You’re viewing a text-only version of this website that uses less data. View the main version of the website including all images and videos.
ਕੇਜਰੀਵਾਲ ਨੂੰ ਹਰਾਉਣ ਵਾਲੇ ਪਰਵੇਸ਼ ਵਰਮਾ ਤੋਂ ਇਲਾਵਾ, ਹੋਰ ਕੌਣ ਹੋ ਸਕਦਾ ਹੈ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ?
- ਲੇਖਕ, ਆਨੰਦ ਮਣੀ ਤ੍ਰਿਪਾਠੀ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਭਾਜਪਾ 27 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਦਿੱਲੀ ਵਿੱਚ ਸੱਤਾ ਵਿੱਚ ਵਾਪਸ ਆ ਰਹੀ ਹੈ।
ਇਸ ਤੋਂ ਪਹਿਲਾਂ, 1993 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 70 ਵਿੱਚੋਂ 49 ਸੀਟਾਂ ਜਿੱਤੀਆਂ ਸਨ।
ਹੁਣ ਭਾਜਪਾ ਨੂੰ 48 ਸੀਟਾਂ ਮਿਲੀਆਂ ਹਨ, ਜਦਕਿ 11 ਸਾਲਾਂ ਤੋਂ ਸੱਤਾ ਵਿੱਚ ਰਹੀ ਆਮ ਆਦਮੀ ਪਾਰਟੀ ਨੂੰ ਸਿਰਫ਼ 22 ਸੀਟਾਂ ਮਿਲੀਆਂ ਹਨ।
ਅਜਿਹੀ ਸਥਿਤੀ ਵਿੱਚ, ਸਵਾਲ ਇਹ ਉੱਠਦਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਬਣੇਗਾ?
ਆਓ ਜਾਣਦੇ ਹਾਂ ਉਨ੍ਹਾਂ ਪੰਜ ਦਾਅਵੇਦਾਰਾਂ ਬਾਰੇ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਨ ਦੀ ਕਤਾਰ ਵਿੱਚ ਮੰਨਿਆ ਜਾ ਰਿਹਾ ਹੈ:
ਪਰਵੇਸ਼ ਵਰਮਾ
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪਰਵੇਸ਼ ਵਰਮਾ ਦੀ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰੀ ਮਜ਼ਬੂਤ ਮੰਨੀ ਜਾ ਰਹੀ ਹੈ।
ਪਰਵੇਸ਼ ਵਰਮਾ ਨੇ ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ 4,089 ਵੋਟਾਂ ਨਾਲ ਹਰਾਇਆ ਹੈ।
ਪਰਵੇਸ਼ ਵਰਮਾ ਭਾਰਤੀ ਜਨਤਾ ਪਾਰਟੀ ਦਾ ਪੰਜਾਬੀ ਅਤੇ ਜਾਟ ਚਿਹਰਾ ਹਨ। ਉਹ 'ਰਾਸ਼ਟਰੀ ਸਵੈਮ' ਨਾਮਕ ਇੱਕ ਸਮਾਜ ਸੇਵਾ ਸੰਸਥਾ ਵੀ ਚਲਾਉਂਦੇ ਹਨ।
ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਮਰਹੂਮ ਸਾਹਿਬ ਸਿੰਘ ਵਰਮਾ ਦੇ ਪੁੱਤਰ ਹਨ। ਇਹ ਪਰਿਵਾਰ ਦਿੱਲੀ ਦੇ ਪ੍ਰਭਾਵਸ਼ਾਲੀ ਸਿਆਸੀ ਪਰਿਵਾਰਾਂ ਵਿੱਚੋਂ ਇੱਕ ਹੈ।
ਪਰਵੇਸ਼ ਵਰਮਾ ਦੇ ਚਾਚਾ ਵੀ ਰਾਜਨੀਤੀ ਵਿੱਚ ਹਨ। ਉਹ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਹਿ ਚੁੱਕੇ ਹਨ ਅਤੇ 2013 ਵਿੱਚ ਮੁੰਡਕਾ ਤੋਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ।
ਪਰਵੇਸ਼ ਦੇ ਪਤਨੀ ਸਵਾਤੀ ਸਿੰਘ ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਵਿਕਰਮ ਵਰਮਾ ਦੇ ਧੀ ਹਨ। ਪਰਵੇਸ਼ ਵਰਮਾ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।
ਚੋਣ ਪ੍ਰਚਾਰ ਵਿੱਚ ਉਨ੍ਹਾਂ ਦੀਆਂ ਦੋਵੇਂ ਧੀਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਸੀ।
ਪਰਵੇਸ਼ ਵਰਮਾ ਦੇ ਪਿਤਾ, ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ, ਭਾਜਪਾ ਦੇ ਦਿੱਗਜ ਆਗੂਆਂ ਵਿੱਚ ਗਿਣੇ ਜਾਂਦੇ ਸਨ। ਉਹ ਭਾਜਪਾ ਦੇ ਤਜਰਬੇਕਾਰ ਜਾਟ ਆਗੂਆਂ ਵਿੱਚੋਂ ਇੱਕ ਸਨ।
ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ, ਪਰਵੇਸ਼ ਵਰਮਾ ਨੇ ਵੀ ਸਿਆਸਤ ਵਿੱਚ ਪਰਵੇਸ਼ ਕੀਤਾ।
ਪਰਵੇਸ਼ ਵਰਮਾ ਨੇ ਸਾਲ 2013 ਵਿੱਚ ਪਹਿਲੀ ਵਾਰ ਚੋਣ ਲੜੀ ਅਤੇ ਮਹਿਰੌਲੀ ਤੋਂ ਵਿਧਾਇਕ ਬਣੇ।
ਇਸ ਚੋਣ ਵਿੱਚ ਵਰਮਾ ਨੇ ਪੰਜ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਇਸ ਤੋਂ ਬਾਅਦ ਉਹ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਬਾਰੇ ਸੰਯੁਕਤ ਸੰਸਦੀ ਕਮੇਟੀ ਅਤੇ ਸ਼ਹਿਰੀ ਵਿਕਾਸ ਬਾਰੇ ਸਥਾਈ ਕਮੇਟੀ ਦੇ ਮੈਂਬਰ ਵੀ ਰਹੇ।
ਇਸ ਮਗਰੋਂ, ਭਾਜਪਾ ਨੇ 2024 ਵਿੱਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ।
ਫਿਰ ਪਾਰਟੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਖੜ੍ਹਾ ਕੀਤਾ ਅਤੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਹਰਾ ਦਿੱਤਾ।
ਚੋਣਾਂ ਦੌਰਾਨ ਉਨ੍ਹਾਂ ਨੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਪ੍ਰਦੂਸ਼ਣ ਪ੍ਰਬੰਧਨ ਅਤੇ ਬੁਨਿਆਦੀ ਢਾਂਚੇ ਸਮੇਤ ਕਈ ਮੁੱਦਿਆਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਚੋਣਾਂ ਵਿੱਚ ਸਰੋਤਾਂ ਦੀ ਦੁਰਵਰਤੋਂ, ਯਮੁਨਾ ਪ੍ਰਦੂਸ਼ਣ ਅਤੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ 'ਤੇ ਭਾਜਪਾ ਦੇ 'ਸ਼ੀਸ਼ ਮਹਿਲ' ਦੇ ਇਲਜ਼ਾਮਾਂ ਨੂੰ ਲੈ ਕੇ, ਉਨ੍ਹਾਂ ਦੀ ਅਰਵਿੰਦ ਕੇਜਰੀਵਾਲ ਨਾਲ ਤਿੱਖੀ ਬਹਿਸ ਵੀ ਹੋਈ।
ਪਰਵੇਸ਼ ਵਰਮਾ ਦਾ ਜਨਮ 1977 ਵਿੱਚ ਹੋਇਆ ਸੀ। ਉਨ੍ਹਾਂ ਨੇ ਦਿੱਲੀ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ।
ਇਸ ਤੋਂ ਬਾਅਦ, ਉਨ੍ਹਾਂ ਨੇ ਕਿਰੋੜੀ ਮਲ ਕਾਲਜ ਤੋਂ ਬੀਏ ਦੀ ਡਿਗਰੀ ਅਤੇ ਫੋਰ ਸਕੂਲ ਆਫ਼ ਮੈਨੇਜਮੈਂਟ ਤੋਂ ਐਮਬੀਏ ਕੀਤੀ।
ਪਰਵੇਸ਼ ਵਰਮਾ ਭਾਜਪਾ ਦੇ ਅਰਬਪਤੀ ਵਿਧਾਇਕਾਂ ਵਿੱਚੋਂ ਇੱਕ ਹਨ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਅਨੁਸਾਰ, ਉਨ੍ਹਾਂ ਕੋਲ ਕੁੱਲ 115 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।
ਉਹ ਆਪਣੇ ਹਮਲਾਵਰ ਬਿਆਨਾਂ ਕਾਰਨ ਕਈ ਵਾਰ ਵਿਵਾਦਾਂ ਵਿੱਚ ਵੀ ਘਿਰ ਚੁੱਕੇ ਹਨ। 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ, ਪਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ 'ਤੇ 24 ਘੰਟਿਆਂ ਲਈ ਪ੍ਰਚਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ।
2025 ਦੀਆਂ ਚੋਣਾਂ ਦੌਰਾਨ ਵੀ ਪਰਵੇਸ਼ ਵਰਮਾ 'ਤੇ ਮਹਿਲਾ ਵੋਟਰਾਂ ਨੂੰ ਜੁੱਤੇ ਵੰਡਣ ਦਾ ਇਲਜ਼ਾਮ ਲੱਗਿਆ ਸੀ, ਜਿਸ ਮਗਰੋਂ ਉਨ੍ਹਾਂ ਵਿਰੁੱਧ ਚੋਣ ਕਮਿਸ਼ਨ ਵਿੱਚ ਆਦਰਸ਼ ਚੋਣ ਜ਼ਾਬਤੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸਿਆਸੀ ਵਿਸ਼ਲੇਸ਼ਕ ਜੈ ਮ੍ਰਿਗ ਕਹਿੰਦੇ ਹਨ, "ਭਾਜਪਾ ਪਹਿਲੇ ਦਿਨ ਤੋਂ ਹੀ ਆਪਣੀ ਅਗਲੀ ਚੋਣ ਦੀ ਤਿਆਰੀ ਸ਼ੁਰੂ ਕਰ ਦਿੰਦੀ ਹੈ। ਅਗਲੀ ਚੋਣ ਸਿਰਫ਼ ਉਸੇ ਸੂਬੇ ਦੀ ਚੋਣ ਨਹੀਂ ਹੁੰਦੀ, ਇਹ ਕਿਸੇ ਹੋਰ ਸੂਬੇ ਦੀ ਵੀ ਚੋਣ ਹੁੰਦੀ ਹੈ। ਹਰਿਆਣਾ ਵਿੱਚ, ਇਹ ਮੰਨਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਗੈਰ-ਜਾਟ ਭਾਈਚਾਰੇ ਨੇ ਭਾਜਪਾ ਨੂੰ ਵੋਟ ਦਿੱਤੀ। ਅਜਿਹੀ ਸਥਿਤੀ ਵਿੱਚ, ਇਹ ਭਾਜਪਾ ਲਈ ਇੱਕ ਜਾਟ ਚਿਹਰੇ ਨੂੰ ਵਾਪਸ ਲਿਆਉਣ ਦਾ ਮੌਕਾ ਹੈ। ਇਸ ਤਰ੍ਹਾਂ, ਪਰਵੇਸ਼ ਵਰਮਾ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੇ ਕੰਮ ਆ ਸਕਦੇ ਹਨ।''
ਵੀਰੇਂਦਰ ਸਚਦੇਵਾ
ਵੀਰੇਂਦਰ ਸਚਦੇਵਾ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਸੂਬਾ ਪ੍ਰਧਾਨ ਹਨ।
1988 ਤੋਂ ਸਿਆਸਤ ਵਿੱਚ ਸਰਗਰਮ, ਸਚਦੇਵਾ ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਸਕੱਤਰ ਅਤੇ ਖਜ਼ਾਨਚੀ ਵੀ ਰਹੇ ਹਨ।
2009 ਵਿੱਚ, ਉਹ ਰਾਜ ਮੰਤਰੀ ਅਤੇ 2017 ਵਿੱਚ, ਰਾਜ ਦੇ ਉਪ-ਪ੍ਰਧਾਨ ਬਣੇ।
ਵੀਰੇਂਦਰ ਸਚਦੇਵਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਹਮਲਾਵਰ ਰਣਨੀਤੀ 'ਤੇ ਕੰਮ ਕਰ ਰਹੇ ਸਨ।
ਵਰਿੰਦਰ ਸਚਦੇਵਾ ਸੰਗਠਨ ਦੇ ਵਿਅਕਤੀ ਮੰਨੇ ਜਾਂਦੇ ਹਨ।
ਦਿੱਲੀ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਹੋਈਆਂ ਹਨ। ਅਜਿਹੀ ਸਥਿਤੀ ਵਿੱਚ, ਵੀਰੇਂਦਰ ਸਚਦੇਵਾ ਦੇ ਦਾਅਵੇ ਨੂੰ ਵੀ ਮਜ਼ਬੂਤ ਮੰਨਿਆ ਜਾ ਰਿਹਾ ਹੈ।
ਹਾਲਾਂਕਿ, ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਕਹਿੰਦੇ ਹਨ, "ਕਿਸੇ ਵੀ ਜਿੱਤ ਦਾ ਸਿਹਰਾ ਆਮ ਤੌਰ 'ਤੇ ਪ੍ਰਧਾਨ ਨੂੰ ਜਾਂਦਾ ਹੈ, ਪਰ ਭਾਜਪਾ ਵਿੱਚ, ਜਿੱਤ ਦਾ ਸਿਹਰਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਜਾਂਦਾ ਹੈ।"
ਮਨਜਿੰਦਰ ਸਿੰਘ ਸਿਰਸਾ
ਸਿੱਖ ਭਾਈਚਾਰੇ ਵਿੱਚ ਚੰਗੀ ਪਕੜ ਰੱਖਣ ਵਾਲੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਪਾਰਟੀ ਮੁੱਖ ਮੰਤਰੀ ਅਹੁਦੇ ਲਈ ਚੁਣ ਸਕਦੀ ਹੈ। ਭਾਜਪਾ ਕੋਲ ਸਿੱਖ ਭਾਈਚਾਰੇ ਦਾ ਕੋਈ ਵੱਡਾ ਚਿਹਰਾ ਹੈ ਵੀ ਨਹੀਂ।
ਸਿਰਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਭਾਜਪਾ ਦੀ ਟਿਕਟ 'ਤੇ ਰਾਜੌਰੀ ਗਾਰਡਨ ਤੋਂ ਚੋਣ ਜਿੱਤਣ ਵਾਲੇ ਮਨਜਿੰਦਰ ਸਿੰਘ ਸਿਰਸਾ ਪਹਿਲਾਂ ਵੀ ਦੋ ਵਾਰ ਇਸੇ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਿਰਸਾ ਵੀ ਦਿੱਲੀ ਵਿੱਚ ਭਾਜਪਾ ਲਈ ਮੁੱਖ ਮੰਤਰੀ ਅਹੁਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਹਨ, ਤਾਂ ਜੋ ਉਨ੍ਹਾਂ ਦੀ ਮਦਦ ਨਾਲ ਪਾਰਟੀ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਵੋਟਰਾਂ ਨੂੰ ਲੁਭਾਉਣ ਦੀ ਤਿਆਰੀ ਸ਼ੁਰੂ ਕਰ ਸਕੇ।
ਸਿਰਸਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੀ ਕਰੀਬੀ ਰਹੇ ਹਨ।
ਵਿਜੇਂਦਰ ਗੁਪਤਾ
ਦਿੱਲੀ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਸਾਬਕਾ ਪ੍ਰਧਾਨ ਵਿਜੇਂਦਰ ਗੁਪਤਾ ਵੀ ਮੁੱਖ ਮੰਤਰੀ ਦੀ ਦੌੜ ਵਿੱਚ ਦੱਸੇ ਜਾ ਰਹੇ ਹਨ।
ਉਹ ਵੈਸ਼ ਭਾਈਚਾਰੇ ਤੋਂ ਆਉਂਦੇ ਹਨ। ਦਿੱਲੀ ਵਿੱਚ ਵੈਸ਼ ਭਾਈਚਾਰਾ ਵੱਡੀ ਗਿਣਤੀ ਵਿੱਚ ਮੌਜੂਦ ਹੈ।
ਵਿਜੇਂਦਰ ਗੁਪਤਾ ਲਗਾਤਾਰ ਚੋਣਾਂ ਜਿੱਤ ਕੇ ਹੀ ਕੇਜਰੀਵਾਲ ਸਰਕਾਰ ਵਿਰੁੱਧ ਬੋਲਦੇ ਰਹੇ ਅਤੇ ਲੜਦੇ ਰਹੇ।
ਉਨ੍ਹਾਂ ਨੇ ਰੋਹਿਣੀ ਸੀਟ ਤੋਂ ਲਗਾਤਾਰ ਤਿੰਨ ਚੋਣਾਂ ਜਿੱਤ ਕੇ ਹੈਟ੍ਰਿਕ ਲਗਾਈ ਹੈ। ਇਸ ਵਾਰ ਵੀ ਉਨ੍ਹਾਂ ਨੇ ਲਗਭਗ 38 ਹਜ਼ਾਰ ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ ਹੈ।
ਉਹ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਵੀ ਹਨ।
ਵਿਜੇਂਦਰ ਗੁਪਤਾ ਦਾ ਸਿਆਸੀ ਸਫ਼ਰ 1997 ਵਿੱਚ ਸ਼ੁਰੂ ਹੋਇਆ ਸੀ। ਉਹ ਪਹਿਲੀ ਵਾਰ ਦਿੱਲੀ ਨਗਰ ਨਿਗਮ ਦੇ ਪਾਰਸ਼ਦ ਚੁਣੇ ਗਏ ਸਨ।
ਰੇਖਾ ਗੁਪਤਾ
ਇਸ ਸੂਚੀ ਵਿੱਚ ਰੇਖਾ ਗੁਪਤਾ ਦਾ ਨਾਮ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਜੇਕਰ ਭਾਰਤੀ ਜਨਤਾ ਪਾਰਟੀ ਕਿਸੇ ਮਹਿਲਾ ਨੂੰ ਮੁੱਖ ਮੰਤਰੀ ਬਣਾਉਣ ਦੀ ਰਾਇ ਰੱਖਦੀ ਹੈ ਤਾਂ ਰੇਖਾ ਪਹਿਲੀ ਕਤਾਰ ਵਿੱਚ ਹਨ।
ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ ਤੋਂ ਲਗਭਗ 30 ਹਜ਼ਾਰ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਉਹ 2020 ਦੀਆਂ ਚੋਣਾਂ ਵਿੱਚ ਇਸੇ ਸੀਟ 'ਤੇ ਥੋੜ੍ਹੇ ਫਰਕ ਨਾਲ ਹਾਰ ਗਏ ਸਨ।
ਰੇਖਾ ਗੁਪਤਾ ਦਿੱਲੀ ਨਗਰ ਨਿਗਮ ਦੇ ਪਾਰਸ਼ਦ ਅਤੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਕਹਿੰਦੇ ਹਨ, "ਮਹਿਲਾ ਅਤੇ ਵੈਸ਼ ਭਾਈਚਾਰੇ, ਦੋਵਾਂ ਤੱਕ ਹੀ ਰੇਖਾ ਗੁਪਤਾ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ।"
ਹਾਲਾਂਕਿ, ਭਾਜਪਾ ਹਮੇਸ਼ਾ ਆਪਣੀਆਂ ਚੋਣਾਂ ਨਾਲ ਹੈਰਾਨ ਕਰਦੀ ਹੈ। ਚਾਹੇ ਉਹ ਉੜੀਸਾ ਹੋਵੇ ਜਾਂ ਛੱਤੀਸਗੜ੍ਹ, ਰਾਜਸਥਾਨ ਹੋਵੇ ਜਾਂ ਮੱਧ ਪ੍ਰਦੇਸ਼, ਭਾਜਪਾ ਨੇ ਹਮੇਸ਼ਾ ਇੱਕ ਅਜਿਹਾ ਨਾਮ ਚੁਣਿਆ ਹੈ ਜਿਸ ਦੀ ਬਹੁਤੀ ਚਰਚਾ ਨਹੀਂ ਹੁੰਦੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ