You’re viewing a text-only version of this website that uses less data. View the main version of the website including all images and videos.
ਮਾਸਟਰ ਸ਼ੈੱਫ਼ ਇੰਡੀਆ: ਤਿੰਨ ਪੰਜਾਬੀ ਜੱਜ ਕਰਨਗੇ ਮੁਕਾਬਲੇ ਵਿੱਚ ਸ਼ਾਮਲ ਲੋਕਾਂ ਦੀ ਕਿਸਮਤ ਦਾ ਫ਼ੈਸਲਾ
- ਲੇਖਕ, ਸੁਨੀਲ ਕਟਾਰੀਆ
- ਰੋਲ, ਬੀਬੀਸੀ ਪੱਤਰਕਾਰ
ਨਵੇਂ-ਨਵੇਂ ਪਕਵਾਨਾਂ ਨੂੰ ਬਣਾਉਣ ਪ੍ਰਤੀ ਜਨੂੰਨ ਰੱਖਣ ਵਾਲੇ ਲੋਕਾਂ ਲਈ ਸੋਨੀ ਟੀਵੀ ਉੱਤੇ ਦੋ ਜਨਵਰੀ ਤੋਂ ਮਾਸਟਰ ਸ਼ੈੱਫ਼ ਇੰਡੀਆ ਨਾਮ ਦਾ ਇੱਕ ਸ਼ੋਅ ਸ਼ੁਰੂ ਹੋ ਰਿਹਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਇਹ ਸ਼ੋਅ ਪ੍ਰਸਾਰਿਤ ਹੋਵੇਗਾ।
ਮਾਸਟਰ ਸ਼ੈੱਫ਼ ਇੰਡੀਆ 2023 ਦੇ ਇਸ ਸੀਜ਼ਨ ਨੂੰ ਜੱਜ ਕਰਨ ਦੀ ਜ਼ਿੰਮੇਵਾਰੀ ਤਿੰਨ-ਤਿੰਨ ਪੰਜਾਬੀਆਂ ਨੂੰ ਮਿਲੀ ਹੈ।
ਇਹ ਨਾਮ ਹਨ – ਵਿਕਾਸ ਖੰਨਾ, ਗਰਿਮਾ ਅਰੋੜਾ ਅਤੇ ਰਣਵੀਰ ਬਰਾੜ।
ਪੰਜਾਬੀ ਪਰਿਵਾਰਾਂ ਨਾਲ ਤਾਲੁਕ ਰੱਖਣ ਵਾਲੇ ਇਹ ਤਿੰਨੇ ਚਿਹਰੇ ਪਕਵਾਨ ਬਣਾਉਣ ਵਾਲੇ ਜਨੂੰਨੀ ਪ੍ਰਤੀਭਾਗੀਆਂ ਦੇ ਹੱਥਾਂ ਦੇ ਬਣੇ ਜ਼ਾਇਕੇ ਦਾ ਮੁਲਾਂਕਣ ਕਰਨਗੇ ਅਤੇ ਤੈਅ ਕਰਨਗੇ ਕਿ ਕੌਣ ਬਣੇਗਾ ਮਾਸਟਰ ਸ਼ੈੱਫ਼ ਇੰਡੀਆ।
ਜਿੱਥੇ ਵਿਕਾਸ ਖੰਨਾ ਦਾ ਸਬੰਧ ਅੰਮ੍ਰਿਤਸਰ ਸ਼ਹਿਰ ਨਾਲ ਹੈ ਤਾਂ ਉੱਥੇ ਹੀ ਗਰਿਮਾ ਅਰੋੜਾ ਮੁੰਬਈ ਦੇ ਇੱਕ ਪੰਜਾਬੀ ਪਰਿਵਾਰ ਤੋਂ ਹਨ।
ਇਸੇ ਤਰ੍ਹਾਂ ਫਰੀਦਕੋਟ ਦੇ ਜ਼ਿਮੀਂਦਾਰ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ ਰਣਵੀਰ ਬਰਾੜ ਲਖਨਊ ਵਿੱਚ ਰਹਿੰਦੇ ਹਨ।
ਆਓ ਮਾਸਟਰ ਸ਼ੈੱਫ਼ ਇੰਡੀਆ ਦੇ ਇਨ੍ਹਾਂ ਤਿੰਨ ਜੱਜਾਂ ਬਾਰੇ ਤਫ਼ਸੀਲ ਵਿੱਚ ਜਾਣੀਏ...
ਵਿਕਾਸ ਖੰਨਾ
ਅੰਮ੍ਰਿਤਸਰ ਵਿੱਚ ਪੈਦਾ ਹੋਏ ਸ਼ੈੱਫ਼ ਵਿਕਾਸ ਖੰਨਾ ਨੇ ਬਤੌਰ ਪੰਜਾਬੀ ਅਮਰੀਕਾ ਤੱਕ ਨਾਮਣਾ ਖੱਟਿਆ ਹੈ। ਵਿਕਾਸ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਦੀ ਵੀਡੀਓ ਟੇਪਾਂ ਦੀ ਲਾਇਬ੍ਰੇਰੀ ‘ਦਿਲ ਲਗੀ’ ਨਾਮ ਹੇਠ ਸ਼ਹਿਰ ਦੇ ਬਸੰਤ ਐਵਿਨਿਊ ਵਿੱਚ ਸੀ।
ਵਿਕਾਸ ਨੇ ਅੰਮ੍ਰਿਤਸਰ ਦੇ ਸੈਂਟ ਫਰਾਂਸਿਸ ਸਕੂਲ ਤੋਂ ਪੜ੍ਹਾਈ ਕੀਤੀ। ਭਾਰਤ ਵਿੱਚ ਉਨ੍ਹਾਂ ਕਈ ਨਾਮੀਂ ਹੋਟਲਾਂ ਨਾਲ ਕੰਮ ਕੀਤਾ ਜਿਨ੍ਹਾਂ ਵਿੱਚ ਤਾਜ ਹੋਟਲ, ਓਬੇਰੋਏ ਗਰੁੱਪ, ਲੀਲਾ ਗਰੁੱਪ ਸ਼ਾਮਲ ਹਨ।
2019 ਵਿੱਚ ਉਨ੍ਹਾਂ ਦੁਬਈ ਵਿੱਚ ਆਪਣਾ ਰੈਸਟੋਰੈਂਟ ਕਿਨਾਰਾ ਨਾਮ ਹੇਠਾਂ ਖੋਲ੍ਹਿਆ।
ਸ਼ੈੱਫ਼ ਵਿਕਾਸ ਖੰਨਾ ਅਮਰੀਕਾ ਵਿੱਚ ਇੱਕ ਰੈਸਟੋਰੈਂਟ ਚਲਾਉਂਦੇ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਉਹ ਦੱਸਦੇ ਹਨ ਕਿ ਅੰਮ੍ਰਿਤਸਰ ਵਿੱਚ ਪੈਦਾ ਹੋਇਆ ਹਾਂ ਇਸ ਕਰ ਕੇ ਖਾਣਾ ਬਣਾਉਣਾ ਅਤੇ ਖਾਣਾ ਸਾਡੇ ਸੱਭਿਆਚਾਰ ਵਿੱਚ ਹੈ।
ਉਹ ਕਹਿੰਦੇ ਹਨ, ‘‘ਅੰਮ੍ਰਿਤਸਰ ਤੋਂ ਹੋਈਏ ਅਤੇ ਰੋਟੀ ਬਣਾਉਂਦੇ ਹੋਈਏ ਤਾਂ ਇਸ ਦਾ ਫ਼ਾਇਦਾ ਬਤੌਰ ਪੰਜਾਬੀ ਮਿਲਦਾ ਹੈ। ਕੰਮ ਕੋਈ ਹੋਵੇ ਜਾਂ ਨਾ ਹੋਵੇ ਪਰ ਦਿਨ ਵਿੱਚ 4-5 ਵਾਰ ਰੋਟੀ ਤਾਂ ਖਾਣੀ ਹੀ ਹੈ।‘’
‘’ਪੰਜਾਬੀ ਖਾਣਾ ਬਣਾਉਣ ਅਤੇ ਖਾਣ ਨੂੰ ਬਹੁਤ ਸੰਜੀਦਗੀ ਨਾਲ ਲੈਂਦੇ ਹਨ।’’
ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਨਾਲ ਆਪਣੀ ਸਾਂਝ ਬਾਰੇ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਛੋਟੇ ਹੁੰਦਿਆਂ ਜਦੋਂ ਉਨ੍ਹਾਂ ਦੇ ਘਰ ਦੀਆਂ ਛੱਤਾਂ ਉੱਤੇ ਕਣਕ ਸੁਕਾਉਣ ਲਈ ਵਛਾਈ ਜਾਂਦੀ ਸੀ ਤਾਂ ਉਨ੍ਹਾਂ ਦੇ ਦਾਦੀ ਕਹਿੰਦੇ ਸਨ ਕਿ ਪਹਿਲੀ ਬੋਰੀ ਕਣਕ ਦੀ ਪਿਸਾਉਣ ਤੋਂ ਬਾਅਦ ਘਰ ਨਹੀਂ ਹਰਿਮੰਦਰ ਸਾਹਿਬ ਲੈ ਕੇ ਜਾਣੀ ਹੈ।
ਵਿਕਾਸ ਨੇ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਬਤੌਰ ਸੇਵਾ ਪ੍ਰਸ਼ਾਦੇ ਵੀ ਬਣਾਏ ਹਨ ਅਤੇ ਉਹ ਕਹਿੰਦੇ ਹਨ ਕਿ ਇਹ ਅਹਿਸਾਸ ਧਰਮਾਂ ਤੋਂ ਪਰੇ ਹੈ।
ਅੰਮ੍ਰਿਤਸਰ ਦੇ ਕੁਲਚਿਆਂ ਬਾਰੇ ਇੱਕ ਕਿੱਸਾ ਸਾਂਝਾ ਕਰਦਿਆਂ ਵਿਕਾਸ ਦੱਸਦੇ ਹਨ, ‘’ਸ਼ਹਿਰ ਦੀ ਇੱਕ ਦੁਕਾਨ ਉੱਤੇ ਮੈਂ ਕੁਲਚੇ ਤਿਆਰ ਕਰਦਾ ਸੀ ਤਾਂ ਲੋਕ ਮਖੌਲ ਉਡਾਉਂਦੇ ਸਨ, ਪਰ ਕੋਈ ਗੱਲ ਨਹੀਂ। ਪਰ ਉਹ ਟ੍ਰੇਨਿੰਗ ਵੀ ਜ਼ਰੂਰੀ ਸੀ।‘’
ਉਨ੍ਹਾਂ ਦੱਸਿਆ ਕਿ ਮੇਰੇ ਖਾਣਾ ਬਣਾਉਣ ਨੂੰ ਲੈ ਕੇ ਮੁਹੱਲੇ ਦੀਆਂ ਔਰਤਾਂ ਗੱਲਾਂ ਕਰਦੀਆਂ ਸੀ ਕਿ ਮੁੰਡਾ ਹੋ ਕੇ ਰੋਟੀ ਬਣਾ ਰਿਹਾ ਹੈ, ਪਰ ਉਹ ਕਹਿੰਦੇ ਸਨ ਕਿ ਹੋਰ ਕੁਝ ਆਉਂਦਾ ਵੀ ਨਹੀਂ।
ਵਿਕਾਸ ਸ਼ੈੱਫ਼ ਹੋਣ ਦੇ ਨਾਲ-ਨਾਲ ਇੱਕ ਲੇਖਕ ਅਤੇ ਫ਼ਿਲਮ ਨਿਰਦੇਸ਼ਕ ਵੀ ਹਨ।
ਵਿਕਾਸ ਖੰਨਾ ਕਈ ਟੀਵੀ ਸ਼ੋਅਜ਼ ਦਾ ਵੀ ਹਿੱਸਾ ਰਹੇ ਹਨ। ਇਨ੍ਹਾਂ ਵਿੱਚ ਮਾਸਟਰ ਸ਼ੈੱਫ਼ ਇੰਡੀਆ, ਮਾਸਟਰ ਸ਼ੈੱਫ਼ ਆਸਟਰੇਲੀਆ, ਟਵਿਸਟ ਆਫ਼ ਲਾਈਫ਼, ਕਿਚਨ ਨਾਈਟਮੇਅਰਜ਼ ਆਦਿ ਸ਼ਾਮਲ ਹਨ।
ਕਈ ਐਵਾਰਡ ਨਾਲ ਸਨਮਾਨੇ ਜਾ ਚੁੱਕੇ ਵਿਕਾਸ ਖੰਨਾ ਬਹੁਤਾ ਸਮਾਂ ਅਮਰੀਕਾ ਵਿੱਚ ਹੀ ਰਹਿੰਦੇ ਹਨ।
ਇਹ ਵੀ ਪੜ੍ਹੋ:
ਗਰਿਮਾ ਅਰੋੜਾ
ਮੁੰਬਈ ਦੇ ਇੱਕ ਪੰਜਾਬੀ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ ਗਰਿਮਾ ਅਰੋੜਾ ਮੁੰਬਈ ਤੋਂ ਹਨ। 2018 ਵਿੱਚ ਉਹ ਥਾਈਲੈਂਡ ਦੇ ਬੈਂਕਾਕ ਵਿੱਚ ਆਪਣੇ ਰੈਸਟੋਰੈਂਟ ਗਾ ਕਰਕੇ ਮਿਸ਼ਲਿਨ ਸਟਾਰ ਸ਼ੋਅ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਸਨ।
ਬੀਬੀਸੀ ਨਾਲ ਉਸ ਸਮੇਂ ਗੱਲਬਾਤ ਗਰਿਮਾ ਨੇ ਕਿਹਾ ਸੀ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
21 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮੁੰਬਈ ਤੋਂ ਪੈਰਿਸ ਜਾਣ ਦਾ ਫ਼ੈਸਲਾ ਲਿਆ। ਇਹ ਫ਼ੈਸਲਾ ਉਨ੍ਹਾਂ ਉੱਥੋਂ ਦੇ ਇੱਕ ਕਲਨਰੀ ਸਕੂਲ ਵਿੱਚ ਪੜ੍ਹਾਈ ਲਈ ਲਿਆ।
ਇਸ ਤੋਂ ਪਹਿਲਾਂ ਉਹ ਇੱਕ ਪੱਤਰਕਾਰ ਸਨ।
ਪਕਵਾਨਾਂ ਬਾਰੇ ਆਪਣੇ ਪਿਆਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ, ‘‘ਮੇਰਾ ਪੰਜਾਬੀ ਪਰਿਵਾਰ ਅਤੇ ਉਨ੍ਹਾਂ ਦਾ ਖਾਣੇ ਪ੍ਰਤੀ ਬੇਹੱਦ ਪਿਆਰ ਮੈਨੂੰ ਇਸ ਵੱਲ ਲੈ ਆਇਆ।’’
ਉਹ ਦੱਸਦੇ ਹਨ ਕਿ ਇਹੀ ਉਹ ਪੰਜਾਬੀ ਵਾਲਾ ਅਹਿਸਾਸ ਸੀ ਜਿਸ ਨੇ ਮੈਨੂੰ ਖਾਣਾ ਬਣਾਉਣ ਵੱਲ ਤੋਰਿਆ।
ਗਰਿਮਾ ਮੁਤਾਬਕ ਉਨ੍ਹਾਂ ਦੇ ਪਿਤਾ ਹੀ ਮੁੱਢਲੇ ਤੌਰ ਉੱਤੇ ਕੁਕਿੰਗ ਵੱਲ ਉਨ੍ਹਾਂ ਨੂੰ ਪ੍ਰੇਰਿਤ ਕਰਨ ਵਾਲੇ ਸਨ। ਗਰਿਮਾ ਆਪਣੇ ਪਿਤਾ ਨੂੰ ਘਰ ਵਿੱਚ ਵੱਖ-ਵੱਖ ਪਕਵਾਨਾਂ ਨੂੰ ਬਣਾਉਂਦੇ ਦੇਖਦਿਆਂ ਵੱਡੇ ਹੋਏ ਹਨ।
ਗਰਿਮਾ ਕਹਿੰਦੇ ਹਨ ਕਿ ਇਸ ਗੱਲ ਨੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਅਹਿਮ ਰੋਲ ਅਦਾ ਕੀਤਾ।
ਅਪ੍ਰੈਲ 2017 ਵਿੱਚ ਥਾਈਲੈਂਡ ’ਚ ਆਪਣਾ ਰੈਸਟੋਰੈਂਟ ਸ਼ੁਰੂ ਕਰਨ ਵਾਲੇ ਗਰਿਮਾ ਨੇ ਕਈ ਨਾਮੀ ਸ਼ੈੱਫਜ਼ ਨਾਲ ਕੰਮ ਕੀਤਾ।
ਰਣਵੀਰ ਬਰਾੜ
ਰਣਵੀਰ ਬਰਾੜ ਵੀ ਭਾਰਤ ਦੇ ਨਾਮੀਂ ਸ਼ੈੱਫ਼ ਹਨ ਅਤੇ ਫ਼ਿਲਹਾਲ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਰਹਿੰਦੇ ਹਨ। ਲਖਨਊ ਵਿੱਚ ਹੀ ਉਨ੍ਹਾਂ ਦਾ ਜਨਮ ਹੋਇਆ।
ਰਣਵੀਰ ਦਾ ਸਬੰਧ ਪੰਜਾਬ ਦੇ ਫ਼ਰੀਦਕੋਟ ਦੇ ਇੱਕ ਜਿਮੀਂਦਾਰ ਪਰਿਵਾਰ ਤੋਂ ਹੈ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਰਣਵੀਰ ਦੱਸਦੇ ਹਨ ਕਿ ਉਨ੍ਹਾਂ ਨੂੰ ਖਾਣਾ ਬਣਾਉਂਦੇ 25 ਸਾਲ ਹੋ ਚੁੱਕੇ ਹਨ ਅਤੇ ਖਾਣਾ ਇੱਕ ਰਾਹ ਹੈ।
ਨਵੇ ਨਵੇਂ ਪਕਵਾਨ ਬਣਾਉਣ ਬਾਰੇ ਰਣਵੀਰ ਦੱਸਦੇ ਹਨ ਕਿ ਇਨ੍ਹਾਂ ਨੂੰ ਬਣਾਉਣ ਦੀ ਪ੍ਰੇਰਣਾ ਬਾਰੇ ਦੱਸਦੇ ਹਨ ਕਿ ਉਨ੍ਹਾਂ ਦਾ ਸ਼ੁਰੂ ਤੋਂ ਇਸ ਨੂੰ ਸਿੱਖਣ ਦਾ ਤਰੀਕਾ ਕਿਸੇ ਨੂੰ ਕੁਝ ਬਣਾਉਂਦੇ ਦੇਖਣਾ ਜਾਂ ਕਿਸੇ ਤੋਂ ਬਾਰੇ ਜਾਣਨਾ ਸੀ।
ਉਹ ਕਹਿੰਦੇ ਹਨ, ‘’ਮੇਰੀ ਜਾਣਕਾਰੀ ਦੀ ਇੱਕੋ-ਇੱਕ ਬਾਰੀ ਲੋਕ ਹਨ। ਪੜ੍ਹਾਈ-ਲਿਖਾਈ ਵਿੱਚ ਕਮਜ਼ੋਰ ਹੋਣ ਕਰਕੇ ਲੋਕਾਂ ਤੋਂ ਸਿੱਖਣ ਦਾ ਸੁਭਾਅ ਬਣ ਗਿਆ।‘’
ਲੋਕਾਂ ਨੂੰ ਵੱਖ-ਵੱਖ ਖਾਣੇ ਬਣਾਉਣ ਬਾਰੇ ਰਣਵੀਰ ਆਪਣੇ ਵੀਡੀਓਜ਼ ਰਾਹੀਂ ਵੀ ਦੱਸਦੇ ਰਹਿੰਦੇ ਹਨ। ਇਨ੍ਹਾਂ ਵੀਡੀਓਜ਼ ਉੱਤੇ ਆਉਂਦੇ ਵਿਊਜ਼ ਬਾਰੇ ਉਹ ਕਹਿੰਦੇ ਹਨ ਕਿ ਇਹ ਇੱਕ ਹੌਂਸਲਾ ਵਧਾਉਣ ਵਾਲੀ ਗੱਲ ਹੈ ਅਤੇ ਚੰਗਾ ਲੱਗਦਾ ਹੈ।
ਰਣਵੀਰ ਬਰਾੜ ਨਾਮੀ ਫੂਡ ਸ਼ੋਅ ਮਾਸਟਰ ਸ਼ੈੱਫ਼ ਇੰਡੀਆ ਦੇ ਜੱਜ ਰਹਿ ਚੁੱਕੇ ਹਨ।
ਇਸ ਤੋਂ ਇਲਾਵਾ ਜ਼ੀ ਖਾਨਾ ਖਜ਼ਾਨਾ, ਦਿ ਗ੍ਰੇਟ ਇੰਡੀਅਨ ਰਸੋਟੀ ਸੀਜ਼ਨ 1 ਤੇ 2, ਰਣਵੀਰਜ਼ ਕੈਫ਼ੇ, ਸਟੇਸ਼ਨ ਮਾਸਟਰਜ਼ ਟਿਫ਼ਿਨ, ਰਾਜਾ ਰਸੋਈ ਔਰ ਅੰਦਾਜ਼ ਅਨੋਖਾ ਅਤੇ ਕਈ ਹੋਰ ਸ਼ੋਅਜ਼ ਵਿੱਚ ਬਤੌਰ ਜੱਜ ਰਣਵੀਰ ਆਪਣੀ ਭੂਮਿਕਾ ਅਦਾ ਕਰ ਚੁੱਕੇ ਹਨ।
ਉਨ੍ਹਾਂ ਨੂੰ ਆਪਣੇ ਪਕਵਾਨਾਂ ਕਰਕੇ ਕਈ ਐਵਾਰਡ ਵੀ ਮਿਲ ਚੁੱਕੇ ਹਨ।