'ਪੇਂਡੂਆਂ ਦੇ ਬੱਚੇ ਪੜ੍ਹ ਲਿਖ ਜਾਣ ਤਾਂ ਕਈ ਆਪਣੇ ਬੈਕਗਰਾਊਂਡ ਬਾਰੇ ਸ਼ਰਮਿੰਦਾ ਹੋ ਜਾਂਦੇ ਹਨ', ਹਨੀਫ ਦਾ ਵਲੌਗ

ਰਿਸ਼ੀ ਸੂਨਕ, ਪ੍ਰੀਤੀ ਪਟੇਲ ਤੇ ਸਾਜਿਦ ਜਾਵੇਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਸ਼ੀ ਸੂਨਕ, ਪ੍ਰੀਤੀ ਪਟੇਲ ਤੇ ਸਾਜਿਦ ਜਾਵੇਦ ਨੇ ਯੂਕੇ ਦੀ ਸਿਆਸਤ ਵਿੱਚ ਵੱਡਾ ਨਾਂ ਕਮਾਇਆ ਹੈ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
  • ਪੜ੍ਹਨ ਦਾ ਸਮਾਂ: 5 ਮਿੰਟ

ਸੰਨ 1961 ਵਿੱਚ ਟੋਬਾ ਟੇਕ ਸਿੰਘ ਦੇ ਇੱਕ ਪਿੰਡ ਤੋਂ ਅਬਦੁਲ ਗਨੀ ਜਾਵੇਦ ਆਪਣੀ ਜਨਾਨੀ ਜ਼ੂਬੈਦਾ ਜਾਵੇਦ ਨਾਲ ਯੂਕੇ ਆ ਗਿਆ। ਕਹਿੰਦੇ ਹਨ ਜਦੋਂ ਉਹ ਇੱਥੇ ਪਹੁੰਚਿਆਂ ਤਾਂ ਉਸ ਦੀ ਜੇਬ੍ਹ ਵਿੱਚ ਇੱਕ ਪੌਂਡ ਸੀ।

ਫਿਰ ਬੜੀਆਂ ਮਿਹਨਤਾਂ ਕੀਤੀਆਂ। ਰਾਤ ਨੂੰ ਫੈਕਟਰੀ ਵਿੱਚ ਕੰਮ ਕਰੇ। ਦਿਨੇ ਬੱਸ ਡਰਾਈਵਰੀ ਸਿੱਖਦਾ ਸੀ। ਉਸ ਦੇ ਯਾਰਾਂ-ਦੋਸਤਾਂ ਉਸ ਦਾ ਨਾਮ ਮਿਸਟਰ ਡੇਅ ਐਂਡ ਨਾਈਟ ਰੱਖ ਦਿੱਤਾ। ਇਹ ਬੰਦਾ 24 ਘੰਟੇ ਬਸ ਕੰਮ ਹੀ ਕਰਦਾ ਹੈ।

ਉਹ ਆਪ ਵੀ ਕਹਿੰਦੇ ਸਨ ਕਿ ਰੱਬ ਨੇ ਜਿਹੜਾ ਟਾਈਮ ਦਿੱਤਾ ਹੈ ਉਹ ਮਿਹਨਤ-ਮਜ਼ਦੂਰੀ ਲਈ ਦਿੱਤਾ ਹੈ।

ਜ਼ੁਬੈਦਾ ਹਾਊਸ ਵਾਈਫ ਸਨ ਅਤੇ ਉਨ੍ਹਾਂ ਨੂੰ ਜ਼ਿਆਦਾ ਅੰਗਰੇਜ਼ੀ ਨਹੀਂ ਆਉਂਦੀ ਸੀ। ਉਨ੍ਹਾਂ ਨੇ ਪੰਜ ਪੁੱਤਰ ਜੰਮੇ, ਪਾਲ਼ੇ, ਵੱਡੇ ਕੀਤੇ ਅਤੇ ਪੜ੍ਹਾਏ। ਪੰਜੋਂ ਦੇ ਪੰਜੋਂ ਬੜੇ ਲਾਇਕ ਨਿਕਲੇ।

ਉਨ੍ਹਾਂ ਵਿੱਚੋਂ ਸਾਜਿਦ ਜਾਵੇਦ ਸਭ ਤੋਂ ਵੱਧ ਲਾਇਕ ਸੀ। ਉਸ ਨੂੰ ਛੋਟੀ ਉਮਰੇ ਹੀ ਵੱਡੇ ਬੈਂਕ ਨੇ ਵੱਡੀ ਨੌਕਰੀ ਦੇ ਦਿੱਤੀ। ਫਿਰ ਉਨ੍ਹਾਂ ਨੇ ਨੌਕਰੀ ਛੱਡ ਕੇ ਸਿਆਸਤ ਸ਼ੁਰੂ ਕੀਤੀ ਤੇ ਸਿਆਸਤ ਵਿੱਚ ਵੀ ਬੜੀ ਤਰੱਕੀ ਕੀਤੀ।

ਇਮੀਗ੍ਰੈਂਟ ਪੁੱਤਰ, ਐਂਟੀ-ਇਮੀਗ੍ਰੇਸ਼ਨ ਨੀਤੀਆਂ

ਵੀਡੀਓ ਕੈਪਸ਼ਨ, 'ਜੇ ਮੇਰੇ ਵੱਸ 'ਚ ਹੁੰਦਾ, ਮੈਂ ਆਪਣੇ ਮਾਂ-ਪਿਓ ਵਰਗਿਆਂ ਨੂੰ ਵੀ ਯੂਕੇ ਵੜਨ ਨਹੀਂ ਸੀ ਦੇਣਾ'

ਪਹਿਲਾਂ ਵਜ਼ੀਰ ਬਣੇ ਅਤੇ ਉਸ ਤੋਂ ਬਾਅਦ ਯੂਕੇ ਦੇ ਹੋਮ ਸੈਕਟਰੀ ਬਣ ਗਏ, ਜਿਸ ਨੂੰ ਅਸੀਂ ਵਜ਼ੀਰ-ਏ-ਦਾਖ਼ਲਾ ਕਹਿੰਦੇ ਹਨ।

ਆਪਣੀ ਕੰਜ਼ਰਵੈਟਿਵ ਪਾਰਟੀ ਦੀ ਪਾਲਿਸੀ ਕਾਰਨ ਉਹ ਸਿਆਸਤ ਅੱਗੇ ਵਧਾਉਣ ਲਈ ਇਮੀਗ੍ਰੇਸ਼ਨ ਉੱਤੇ ਬੜੇ ਸਖ਼ਤ ਸਨ। ਪਰ ਹੁਣ ਤਾਂ ਉਹ ਹਕੂਮਤ ਵਿੱਚ ਨਹੀਂ ਹਨ ਪਰ ਧੰਦੇ ਹੁਣ ਵੀ ਉਹ ਵੱਡੇ ਕਰਦੇ ਹਨ।

ਉਨ੍ਹਾਂ ਨੇ ਇੱਕ ਕਿਤਾਬ ਲਿਖੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਜੇ ਮੇਰੇ ਵਸ ਵਿੱਚ ਹੁੰਦਾ ਤਾਂ ਮੈਂ ਆਪਣੇ ਅੰਮੀ-ਅੱਬਾ ਵਰਗੇ ਲੋਕਾਂ ਨੂੰ ਯੂਕੇ ਵੜਨ ਹੀ ਨਹੀਂ ਦੇਣਾ ਸੀ ਕਿਉਂਕਿ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਅਤੇ ਇਸ ਤਰ੍ਹਾਂ ਲੋਕਾਂ ਨੇ ਆ ਕੇ ਯੂਕੇ ਨੂੰ ਬੜਾ ਖ਼ਰਾਬ ਕੀਤਾ ਹੈ।

ਇਹ ਕੋਈ ਨਵੀਂ ਗੱਲ ਨਹੀਂ ਹੈ। ਗਰੀਬਾਂ ਦੇ, ਪੇਂਡੂਆਂ ਦੇ ਬੱਚੇ ਪੜ੍ਹ-ਲਿਖ ਕੇ ਵੱਡੇ ਲੋਕ ਬਣ ਜਾਣ ਅਤੇ ਦੂਜੇ ਸ਼ਹਿਰਾਂ ਤੇ ਮੁਲਕਾਂ ਵਿੱਚ ਚਲੇ ਜਾਣ, ਉਨ੍ਹਾਂ ਵਿੱਚੋਂ ਕਈ ਆਪਣੇ ਬੈਕਗਰਾਊਂਡ ਬਾਰੇ ਥੋੜ੍ਹਾ ਜਿਹਾ ਸ਼ਰਮਿੰਦਾ ਹੋ ਜਾਂਦੇ ਹਨ।

ਅਸੀਂ ਇਹ ਵੀ ਵੇਖਿਆ ਹੈ ਪਿੰਡੋਂ ਧੋਤੀ-ਸਾਫਾ ਪਾ ਕੇ ਪਿਉ ਮਿਲਣ ਆਇਆ ਹੈ ਅਤੇ ਮੁੰਡਾ ਅੱਗੇ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਦਿੰਦੇ ਹਨ ਕਿ ਇਹ ਸਾਡਾ ਮਜ਼ਾਰਾ ਹੈ।

ਸਾਡੇ ਸੋਹਣੇ ਸ਼ਾਇਰ ਅਸਲਮ ਕੋਹਲਸਰੀ ਸਾਬ੍ਹ ਫਰਮਾ ਗਏ ਸਨ, "ਸ਼ਹਿਰ ਮੇਂ ਆ ਕਰ ਪੜ੍ਹਨੇ ਵਾਲੇ ਭੂਲ ਗਏ ਕਿ ਕਿਸ ਕੀ ਮਾਂ ਨੇ ਕਿਤਨਾ ਜੇਵਰ ਬੇਚਾ ਥਾ।"

ਸਾਜਿਦ ਜਾਵੇਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਕੇ ਵਿੱਚ ਪਾਕਿਸਤਾਨੀ ਮੂਲ ਦੇ ਸਿਆਸਤਦਾਨ ਸਾਜਿਦ ਜਾਵੇਦ

‘ਗੋਰਿਆਂ ਨਾਲੋਂ ਵੀ ਵੱਧ ਗੋਰੇ’

ਸ਼ਹਿਰਾਂ ਨੂੰ ਛੱਡੋ ਜਿਹੜੇ ਯੂਕੇ ਯੂਰਪ, ਅਮਰੀਕਾ ਇਮੀਗ੍ਰੇਂਟ ਬਣ ਕੇ ਆਏ ਹਨ। ਉਹ ਵੀ ਕੁਝ ਸਾਲ ਇੱਥੇ ਰਹਿ ਕੇ ਕਹਿਣਾ ਸ਼ੁਰੂ ਕਰ ਦਿੰਦੇ ਹਨ ਕਿ ਇਹ ਮੁਲਕ ਤਾਂ ਬੜਾ ਚੰਗਾ ਹੈ ਪਰ ਉਨ੍ਹਾਂ ਨੂੰ ਇਮੀਗ੍ਰੇਂਟ ਖ਼ਰਾਬ ਕਰ ਰਹੇ ਹਨ। ਅਸੀਂ ਆ ਗਏ ਹਾਂ ਠੀਕ ਸੀ ਪਰ ਹੁਣ ਬਾਰਡਰ ਬੰਦ ਕਰ ਦਿਓ।

ਜਿਹੜੇ ਇੱਥੇ ਸਿਆਸਤ ਵਿੱਚ ਅੱਗੇ ਆਏ ਹਨ, ਸਾਜਿਦ ਜਾਵੇਦ, ਪ੍ਰੀਤੀ ਪਟੇਲ, ਰਿਸ਼ੀ ਸੂਨਕ ਅਤੇ ਹੁਣ ਸ਼ਬਾਨਾ ਮਹਿਮੂਦ, ਉਨ੍ਹਾਂ ਨੂੰ ਦੇਖ ਕੇ ਪਹਿਲਾਂ ਤਾਂ ਦੇਸੀ ਬੜੇ ਖੁਸ਼ ਹੁੰਦੇ ਹਨ ਕਿ ਦੇਖੋ ਬਈ ਗੋਰਿਆਂ ਦੇ ਦੇਸ਼ ਵਿੱਚ ਇੰਨੀ ਆਜ਼ਾਦੀ ਹੈ ਕਿ ਸਾਡੇ ਬੰਦੇ ਇੱਥੇ ਰਾਜ਼ ਕਰ ਰਹੇ ਹਨ।

ਫਿਰ ਪਤਾ ਲੱਗਦਾ ਹੈ ਕਿ ਬਾਹਰੋਂ ਤਾਂ ਸਾਡੇ ਵਰਗੇ ਲੱਗਦੇ ਹਨ ਪਰ ਆਪਣੇ ਕੰਮਾਂ ਵਿੱਚ, ਆਪਣੀਆਂ ਪਾਲਿਸੀਆਂ ਵਿੱਚ ਇਹ ਗੋਰਿਆਂ ਨਾਲੋਂ ਵੀ ਜ਼ਿਆਦਾ ਡਾਢੇ ਹਨ।

ਉਹ ਇਹੀ ਕਹਿੰਦੇ ਹਨ ਕਿ ਅਸੀਂ ਦੇਸੀਆਂ ਦਾ, ਇਮੀਗ੍ਰੇਟਸ ਦਾ ਸਭ ਤੋਂ ਪਹਿਲਾਂ ਮਗੂ ਠੱਪਾਂਗੇ। ਤੁਸੀਂ ਕਹਿੰਦੇ ਹੋ ਇਮੀਗ੍ਰੇਸ਼ਨ ਤੁਹਾਡਾ ਮਸਲਾ ਹੈ ਤੇ ਅਸੀਂ ਤਾਂ ਇੱਥੇ ਆਪਣੇ ਪਿਉ ਨੂੰ ਵੀ ਨਹੀਂ ਵੜਨ ਦਿਆਂਗੇ।

ਹੋਰ ਤਰ੍ਹਾਂ ਦੀ ਸਿਆਸਤ ਕਰਨ ਵਾਲੇ ਵੀ ਹਨ। ਦੁਨੀਆਂ ਦੇ ਦੋ ਵੱਡੇ ਸ਼ਹਿਰ ਹਨ ਲੰਡਨ ਅਤੇ ਨਿਊਯਾਰਕ ਅਤੇ ਦੋਵਾਂ ਦੇ ਮੇਅਰ ਇੰਡੀਆ ਅਤੇ ਪਾਕਿਸਤਾਨ ਦੇ ਬੈਕਗਰਾਊਂਡ ਦੇ ਹਨ। ਮਸੀਤੇ ਵੀ ਤੁਰ ਜਾਂਦੇ, ਮੰਦਿਰ ਵੀ ਚਲੇ ਜਾਂਦੇ ਹਨ। ਗੇਅ ਪਰੇਡ ਵਿੱਚ ਵੀ ਸ਼ਾਮਿਲ ਹੋ ਜਾਂਦੇ ਹਨ ਅਤੇ ਹਨੂਕਾ (ਯਹੂਦੀ ਤਿਉਹਾਰ) ਵੀ ਮਨਾ ਲੈਂਦੇ ਹਨ।

ਮੁਹੰਮਦ ਹਨੀਫ

ਗੋਰਿਆਂ ਤੋਂ ਜ਼ਿਆਦਾ ਗੋਰੇ ਹਨ। ਆਪਣੇ ਮਾਂ-ਪਿਉ ਤੋਂ ਕੋਈ ਇੰਨੇ ਸ਼ਰਮਿੰਦਾ ਨਹੀਂ। ਜ਼ਾਹਿਰ ਹੈ ਫਰਿਸ਼ਤੇ ਉਹ ਵੀ ਕੋਈ ਨਹੀਂ, ਸਿਆਸਤ ਹੀ ਕਰ ਰਹੇ ਹਨ। ਵੋਟ ਲੈ ਕੇ ਆਉਂਦੇ ਹਨ ਅਤੇ ਗੋਰੇ ਉਨ੍ਹਾਂ ਨੂੰ ਤਰਸ ਖਾ ਕੇ ਵੋਟ ਨਹੀਂ ਦਿੰਦੇ, ਉਨ੍ਹਾਂ ਦੇ ਕੰਮਾਂ ਕਾਰਨ ਹੀ ਦਿੰਦੇ ਹਨ।

ਗਨੀ ਜਾਵੇਦ ਨੂੰ ਗੋਰੇ ਇੱਥੇ ਟੋਬਾ ਟੇਕ ਸਿੰਘ ਤੋਂ ਯੂਕੇ ਤਰਸ ਖਾ ਕੇ ਨਹੀਂ ਲੈ ਕੇ ਆਏ ਸਨ। ਸੰਨ 60 ਦੀ ਦਿਹਾਈ ਵਿੱਚ ਇੱਥੇ ਯੂਕੇ ਵਿੱਚ ਮਜ਼ਦੂਰਾਂ ਦਾ ਸਖ਼ਤ ਘਾਟਾ ਸੀ। ਇਸੇ ਲਈ ਉਹ ਇੰਡੀਆ ਅਤੇ ਪਾਕਿਸਤਾਨ ਤੋਂ ਲੋਕ ਲੈ ਕੇ ਆ ਰਹੇ ਸਨ ਅਤੇ ਉਨ੍ਹਾਂ ਨੂੰ ਆਉਣ ਦਿੰਦੇ ਸਨ।

ਉਹ ਆ ਕੇ ਇੱਥੇ ਮਿਹਨਤਾਂ ਕਰਦੇ ਸਨ ਅਤੇ ਕੁਝ ਆਪਣੀ ਲਾਈਫ ਬਣਾਈ ਅਤੇ ਫਿਰ ਇਸ ਥੱਕੇ ਹੋਏ ਯੂਕੇ ਨੂੰ ਆਪਣੀ ਮਿਹਨਤ ਨਾਲ ਆਪਣੇ ਪੈਰਾਂ ਉੱਤੇ ਖੜ੍ਹਾ ਕੀਤਾ।

ਹੁਣ ਗੋਰਿਆਂ ਦੇ ਘਰ ਥੋੜ੍ਹੀ ਸੌੜ ਪੈ ਗਈ ਹੈ ਅਤੇ ਉਨ੍ਹਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੇ ਬਾਹਰੋਂ ਆਏ ਸਨ, ਕੁਝ ਖਾ ਪੀ ਆਏ ਸਨ।

ਸਾਜਿਦ ਜਾਵੇਦ ਦੀ ਨਸਲ ਦੇ ਬੱਚੇ ਜਦੋਂ ਇੱਥੇ ਸਕੂਲ ਜਾਂਦੇ ਸਨ ਤਾਂ ਬੜਾ ਜ਼ਿਆਦਾ ਨਸਲੀ ਵਿਤਕਰਾ ਹੁੰਦਾ ਸੀ, ਉਨ੍ਹਾਂ ਨੂੰ 'ਪਾਕੀ' ਕਹਿੰਦੇ ਸਨ। ਕੋਈ ਪਰਖ ਨਹੀਂ ਪੈਂਦੀ ਸੀ ਕਿ ਤੁਸੀਂ ਇੰਡੀਆ ਤੋਂ ਆਏ ਹੋ ਜਾਂ ਪਾਕਿਸਤਾਨ ਤੋਂ, ਗਾਲ਼ ਇੱਕੋ ਹੀ ਪੈਂਦੀ ਸੀ।

ਉਹ ਹੁਣ ਵੱਡੇ ਹੋ ਕੇ ਸਫ਼ਲ ਹੋਏ ਹਨ। ਹੁਣ ਗੋਰਿਆਂ ਨੇ ਇਹ ਕੰਮ ਉਨ੍ਹਾਂ ਦੇ ਜ਼ਿੰਮੇ ਲਗਾ ਦਿੱਤਾ ਹੈ ਕਿ ਹੁਣ ਤੁਸੀਂ ਨਵੇਂ ਆਇਆ ਨੂੰ ਪਾਕੀ-ਪਾਕੀ ਕਿਹਾ ਕਰੋ।

ਗਨੀ ਜਾਵੇਦ ਅਤੇ ਜ਼ੁਬੈਦਾ ਨੂੰ ਆਪਣੇ ਪੁੱਤਰ ਉੱਤੇ ਕਾਫੀ ਮਾਣ ਸੀ। ਸਾਜਿਦ ਜਾਵੇਦ ਵੀ ਉਨ੍ਹਾਂ ਦਾ ਜ਼ਿਕਰ ਕਦੇ-ਕਦੇ ਬੜੇ ਪਿਆਰ ਨਾਲ ਕਰਦੇ ਹਨ। ਪਰ ਟੋਬਾ ਟੇਕ ਸਿੰਘ ਪਿੰਡ ਵਿੱਚ ਕੋਈ ਬਜ਼ੁਰਗ ਗੋਰਿਆਂ ਉੱਤੇ ਹੱਸਦਾ ਹੋਵੇਗਾ ਤੇ ਕਹਿੰਦੇ ਹੋਵੇਗਾ ਕਿ ਪਾਗਲੋਂ ਜਿਹੜਾ ਆਪਣੇ ਮਾਂ-ਪਿਉ ਦਾ ਨਾ ਹੋਇਆ, ਉਸ ਨੇ ਤੁਹਾਡਾ ਕੀ ਹੋਣਾ।

ਰੱਬ ਰਾਖਾ!

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)