ਨਿਖਤ ਜ਼ਰੀਨ ਦੇ ਮੁੱਕੇ ਦੇ ਜਾਦੂ ਸਣੇ ਖੇਡਾਂ ਦੀ ਦੁਨੀਆਂ ’ਚ ਕਾਮਯਾਬੀ ਦਾ ਝੰਡਾ ਬੁਲੰਦ ਕਰਨ ਵਾਲੀਆਂ ਭਾਰਤੀ ਕੁੜੀਆਂ

    • ਲੇਖਕ, ਦੀਪਤੀ ਪਟਵਰਧਨ
    • ਰੋਲ, ਖੇਡ ਪੱਤਰਕਾਰ, ਬੀਬੀਸੀ ਲਈ

ਖੇਡਾਂ ਦੇ ਮੈਦਾਨ ’ਚ 2022 ਭਾਰਤੀ ਖਿਡਾਰਨਾਂ ਲਈ ਸ਼ਾਨਦਾਰ ਰਿਹਾ ਹੈ, ਕਈ ਖਿਡਾਰਨਾਂ ਨੇ ਜਿੱਥੇ ਇਸ ਸਾਲ ਕਈ ਰਿਕਾਰਡ ਤੋੜੇ, ਉੱਥੇ ਹੀ ਕਈ ਨਵੇਂ ਮੀਲ ਪੱਥਰ ਵੀ ਸਥਾਪਤ ਕੀਤੇ ਹਨ।

ਪੂਰੇ ਸਾਲ ਦੌਰਾਨ ਜਿਨ੍ਹਾ ਖਿਡਾਰਨਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਉਨ੍ਹਾਂ ‘ਤੇ ਇੱਕ ਨਜ਼ਰ:

ਨਿਖਤ ਜ਼ਰੀਨ

ਕਈ ਸਾਲਾਂ ਤੱਕ ਭਾਰਤੀ ਮਹਿਲਾ ਮੁੱਕੇਬਾਜ਼ੀ ’ਚ ਐਮਸੀ ਮੈਰੀਕੌਮ ਦਾ ਦਬਦਬਾ ਰਿਹਾ ਹੈ।

ਇਸ ਦੌਰਾਨ ਤੇਲੰਗਾਨਾ ਦੇ ਨਿਜ਼ਾਮਾਬਾਦ ਦੀ ਨਿਖਤ ਜ਼ਰੀਨ ਨੇ ਬਿਨਾਂ ਥੱਕੇ ਆਪਣਾ ਅਭਿਆਸ ਜਾਰੀ ਰੱਖਿਆ ਅਤੇ 2022 ’ਚ 26 ਸਾਲ ਦੀ ਉਮਰ ’ਚ ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਆਪਣੇ ਨਾਂ ਕੀਤੀ।

ਜ਼ਰੀਨ ਦੇ ਦਬਦਬੇ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਮਈ 2022 ’ਚ ਆਯੋਜਿਤ ਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 52 ਕਿਲੋਗ੍ਰਾਮ ’ਚ ਸੋਨੇ ਦਾ ਤਗਮਾ ਜਿੱਤਣ ਲਈ ਲਗਾਤਾਰ ਪੰਜ ਮੈਚਾਂ ’ਚ ਜਿੱਤ ਦਾ ਪਰਚਮ ਲਹਿਰਾਇਆ ਅਤੇ ਇੰਨ੍ਹਾਂ ਪੰਜੇ ਮੁਕਾਬਲਿਆਂ ’ਚ ਉਨ੍ਹਾਂ ਨੇ ਆਪਣੀ ਵਿਰੋਧੀ ਖਿਡਾਰੀ ਨੂੰ 5-0 ਨਾਲ ਹਰਾਇਆ।

ਨਿਖਤ ਇਹ ਚੈਂਪੀਅਨਸ਼ਿਪ ਜਿੱਤਣ ਵਾਲੀ ਪੰਜਵੀਂ ਭਾਰਤੀ ਮੁੱਕੇਬਾਜ਼ ਹਨ। ਮੈਰੀਕੌਮ ਤੋਂ ਬਾਅਦ ਦੂਜੀ ਅਜਿਹੀ ਮੁੱਕੇਬਾਜ਼ ਹਨ, ਜਿਨ੍ਹਾ ਨੇ ਵਿਦੇਸ਼ੀ ਧਰਤੀ ’ਤੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ।

ਅਜਿਹੇ ਸਮੇਂ ਜਦੋਂ ਭਾਰਤ ਧਾਰਮਿਕ ਆਧਾਰ ’ਤੇ ਵੰਡਿਆ ਹੋਇਆ ਵਿਖਾਈ ਦਿੰਦਾ ਹੈ ਅਤੇ ਔਰਤਾਂ ਪ੍ਰਤੀ ਹਿੰਸਾ ਵੀ ਨਹੀਂ ਘੱਟ ਰਹੀ ਹੈ, ਅਜਿਹੇ ਦੌਰ ’ਚ ਨਿਖਤ ਦੀ ਸਫ਼ਲਤਾ ਦੀ ਮਹੱਤਤਾ ਬਹੁਤ ਵਧੇਰੇ ਹੈ।

ਵਿਸ਼ਵ ਚੈਂਪੀਅਨਸ਼ਿਪ ਦੀ ਸਫ਼ਲਤਾ ਤੋਂ ਦੋ ਮਹੀਨੇ ਬਾਅਦ ਜ਼ਰੀਨ ਨੇ ਰਾਸ਼ਟਰਮੰਡਲ ਖੇਡਾਂ ਦੇ 50 ਕਿਲੋਗ੍ਰਾਮ ਵਰਗ ’ਚ ਡੈਬਿਊ ਕਰਦਿਆਂ ਸੋਨ ਤਗਮਾ ਜਿੱਤਿਆ ਹੈ। ਕਿਸੇ ਵੀ ਖਿਡਾਰੀ ਲਈ ਸਫ਼ਲਤਾ ਦੇ ਲਿਹਾਜ਼ ਨਾਲ ਇਸ ਤੋਂ ਵਧੀਆ ਸਾਲ ਹੋਰ ਕੀ ਹੋ ਸਕਦਾ ਹੈ।

ਮੀਰਾ ਬਾਈ ਚਾਨੂ

ਮੀਰਾ ਬਾਈ ਚਾਨੂ ਨੇ ਟੋਕਿਓ ਓਲੰਪਿਕ ’ਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਲਈ ਤਗਮਿਆਂ ਦਾ ਖਾਤਾ ਖੋਲ੍ਹ ਦਿੱਤਾ ਸੀ।

ਉਨ੍ਹਾਂ ਨੇ ਆਪਣੀ ਉਸ ਸਫ਼ਲਤਾ ਦਾ ਸਿਲਸਿਲਾ ਇਸ ਸਾਲ ਵੀ ਕਾਇਮ ਰੱਖਿਆ ਅਤੇ ਇਸ ਦੌਰਾਨ ਦੋ ਸੁਨਹਿਰੀ ਸਫ਼ਲਤਾਵਾਂ ਹਾਸਲ ਕੀਤੀਆਂ।

ਚਾਰ ਫੁੱਟ 11 ਇੰਚ ਲੰਮੀ ਪਰ ਭਾਰੇ ਸਰੀਰ ਵਾਲੀ ਐਥਲੀਟ ਮੀਰਾ ਬਾਈ ਨੇ ਸਭ ਤੋਂ ਪਹਿਲਾਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗਮਾ ਜਿੱਤਿਆ ਅਤੇ ਇਸ ਤੋਂ ਬਾਅਦ ਜ਼ਖਮੀ ਗੁੱਟ ਦੀ ਸਥਿਤੀ ’ਚ ਆਪਣੇ ਭਾਰ ਤੋਂ ਦੁੱਗਣਾ ਭਾਰ ਚੁੱਕ ਕੇ ਵਿਸ਼ਵ ਚੈਂਪੀਅਨਸ਼ਿਪ ’ਚ ਤਗਮਾ ਹਾਸਲ ਕੀਤਾ।

ਮੀਰਾ ਬਾਈ ਚਾਨੂ ਦੀ ਇੱਕ ਖਾਸੀਅਤ ਇਹ ਹੈ ਕਿ ਉਹ ਹਮੇਸ਼ਾ ਹੀ ਮੁਸਕਰਾਉਂਦੇ ਰਹਿੰਦੇ ਹਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ 49 ਕਿਲੋਗ੍ਰਾਮ ਵਰਗ ’ਚ ਉਨ੍ਹਾਂ ਨੇ ਸਨੈਚ ’ਚ 88 ਕਿਲੋਗ੍ਰਾਮ ਭਾਰ ਚੁੱਕਿਆ ਜਦਕਿ ਕਲੀਨ ਐਂਡ ਜਰਕ ’ਚ 113 ਕਿਲੋਗ੍ਰਾਮ ਭਾਰ ਚੁੱਕ ਕੇ ਸੋਨੇ ਦਾ ਤਗਮਾ ਹਾਸਲ ਕੀਤਾ।

ਉਨ੍ਹਾਂ ਨੇ ਕੁੱਲ ਮਿਲਾ ਕੇ 201 ਕਿਲੋਗ੍ਰਾਮ ਭਾਰ ਚੁੱਕਿਆ ਜੋ ਕਿ ਰਾਸ਼ਟਰਮੰਡਲ ਖੇਡਾਂ ਦਾ ਇੱਕ ਨਵਾਂ ਰਿਕਾਰਡ ਹੈ। ਮੀਰਾ ਬਾਈ ਨੇ ਦੂਜੇ ਸਥਾਨ ’ਤੇ ਰਹੀ ਖਿਡਾਰਨ ਤੋਂ 29 ਕਿਲੋਗ੍ਰਾਮ ਵੱਧ ਭਾਰ ਚੁੱਕਿਆ ਸੀ।

ਵਿਸ਼ਵ ਚੈਂਪੀਅਨਸ਼ਿਪ ’ਚ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ ਵਧੇਰੇ ਸਖ਼ਤ ਚੁਣੌਤੀ ਹੁੰਦੀ ਹੈ। ਸਤੰਬਰ ਮਹੀਨੇ ਇਸ ਦੀਆਂ ਤਿਆਰੀਆਂ ਦੌਰਾਨ ਮੀਰਾ ਬਾਈ ਦਾ ਗੁੱਟ ਜ਼ਖਮੀ ਹੋ ਗਿਆ ਸੀ।

ਵਿਸ਼ਵ ਚੈਂਪੀਅਨਸ਼ਿਪ ’ਚ ਸ਼ਿਰਕਤ ਕਰਨ ਲਈ ਜਦੋਂ ਮੀਰਾ ਬਾਈ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਖੇ ਪਹੁੰਚੇ ਤਾਂ ਉਹ ਉਸ ਸਮੇਂ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਸਨ।

28 ਸਾਲਾ ਮੀਰਾ ਬਾਈ ਨੂੰ ਉਸ ਸਮੇਂ ਕਿਸ ਦਰਦ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸਨੈਚ ’ਚ ਦੂਜੀ ਕੋਸ਼ਿਸ਼ ’ਚ 87 ਕਿਲੋਗ੍ਰਾਮ ਭਾਰ ਚੁੱਕਦੇ ਸਮੇਂ ਉਨ੍ਹਾਂ ਨੂੰ ਮੁਸ਼ਕਲ ਹੋ ਰਹੀ ਸੀ।

ਮੀਰਾ ਬਾਈ ਨੇ ਆਪਣੀ ਪੂਰੀ ਤਾਕਤ ਨਾਲ ਤੀਜੀ ਅਤੇ ਆਖਰੀ ਕੋਸ਼ਿਸ਼ ’ਚ 87 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਕਲੀਨ ਐਂਡ ਜਰਕ ’ਚ 113 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਵਿਸ਼ਵ ਚੈਂਪੀਅਨਸ਼ਿਪ ’ਚ ਇਹ ਉਨ੍ਹਾਂ ਦਾ ਦੂਜਾ ਤਗਮਾ ਹੈ।

ਪੀਵੀ ਸਿੰਧੂ

ਪਿਛਲੇ ਕੁਝ ਸਾਲਾਂ ’ਚ ਭਾਰਤ ਦੀ ਸਭ ਤੋਂ ਸਫਲ ਐਥਲੀਟ ਦਾ ਨਾਮ ਪੀਵੀ ਸਿੰਧੂ ਹੈ। ਰਾਸ਼ਟਰਮੰਡਲ ਖੇਡਾਂ ’ਚ ਮਹਿਲਾ ਸਿੰਗਲਜ਼ ’ਚ ਪੀਵੀ ਸਿੰਧੂ ਨੇ ਆਪਣਾ ਪਹਿਲਾ ਸੋਨੇ ਦਾ ਤਗਮਾ ਜਿੱਤਿਆ।

ਚਾਰ ਸਾਲ ਪਹਿਲਾਂ ਫਾਈਨਲ ਮੁਕਾਬਲੇ ਦੌਰਾਨ ਪੀਵੀ ਸਿੰਧੂ ਨੂੰ ਸਾਇਨਾ ਨੇਹਵਾਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪਰ ਇਸ ਵਾਰ ਖ਼ਿਤਾਬੀ ਮੁਕਾਬਲੇ ’ਚ ਸਿੰਧੂ ਨੇ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਮਾਤ ਦਿੱਤੀ।

ਫਾਈਨਲ ਮੁਕਾਬਲੇ ਦੌਰਾਨ ਉਨ੍ਹਾਂ ਦੀ ਖੱਬੀ ਅੱਡੀ ’ਤੇ ਸੱਟ ਵੀ ਲੱਗੀ ਸੀ ਅਤੇ ਇੱਕ ਸ਼ਾਨਦਾਰ 57 ਸਟ੍ਰੋਕਸ ਦੀ ਰੈਲੀ ’ਚ ਉਨ੍ਹਾਂ ਨੇ ਅੰਕ ਵੀ ਗੁਆਇਆ ਪਰ ਇਸ ਸਭ ਦਾ ਅਸਰ ਮੈਚ ਦੇ ਨਤੀਜੇ ’ਤੇ ਨਾ ਪਿਆ।

ਉਨ੍ਹਾਂ ਨੇ 2014 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ, ਜਦੋਂ ਕਿ 2018 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਗਮਾ ਅਤੇ ਇਸ ਵਾਰ ਉਨ੍ਹਾਂ ਨੇ ਸੋਨ ਤਗਮਾ ਜਿੱਤਿਆ ਹੈ।

ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਐਥਲੀਟ ਲਈ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਸਰਬੋਤਮ ਪ੍ਰਦਰਸ਼ਨ ਨਹੀਂ ਹੋ ਸਕਦਾ ਪਰ 27 ਸਾਲ ਦੀ ਸਿੰਧੂ ਨੇ ਇਹ ਜ਼ਰੂਰ ਦਿਖਾਇਆ ਹੈ ਕਿ ਦਬਾਅ ਦੀ ਸਥਿਤੀ ’ਚ ਉਹ ਆਪਣਾ ਬਿਹਤਰੀਨ ਪ੍ਰਦਰਸ਼ਨ ਦੇ ਸਕਦੇ ਹਨ।

ਵੈਸੇ 2022 ’ਚ ਉਨ੍ਹਾਂ ਨੂੰ ਤਿੰਨ ਹੋਰ ਖ਼ਿਤਾਬ- ਜੁਲਾਈ ’ਚ ਸਿੰਗਾਪੁਰ ਓਪਨ, ਮਾਰਚ ’ਚ ਸਵਿਸ ਓਪਨ ਅਤੇ ਜਨਵਰੀ ’ਚ ਸਈਅਦ ਮੋਦੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਵੀ ਜਿੱਤੇ ਹਨ।

ਹਾਲਾਂਕਿ ਇਸ ਸਾਲ ਸੱਟ ਲੱਗਣ ਕਰਕੇ ਉਹ ਪੂਰਾ ਸਾਲ ਸਰਗਰਮ ਵੀ ਨਹੀਂ ਰਹੇ ਹਨ।

ਇਹ ਵੀ ਪੜ੍ਹੋ:

ਪ੍ਰਿਯੰਕਾ ਗੋਸਵਾਮੀ

ਪ੍ਰਿਯੰਕਾ ਗੋਸਵਾਮੀ ਨੇ ਇੱਕ ਬਹੁਤ ਹੀ ਘੱਟ ਜਾਣੀ ਜਾਂਦੀ ਖੇਡ ’ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਦੌਰਾਨ ਉਨ੍ਹਾਂ ਨੇ 10 ਕਿਲੋਮੀਟਰ ਰੇਸ ਵਾਕ ’ਚ ਚਾਂਦੀ ਦਾ ਤਗਮਾ ਜਿੱਤਿਆ।

ਉਨ੍ਹਾਂ ਨੇ 43:38:38 ਸੈਕਿੰਡ ਦਾ ਸਮਾਂ ਲੈ ਕੇ ਆਪਣਾ ਸਰਬੋਤਮ ਸਮਾਂ ਕਾਇਮ ਕੀਤਾ, ਪਰ ਉਹ ਆਸਟ੍ਰੇਲੀਆ ਦੀ ਜੇਮਿਮਾ ਮੋਂਟਾਗ ਤੋਂ ਹਾਰ ਗਏ ਸੀ।

ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਦੀ ਵਸਨੀਕ 26 ਸਾਲਾ ਪ੍ਰਿਯੰਕਾ ਗੋਸਵਾਮੀ ਦੇ ਪਿਤਾ ਪੇਸ਼ੇ ਵੱਜੋਂ ਕੰਡਕਟਰ ਹਨ।

ਪ੍ਰਿਯੰਕਾ ਨੇ ਪਹਿਲਾਂ ਤਾਂ ਜਿਮਨਾਸਟਿਕ ਅਤੇ ਟਰੈਕ ਐਂਡ ਫੀਲਡ ਮੁਕਾਬਲਿਆ ’ਚ ਆਪਣਾ ਹੱਥ ਅਜ਼ਮਾਇਆ। ਪਰ ਅਖੀਰ ’ਚ ਉਨ੍ਹਾ ਦੇ ਪੈਰ ਰੇਸ ਵਾਕ ’ਚ ਜੰਮ ਗਏ।

ਇਸ ਤੋਂ ਬਾਅਦ ਉਹ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਵਿਖੇ ਪਹੁੰਚੇ। ਨੈਸ਼ਨਲ ਕੈਂਪ ’ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਵੀ ਛਕਿਆ ਅਤੇ ਆਪਣੇ ਹੌਸਲੇ ਬੁਲੰਦ ਰੱਖੇ।

ਭਾਰਤ ਵੱਲੋਂ ਟੋਕਿਓ ਓਲੰਪਿਕ ’ਚ ਹਿੱਸਾ ਲੈਣ ਵਾਲੀ ਗੋਸਵਾਮੀ ਦੀ ਝੌਲੀ ’ਚ ਅੱਜ 2-2 ਰਾਸ਼ਟਰੀ ਰਿਕਾਰਡ ਹਨ।

43 ਮਿੰਟ ਅਤੇ 31 ਸੈਕਿੰਡ ਦੇ ਨਾਲ 10 ਕਿਲੋਮੀਟਰ ਰੇਸ ਵਾਕ ਤੋਂ ਇਲਾਵਾ ਇੱਕ ਘੰਟਾ 28 ਮਿੰਟ ਅਤੇ 45 ਸੈਕਿੰਡ ਦੇ ਨਾਲ 20 ਕਿਲੋਮੀਟਰ ਰੇਸ ਵਾਕ ਦਾ ਰਾਸ਼ਟਰੀ ਰਿਕਾਰਡ ਵੀ ਉਨ੍ਹਾਂ ਦੇ ਹੀ ਨਾਮ ਹੈ।

ਅੰਨੂ ਰਾਣੀ

ਪ੍ਰਿਯੰਕਾ ਗੋਸਵਾਮੀ ਦੀ ਤਰ੍ਹਾਂ ਅੰਨੂ ਰਾਣੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਉਸ ਸਮੇਂ ਇਤਿਹਾਸ ਸਿਰਜਿਆ ਜਦੋਂ ਜੈਵਲਿਨ ਥਰੋਅ ’ਚ ਤਗਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਐਥਲੀਟ ਬਣੇ।

ਬਰਮਿੰਘਮ ’ਚ ਚੌਥੀ ਕੋਸ਼ਿਸ਼ ’ਚ 60 ਮੀਟਰ ਦੂਰੀ ਤੱਕ ਜੈਵਲਿਨ ਸੁੱਟ ਕੇ ਅੰਨੂ ਨੇ ਕਾਂਸੀ ਦਾ ਤਗਮਾ ਜਿੱਤਿਆ।

ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਬਹਾਦਰਪੁਰ ਪਿੰਡ ਤੋਂ ਨਿਕਲ ਕੇ ਇਸ ਸਫ਼ਲਤਾ ਦੀ ਬੁਲੰਦੀ ਤੱਕ ਪਹੁੰਚਣਾ 30 ਸਾਲਾ ਅੰਨੂ ਲਈ ਸੌਖਾ ਨਹੀਂ ਸੀ।

ਉਨ੍ਹਾਂ ਦਾ ਪਰਿਵਾਰ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਵੀ ਯੋਗ ਨਹੀਂ ਸੀ। ਅਜਿਹੇ ’ਚ ਅੰਨੂ ਨੇ ਗੰਨੇ ਦੇ ਖੇਤ ’ਚ ਬਾਂਸ ਦੇ ਬਰਛੇ ਨਾਲ ਆਪਣਾ ਅਭਿਆਸ ਜਾਰੀ ਰੱਖਿਆ।

ਪਰ ਪਿਛਲੇ ਕੁਝ ਸਮੇਂ ਤੋਂ ਉਹ ਭਾਰਤ ਦੀ ਨੰਬਰ ਇੱਕ ਮਹਿਲਾ ਜਵੈਲਿਨ ਥ੍ਰੋਅਰ ਹਨ। ਅੰਨੂ ਟੋਕਿਓ ਓਲੰਪਿਕ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗਮਾ ਜਿੱਤਣ ਤੋਂ ਇਲਾਵਾ ਅੰਨੂ ਰਾਣੀ ਇਸ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ’ਚ ਵੀ ਥਾਂ ਬਣਾਉਣ ’ਚ ਸਫਲ ਰਹੇ ਹਨ।

ਸਵਿਤਾ ਪੂਨੀਆ

ਟੋਕਿਓ ਓਲੰਪਿਕ ’ਚ ਭਾਰਤੀ ਮਹਿਲਾ ਹਾਕੀ ਟੀਮ ਭਾਵੇਂ ਕੋਈ ਤਗਮਾ ਨਾ ਜਿੱਤ ਸਕੀ ਹੋਵੇ ਪਰ ਉਮੀਦਾਂ ਦੇ ਦਰਵਾਜ਼ੇ ਜ਼ਰੂਰ ਖੋਲ੍ਹ ਦਿੱਤੇ ਸਨ। 2022 ਦੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਟੀਮ ਦੀ ਕਮਾਨ ਰਾਣੀ ਰਾਮਪਾਲ ਦੀ ਥਾਂ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਨੂੰ ਸੌਂਪੀ ਗਈ ਸੀ।

ਇਸ ਤੋਂ ਬਾਅਦ ਟੀਮ ਨੇ ਰਾਸ਼ਟਰਮੰਡਲ ਖੇਡਾਂ ’ਚ ਤਗਮਾ ਹਾਸਲ ਕੀਤਾ। ਐਫਆਈਐਚ ਪ੍ਰੋ ਲੀਗ ’ਚ ਵੀ ਟੀਮ ਨੇ ਤਗਮਾ ਜਿੱਤਿਆ ਅਤੇ ਸਾਲ ਦੇ ਅੰਤ ਤੱਕ ਨੇਸ਼ਨ ਕੱਪ ਜਿੱਤਣ ਦਾ ਕਾਰਨਾਮਾ ਵੀ ਕਰ ਵਿਖਾਇਆ।

ਰਾਸ਼ਟਮੰਡਲ ਖੇਡਾਂ ’ਚ ਰੈਫ਼ਰੀ ਦੇ ਇੱਕ ਵਿਵਾਦਿਤ ਫੈਸਲੇ ਕਾਰਨ ਭਾਰਤੀ ਟੀਮ ਫਾਈਨਲ ’ਚ ਦਾਖਲ ਨਹੀਂ ਹੋ ਸਕੀ ਸੀ, ਪਰ ਪੂਨੀਆ ਨੇ ਇਹ ਤੈਅ ਕੀਤਾ ਸੀ ਕਿ ਟੀਮ ਖਾਲੀ ਹੱਥ ਵਤਨ ਨਹੀਂ ਪਰਤੇਗੀ।

32 ਸਾਲਾ ਪੂਨੀਆ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਕਾਂਸੀ ਦੇ ਤਗਮੇ ਦੀ ਦੌੜ ’ਚ ਹੋਏ ਮੁਕਾਬਲੇ ’ਚ ਪੈਨਲਟੀ ਸ਼ੂਟ ਆਊਟ ’ਚ ਤਿੰਨ ਸ਼ਾਨਦਾਰ ਬਚਾਅ ਕਰਕੇ ਭਾਰਤ ਨੂੰ 2-1 ਨਾਲ ਜਿੱਤ ਦਵਾਈ ਸੀ।

ਐਫਆਈਐਚ ਪ੍ਰੋ ਲੀਗ ਦੇ ਪਹਿਲੇ ਸੀਜ਼ਨ ’ਚ ਵੀ ਟੀਮ ਨੂੰ ਕਾਂਸੀ ਦਾ ਤਗਮਾ ਦਿਵਾਉਣ ’ਚ ਪੂਨੀਆ ਦੀ ਅਹਿਮ ਭੂਮਿਕਾ ਰਹੀ ਸੀ। 14 ਮੁਕਾਬਲਿਆਂ ’ਚ ਉਨ੍ਹਾਂ ਨੇ ਘੱਟੋ ਘੱਟ 57 ਗੋਲ ਬਚਾਏ ਹਨ।

ਉਨ੍ਹਾਂ ਦੇ ਇਸ ਦਮਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ ਲਗਾਤਾਰ ਦੂਜੇ ਸਾਲ ਐਫਆਈਐਚ ਨੇ ਉਨ੍ਹਾਂ ਨੂੰ ਸਾਲ ਦੀ ਮਹਿਲਾ ਗੋਲਕੀਪਰ ਦੇ ਖ਼ਿਤਾਬ ਨਾਲ ਨਵਾਜ਼ਿਆ ਹੈ।

ਬਹੁਤ ਹੀ ਨਰਮੀ ਨਾਲ ਗੱਲਬਾਤ ਕਰਨ ਵਾਲੀ ਸਵਿਤਾ ਪੂਨੀਆ ਗੋਲਪੋਸਟ ਦੇ ਅੰਦਰ ਕਿਸੇ ਫੌਲਾਦ ਦੀ ਤਰ੍ਹਾਂ ਨਜ਼ਰ ਆਉਂਦੇ ਹਨ ਅਤੇ ਮੁਸ਼ਕਲ ਸਮੇਂ ’ਚ ਟੀਮ ਦੀ ਸ਼ਾਨਦਾਰ ਅਗਵਾਈ ਵੀ ਕਰਦੇ ਹਨ।

ਮਨਿਕਾ ਬੱਤਰਾ

ਮਨਿਕਾ ਬੱਤਰਾ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਚਾਰ ਸਾਲ ਪੁਰਾਣੀ ਸਫ਼ਲਤਾ ਤਾਂ ਨਹੀਂ ਦੁਹਰਾ ਸਕੇ। ਚਾਰ ਸਾਲ ਪਹਿਲਾਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ’ਚ ਮਨਿਕਾ ਨੇ ਟੀਮ ਅਤੇ ਸਿੰਗਲਜ਼ ’ਚ ਗੋਲਡ ਮੈਡਲ ਜਿੱਤ ਕੇ ਕੁੱਲ ਚਾਰ ਤਗਮੇ ਜਿੱਤੇ ਸਨ।

ਇਸ ਵਾਰ ਉਨ੍ਹਾਂ ਨੂੰ ਕੋਈ ਤਗਮਾ ਹਾਸਲ ਨਹੀਂ ਹੋਇਆ, ਪਰ ਟੇਬਲ ਟੈਨਿਸ ਸਰਕਟ ’ਚ ਉਨ੍ਹਾਂ ਨੇ ਜਲਦੀ ਹੀ ਵਾਪਸੀ ਕੀਤੀ ਹੈ।

ਥਾਈਲੈਂਡ ਦੀ ਰਾਜਧਾਨੀ ਬੈਂਕਾਕ ’ਚ ਆਈਟੀਟੀਐਫ-ਏਟੀਟੀਯੂ ਏਸ਼ੀਅਨ ਕੱਪ ’ਚ ਮਨਿਕਾ ਨੇ ਆਪਣੇ ਤੋਂ ਉੱਚ ਦਰਜੇ ਦੀਆਂ ਤਿੰਨ ਖਿਡਾਰਨਾਂ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

ਉਹ ਵਿਸ਼ਵ ਦਰਜੇਬੰਦੀ ’ਚ 6ਵੇਂ ਸਥਾਨ ’ਤੇ ਕਾਬਜ਼ ਜਾਪਾਨੀ ਖਿਡਾਰਨ ਹਿਨਾ ਹਯਾਤਾ ਨੂੰ 11-6, 6-11, 12-10, 4-11, 11-2 ਨਾਲ ਹਰਾ ਕੇ ਕੰਟੀਨੈਂਟਲ ਇਵੈਂਟ ’ਚ ਤਗਮਾ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੇ।

ਕਾਂਸੀ ਦਾ ਤਗਮਾ ਜਿੱਤਣ ਦੀ ਦੌੜ ’ਚ 27 ਸਾਲਾ ਮਨਿਕਾ ਨੇ ਵਿਸ਼ਵ ਦਰਜੇਬੰਦੀ ’ਚ 7ਵੇਂ ਸਥਾਨ ’ਤੇ ਕਾਬਜ਼ ਚੇਨ ਜਿੰਗਤੋਂਗ ਅਤੇ 23ਵੇਂ ਸਥਾਨ ’ਤੇ ਕਾਬਜ਼ ਚੇਨ ਸਜ਼ੂ ਨੂੰ ਮਾਤ ਦਿੱਤੀ ਸੀ।

ਵਿਨੇਸ਼ ਫੋਗਾਟ

ਟੋਕਿਓ ਓਲੰਪਿਕ ’ਚ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਸਰੀਰਕ ਅਤੇ ਭਾਵਨਾਤਮਕ ਪੱਧਰ ’ਤੇ ਵਿਨੇਸ਼ ਫੋਗਾਟ ਨੂੰ ਖਾਸਾ ਸੰਘਰਸ਼ ਕਰਨਾ ਪਿਆ ਸੀ। ਅਜਿਹੀ ਸਥਿਤੀ ’ਚ ਉਨ੍ਹਾਂ ਨੂੰ ਵਿਸ਼ਵ ਪੱਧਰੀ ਟੂਰਨਾਮੈਂਟ ’ਚ ਵਾਪਸੀ ਕਰਦੇ ਵੇਖ ਕੇ ਬਹੁਤ ਵਧੀਆ ਲੱਗਿਆ।

ਭਾਰਤੀ ਐਥਲੀਟਾਂ ਦੀ ਮਾਨਸਿਕ ਸਿਹਤ ’ਤੇ ਚਰਚਾ ਸ਼ੁਰੂ ਕਰਨ ਵਾਲੀ ਵਿਨੇਸ਼ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗਮੇ ਦੀ ਹੈਟ੍ਰਿਕ ਪੂਰੀ ਕੀਤੀ।

ਇਸ ਤੋਂ ਪਹਿਲਾਂ ਉਹ ਸਾਲ 2014 ਅਤੇ 2018 ’ਚ ਸੋਨ ਤਗਮਾ ਆਪਣੇ ਨਾਂਅ ਕਰ ਚੁੱਕੇ ਹਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ ਹੈ।

2022 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਔਰਤਾਂ ਦੇ 53 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ’ਚ ਸਿਰਫ਼ ਚਾਰ ਖਿਡਾਰਨਾਂ ਵਿਚਾਲੇ ਹੀ ਮੁਕਾਬਲਾ ਸੀ।

ਫੋਗਾਟ ਨੇ 2021 ਦੀ ਵਿਸ਼ਵ ਚੈਂਪਿਅਨਸ਼ਿਪ ’ਚ ਕਾਂਸੀ ਦਾ ਤਗਮਾ ਜੇਤੂ ਸਾਮੰਥਾ ਸਟੇਵਰਟ ਨੂੰ ਸਿਰਫ 30 ਸੈਕਿੰਡ ’ਚ ਹੀ ਮਾਤ ਦੇ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਨਾਈਜੀਰੀਆ ਦੀ ਮਰਸੀ ਅਦੇਕੁਰੋਏ ਅਤੇ ਸ਼੍ਰੀਲੰਕਾ ਦੀ ਚਾਮੋਦਯਾ ਮਾਦੁਰਾਵਾਲੇਗੇ ਡਾਨ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ।

ਬੇਲਗ੍ਰੇਡ ’ਚ ਆਯੋਜਿਤ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿਨੇਸ਼ ਨੇ ਮੌਜੂਦਾ ਯੂਰਪੀਅਨ ਚੈਂਪੀਅਨ ਸਵੀਡਨ ਦੀ ਐਮਾ ਮਾਲਮਗ੍ਰੇਨ ਨੂੰ 8-0 ਨਾਲ ਮਾਤ ਦਿੱਤੀ।

2019 ’ਚ ਨੂਰ ਸੁਲਤਾਨ ’ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ’ਚ ਇਹ ਫੋਗਾਟ ਦਾ ਦੂਜਾ ਤਗਮਾ ਹੈ।

ਇਨ੍ਹਾ ਦੋ ਸਫ਼ਲਤਾਵਾਂ ਨੇ ਵਿਨੇਸ਼ ਫੋਗਾਟ ਨੂੰ ਮੁੜ ਲੀਹ ’ਤੇ ਚੜ੍ਹਾ ਦਿੱਤਾ ਹੈ, ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਦੀ ਝੋਲੀ ਵਧੇਰੇ ਸਫ਼ਲਤਾਵਾਂ ਪੈਣ ਦੀ ਉਮੀਦ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)