ਅਮ੍ਰਿਤਪਾਲ ਸਿੰਘ: 'ਏਜੰਸੀਆ ਮੈਨੂੰ ਮਰਵਾ ਸਕਦੀਆਂ ਹਨ, ਅਮਿਤ ਸ਼ਾਹ ਨੂੰ ਮੈਂ ਨਹੀਂ, ਉਨ੍ਹਾਂ ਮੈਨੂੰ ਧਮਕੀ ਦਿੱਤੀ'

“ਸਿੱਖਾਂ ਦੇ ਅਜ਼ਾਦ ਖਿੱਤੇ ਦੇ ਵਿਚਾਰ ਨੂੰ ਦਬਾਉਣ ਦੀ ਗੱਲ ਕਹਿਣਾ ਲੋਕਤੰਤਰੀ ਨਹੀਂ।” ਇਹ ਗੱਲ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਬੁੱਧਵਾਰ ਨੂੰ ਅਜਨਾਲਾ ਵਿੱਚ ਹੋਈ ਇੱਕ ਪ੍ਰੈਸ ਵਾਰਤਾ ਵਿੱਚ ਆਖੀ।

ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਮੁਤਾਬਕ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਤੇ ਦੇਸ ਦੇ ਸਿਆਸੀ ਆਗੂ ਵੀ ਇਸ ਗੱਲ ਦਾ ਦਾਅਵਾ ਕਰਦੇ ਹਨ।

“ਅਜਿਹੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਵਲੋਂ ਕਿਸੇ ਵਿਰੋਧੀ ਵਿਚਾਰ ਨੂੰ ਉਤਸ਼ਾਹਿਤ ਹੋਣ ਤੋਂ ਰੋਕਣ ਜਾਂ ਦਬਾਉਣ ਦੀ ਗੱਲ ਕਰਨਾ ਸਹੀ ਨਹੀਂ ਹੈ। ਉਨ੍ਹਾਂ ਦਾ ਖ਼ਾਲਿਸਤਾਨ ਦੇ ਮਸਲੇ ’ਤੇ ਭੜਕਣਾ ਗ਼ਲਤ ਹੈ।”

ਅਮ੍ਰਿਤਪਾਲ ਨੇ ਇਹ ਕਹਿੰਦਿਆਂ ਕਿ ਵਿਰੋਧੀ ਸੁਰ ਨੂੰ ਦਬਾਉਣਾ ਜਾਇਜ਼ ਨਹੀਂ ਹੈ, ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਏਜੰਸੀਆਂ ਉਨ੍ਹਾਂ ਦਾ ਕਤਲ ਵੀ ਕਰ ਸਕਦੀਆਂ ਹਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਖ਼ਾਸਿਲਤਾਨ ਨੂੰ ਪਨਪਣ ਨਹੀਂ ਦੇਣਗੇ।

ਜ਼ਿਕਰਯੋਗ ਹੈ ਕਿ 16 ਫ਼ਰਵਰੀ ਨੂੰ ਅਜਨਾਲਾ ਥਾਣੇ ਵਿੱਚ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦੇ ਵਰਿੰਦਰ ਸਿੰਘ ਦੀ ਸ਼ਿਕਾਇਤ ਉੱਤੇ ਅਮ੍ਰਿਤਪਾਲ ਸਿੰਘ ਦੇ ਉਨ੍ਹਾਂ ਦੇ ਕੁਝ ਸਾਥੀਆਂ ਖ਼ਿਲਾਫ਼ ਕੁੱਟਮਾਰ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਤੁਫ਼ਾਨ ਸਿੰਘ ਸਮੇਤ ਅਮ੍ਰਿਤਪਾਲ ਦੇ ਦੋ ਸਾਥੀ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਸਨ, ਬਾਅਦ ਵਿੱਚ ਇੱਕ ਨੂੰ ਛੱਡ ਦਿੱਤਾ ਗਿਆ ਸੀ।

ਅਮ੍ਰਿਤਪਾਲ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਤੇ ਇਸੇ ਸਿਲਸਲੇ ’ਚ ਉਨ੍ਹਾਂ ਬੁੱਧਵਾਰ ਸਵੇਰੇ ਆਪਣੇ ਪਿੰਡ ਜੱਲੂਪੁਰਾ ਖੇੜਾ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ।

ਗ੍ਰਿਫ਼ਤਾਰੀ ਲ਼ਈ ਅਜਨਾਲਾ ਜਾਣਗੇ

ਅਮ੍ਰਿਤਪਾਲ ਦਾ ਦਾਅਵਾ ਹੈ ਕਿ ਉਨ੍ਹਾਂ ਖ਼ਿਲਾਫ਼ ਹੋਈ ਕਾਰਵਾਈ ਨਜਾਇਜ਼ ਹੈ ਤੇ ਇਸ ਮਾਮਲੇ ਵਿੱਚ ਪਰਚਾ ਰੱਦ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇ ਤੁਫ਼ਾਨ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਦੇਣਗੇ।

ਅਮ੍ਰਿਤਪਾਲ ਨੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਧਾਰਾ 295 (ਏ) ਲਗਾਉਣ ਨੂੰ ਵੀ ਗ਼ਲਤ ਦੱਸਿਆ।

ਉਨ੍ਹਾਂ ਦਾ ਦਾਅਵਾ ਹੈ ਕਿ ਸ਼ਿਕਾਇਤਕਰਤਾ ਤੇ ਮੁਜ਼ਲਮ ਦੋਵੇਂ ਹੀ ਸਿੱਖ ਹਨ ਤੇ ਉਨ੍ਹਾਂ ਖ਼ਿਲਾਫ਼ ਧਾਰਮਿਕ ਕਕਾਰਾਂ ਦੀ ਬੇਅਦਬੀ ਦਾ ਮਾਮਲਾ ਦਰਜ ਕੀਤੇ ਜਾਣਾ ਨਜ਼ਾਇਜ ਹੈ।

ਅਮ੍ਰਿਤਪਾਲ ਨੇ ਪੁੱਛਿਆ ਕਿ ਧਾਰਮਿਕ ਲੜਾਈ ਲੜਨ ਵਾਲੇ ਖ਼ਿਲਾਫ਼ ਧਾਰਾ 295 (ਏ) ਕਿਉਂ ਲਗਾਈ ਗਈ ਹੈ।

ਅਜਨਾਲਾ ਵਿੱਚ ਉਨ੍ਹਾਂ ਖ਼ਿਲਾਫ਼ ਦਰਜ ਹੋਏ ਕੇਸ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਵੀਰਵਾਰ ਨੂੰ ਆਪਣੇ ਆਪੇ ਨੂੰ ਗ੍ਰਿਫ਼ਤਾਰੀ ਲ਼ਈ ਪੇਸ਼ ਕਰਨਗੇ।

ਅਮ੍ਰਿਤਪਾਲ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਵਰਿੰਦਰ ਸਿੰਘ ਨੂੰ ਉਨ੍ਹਾਂ ਖ਼ਿਲਾਫ਼ ਵਰਤਿਆ ਜਾ ਰਿਹਾ ਹੋਵੇ।

ਇਹ ਬਕਾਇਦਾ ਸਾਜਿਸ਼ ਤਹਿਤ ਕੀਤਾ ਗਿਆ ਹੋਣ ਦੀ ਵੀ ਸੰਭਾਨਾ ਹੈ।

ਖਾਲਿਸਤਾਨ ਦੇ ਮੰਗ ਬਾਰੇ

ਖਾਲਿਤਸਾਨ ਦੀ ਮੰਗ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ, ‘‘ਜਦੋਂ ਸਿੱਖ ਖ਼ਾਲਿਸਤਾਨ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਅਪਰਾਧੀ ਬਣਾਕੇ ਕਿਉਂ ਪੇਸ਼ ਕੀਤਾ ਜਾਂਦਾ ਹੈ।’’

‘‘ਜਦੋਂ ਕੋਈ ਹਿੰਦੂ ਰਾਜ ਦੀ ਗੱਲ ਕਰੇ ਜਾਂ ਕਾਮਰੇਡ ਇਨਕਲਾਬ ਦੀ ਗੱਲ ਕਰਨ ਤਾਂ ਕੋਈ ਕਾਰਵਾਈ ਨਹੀਂ ਹੁੰਦੀ। ਸਿਰਫ਼ ਸਿੱਖਾਂ ਦੇ ਖਾਲਿਸਤਾਨ ਅਤੇ ਮੁਲਸਮਾਨਾਂ ਦੇ ਜੇਹਾਦ ਦੇ ਨਾਂ ਉੱਤੇ ਹੀ ਕਾਰਵਾਈ ਹੁੰਦੀ ਹੈ।’’

ਅਮ੍ਰਿਤਪਾਲ ਨੇ ਕਿਹਾ ਕਿ ਸਿੱਖ ਧਰਮ ਦੇ ਪ੍ਰਭੂਸੱਤਾ ਦੇ ਵਿਚਾਰ ਨੂੰ ਦਬਾਇਆ ਜਾ ਰਿਹਾ ਹੈ।

“ਜਿੱਥੇ ਵਿਚਾਰ ਨੂੰ ਪ੍ਰਫ਼ੁਲਤ ਹੋਣ ਤੋਂ ਰੋਕਿਆ ਜਾਂਦਾ ਹੈ ਉੱਥੇ ਹੀ ਹਿੰਸਾ ਦੀਆਂ ਸੰਭਾਵਨਾਵਾਂ ਵੀ ਹੁੰਦੀਆਂ ਹਨ।”

ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਵਿੱਚ ਪਨਪੇ ਬੇਗਾਨਗੀ ਦੀ ਭਾਵ ਨੂੰ ਇਸ ਤਰੀਕੇ ਨਾਲ ਡੀਲ ਨਹੀਂ ਕੀਤਾ ਜਾ ਸਕਦਾ। ਖ਼ਾਲਿਸਤਾਨ ਦੀ ਗੱਲ ਕਰਨੀ ਸਿੱਖਾਂ ਦਾ ਧਾਰਮਿਕ ਅਕੀਦਾ ਹੈ।

ਉਹ ਇਹ ਸਭ ਗ੍ਰਹਿ ਮੰਤਰੀ ਵਲੋਂ ਖ਼ਾਲਿਸਤਾਨ ਬਾਰੇ ਦਿੱਤੇ ਗਏ ਬਿਆਨ ਵੱਲ ਇਸ਼ਾਰਾ ਕਰਦਿਆਂ ਕਹਿ ਰਹੇ ਸਨ।

ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਖ਼ਾਲਿਸਤਾਨ ਬਾਰੇ ਗੱਲ ਕਰਦਿਆਂ ਕਿਹਾ ਅਮਿਤ ਸ਼ਾਹ ਨੇ ਕਿਹਾ ਸੀ, “ਅਸੀਂ ਨਜ਼ਰ ਰੱਖੀ ਹੋਈ ਹੈ। ਪੰਜਾਬ ਸਰਕਾਰ ਨਾਲ ਵੀ ਸਾਡਾ ਰਾਬਤਾ ਕਾਇਮ ਹੈ। ਏਜੰਸੀਆਂ ਵਿੱਚ ਚੰਗਾ ਤਾਲਮੇਲ ਹੈ। ਅਸੀਂ ਇਸ ਨੂੰ ਪਨਪਣ ਨਹੀਂ ਦੇਵਾਂਗੇ।”

ਚੋਣ ਸਿਆਸਤ ਤੋਂ ਬਾਹਰ

ਅਮ੍ਰਿਤਪਾਲ ਨੇ ਕਿਹਾ ਕਿ ਉਨ੍ਹਾਂ ਦਾ ਚੋਣਾਵੀਂ ਸਿਆਸਤ ਨਾਲ ਕੋਈ ਵਾਸਤਾ ਨਹੀਂ ਹੈ ਤੇ ਨਾ ਹੀ ਉਹ ਇਸ ਰਾਹ ’ਤੇ ਜਾਣਗੇ।

ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਉਨ੍ਹਾਂ ਦੇ ਖ਼ਿਲਾਫ਼ ਹਨ।

ਜਦਕਿ ਉਹ ਉਨ੍ਹਾਂ ਦਾ ਚੋਣਾਂ ਲੜਨ ਜਾਂ ਅਜਿਹੀ ਸਿਆਸਤ ਦਾ ਹਿੱਸਾ ਬਣਨ ਦਾ ਕੋਈ ਇਰਾਦਾ ਨਹੀਂ ਹੈ।

ਇਹ ਗੱਲ ਕਹਿੰਦਆਂ ਹੀ ਉਹ ਸਿੱਖ ਰਾਜ ਬਾਰੇ ਵੀ ਜ਼ਿਕਰ ਕਰਦੇ ਹਨ ਤੇ ਦਾਅਵਾ ਕਰਦੇ ਹਨ ਕਿ ਸਿੱਖ ਰਾਜ ਦੀ ਮੰਗ ਜਾਇਜ਼ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਉਹ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਨ ਜੋ ਕਿ ਸਿਆਸੀ ਪਾਰਟੀਆਂ ਨੂੰ ਰਾਸ ਨਹੀਂ ਆ ਰਿਹਾ।

ਅਮ੍ਰਿਤਪਾਲ ਕਹਿੰਦੇ ਹਨ ਕਿ ਕਿਸੇ ਬਾਹਰੋਂ ਆਏ ਨੌਜਵਾਨ ਨੂੰ ਸੂਬੇ ਦੇ ਨੌਜਵਾਨਾਂ ਵਲੋਂ ਸਵਿਕਾਰੇ ਜਾਣਾ ਹੀ ਸਿਆਸੀ ਪਾਰਟੀਆਂ ਨੂੰ ਔਖਾ ਲੱਗ ਰਿਹਾ ਹੈ। ਜਿਸ ਦੇ ਚਲਦਿਆਂ ਸਾਰੇ ਸਿਆਸੀ ਆਗੂ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹਨ।

ਸ਼ਿਕਾਇਤਕਰਤਾ ਵਰਿੰਦਰ ਸਿੰਘ ਨਾਲ ਜਾਣ-ਪਛਾਣ ਨਹੀਂ

ਅਮ੍ਰਿਤਪਾਲ ਦਾ ਦਾਅਵਾ ਹੈ ਕਿ ਉਹ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਕਰਨੇ ਵਾਲੇ ਵਿਅਕਤੀ ਵਰਿੰਦਸ ਸਿੰਘ ਨੂੰ ਕਦੀ ਨਹੀਂ ਮਿਲੇ।

ਉਨ੍ਹਾਂ ਕੁੱਟ ਮਾਰ ਤੇ ਪੈਸਿਆਂ ਦੀ ਲੁੱਟਖੋਹ ਹੋਣ ਦੇ ਦਾਅਵੇ ਨੂੰ ਵੀ ਹਾਸੋਹੀਣਾ ਦੱਸਿਆ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ 15 ਫ਼ਰਵਰੀ ਨੂੰ ਵਰਿੰਦਰ ਸਿੰਘ ਨੇ ਉਨ੍ਹਾਂ ਦੇ ਸਾਥੀਆਂ ਨੂੰ ਬੁਲਾਇਆ ਸੀ।

ਪਰ ਇਸ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

ਪਰ ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਸਾਡੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ। ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਗ੍ਰਿਫ਼ਤਾਰ ਕੀਤੇ ਗਏ ਸਾਥੀ ਤੁਫ਼ਾਨ ਸਿੰਘ ਨੂੰ ਜੇਲ੍ਹ ਵਿੱਚ ਸਰੀਰਕ ਦਸ਼ੱਦਤ ਦਾ ਸਾਹਮਣਾ ਕਰਨਾ ਪਿਆ ਹੈ।

ਪ੍ਰਸ਼ਾਸਨ ਨਾਲ ਟਕਰਾਅ ਨਹੀਂ ਚਾਹੁੰਦੇ

ਅਮ੍ਰਿਤਪਾਲ ਕਹਿੰਦੇ ਹਨ ਕਿ ਉਹ ਸ਼ੁਰੂਆਤ ਤੋਂ ਹੀ ਸਪੱਸ਼ਟ ਸਨ ਕਿ ਪ੍ਰਸ਼ਾਸਨ ਨਾਲ ਟਕਰਾਅ ਵਿੱਚ ਨਹੀਂ ਪੈਣਾ।

ਉਹ ਆਪਣੇ ਇਸ ਫ਼ੈਸਲੇ ਨੂੰ ਖ਼ੁਦ ਹੀ ਸਿਆਣਪ ਭਰਿਆ ਦੱਸਦੇ ਹਨ ਤੇ ਕਹਿੰਦੇ ਹਨ ਕਿ ਪੰਜਾਬ ਪ੍ਰਸ਼ਾਸਨ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਉਨ੍ਹਾਂ ਵਰਗੇ ਘਰਾਂ ਨਾਲ ਹੀ ਸਬੰਧਿਤ ਹਨ। ਇਸ ਲਈ ਉਨ੍ਹਾਂ ਨਾਲ ਕੋਈ ਟਕਰਾਅ ਨਹੀਂ ਹੈ।

ਪਰ ਨਾਲ ਹੀ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਲੜਾਈ ਦਿੱਲੀ ਹਕੂਮਤ ਨਾਲ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਤੁਫ਼ਾਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਅਣਮਨੁੱਖੀ ਵਰਤਾਰਾ ਦੱਸਿਆ ਹੈ।

ਉਹ ਦਾਅਵਾ ਕਰਦੇ ਹਨ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਨਿਹੱਥੇ ਕਰਨਾ ਚਾਹੁੰਦਾ ਹੈ।

ਇਹ ਗ੍ਰਿਫ਼ਤਾਰੀ ਤੇ ਪਰਚਾ ਦਰਜ ਹੋਣ ਦੇ ਘਟਨਾਕ੍ਰਮ ਨੂੰ ਗ਼ੈਰ-ਇਖਲਾਕੀ ਦੱਸਦਿਆਂ ਇਸ ਨੂੰ ਉਨ੍ਹਾਂ ਖ਼ਿਲਾਫ਼ ਹੋਈ ਸਾਜਿਸ਼ ਦੱਸਦੇ ਹਨ।

ਅਲੋਚਣਾ ਸਵਿਕਾਰਨ ਦੀ ਲੋੜ

ਅਮ੍ਰਿਤਪਾਲ ਸਿੰਘ ਕਹਿੰਦੇ ਹਨ ਕਿ ਜੋ ਸਿਰਮੌਰ ਸਿੱਖ ਸੰਸਥਾਵਾਂ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ ਤਾਂ ਉਨ੍ਹਾਂ ਦੀ ਅਲੋਚਣਾ ਕੀਤੀ ਜਾਣੀ ਚਾਹੀਦੀ ਹੈ।

ਨਾਲ ਹੀ ਉਹ ਸੰਸਥਾਵਾਂ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਲੋਚਣਾ ਨੂੰ ਸਵਿਕਾਰ ਕਰਨਾ ਚਾਹੀਦਾ ਹੈ।

ਅਮ੍ਰਿਤਾਪਾਲ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਨਸ਼ਾ ਛੁਡਾਉਣ ਦੇ ਕੰਮ ਖ਼ਿਲਾਫ਼ ਕੁਝ ਸਿੱਖ ਸੰਸਥਾਵਾਂ ਵੀ ਕੰਮ ਕਰ ਰਹੀ ਹਨ। ਤੇ ਉਨ੍ਹਾਂ ਖ਼ਿਲਾਫ਼ ਪ੍ਰਚਾਰ ਕਰ ਰਹੀਆਂ ਹਨ।

ਘਟਨਾਕ੍ਰਮ

  • 15 ਫ਼ਰਵਰੀ ਨੂੰ ਇੱਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ।
  • ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੁੱਟਿਆ ਗਿਆ ਹੈ
  • ਵਰਿੰਦਰ ਦੀ ਸ਼ਿਕਾਇਤ ਤੇ ਅਜਨਾਲਾ ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਕੁਝ ਸਾਥੀਆਂ ਖ਼ਿਲਾਫ਼ ਕੁੱਟਮਾਰ ਤੇ ਲੁੱਟਖੋਹ ਦਾ ਪਰਚਾ ਦਰਜ ਕੀਤਾ।
  • 18 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕਰ ਵੱਡੀ ਕਾਰਵਾਈ ਦੀ ਗੱਲ ਆਖੀ ਸੀ
  • 22 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਨੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਜੇ ਨਿਸ਼ਾਨ ਸਿੰਘ ਨੂੰ ਰਿਹਾਅ ਨਾ ਕੀਤੇ ਗਿਆ ਤਾਂ ਉਹ 23 ਫ਼ਰਵਰੀ ਨੂੰ ਆਪਣੇ ਸਾਥੀਆਂ ਸਮੇਤ ਅਜਨਾਲਾ ਥਾਣੇ ਪਹੁੰਚਕੇ ਗ੍ਰਿਫ਼ਤਾਰੀ ਦੇਣਗੇ।

ਪਰਚਾ ਦਰਜ ਹੋਣ ਦਾ ਮਾਮਲਾ

ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅਜਨਾਲਾ ਦੇ ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਸੀ, "ਵਰਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਆਪਣੇ ਦੋਸਤਾਂ ਨਾਲ ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ ਅਜਨਾਲਾ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਆਏ ਸਨ।

"ਇਸੇ ਦੌਰਾਨ ਉਨ੍ਹਾਂ ਨੂੰ ਇੱਕ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ ਜਿਸ ਨੇ ਅਮ੍ਰਿਤਪਾਲ ਨਾਲ ਚਲ ਰਹੇ ਵਿਚਾਰਕ ਮਤਭੇਦ ਬਾਰੇ ਗੱਲਬਾਤ ਜ਼ਰੀਏ ਖ਼ਤਮ ਕਰਨ ਦੀ ਗੱਲ ਆਖੀ।"

ਪੁਲਿਸ ਮੁਤਾਬਕ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਅਮ੍ਰਿਤਪਾਲ ਨੂੰ ਮਿਲਣ ਗਏ ਸਨ, ਜਿਥੇ ਕੁਝ ਨੌਜਵਾਨ ਉਨ੍ਹਾਂ ਨੂੰ ਇੱਕ ਅਣਪਛਾਤੀ ਥਾਂ 'ਤੇ ਲੈ ਕੇ ਗਏ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।

ਵਰਿੰਦਰ ਸਿੰਘ ਮੁਤਾਬਕ, ''ਉਨ੍ਹਾਂ ਨਾਲ ਕੁੱਟਮਾਰ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਸੀ।''

ਡੀਐੱਸਪੀ ਅਜਨਾਲਾ ਨੇ ਦੱਸਿਆ ਸੀ ਕਿ ਪੀੜਤ ਵਿਅਕਤੀ ਵਰਿੰਦਰ ਸਿੰਘ ਦੇ ਬਿਆਨਾਂ 'ਤੇ ਅਮ੍ਰਿਤਪਾਲ ਸਿੰਘ ਸਮੇਤ ਉਨ੍ਹਾਂ ਦੇ ਸਾਥੀਆਂ ਬਿਕਰਮਜੀਤ ਸਿੰਘ, ਪਪਲਪ੍ਰੀਤ ਸਿੰਘ, ਕੁਲਵੰਤ ਸਿੰਘ ਰਾਉਂਕੇ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ।

ਉਨ੍ਹਾਂ ਖ਼ਿਲਾਫ਼ ਕੁੱਟਮਾਰ ਦੇ ਨਾਲ ਨਾਲ ਲੁੱਟ-ਖੋਹ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।

ਇਸ ਦੇ ਨਾਲ ਹੀ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਵਰਿੰਦਰ ਸਿੰਘ ਕੌਣ ਹਨ

ਸ਼ਿਕਾਇਤਕਰਤਾ ਵਰਿੰਦਰ ਸਿੰਘ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦੇ ਵਾਸੀ ਹਨ। ਉਹ ਧਰਮ ਪ੍ਰਚਾਰ ਦਾ ਕੰਮ ਕਰਦੇ ਹਨ।

ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਸੀ, "ਵਰਿੰਦਰ ਸਿੰਘ ਨੇ ਅਮ੍ਰਿਤਪਾਲ ਖ਼ਿਲਾਫ਼ ਇੱਕ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਵਿਚਾਰ ਰੱਖੇ। ਜਿਸ ਤੋਂ ਬਾਅਦ ਉਨ੍ਹਾਂ ਦਰਮਿਆਨ ਮਤਭੇਦ ਵੱਧ ਗਿਆ।"

ਉਨ੍ਹਾਂ ਕਿਹਾ ਸੀ ਕੇ ਇਹ ਮੌਜੂਦਾ ਘਟਨਾਕ੍ਰਮ ਦਾ ਕਾਰਨ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)