'ਚੂਹੇ ਖਾਣ ਵਾਲੇ ਮੂਸਾਹਾਰਿਆਂ ਤੋਂ ਲੈ ਕੇ ਰਾਮਨਾਮੀਆਂ ਤੱਕ' ਭਾਰਤੀ ਦਲਿਤਾਂ ਦੀਆਂ ਦੁਰਲੱਭ ਤਸਵੀਰਾਂ ਦੇਖੋ

ਝਾਰਖੰਡ ਵਿੱਚ ਕੋਲੇ ਦੀ ਖੁੱਲ੍ਹੀ ਖਾਣ ਦੇ ਕੋਲੋਂ ਫੌੜ੍ਹੀਆਂ ਨਾਲ ਲੰਘਦੀ ਹੋਈ— ਇੱਕ ਦਲਿਤ ਔਰਤ ।

ਹੇਠਾ ਲਗਭਗ ਇੱਕ ਸਦੀ ਤੋਂ ਅੱਗ ਧੁਖ਼ ਰਹੀ ਹੈ।

ਜ਼ਮੀਨਦੋਜ਼ ਖਾਣਾਂ ਪਤਾਲ ਵੱਲ ਨੂੰ ਜਾਂਦੀ ਸੁਰੰਗ ਦੇ ਰੂਪ ਵਿੱਚ ਹੁੰਦੀਆਂ ਹਨ।

ਜਦਕਿ ਖੁੱਲ੍ਹੀਆਂ ਖਾਣਾਂ ਕੋਲਾ ਮਿਲਣ ਦੀ ਡੁੰਘਾਈ ਤੱਕ ਡੂੰਘੇ ਵੱਡੇ ਟੋਏ ਦੇ ਰੂਪ ਵਿੱਚ ਹੁੰਦੀਆਂ ਹਨ।

ਇਹ ਤਸਵੀਰ ਬਲੈਕ ਐਂਡ ਵ੍ਹਾਈਟ ਤਸਵੀਰਾਂ ਦੀ ਲੜੀ— ਜਿਸ ਦਾ ਨਾਮ ਬਰੋਕਨ ਹੈ— ਦਾ ਹਿੱਸਾ ਹੈ।

ਇਹ ਤਸਵੀਰਾਂ ਆਸ਼ਾ ਥਡਾਨੀ ਨੇ ਖਿੱਚੀਆਂ ਹਨ। ਉਹ ਪਿਛਲੇ ਸੱਤ ਸਾਲਾਂ ਤੋਂ ਭਾਰਤ ਦੇ ਦਲਿਤਾਂ ਦੀਆਂ ਜ਼ਿੰਦਗੀਆਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਹਨ।

ਭਾਰਤ ਦੀ 20 ਕਰੋੜ ਦਲਿਤ ਅਬਾਦੀ ਜੋ ਕਠੋਰ ਜਾਤ ਪ੍ਰਣਾਲੀ ਕਾਰਨ ਆਪਣੇ ਆਪ ਨੂੰ ਹਾਸ਼ੀਏ 'ਤੇ ਮਹਿਸੂਸ ਕਰਦੀ ਹੈ।

ਇਹ ਅਬਾਦੀ ਸਮਾਜਿਕ ਦਰਜਾਬੰਦੀ ਵਿੱਚ ਸਭ ਤੋਂ ਨੀਵੇਂ ਦਰਜੇ ਉੱਪਰ ਜੀਵਨ ਬਸਰ ਕਰਦੀ ਹੈ।

ਹਾਲਾਂਕਿ ਸਰਕਾਰੀ ਸੰਸਥਾਵਾਂ ਵਿੱਚ ਮਿਲਦੇ ਰਾਖਵੇਂਕਰਨ ਨੇ ਸਧਾਰਨ ਵਰਗ ਅਤੇ ਦਲਿਤ ਵਰਗ ਵਿਚਲੇ ਸਿੱਖਿਆ, ਆਮਦਨੀ ਅਤੇ ਸਿਹਤ ਦੇ ਪਾੜੇ ਨੂੰ ਘੱਟ ਕੀਤਾ ਹੈ।

ਦਲਿਤਾਂ ਦਾ ਆਪਣਾ ਚੈਂਬਰ ਆਫ ਕਾਮਰਸ ਹੈ ਜਿਸ ਵਿੱਚ ਕਈ ਲੱਖਪਤੀ ਦਲਿਤ ਕਾਰੋਬਾਰੀ ਸ਼ਾਮਿਲ ਹਨ।

ਕਈ ਸੰਗਠਨ ਦਲਿਤ ਹੱਕਾਂ ਦੀ ਰਾਖੀ ਲਈ ਸਰਗਰਮ ਹਨ।

ਦੋ ਦਲਿਤ ਝਾਰਖੰਡ ਦੇ ਮੁੱਖ ਮੰਤਰੀ ਵੀ ਰਹੇ ਹਨ।

ਫਿਰ ਵੀ ਬਹੁਤ ਵੱਡੀ ਦਲਿਤ ਅਬਾਦੀ ਦੂਜਿਆਂ ਵੱਲੋਂ ਰੱਦ ਕੀਤੇ ਜਾਂ ਘਟੀਆ ਸਮਝੇ ਜਾਂਦੇ ਪੇਸ਼ਿਆਂ ਉੱਪਰ ਹੀ ਨਿਰਭਰ ਹੈ ਜਿਵੇਂ ਕਿ ਮੁਰਦਾ ਪਸ਼ੂਆਂ ਨੂੰ ਟਿਕਾਣੇ ਲਾਉਣਾ ਅਤੇ ਸੀਵਰ ਸਾਫ਼ ਕਰਨੇ।

ਥਈਅਮ ਉੱਤਰੀ ਕੇਰਲਾ ਦੀ ਇੱਕ ਧਾਰਮਿਕ ਰਸਮ ਹੈ।

ਇਹ ਤਸਵੀਰ ਕੇਰਲ ਦੇ ਇੱਕ ਦਲਿਤ ਥਈਅਮ ਕਲਾਕਾਰ ਦੀ ਹੈ। ਥਈਅਮ ਕਲਾਕਾਰ ਦੇਵਤਿਆਂ ਦਾ ਭੇਸ ਧਾਰਨ ਕਰਦੇ ਹਨ।

ਥਡਾਨੀ ਦੱਸਦੇ ਹਨ, “ਜਦੋਂ ਉਹ (ਦਲਿਤ) ਥਈਅਮ ਕਲਾਕਾਰ ਬਣ ਜਾਂਦੇ ਹਨ ਤਾਂ ਉਹ ਸੂਤਰਧਾਰ ਅਤੇ ਇੱਕ ਜ਼ਰੀਆ ਬਣ ਜਾਂਦੇ ਹਨ। ਦੇਵਤਿਆਂ ਦੇ ਜਿਉਂਦੇ-ਜਾਗਦੇ ਨੁਮਾਇੰਦੇ।"

ਥਡਾਨੀ ਦੱਸਦੇ ਹਨ, "ਹਾਲਾਂਕਿ ਥਈਅਮ ਦੀਆਂ ਜੜ੍ਹਾਂ ਵੀ ਜਾਤ ਪਾਤ ਵਿੱਚ ਹੀ ਹਨ। ਫਿਰ ਵੀ ਉੱਚੀ ਜਾਤ ਵਾਲਿਆਂ ਨੂੰ, ਇਨ੍ਹਾਂ ਨੀਵੀਂ ਜਾਤ ਦੇ ਕਲਾਕਾਰਾਂ ਦਾ ਸਤਿਕਾਰ ਕਰਨਾ ਪੈਂਦਾ ਹੈ।”

ਮੂਸਾਹਾਰ ਦਾ ਸ਼ਾਬਦਿਕ ਅਰਥ ਹੈ “ਚੂਹਾ ਮਾਨਵ”। ਅੱਤ ਦੀ ਗਰੀਬੀ ਕਾਰਨ ਚੂਹੇ ਹੀ ਇਨ੍ਹਾਂ ਲੋਕਾਂ ਦੀ ਮੁੱਖ ਖ਼ੁਰਾਕ ਹੁੰਦੇ ਹਨ।

ਮੂਸਾਹਾਰੇ ਬਿਹਾਰ ਸੂਬੇ ਦੀ ਇੱਕ ਦਲਿਤ ਬਿਰਾਦਰੀ ਹੈ। ਉਹ ਵੱਡੇ ਜ਼ਿਮੀਂਦਾਰਾਂ ਦੇ ਖੇਤ ਮਜ਼ਦੂਰ ਹੁੰਦੇ ਹਨ ਅਤੇ ਸਾਲ ਵਿੱਚ ਅੱਠ ਮਹੀਨੇ ਬੇਰੁਜ਼ਗਾਰ ਰਹਿੰਦੇ ਹਨ।

ਹਾਲਾਂਕਿ ਸਮੇਂ ਦੇ ਨਾਲ ਮੂਸਾਹਾਰੇ ਲੋਕਾਂ ਹੋਰ ਪੇਸ਼ਿਆਂ ਵਿੱਚ ਵੀ ਪੈ ਗਏ ਹਨ। ਇੱਕ ਪੇਸ਼ਾ ਹੈ— ਨਚਨੀਆ ਗਰੁੱਪ। ਜਿੱਥੇ ਮੂਸਾਹਾਰੇ ਮਰਦ ਔਰਤਾਂ ਦੇ ਕੱਪੜੇ ਪਾ ਕੇ ਨੱਚਦੇ ਹਨ ਅਤੇ ਲੋਕਾਂ ਦਾ ਮਨੋਰੰਜਨ ਕਰਦੇ ਹਨ।

ਇਨ੍ਹਾਂ ਕਲਾਕਾਰਾਂ ਦੀ ਉਮਰ 10-23 ਸਾਲ ਦੇ ਦਰਮਿਆਨ ਹੁੰਦੀ ਹੈ ਵਿਆਹਾਂ ਵਿੱਚ ਕਲਾ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਹਨ। ਖਾਸ ਕਰਕੇ ਮਾਨਸੂਨ ਦੀ ਰੁੱਤ ਵਿੱਚ।

ਇਹ ਇੱਕ ਤੁਰਦਾ-ਫਿਰਦਾ ਭਜਨ ਹੈ— ਰਾਮਨਾਮੀ

ਇਹ ਔਰਤਾਂ ਆਪਣੇ ਚਿਹਰੇ ਅਤੇ ਗੰਜੇ ਸਿਰ ਉੱਤੇ ਦੇਵਨਾਗਰੀ ਵਿੱਚ ਰਾਮ-ਰਾਮ ਖੁਣਵਾ ਲੈਂਦੀਆਂ ਹਨ।

ਅਜਿਹੀ ਹੀ ਇੱਕ ਰਾਮਨਾਮੀ ਘਰ ਦੇ ਦਰਵਾਜ਼ੇ ’ਤੇ ਖੜ੍ਹੀ ਹੈ।

ਮਿੱਟੀ ਦੇ ਤੇਲ ਦੇ ਦੀਵੇ ਦੇ ਧੂੰਏ ਤੋਂ ਬਣਾਈ ਸਿਆਹੀ ਨਾਲ ਲਿੱਬੜੀ ਇੱਕ ਬਰੀਕ ਸੂਈ ਨੂੰ ਵਾਰ-ਵਾਰ ਚਮੜੀ ਵਿੱਚ ਖੋਭ-ਖੋਭ ਕੇ ਅਣਗਿਣਤ ਵਾਰ ਰਾਮ ਨਾਮ ਖੁਣਿਆ ਜਾਂਦਾ ਹੈ।

ਇਹੀ ਸ਼ਬਦ ਉਸ ਦੇ ਮੋਢਿਆਂ ਉੱਪਰ ਬੜੇ ਸਲੀਕੇ ਨਾਲ ਟਿਕਾਈ ਸ਼ਾਲ ਉੱਪਰ ਵੀ ਦੇਖਿਆ ਜਾ ਸਕਦਾ ਹੈ।

ਪਿੰਡੇ ਉੱਪਰ ਰਾਮ ਨਾਮ ਖੁਣਨ ਦੀ ਰਵਾਇਤ 19ਵੀਂ ਸਦੀ ਵਿੱਚ ਸ਼ੁਰੂ ਹੋਈ।

ਜਦੋਂ ਛੱਤੀਸਗੜ੍ਹ ਦੀਆਂ ਰਾਮਨਾਮੀ ਔਰਤਾਂ ਨੇ ਆਪਣੇ ਤਨ ਅਤੇ ਮਨ ਉੱਪਰ ਰਾਮ ਦਾ ਨਾਮ ਖੁਣਵਾਉਣਾ ਸ਼ੁਰੂ ਕਰ ਦਿੱਤਾ। ਉਦੋਂ ਇਹ ਇੱਕ ਕਿਸਮ ਦਾ ਵਿਰੋਧ ਸੀ ਪਰ ਉਦੋਂ ਤੋਂ ਹੀ ਇਹ ਉਨ੍ਹਾਂ ਦੇ ਅਕੀਦੇ ਅਤੇ ਸ਼ਖਸ਼ੀਅਤ ਦੀ ਪਛਾਣ ਬਣ ਗਿਆ।

ਵਾਰਾਨਸੀ ਵਿੱਚ ਗੰਗਾ ਦੀਆਂ ਪਵਿੱਤਰ ਡੁੰਘਾਈਆਂ ਵਿੱਚੋਂ ਇੱਕ ਦਲਿਤ ਗੋਤਾਖੋਰ ਮੂੰਹ ਵਿੱਚ ਸਿੱਕੇ ਫੜ ਕੇ ਬਾਹਰ ਆਉਂਦਾ ਹੋਇਆ।

ਇਹ ਸਿੱਕੇ ਉਹ ਨਦੀ ਦੇ ਤਲ ਤੋਂ ਇਕੱਠੇ ਕਰਕੇ ਲਿਆਇਆ ਹੈ।

ਇਹ ਤਸਵੀਰ ਨਦੀ ਦੇ ਦੁਆਲੇ ਘੁੰਮਦੀ ਗੁੰਝਲਦਾਰ ਜ਼ਿਦਗੀ ਦੇ ਤਾਣੇ-ਬਾਣੇ ਦੀ ਇੱਕ ਝਾਂਕੀ ਪੇਸ਼ ਕਰਦੀ ਹੈ।

ਉਸ ਦੇ ਮੂੰਹ ਵਿੱਚ ਫੜੇ ਸਿੱਕੇ ਸ਼ਰਧਾਲੂਆਂ ਨੇ ਸਤਿਕਾਰ ਇੱਛਾ ਪੂਰਤੀ ਲਈ ਨਦੀ ਨੂੰ ਭੇਂਟ ਕੀਤੇ ਸਨ। ਜਦਕਿ ਉਸਦੇ ਹੱਥ ਨਦੀ ਵਿੱਚ ਤੈਰਨ ਲਈ ਅਜ਼ਾਦ ਹਨ।

ਥਡਾਨੀ ਮੁਤਾਬਕ, ਇਹ ਗੋਤਾਖੋਰ ਗੰਗਾ ਨਦੀ ਵਿੱਚੋਂ ਲਾਸ਼ਾਂ ਵੀ ਕੱਢਦੇ ਹਨ। ਇਸ ਕੰਮ ਦੇ ਬਦਲੇ ਉਨ੍ਹਾਂ ਨੂੰ ਮਿਹਨਤਾਨੇ ਵਜੋਂ ਸਸਤੀ ਸ਼ਰਾਬ ਦਿੱਤੀ ਜਾਂਦੀ ਹੈ।

ਉਹ ਕਹਿੰਦੇ ਹਨ, “ਹਰ ਡੁਬਕੀ ਇੱਕ ਰਸਮ ਹੈ ਅਤੇ ਕੱਢ ਕੇ ਲਿਆਂਦਾ ਗਿਆ ਹਰ ਸਿੱਕਾ ਭਵਜਲ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਦਾ ਸੰਕੇਤ ਹੈ।”

ਬਿਹਾਰ ਦੀਆਂ ਦਲਿਤ ਔਰਤਾਂ ਨੇ ਗਹਿਣੇ ਪਾਉਣ ਦੀ ਮਨਾਹੀ ਦੇ ਵਿਰੋਧ ਵਜੋਂ ਆਪਣੇ ਪਿੰਡੇ ਉੱਪਰ ਗਹਿਣੇ ਖੁਣਵਾਉਣੇ ਸ਼ੁਰੂ ਕਰ ਦਿੱਤੇ। ਉਹ ਟੈਟੂ ਬਣਵਾਉਣ ਲੱਗੀਆਂ।

ਇਸ ਤੋਂ ਇਲਾਵਾ ਗਾਂ ਦੇ ਗੋਹੇ, ਬਾਂਸ, ਤੂੜੀ, ਟਾਹਣੀਆਂ, ਤਾੜ ਦੇ ਪੱਤਿਆਂ ਨਾਲ ਬਣੇ ਕੱਚੇ ਘਰਾਂ ਦੀਆਂ ਗੋਹੇ ਨਾਲ ਲਿੱਪੀਆਂ ਕੰਧਾਂ ਨੂੰ ਇਨ੍ਹਾਂ ਔਰਤਾਂ ਨੇ ਆਪਣੇ ਕੈਨਵਸ ਬਣਾ ਲਿਆ।

ਦਲਿਤਾਂ ਨੂੰ ਹਿੰਦੂ ਦੇਵੀ-ਦੇਵਤਿਆਂ ਦੇ ਚਿੱਤਰ ਬਣਾਉਣ ਦੀ ਮਨਾਹੀ ਹੋਣ ਕਾਰਨ ਇਨ੍ਹਾਂ ਨੇ ਆਪਣੀ ਪ੍ਰੇਰਣਾ ਕੁਦਰਤ ਨੂੰ ਬਣਾਇਆ।

ਅੱਜ ਇਹ ਚਿੱਤਰਕਲਾ ਦੀ ਸ਼ੈਲੀ ਇਨ੍ਹਾਂ ਲਈ ਰੁਜ਼ਗਾਰ ਦਾ ਸਾਧਨ ਹੈ ਉੱਥੇ ਹੀ ਸਿਰਜਣਸ਼ੀਲਤਾ ਅਤੇ ਬਹਾਦਰੀ ਦੇ ਪ੍ਰਤੀਕ ਵਜੋਂ ਜਾਣੀ ਜਾਂਦੀ ਹੈ।

ਇਹ ਔਰਤਾਂ ਪੇਸ਼ੇਵਰ ਰੁਦਾਲੀਆਂ ਹਨ।

ਰੁਦਾਲੀਆਂ, ਪੈਸੇ ਬਦਲੇ ਕਿਸੇ ਦੀ ਮਰਗ ਉੱਤੇ ਜਾ ਕੇ ਵੈਣ ਪਾਉਂਣ ਵਾਲੀਆਂ ਪੇਸ਼ੇਵਰ ਔਰਤਾਂ ਨੂੰ ਕਿਹਾ ਜਾਂਦਾ ਹੈ।

ਰੁਦਾਲੀਆਂ ਤਾਮਿਲਨਾਡੂ ਦੇ ਦਲਿਤ ਭਾਈਚਾਰੇ ਵਿੱਚ ਆਮ ਹੁੰਦੀਆਂ ਹਨ।

ਵੈਣ ਰਵਾਇਤ ਵਜੋਂ ਕਿਸੇ ਨਜ਼ਦੀਕੀ ਅਤੇ ਸਨੇਹੀ ਰਿਸ਼ਤੇਦਾਰ ਦੀ ਮੌਤ ’ਤੇ ਘਰ ਜਾਂ ਸਕੀਰੀ ਦੀਆਂ ਔਰਤਾਂ ਵੱਲੋਂ ਪਾਏ ਜਾਂਦੀਆਂ ਹਨ।

ਇਹ ਵੈਣ ਸੁਣਨ ਵਾਲਿਆਂ ਦੇ ਦਿਲ ਚੀਰ ਕੇ ਲੰਘ ਜਾਂਦੇ ਹਨ।

ਇਨ੍ਹਾਂ ਔਰਤਾਂ ਨੂੰ ਮਰਗ ਵਾਲੇ ਘਰ ਦਿਲ ਟੁੰਭਵੇਂ ਵੈਣ ਪਾਉਣ ਲਈ ਬੁਲਾਇਆ ਜਾਂਦਾ ਹੈ।

ਇਸ ਕੰਮ ਵੀ ਸਿਰਫ਼ ਦਲਿਤ ਔਰਤਾਂ ਹੀ ਕਰਦੀਆਂ ਹਨ। ਦੁੱਖ ਦੇ ਪਰਗਟਾਵੇ ਨੂੰ ਅਕਸਰ ਕਮਜ਼ੋਰੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਅਤੇ ਅਕਸਰ ਔਰਤਾਂ ਹੀ ਸਮਝੀਆਂ ਜਾਂਦੀਆਂ ਹਨ।

ਸ਼ਿਵਾ, ਕਰਨਾਟਕ ਦੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ। ਉਹ ਬੰਗਲੂਰੂ ਦੀ ਮੀਟ ਮਾਰਕਿਟ ਦੇ ਬਾਹਰ ਬੱਕਰੀਆਂ ਦੇ ਸਿਰ ਸਾੜਨ ਦਾ ਕੰਮ ਕਰਦਾ ਹੈ।

ਬੱਕਰੀਆਂ ਦੇ ਸਿਰ ਵਾਲ ਖਤਮ ਕਰਨ ਲਈ ਅੱਗ ਵਿੱਚ ਸਾੜੇ ਜਾਂਦੇ ਹਨ।

ਇਹ ਬੱਕਰੀ ਦੇ ਸਰੀਰ ਦਾ ਸਭ ਤੋਂ ਮਹਿੰਗੇ ਮੁੱਲ ਵਿੱਚ ਵਿਕਣ ਵਾਲਾ ਹਿੱਸਾ, ਉਸਦਾ ਦਿਮਾਗ, ਹਾਸਲ ਕਰਨ ਲਈ ਜ਼ਰੂਰੀ ਹੈ।

ਸਿਰ ਸਾੜਨਾ ਦਿਮਾਗ ਹਾਸਲ ਕਰਨ ਲਈ ਜ਼ਰੂਰੀ ਹੈ।

ਇਹ ਲੋਕ ਦਿਨ ਵਿੱਚ ਕਈ-ਕਈ ਘੰਟੇ ਅੱਤ ਦੀ ਗਰਮੀ ਅਤੇ ਜ਼ਹਿਰੀਲੇ ਧੂਏਂ, ਕੋਲੇ ਦੀ ਸੁਆਹ ਦੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਮਸਾਂ 35 ਤੋਂ 45 ਸਾਲ ਹੀ ਜਿਉਂਦੇ ਹਨ।

ਬੱਕਰੀ ਦਾ ਸਿਰ ਟੰਗਣ ਵਾਲੀਆਂ ਲੋਹੇ ਦੀਆਂ ਸੀਖਾਂ ਬਹੁਤ ਜ਼ਿਆਦਾ ਗਰਮ ਹੋ ਜਾਂਦੀਆਂ ਹਨ।

ਇਨ੍ਹਾਂ ਸੀਖਾਂ ਨੂੰ ਫੜਦੇ ਰਹਿਣਕਾਰਨ ਸ਼ਿਵਾ ਵਰਗੇ ਕਾਮਿਆਂ ਦੇ ਹੱਥ ਸੰਵੇਦਨਾਸ਼ੀਲਤਾ ਗੁਆ ਲੈਂਦੇ ਹਨ।

ਇਹ ਕੰਮ ਸਿਰਫ਼ ਦਲਿਤ ਸਮਾਜ ਦੇ ਮਰਦ ਕਰਦੇ ਹਨ। ਕਈ ਤਾਂ 10 ਤੋਂ 12 ਸਾਲ ਦੀ ਨਿਆਣੀ ਉਮਰ ਤੋਂ ਹੀ ਇਸ ਕੰਮ ਵਿੱਚ ਲੱਗ ਜਾਂਦੇ ਹਨ।

ਇਸ ਖਤਰਨਾਕ ਕੰਮ ਦੇ ਬਦਲੇ ਉਨ੍ਹਾਂ ਨੂੰ ਪ੍ਰਤੀ ਸਿਰ 15 ਤੋਂ 20 ਰੁਪਏ ਮਿਹਨਤਾਨਾ ਮਿਲਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)