱਚ ਉਨ੍ਹਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਪਹਿਲਾਂ ਸਚਿਨ ਕੇਂਦਰੀ ਏਜੰਸੀਆਂ ਦੀ ਹਿਰਾਸਤ ਵਿੱਚ ਰਿਹਾ ਅਤੇ ਮਾਨਸਾ ਪੁਲਿਸ ਵੱਲੋਂ 29 ਸਤੰਬਰ, 2023 ਨੂੰ ਸਚਿਨ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ।

ਸਚਿਨ ਬਿਸ਼ਨੋਈ 'ਤੇ ਚਾਰਜਸ਼ੀਟ 'ਚ ਕੀ ਇਲਜ਼ਾਮ?

ਇਸ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਸਚਿਨ ਬਿਸ਼ਨੋਈ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਅਨਮੋਲ ਬਿਸ਼ਨੋਈ, ਸਤਵਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰਾ ਨਾਲ ਰਲ ਕੇ ਸਿੱਧੂ ਮੂਸੇਵਾਲਾ ਦਾ ਇੱਕ ਦੂਜੇ ਨਾਲ ਰਲ ਕੇ ਕਤਲ ਕੀਤਾ ਸੀ।

ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਸਚਿਨ ਬਿਸ਼ਨੋਈ ਨੇ ਇਕ ਨਿੱਜੀ ਨਿਊਜ਼ ਚੈਨਲ ਨੂੰ ਸਿਗਨਲ ਐਪਲੀਕੇਸ਼ਨ ਰਾਹੀਂ ਇੰਟਰਵਿਊ ਦਿੱਤੀ ਸੀ, ਜਿਸ 'ਚ ਉਸ ਨੇ ਮੰਨਿਆ ਸੀ ਕਿ ਉਸ ਨੇ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਸੀ।

ਚਾਰਜਸ਼ੀਟ ਵਿਚ ਇਹ ਵੀ ਕਿਹਾ ਹੈ ਕਿ ਜਾਂਚ ਵਿਚ ਪਾਇਆ ਗਿਆ ਕਿ ਸਚਿਨ ਬਿਸ਼ਨੋਈ ਨੇ ਸੋਸ਼ਲ ਮੀਡੀਆ 'ਤੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਉਸ ਨੂੰ 4 ਜੂਨ, 2022 ਵਿੱਚ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।

ਪੁਲਿਸ ਵਲੋਂ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਸਚਿਨ ਬਿਸ਼ਨੋਈ ਸਿਰਸਾ ਜੇਲ੍ਹ ਵਿੱਚ ਇੱਕ ਹੋਰ ਮੁਲਜ਼ਮ ਬਲਦੇਵ ਸਿੰਘ ਉਰਫ਼ ਨਿੱਕੂ ਨਾਲ ਬੰਦ ਸੀ।

ਸਚਿਨ ਨੇ ਬਲਦੇਵ ਸਿੰਘ, ਸੰਦੀਪ ਸਿੰਘ ਉਰਫ ਕੇਕੜਾ, ਬਿੱਟੂ ਸਿੰਘ (ਸਾਰੇ ਮੁਲਜ਼ਮ ਸਿੱਧੂ ਮੂਸੇਵਾਲਾ ਕੇਸ) ਨੂੰ ਗੈਂਗਸਟਰ ਗੋਲਡੀ ਬਰਾੜ ਨਾਲ ਸੰਪਰਕ ਕਰਵਇਆ ਸੀ ਅਤੇ ਸਿੱਧੂ ਮੂਸੇਵਾਲਾ ਦੀ ਰੈਕੀ ਕਾਰਵਾਈ ਸੀ।

ਸਚਿਨ ਨੇ ਇੱਕ ਬੋਲੈਰੋ ਕਾਰ ਵੀ ਮੁਹੱਈਆ ਕਰਵਾਈ ਸੀ ਜਿਸਦੀ ਵਰਤੋਂ ਸ਼ੂਟਰਾਂ ਪ੍ਰਿਅਵਰਤ ਫੌਜੀ, ਕੁਲਦੀਪ, ਅੰਕਿਤ ਸਿਰਸਾ, ਦੀਪਕ ਮੁੰਡੀ ਦੁਆਰਾ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕੀਤੀ ਗਈ ਸੀ।

ਇਸ ਵਿੱਚ ਕਿਹਾ ਗਿਆ ਹੈ, "ਸਚਿਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਹੋਰ ਮੁਲਜ਼ਮ ਕਪਿਲ ਪੰਡਿਤ ਅਤੇ ਸਚਿਨ ਭਿਵਾਨੀ ਰਾਹੀਂ ਇੱਕ ਨਿੱਜੀ ਹੋਟਲ ਫਤਿਹਾਬਾਦ ਵਿੱਚ ਕਤਲ ਤੋਂ ਬਾਅਦ ਸ਼ੂਟਰਾਂ ਨੂੰ ਪਨਾਹ ਦਾ ਪ੍ਰਬੰਧ ਵੀ ਕਰਵਇਆ ਸੀ।"

ਪੁਲਿਸ ਨੇ ਚਾਰਜਸ਼ੀਟ ਵਿੱਚ ਕਿਹਾ ਕਿ ਸ਼ੂਟਰਾਂ ਨੇ ਸਚਿਨ ਬਿਸ਼ਨੋਈ, ਲਾਰੈਂਸ ਬਿਸ਼ਨੋਈ, ਅਨਮੋਲ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਦੇ ਨਿਰਦੇਸ਼ਾਂ 'ਤੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ।

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਉਹ ਸਿਗਨਲ ਐਪ ਰਾਹੀਂ ਇੱਕ ਦੂਜੇ ਨਾਲ ਜੁੜੇ ਹੋਏ ਸਨ। ਸਚਿਨ ਬਿਸ਼ਨੋਈ ਅਤੇ ਲਾਰੈਂਸ ਬਿਸ਼ਨੋਈ 2021 ਵਿੱਚ ਜੈਪੁਰ ਜੇਲ੍ਹ ਵਿੱਚ ਸਨ। ਸਚਿਨ ਬਿਸ਼ਨੋਈ ਲਾਰੈਂਸ ਗੈਂਗ ਦਾ ਮੁੱਖ ਹੈਂਡਲਰ ਸੀ।

ਇਸ ਵਿੱਚ ਕਿਹਾ ਗਿਆ ਹੈ, “ਮਾਨਸਾ ਪੁਲਿਸ ਨੇ ਸਚਿਨ ਬਿਸ਼ਨੋਈ ਦੀ ਆਵਾਜ਼ ਦੇ ਨਮੂਨੇ ਦੀ ਇਜਾਜ਼ਤ ਲਈ ਸੀ ਕਿਉਂਕਿ ਉਸ ਨੇ ਸਿੱਧੂ ਮੂਸੇਵਾਲਾ ਕੇਸ ਨਾਲ ਸਬੰਧਤ ਇੱਕ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਉਸ ਦੀ ਆਵਾਜ਼ ਦੇ ਨਮੂਨੇ ਫੋਰੈਂਸਿਕ ਸਾਇੰਸ ਲੈਬਾਰਟਰੀ, ਪੰਜਾਬ ਵਿੱਚ ਲਏ ਗਏ ਸਨ ਪਰ ਉਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।”

ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਸਚਿਨ ਬਿਸ਼ਨੋਈ ਨੇ ਉਸ ਫੋਨ ਨੂੰ ਖੁਰਦ ਬੁਰਦ ਕਰ ਦਿੱਤਾ, ਜਿਸ ਰਾਹੀਂ ਉਹ ਆਪਣੇ ਹੋਰ ਸਾਥੀਆਂ ਨਾਲ ਕਤਲ ਦੇ ਦੌਰਾਨ ਸੰਪਰਕ ਵਿੱਚ ਸੀ।

ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰਾ ਨੇ ਡਿਸਚਾਰਜ ਅਰਜ਼ੀ ਦਾਇਰ ਕੀਤੀ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ, ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਮਾਨਸਾ ਦੀ ਹੇਠਲੀ ਅਦਾਲਤ ਵਿੱਚ ਇਹ ਦਾਅਵਾ ਕਰਦੇ ਹੋਏ ਕਤਲ ਕੇਸ ਵਿੱਚੋਂ ਡਿਸਚਾਰਜ ਦੀ ਮੰਗ ਕੀਤੀ ਕਿ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ "ਸ਼ਾਮਲ ਨਹੀਂ" ਸਨ।

ਬਿਸ਼ਨੋਈ ਅਤੇ ਭਗਵਾਨਪੁਰੀਆ ਨੇ ਆਪਣੀਆਂ ਅਰਜ਼ੀਆਂ ਵਿੱਚ ਅਪੀਲ ਕੀਤੀ ਹੈ ਕਿ ਉਹ ਇਸ ਕਤਲ ਵਿੱਚ ਸ਼ਾਮਲ ਨਹੀਂ ਹਨ, ਕਿਉਂਕਿ ਕਤਲ ਦੇ ਸਮੇਂ ਉਹ ਜੇਲ੍ਹ ਵਿੱਚ ਬੰਦ ਸਨ।

ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ

1 ਜਨਵਰੀ 2024 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਂਗਸਟਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਭਾਰਤ ਵਿੱਚ "ਅੱਤਵਾਦੀ" ਐਲਾਨ ਦਿੱਤਾ ਹੈ।

ਸਰਕਾਰ ਨੇ ਕਿਹਾ ਹੈ ਕਿ ਗੋਲਡੀ ਬਰਾੜ ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ, ਕਥਿਤ ਤੌਰ 'ਤੇ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਕੱਟੜਪੰਥੀ ਸੰਗਠਨਾਂ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ।

7 ਦੋਸ਼ੀ ਅਜੇ ਗ੍ਰਿਫਤਾਰ, 4 ਦੋਸ਼ੀਆਂ ਦੀ ਮੌਤ

ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲੁਧਿਆਣਾ ਦੇ ਨਵਜੋਤ ਸਿੰਘ ਪੰਧੇਰ, ਲੁਧਿਆਣਾ ਦੇ ਕੰਵਰਪਾਲ ਸਿੰਘ, ਅਵਤਾਰ ਸਿੰਘ ਪਿੰਡ ਮੂਸਾ, ਮਾਨਸਾ ਦੇ ਜੁਗਨੂੰ ਸਮੇਤ ਘੱਟੋ-ਘੱਟ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫਲ ਰਹੀ ਹੈ ਜਦਕਿ ਤਿੰਨ ਮੁਲਜ਼ਮ ਗੋਲਡੀ ਬਰਾੜ, ਅਨਮੋਲ ਬਿਸ਼ਨੋਈ ਅਤੇ ਲਿਪਿਨ ਨਹਿਰਾ ਬਾਹਰਲੇ ਦੇਸ਼ਾਂ ਵਿੱਚ ਦੱਸੇ ਜਾਂਦੇ ਹਨ।

ਮਾਨਸਾ ਪੁਲਿਸ ਹੁਣ ਤੱਕ ਇਸ ਮਾਮਲੇ ਵਿੱਚ 32 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਦੋਂਕਿ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਗੈਂਗਵਾਰ ਵਿੱਚ ਦੋ ਮੁਲਜ਼ਮ ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਅਤੇ ਦੋ ਸ਼ੂਟਰ ਮਨਪ੍ਰੀਤ ਸਿੰਘ ਅਤੇ ਜਗਰੂਪ ਸਿੰਘ ਅੰਮ੍ਰਿਤਸਰ ਵਿੱਚ ਪੰਜਾਬ ਪੁਲੀਸ ਵੱਲੋਂ ਮੁਕਾਬਲੇ ਵਿੱਚ ਮਾਰੇ ਗਏ ਸਨ।

ਵਿਸ਼ੇਸ਼ ਜਾਂਚ ਟੀਮ ਨੇ ਮੁਲਜ਼ਮਾਂ ਖ਼ਿਲਾਫ਼ ਮਾਨਸਾ ਦੀ ਅਦਾਲਤ ਵਿੱਚ ਕਈ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ, ਜਿੱਥੇ ਮੁਕੱਦਮਾ ਅਜੇ ਚੱਲ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਦਾ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲੈਣ ਦਾ ਦਾਅਵਾ

ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸੰਬਰ 2022 ਵਿੱਚ ਐਲਾਨ ਕੀਤਾ ਸੀ ਕਿ ਗੈਂਗਸਟਰ ਗੋਲਡੀ ਬਰਾੜ, ਜਿਸ ਨੂੰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ, ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸਨੂੰ "ਯਕੀਨਨ ਭਾਰਤ ਲਿਆਂਦਾ ਜਾਵੇਗਾ"।

ਮਾਨ ਨੇ ਅਹਿਮਦਾਬਾਦ ਵਿੱਚ ਪੱਤਰਕਾਰਾਂ ਨੂੰ ਕਿਹਾ ਸੀ, “ਕੈਲੀਫੋਰਨੀਆ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਨਾਲ ਸੰਪਰਕ ਕਰਕੇ ਉਸਦੀ ਹਿਰਾਸਤ ਬਾਰੇ ਜਾਣਕਾਰੀ ਦਿੱਤੀ ਹੈ।

ਪਰ 1 ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਗੋਲਡੀ ਬਰਾੜ ਦੀ ਮੌਜੂਦਾ ਸਥਿਤੀ ਦਾ ਖੁਲਾਸਾ ਨਹੀਂ ਕੀਤਾ ਹੈ।

ਗਾਇਕਾਂ ਤੋਂ ਵੀ ਪੁੱਛ-ਗਿੱਛ

ਪੁਲਿਸ ਨੇ ਇਸ ਮਾਮਲੇ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਅਤੇ ਬੱਬੂ ਮਾਨ ਤੋਂ ਵੀ ਪੁੱਛਗਿੱਛ ਕੀਤੀ ਸੀ।

ਅਕਾਲੀ ਦਲ ਦੇ ਆਗੂ ਅਜੇ ਪਾਲ ਸਿੰਘ ਮਿੱਡੂਖੇੜਾ, ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਭਰਾ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਹੈ। ਵਿੱਕੀ ਦੀ ਵੀ ਸਾਲ 2021 'ਚ ਕਥਿਤ ਤੌਰ 'ਤੇ ਗੈਂਗਸਟਰ ਲੱਕੀ ਪਟਿਆਲ ਨੇ ਮੋਹਾਲੀ 'ਚ ਹੱਤਿਆ ਕਰ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)