You’re viewing a text-only version of this website that uses less data. View the main version of the website including all images and videos.
ਪੰਜਾਬ ਯੂਨੀਵਰਸਿਟੀ ਦਾ ਵੱਡਾ ਕਦਮ, ਮਾਹਵਾਰੀ ਲਈ ਮਿਲਣਗੀਆਂ ਛੁੱਟੀਆਂ, ਵਿਦਿਆਰਥਣਾਂ ਤੇ ਮਾਹਰ ਕੀ ਕਹਿੰਦੇ
- ਲੇਖਕ, ਸੁਸ਼ੀਲਾ ਸਿੰਘ ਤੇ ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਯੂਨੀਵਰਸਿਟੀ 'ਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਮਾਹਵਾਰੀ ਦੌਰਾਨ ਛੁੱਟੀਆਂ ਦਿੱਤੇ ਜਾਣ ਬਾਰੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਇਸ ਨੋਟਿਫਿਕੇਸ਼ਨ ਦੇ ਮੁਤਾਬਕ ਹਰੇਕ ਸਮੈਸਟਰ ਵਿੱਚ ਵਿਦਿਆਰਥਣਾਂ 4 ਵਾਧੂ ਛੁੱਟੀਆਂ ਲੈ ਸਕਣਗੀਆਂ ।
ਇਹ ਨਵੇਂ ਨਿਯਮ ਸਾਲ 2024-25 ਦੇ ਪਹਿਲੇ ਸਮੈਸਟਰ ਤੋਂ ਲਾਗੂ ਹੋਣਗੇ।
‘ਮੈਨਸਟਰੂਅਲ ਲੀਵ’ ਸਬੰਧੀ ਇਸ ਨਵੇਂ ਨਿਯਮ ਨੂੰ ਯੂਨੀਵਰਸਿਟੀ ਦੀ ਸੈਨੇਟ ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ।
ਯੂਨੀਵਰਸਿਟੀ ਦੀ ਉੱਪ ਕੁਲਪਤੀ(ਵਾਈਸ ਚਾਂਸਲਰ) ਵੱਲੋਂ ‘ਮੈਨਸਟਰੂਅਲ ਲੀਵ’ ਉੱਤੇ ਵਿਚਾਰ ਕਰਨ ਲਈ ਬਣਾਈ ਗਈ ਕਮੇਟੀ ਨੇ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਮਾਰਚ ਮਹੀਨੇ ਵਿੱਚ ਮਨਜ਼ੂਰੀ ਦਿੱਤੀ ਸੀ।
ਸਤੰਬਰ 2023 ਵਿੱਚ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੀ ਚੋਣ ਜਿੱਤਣ ਵਾਲੀ ਨੈਸ਼ਨਲ ਸਟੂਡੈਂਟ ਕੌਂਸਲ ਆਫ ਇੰਡੀਆ(ਐੱਨਐੱਸਯੂਆਈ) ਵੱਲੋਂ ਮਾਹਵਾਰੀ ਦੌਰਾਨ ਛੁੱਟੀਆਂ ਦੀ ਮੰਗ ਨੂੰ ਪੂਰਾ ਕਰਵਾਉਣ ਦਾ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਗਿਆ ਸੀ।
ਪੰਜਾਬ ਯੂਨੀਵਰਸਿਟੀ ਦੇ ਵੂਮੈੱਨ ਸਟੱਡੀਜ਼ ਡਿਪਾਰਟਮੈਂਟ ਦੀ ਚੇਅਰਪਰਸਨ ਅਮੀਰ ਸੁਲਤਾਨਾ ਕਹਿੰਦੇ ਹਨ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚੋਂ 65 ਫ਼ੀਸਦ ਕੁੜੀਆਂ ਹਨ ਅਤੇ ਇਸ ਫ਼ੈਸਲੇ ਦਾ ਕਾਫੀ ਸਕਾਰਾਤਮਕ ਅਸਰ ਹੋਵੇਗਾ।
ਪਿਛਲੇ ਸਾਲ ਮਾਰਚ 2023 ਵਿੱਚ ਵੀਸੀ ਬਣੇ ਰੇਨੂ ਵਿੱਜ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਵਾਲੀ ਪਹਿਲੀ ਔਰਤ ਹਨ।
ਸਾਲ 1882 ਵਿੱਚ ਲਾਹੌਰ ਵਿੱਚ ਸਥਾਪਤ ਹੋਈ ਅਤੇ ਅਜ਼ਾਦੀ ਤੋਂ ਬਾਅਦ ਚੰਡੀਗੜ੍ਹ ਵਿੱਚ ਸਥਾਪਤ ਹੋਈ ਪੰਜਾਬ ਯੂਨੀਰਵਰਸਿਟੀ ਉੱਤਰੀ ਭਾਰਤ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।
ਇੱਥੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਨਾਲ-ਨਾਲ ਭਾਰਤ ਦੇ ਹੋਰ ਸੂਬਿਆਂ ਦੇ ਰਹਿਣ ਵਾਲੇ ਵਿਦਿਆਰਥੀ ਪੜ੍ਹਦੇ ਹਨ।
ਇੱਕ ਮਹੀਨੇ ਵਿੱਚ ਕਿੰਨੀਆਂ ਛੁੱਟੀਆਂ ਲੈ ਸਕਣਗੀਆਂ ਵਿਦਿਆਰਥਣਾਂ?
ਯੂਨੀਵਰਸਿਟੀ ਵੱਲੋਂ ਇਸ ਸਬੰਧੀ ਇਹ ਸ਼ਰਤਾਂ ਜਾਰੀ ਕੀਤੀਆਂ ਗਈਆਂ ਹਨ-
- ਹਰੇਕ ਉਸ ਮਹੀਨੇ ਜਦੋਂ 15 ਦਿਨ ਪੜ੍ਹਾਈ ਹੋਈ ਹੈ ਵਿਦਿਆਰਥਣਾਂ ਨੂੰ ਇੱਕ ਛੁੱਟੀ ਮਿਲੇਗੀ।
- ਛੁੱਟੀਆਂ ਸਿਰਫ਼ ਪੜ੍ਹਾਈ ਦੇ ਦਿਨਾਂ ਤੱਕ ਸੀਮਤ ਹੋਣਗੀਆਂ
- ਅਜਿਹੀ ਛੁੱਟੀ ਪ੍ਰੀਖਿਆ ਦੇ ਦਿਨਾਂ ਦੌਰਾਨ ਮੰਨਣਯੋਗ ਨਹੀਂ ਹੋਵੇਗੀ। ਚਾਹੇ ਉਹ ਪ੍ਰੈਕਟਿਲ ਹੋਵੇ ਜਾਂ ਲਿਖ਼ਤੀ, ਫਾਈਨਲ ਹੋਵੇ ਜਾਂ ਸੈੱਸ਼ਨਲ।
- ਇਹ ਛੁੱਟੀ ਇੱਕ ਫਾਰਮ ਭਰ ਕੇ ਲਈ ਜਾ ਸਕਦੀ ਹੈ
- ਇਹ ਲੀਵ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਪ੍ਰਵਾਨ ਕੀਤੀ ਜਾ ਸਕਦੀ ਹੈ
- ਇਹ ਛੁੱਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ‘ਸੈੱਲਫ਼-ਸਰਟੀਫਿਕੇਸ਼ਨ’(ਸਵੈ-ਪ੍ਰਮਾਣੀਕਰਨ) ਦੇ ਅਧਾਰ ਉੱਤੇ ਦਿੱਤੀ ਜਾਵੇਗੀ
- ਇਹ ਛੁੱਟੀ ਵਿਦਿਆਰਥੀ ਵੱਲੋਂ ਛੁੱਟੀ ਕੀਤੇ ਜਾਣ ਤੋਂ ਬਾਅਦ ਦੇ ਪੰਜ ਕੰਮਕਾਜੀ ਦਿਨਾਂ ਵਿੱਚ ਅਪਲਾਈ ਕਰਨੀ ਜ਼ਰੂਰੀ ਹੋਵੇਗੀ।
- ਜਿਸ ਦਿਨ ਛੁੱਟੀ ਲਈ ਗਈ ਹੋਵੇਗੀ ਉਸ ਦਿਨ ਹੋਏ ਲੈਕਚਰਜ਼ ਨੂੰ ਹਰੇਕ ਮਹੀਨੇ ਲਏ ਗਏ ਲੈਕਚਰਜ਼ ਦੀ ਸੂਚੀ ਵਿੱਚ ਜੋੜ ਦਿੱਤਾ ਜਾਵੇਗਾ
- ਇੱਕ ਹੀ ਮਹੀਨੇ ਵਿੱਚ ਇੱਕ ਹੀ ਛੁੱਟੀ ਦਿੱਤੀ ਜਾਵੇਗੀ ਅਤੇ ਇਸ ਛੁੱਟੀ ਨੂੰ ਦੋ ਜਾਂ ਵੱਧ ਦਿਨਾਂ ਵਿੱਚ ਵੰਡਿਆ ਨਹੀਂ ਜਾ ਸਕਦਾ।
ਵਿਦਿਆਰਥਣਾਂ ਦੀ ਕੀ ਰਾਇ ਹੈ
ਲਾਅ ਦੀ ਵਿਦਿਆਰਥਣ ਇਸ਼ੀਤਾ ਗਰਗ ਇਸ ਫ਼ੈਸਲੇ ਨੂੰ ਕਾਫੀ ਅਹਿਮ ਮੰਨਦੇ ਹਨ।
ਉਨ੍ਹਾਂ ਦੱਸਿਆ, “ਵਿਦਿਆਰਥਣਾਂ ਦੀ ਮੈਨਸਟ੍ਰੂਅਲ ਸਿਹਤ ਅਜੋਕੇ ਸਮੇਂ ਵਿੱਚ ਲਗਾਤਾਰ ਕਾਫੀ ਪ੍ਰਭਾਵਿਤ ਹੋ ਰਹੀ ਹੈ, ਪੀਸੀਓਡੀ(ਪੋਲੀਸਾਇਸਟਿਕ ਓਵੇਰਿਅਨ ਡਿਸੀਜ਼) ਦੇ ਕੇਸ ਵੱਧ ਰਹੇ ਹਨ।”
ਪੀਸੀਓਡੀ ਦਾ ਮਤਲਬ ਹੈ ਕਿ ਓਵਰੀ 'ਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਸਿਸਟ ਜਾਂ ਗੰਢਾਂ ਬਣ ਜਾਂਦੀਆਂ ਹਨ ਅਤੇ ਆਂਡਾ ਸਹੀ ਸਮੇਂ 'ਤੇ ਫੱਟਦਾ ਨਹੀਂ ਹੈ। ਜਿਸ ਕਰਕੇ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਇਸ ਵਿੱਚ ਹਾਰਮੋਨਜ਼ ਦੀ ਸਮੱਸਿਆ ਤੋਂ ਇਲਾਵਾ ਹੋਰ ਵੀ ਕਈ ਦਿੱਕਤਾਂ ਵੀ ਸਾਹਮਣੇ ਆਉਂਦੀਆਂ ਹਨ। ਇਸ 'ਚ ਅੰਡੇਦਾਨੀ ਦਾ ਆਕਾਰ ਵੱਧ ਜਾਂਦਾ ਹੈ ਭਾਵ ਕਿ ਅੰਡੇਦਾਨੀ 'ਚ ਸੋਜਿਸ਼ ਆ ਜਾਂਦੀ ਹੈ।
ਪੀਸੀਓਡੀ ਦਾ ਸਭ ਤੋਂ ਵੱਡਾ ਲੱਛਣ ਇਹ ਹੈ ਕਿ ਇਸ 'ਚ ਪੀਰੀਅਡਜ਼ ਅਨਿਯਮਤ ਹੋ ਜਾਂਦੇ ਹਨ, ਭਾਵ ਸਮੇਂ 'ਤੇ ਨਹੀਂ ਆਉਂਦੇ ਹਨ।
ਪੀਰੀਅਡਜ਼ 2 ਜਾਂ 3 ਮਹੀਨਿਆਂ ਬਾਅਦ ਆਉਂਦੇ ਹਨ ਅਤੇ ਕਈ ਵਾਰ ਤਾਂ ਇੱਕ ਮਹੀਨੇ 'ਚ ਹੀ ਦੋ ਵਾਰ ਆ ਜਾਂਦੇ ਹਨ।
ਇਸ਼ੀਤਾ ਗਰਗ ਕਹਿੰਦੇ ਹਨ, “ਕਈ ਕੁੜੀਆਂ ਨੂੰ ਦਰਦਨਾਕ ਸਮੇਂ ਵਿੱਚੋਂ ਲੰਘਣਾ ਪੈਂਦਾ ਹੈ, ਇਹ ਛੁੱਟੀ ਉਨ੍ਹਾਂ ਨੂੰ ਰਾਹਤ ਪਹੁੰਚਾਉਣ ਲਈ ਜ਼ਰੂਰੀ ਹੈ।”
ਛੁੱਟੀਆਂ ਦੀ ਗਿਣਤੀ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ, “ਇੱਕ ਦਿਨ ਵੀ ਬਹੁਤ ਮਹੱਤਵਪੂਰਨ ਹੈ, ਮਾਹਵਾਰੀ ਦੇ ਚਾਰ-ਪੰਜ ਦਿਨਾਂ ਦੇ ਸਮੇਂ ਇੱਕ-ਦੋ ਇਨ ਕਾਫੀ ਦਰਦਨਾਕ ਹੁੰਦੇ ਹਨ ਅਤੇ ਇੱਕ ਦਿਨ ਦੀ ਛੁੱਟੀ ਸਾਡੇ ਲਈ ਰਾਹਤ ਵਾਲੀ ਹੋਵੇਗੀ।”
ਉਹ ਦੱਸਦੇ ਹਨ ਕਿ ਇਸ ਤਰੀਕੇ ਉਹ ਇਸ ਟੈਬੂ ਨੂੰ ਤੋੜਨ ਵਿੱਚ ਕਾਮਯਾਬ ਹੋਣਗੇ।
ਪੰਜਾਬ ਯੂਨੀਵਰਸਿਟੀ ਦੇ ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੈਂਦੇ ਕਾਲਜ ਅਤੇ ਯੂਨੀਰਸਿਟੀ ਰੀਜਨਲ ਸੈਂਟਰ ਵੀ ਆਉਂਦੇ ਹਨ।
ਵੂਮੈਨ ਸਟੱਡੀਜ਼ ਡਿਪਾਰਟਮੈਂਟ ਵਿੱਚ ਖੋਜਾਰਥੀ ਪੂਨਮ ਜਿਆਣੀ ਵੀ ਇਸ ਨੂੰ ਸਕਾਰਾਤਮਕ ਮੰਨਦੇ ਹਨ।
ਉਹ ਦਾਅਵਾ ਕਰਦੇ ਹਨ ਕਿ ਪੰਜਾਬ ਯੂਨੀਵਰਸਿਟੀ ਉੱਤਰੀ ਭਾਰਤ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ।
‘ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ’
ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਮੁੱਦਾ ਸਤੰਬਰ ਵਿੱਚ ਹੋਈਆਂ ਵਿਦਿਆਰਥੀ ਚੋਣਾਂ ਦੇ ਮੈਨੀਫੋਸਟੋ ਦਾ ਹਿੱਸਾ ਸੀ।
ਜਤਿੰਦਰ ਸਿੰਘ ਕੈਮੀਕਲ ਇੰਜੀਨਿਅਰਿੰਗ ਦੇ ਵਿਦਿਆਰਥੀ ਹਨ।
ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਰੀਬ 70 ਫ਼ੀਸਦ ਵਿਦਿਆਰਥੀ ਕੁੜੀਆਂ ਹਨ, “ਅਸੀਂ ਸੋਚਿਆ ਕਿ ਜੇ ਕੇਰਲਾ ਦੀ ਯੂਨੀਵਰਸਿਟੀ ਵਿੱਚ ਇਹ ਹੋ ਸਕਦਾ ਹੈ ਤਾ ਪੰਜਾਬ ਯੂਨੀਵਰਸਿਟੀ ਵਿੱਚ ਕਿਉਂ ਨਹੀਂ ਹੋ ਸਕਦਾ, ਜਿੱਥੇ ਵਿਦਿਆਰਥਣਾ ਦੀ ਬਹੁਗਿਣਤੀ ਹੈ।”
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਚੋਣਾਂ ਲੜੀਆਂ ਅਤੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਉਨ੍ਹਾਂ ਦਾ ਸਾਥ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ ਉੱਤੇ ਕਈ ਸੈਮੀਨਾਰ ਕਰਵਾਏ ਅਤੇ ਕਮੇਟੀਆਂ ਬੈਠੀਆਂ ਅਤੇ ਕਈ ਵਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।
ਉਹ ਦੱਸਦੇ ਹਨ, “ਯੂਨੀਵਰਸਿਟੀ ਵਿੱਚ ਇਸ ਬਾਰੇ ਗੱਲ ਹੋ ਰਹੀ ਹੈ ਇਹੀ ਸਾਡੀ ਪ੍ਰਾਪਤੀ ਹੈ।”
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੋਕਾਂ ਕੋਲੋਂ ਇਸ ਬਾਰੇ ਰਾਇ ਲਈ ਅਤੇ ਸਮੇਂ ਸਮੇਂ ਉੱਤੇ ਇਸ ਮੰਗ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਤੱਕ ਪਹੁੰਚਾਇਆ ਜਿਸਦੇ ਨਤੀਜੇ ਵਜੋਂ ਇਸ ਨੋਟੀਫਿਕੇਸ਼ਨ ਜਾਰੀ ਹੋਇਆ ਹੈ।
ਮਾਹਰਾਂ ਦੀ ਕੀ ਰਾਇ ਹੈ
ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਲਏ ਗਏ ਇਸ ਫ਼ੈਸਲੇ ਬਾਰੇ ਮਾਹਰਾਂ ਦੀ ਵੱਖ-ਵੱਖ ਰਾਇ ਹੈ।
ਯੁਨੀਵਰਸਿਟੀ ਦੇ ਵੂਮੈਨ ਸਟੱਡੀਜ਼ ਡਿਪਾਰਟਮੈਂਟ ਵਿੱਚ ਪ੍ਰੋਫ਼ੈਸਰ ਰੇਨੂ ਅਦਲੱਖਾ ਕਹਿੰਦੇ ਹਨ ਕਿ ‘ਮੈਨਸਟਰੂਅਲ ਲੀਵ’ ਇਸ ਤਰੀਕੇ ਨਾਲ ਦਿੱਤੇ ਜਾਣ ਨਾਲ ਉਹ ਸਹਿਮਤ ਨਹੀਂ ਹਨ।
ਉਹ ਕਹਿੰਦੇ ਹਨ ਕਿ ਹਾਲਾਂਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਮਾਹਵਾਰੀ ਨਾਲ ਜੁੜੇ ‘ਟੈਬੂ’ ਨੂੰ ਘਟਾਏਗਾ।
ਆਪਣੀ ਰਾਇ ਦੱਸਦਿਆਂ ਉਹ ਕਹਿੰਦੇ ਹਨ, “ਸਾਰੀਆਂ ਔਰਤਾਂ ਨੂੰ ' ਮੈਨਸਟਰੂਅਲ' ਲੀਵ ਦੀ ਜ਼ਰੂਰਤ ਨਹੀਂ ਪੈਂਦੀ, ਜਿਹੜੀਆਂ ਔਰਤਾਂ ਨੂੰ ਦਰਦ ਕਾਰਨ ਇਸ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਲਈ ਖ਼ਾਸ ਪ੍ਰੋਵਿਜ਼ਨਜ਼(ਪ੍ਰਬੰਧ) ਹੋਣੇ ਚਾਹੀਦੇ ਹਨ।”
ਉਹ ਕਹਿੰਦੇ ਹਨ ਕਿ ਅਜਿਹਾ ਵੀ ਹੁੰਦਾ ਹੈ ਕਿ ਕਿਸੇ ਮਹੀਨੇ ਛੁੱਟੀ ਦੀ ਜ਼ਰੂਰਤ ਪੈਂਦੀ ਹੈ ਅਤੇ ਕਿਸੇ ਮਹੀਨੇ ਨਹੀਂ, “ਮਾਹਵਾਰੀ ਔਰਤਾਂ ਦੀ ਰੋਜ਼ਾਨਾ ਜ਼ਿੰਦਗੀ ਹਿੱਸਾ ਹੈ।”
"ਸਾਨੂੰ ਮਾਹਵਾਰੀ ਨੂੰ ਇੱਕ ਬਿਮਾਰੀ ਨਹੀਂ ਬਣਾਉਣਾ ਚਾਹੀਦਾ, ਸਰੀਰ ਵਿੱਚ ਮਾਹਵਾਰੀ ਦੇ ਹਿਸਾਬ ਨਾਲ ਬਦਲਾਅ ਵੀ ਆਉਂਦਾ।"
ਉਹ ਕਹਿੰਦੇ ਹਨ, “ਹਰੇਕ ਸਮੈਸਟਰ ਵਿੱਚ ਚਾਰ ਛੁੱਟੀਆਂ ਦਿੱਤੇ ਜਾਣ ਦਾ ਫ਼ੈਸਲਾ ਮੈਡੀਕਲ ਸਬੂਤਾਂ ‘ਤੇ ਅਧਾਰਤ ਨਹੀਂ ਲੱਗਦਾ, ਇਸ ਲਈ ਨੀਤੀ ਬਣਾਉਣ ਲਈ ਡਾਕਟਰੀ ਅਧਿਐਨ ਅਤੇ ਵਿਗਿਆਨ ਨੂੰ ਅਧਾਰ ਬਣਾਉਣਾ ਚਾਹੀਦਾ ਹੈ।”
ਉਹ ਦੱਸਦੇ ਹਨ ਕਿ ਜਿਨ੍ਹਾਂ ਦੇਸ਼ਾਂ ਵਿੱਚ 'ਮੈਨਸਟਰੂਅਲ ਲੀਵ' ਸਬੰਧੀ ਨੀਤੀ ਹੈ ਤਾਂ ਉੱਥੋਂ ਦੇ ਤਜਰਬਿਆਂ ਨੂੰ ਵਰਤਿਆ ਜਾ ਸਕਦਾ ਹੈ।
ਪੰਜਾਬ ਯੂਨੀਵਰਸਿਟੀ ਦੇ ਵੁਮੈਨ ਸਟੱਡੀਜ਼ ਡਿਪਾਰਟਮੈਂਟ ਦੀ ਚੇਅਰਪਰਸਨ ਅਮੀਰ ਸੁਲਤਾਨਾ ਕਹਿੰਦੇ ਹਨ ਕਿ ਇਹ ਇੱਕ ਸਕਾਰਾਤਮਕ ਫ਼ੈਸਲਾ ਹੈ।
ਉਹ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਵਿੱਚ ਤਾਂ ਇਹ ਬਦਲਾਅ ਲਾਗੂ ਹੋਵੇਗਾ ਹੀ ਪਰ ਇਸ ਦੇ ਨਾਲ-ਨਾਲ ਖਿੱਤੇ ਦੀਆਂ ਹੋਰਨਾਂ ਯੂਨੀਵਰਸਿਟੀਆਂ ਵੀ ਬਦਲਾਅ ਕਰ ਸਕਦੀਆਂ ਹਨ।
ਉਹ ਕਹਿੰਦੇ ਹਨ, “ਛੁੱਟੀਆਂ ਸੀਮਤ ਹਨ ਅਤੇ ਵਿਦਿਆਰਥਣਾਂ ਲਈ ਇਸ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ।”
ਆਪਣਾ ਤਜਰਬਾ ਸਾਂਝਾ ਕਰਦੇ ਹੋਏ ਉਹ ਦੱਸਦੇ ਹਨ, “ਸਾਨੂੰ ਇਸ ਮੁਸ਼ਕਲ ਨੂੰ ਡੂੰਘਾਈ ਨਾਲ ਸਮਝਣਾ ਚਾਹੀਦਾ ਹੈ, ਕਾਫੀ ਗਿਣਤੀ ਵਿੱਚ ਵਿਦਿਆਰਥਣਾਂ ਅਨੇਮੀਆ, ਹੇਮੋਗਲੋਬਿਨ ਦੀ ਘਾਟ ਜਿਹੀਆਂ ਸਿਹਤ ਦਿੱਕਤਾਂ ਦਾ ਸਾਹਮਣਾ ਕਰਦੀਆਂ ਹਨ।”
ਉਹ ਕਹਿੰਦੇ ਹਨ ਕਿ ਅਜੋਕੀ ਜੀਵਨ ਜਾਚ ਦੇ ਕਾਰਨ ਕਈ ਕੁੜੀਆਂ ਨੂੰ ਮਹੀਨੇ ਵਿੱਚ ਦੋ ਵਾਰੀ ਮਾਹਵਾਰੀ ਵੀ ਆਉਂਦੀ ਹੈ ਅਤੇ ਯੂਨੀਵਰਸਿਟੀ ਵੱਲੋਂ ਸਿਰਫ਼ ਇੱਕ ਸਮੈਸਟਰ ਵਿੱਚ ਚਾਰ ਛੁੱਟੀਆਂ ਲਈ ਨਿਯਮ ਲਿਆਂਦੇ ਗਏ ਹਨ, ਇਸ ਫ਼ੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ।
ਮਾਹਵਾਰੀ ਦੌਰਾਨ ਦਰਦ ਜਾਂ ਡਿਸਮਨੁਰਿਆ ਕੀ ਹੈ
- ਮਾਹਵਾਰੀ ਦੌਰਾਨ ਔਰਤਾਂ ਨੂੰ ਦਰਦ ਹੁੰਦਾ ਹੈ ਪਰ ਕਈ ਔਰਤਾਂ ਨੂੰ ਇਹ ਬਹੁਤ ਜ਼ਿਆਦਾ ਹੁੰਦਾ ਹੈ। ਇਸ ਨੂੰ ਹੀ ਡਿਸਮਨੁਰਿਆ ਆਖਦੇ ਹਨ।
- ਇਸ ਦੌਰਾਨ ਔਰਤਾਂ ਨੂੰ ਪੇਟ ਦੇ ਨਿਚਲੇ ਹਿੱਸੇ ਵਿੱਚ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਬਾਅਦ ਵਿਚ ਪਿੱਠ ਤੇ ਹੋਰ ਹਿੱਸਿਆਂ ਵਿੱਚ ਵੀ ਹੋ ਸਕਦਾ ਹੈ। ਕੁਝ ਔਰਤਾਂ ਨੂੰ ਸਿਰਦਰਦ ਉਲਟੀਆਂ ਅਤੇ ਜ਼ੁਕਾਮ ਵੀ ਹੋ ਸਕਦਾ ਹੈ।
- ਡਿਸਮਨੁਰਿਆ ਦੇ ਕਈ ਕਾਰਨ ਹੋ ਸਕਦੇ ਹਨ। ਮਾਹਵਾਰੀ ਦੌਰਾਨ ਹਾਰਮੋਨਲ ਬਦਲਾਅ ਇਸ ਦਾ ਇੱਕ ਕਾਰਨ ਹੈ।
- ਡਿਸਮਨੁਰਿਆ ਬਹੁਤ ਆਮ ਹੈ ਅਤੇ ਕਈ ਵਰ੍ਹੇ ਰੋਜ਼ਮੱਰਾ ਦੇ ਕੰਮਾਂ ਨੂੰ 20 ਫ਼ੀਸਦ ਤੱਕ ਪ੍ਰਭਾਵਿਤ ਕਰ ਸਕਦਾ ਹੈ।
- 2016 ਦੇ ਯੂਗਵ ਸਰਵੇ ਮੁਤਾਬਕ ਬੀਬੀਸੀ ਰੇਡੀਓ 5 ਨੇ 1000 ਔਰਤਾਂ ਨਾਲ ਗੱਲ ਕੀਤੀ। 52% ਫ਼ੀਸਦ ਔਰਤਾਂ ਨੇ ਮੰਨਿਆ ਕਿ ਉਨ੍ਹਾਂ ਨੇ ਡਿਸਮਨੁਰਿਆ ਦਾ ਅਨੁਭਵ ਕੀਤਾ ਹੈ ਪਰ ਕੇਵਲ 27 ਫ਼ੀਸਦ ਨੇ ਨੇ ਹੀ ਆਪਣੇ ਬੌਸ ਨੂੰ ਇਸ ਬਾਰੇ ਦੱਸਿਆ ਹੈ।
ਮਾਹਵਾਰੀ ਬਾਰੇ ਹੋਰ ਕਿਹੜੀਆਂ ਯੂਨੀਵਰਸਿਟੀਆਂ ਨੇ ਛੁੱਟੀਆਂ ਕੀਤੀਆਂ
ਪੰਜਾਬ ਯੂਨੀਵਰਸਿਟੀ ਮਾਹਵਾਰੀ ਦੌਰਾਨ ਛੁੱਟੀਆਂ ਲਾਗੂ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਯੂਨੀਵਰਸਿਟੀਆਂ ਵਿਦਿਆਰਥਣਾਂ ਲਈ ਮਾਹਵਾਰੀ ਦੌਰਾਨ ਛੁੱਟੀਆਂ ਲਾਗੂ ਕਰ ਚੁੱਕੀਆਂ ਹਨ।
ਪੀਟੀਆਈ ਦੀ ਖ਼ਬਰ ਮੁਤਾਬਕ ਸਤੰਬਰ 2023 ਵਿੱਚ ਮੱਧ ਪ੍ਰਦੇਸ਼ ਦੀ ਧਰਮਸ਼ਾਸਤਰਾ ਨੈਸ਼ਨਲ ਲਾਅ ਯੂਨੀਵਰਸਿਟੀ ਵੱਲੋਂ ਇਨ੍ਹਾਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਪੀਟੀਆਈ ਮੁਤਾਬਕ ਜਨਵਰੀ 2023 ਵਿੱਚ ਕੇਰਲਾ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਸੂਬੇ ਅਧੀਨ ਆਉਂਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚ ਮਾਹਵਾਰੀ ਦੌਰਾਨ ਛੁੱਟੀਆਂ ਲਾਗੂ ਕਰਨਗੇ।
ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਰਿਪੋਰਟ ਮੁਤਾਬਕ ਗੁਹਾਟੀ ਯੂਨੀਵਰਸਿਟੀ ਵਿਦਿਆਰਥਣਾਂ ਲਈ ਮਾਹਵਾਰੀ ਦੌਰਾਨ ਛੁੱਟੀਆਂ ਲਾਗੂ ਕੀਤੀਆਂ ਸਨ, ਵਿਦਿਆਰਥਣਾਂ ਨੂੰ ਹਾਜ਼ਰੀ ਵਿੱਚ 2 ਫ਼ੀਸਦ ਛੁਟ ਦਿੱਤੀ ਗਈ ਸੀ।
ਟਾਈਮਜ਼ ਆਫ ਇੰਡੀਆ ਮੁਤਾਬਕ ਫਰਵਰੀ 2024 ਵਿੱਚ ਨੈਸ਼ਨਲ ਲਾਅ ਇੰਸਟੀਟਿਊਟ ਯੂਨੀਵਰਸਿਟੀ ਵੱਲੋਂ ਵੀ ਇਹ ਨਿਯਮ ਲਾਗੂ ਕੀਤੇ ਗਏ ਸਨ।
ਨਲਸਾਰ ਯੂਨੀਵਰਸਿਟੀ ਆਫ ਲਾਅ, ਹੈਦਰਾਬਾਦ ਦੇ ਵਿਦਿਆਰਥੀਆਂ ਵੱਲੋਂ ‘ਦਿ ਮੈਨਸਟ੍ਰੂਅਲ ਲੀਵ ਪਾਲਿਸੀ 2023’ ਨਾਮ ਦਾ ਦਸਤਾਵੇਜ਼ ਵੀ ਜਾਰੀ ਕੀਤਾ ਗਿਆ ਸੀ।
ਸੰਸਦ ਵਿੱਚ ਸਮ੍ਰਿਤੀ ਇਰਾਨੀ ਨੇ ਕੀ ਕਿਹਾ ਸੀ
ਮਾਹਵਾਰੀ ਦੌਰਾਨ ਛੁੱਟੀਆਂ ਦਾ ਮੁੱਦਾ ਪਿਛਲੇ ਸਾਲ ਦਸੰਬਰ ਵਿੱਚ ਵੀ ਉੱਠਿਆ ਸੀ।
ਸੰਸਦ ਮੈਂਬਰ ਮਨੋਜ ਕੁਮਾਰ ਝਾਅ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਨੇ ਕਿਹਾ ਸੀ ਕਿ ਮਾਹਵਾਰੀ ਜ਼ਿੰਦਗੀ ਦਾ ਕੁਦਰਤੀ ਹਿੱਸਾ ਹੈ ਅਤੇ ਇਸ ਨੂੰ ‘ਹੈਂਡੀਕੈਪ’(ਵਿਕਲਾਂਗਤਾ) ਨਹੀਂ ਮੰਨਣਾ ਚਾਹੀਦਾ ਜਿਸ ਦੇ ਲਈ ਵਿਸ਼ੇਸ਼ ਛੁੱਟੀਆਂ ਦੀ ਪ੍ਰੋਵਿਜ਼ਨ ਹੋਣੀ ਚਾਹੀਦੀ ਹੈ।
ਮਨੋਜ ਕੁਮਾਰ ਝਾਅ ਵੱਲੋਂ ਇਹ ਸਵਾਲ ਕੀਤਾ ਗਿਆ ਸੀ ਕਿ ਕੀ ਸਰਕਾਰ ਮਾਹਵਾਰੀ ਦੌਰਾਨ ਛੁੱਟੀਆਂ ਲਈ ਕਾਨੂੰਨ ਲਿਆ ਰਹੀ ਹੈ ?
ਉਨ੍ਹਾਂ ਨੇ ਇਸ ਵੇਲੇ ਬੋਲਦਿਆਂ ਕਿਹਾ ਸੀ ਕਿ ਮਾਹਵਾਰੀ ਦੌਰਾਨ ਛੁੱਟੀਆਂ ਔਰਤਾਂ ਪ੍ਰਤੀ ਭੇਦਭਾਵ ਦਾ ਕਾਰਨ ਬਣ ਸਕਦਾ ਹੈ।
ਪ੍ਰਾਈਵੇਟ ਕੰਪਨੀਆਂ ਲਈ ਵੀ ਨਿਯਮ
ਹਾਲਾਂਕਿ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੇ ਮਾਹਵਾਰੀ ਦੌਰਾਨ ਛੁੱਟੀ ਦੇਣ ਦੇ ਨਿਯਮ ਲਿਆਂਦੇ ਹਨ। ਡਿਲੀਵਰੀ ਸੇਵਾ ਕੰਪਨੀ ਜ਼ੋਮੈਟੋ ਨੇ ਆਪਣੀਆਂ ਮਹਿਲਾ ਕਰਮਚਾਰੀਆਂ ਨੂੰ ਮਾਹਵਾਰੀ ਦੌਰਾਨ ਛੁੱਟੀ ਦੇਣ ਲਈ ਵੀ ਨਿਯਮ ਲਿਆਂਦੇ ਸਨ।
ਇਸ ਦੇ ਨਾਲ ਹੀ ‘ਚਾਏ ਸੁੱਟਾ ਬਾਰ’ ਕੰਪਨੀ ਵੱਲੋਂ ਵੀ ਕੰਪਨੀ ਵਿੱਚ ਕੰਮ ਕਰਦੀਆਂ ਔਰਤਾਂ ਲਈ ਮਾਹਵਾਰੀ ਦੌਰਾਨ ਛੁੱਟੀਆਂ ਦਾ ਪ੍ਰਬੰਧ ਹੈ।
ਬਹੁ-ਰਾਸ਼ਟਰੀ ਕੰਪਨੀਆਂ ਵਿੱਚ, ਨਾਈਕੀ ਨੇ ਸਾਲ 2007 ਵਿੱਚ ਅਜਿਹੀਆਂ ਛੁੱਟੀਆਂ ਸ਼ੁਰੂ ਕੀਤੀਆਂ ਹਨ। ਪੱਛਮੀ ਦੇਸ਼ਾਂ ਵਿੱਚ ਵੀ ਕਈ ਸੰਸਥਾਵਾਂ ਉੱਥੇ ਕੰਮ ਕਰਨ ਵਾਲੀਆਂ ਔਰਤਾਂ ਨੂੰ ਪੀਰੀਅਡ ਵਾਲੇ ਦਿਨ ਛੁੱਟੀ ਦਿੰਦੀਆਂ ਹਨ।
ਬਿਹਾਰ ਵਿੱਚ ਔਰਤਾਂ ਨੂੰ ਮਾਹਵਾਰੀ ਦੌਰਾਨ ਛੁੱਟੀ ਦਾ ਹੱਕ ਕਿਵੇਂ ਮਿਲਿਆ ਸੀ
ਸਾਲ 1991 ਵਿੱਚ ਨਵੰਬਰ ਮਹੀਨੇ ਵਿੱਚ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਇੱਕ ਅੰਦੋਲਨ ਕੀਤਾ ਗਿਆ ਸੀ ਜਿਸ ਦੀ ਇਹ ਮੰਗ ਸੀ ਕਿ ਕੇਂਦਰ ਸਰਕਾਰ ਦੀ ਤਰਜ਼ ਦੇ ਉੱਤੇ ਹੀ ਉਨ੍ਹਾਂ ਦਾ ਪੇਅ ਸਕੇਲ ਲਾਗੂ ਕੀਤਾ ਜਾਵੇ ਅਤੇ ਹੋਰ ਵਿਗਾੜ ਠੀਕ ਕੀਤੇ ਜਾਣ।
ਇਨ੍ਹਾ ਮੰਗਾਂ ਵਿੱਚ ਮਾਹਵਾਰੀ ਦੌਰਾਨ ਛੁੱਟੀ ਦੀ ਮੰਗ ਵੀ ਸ਼ਾਮਲ ਸੀ। ਇਸ ਅੰਦੋਲਨ ਦੇ ਨਤੀਜੇ ਵਜੋਂ ਬਿਹਾਰ ਦੇ ਮੁੱਖ ਮੰਤਰੀ ਔਰਤਾਂ ਨੂੰ ਦੋ ਦਿਨਾਂ ਦੀ ਛੁੱਟੀ ਲਾਗੂ ਕਰਨ ਲਈ ਰਾਜ਼ੀ ਹੋਏ ਸਨ।
ਹਾਲਾਂਕਿ ਕਈ ਸੰਸਦ ਮੈਂਬਰਾਂ ਵੱਲੋਂ ਭਾਰਤ ਵਿੱਚ ਇਸ ਸਬੰਧੀ ਨੀਤੀ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਜਾ ਚੁੱਕੀ ਹੈ, ਇਸ ਸਬੰਧੀ ਬਿਲ ਵੀ ਪੇਸ਼ ਕੀਤੇ ਜਾ ਚੁੱਕੇ ਹਨ।
ਭਾਰਤ ਸਰਕਾਰ ਵੱਲੋਂ ਪਿਛਲੇ ਸਾਲ ‘ਮੈਨਸਟਰੂਅਲ ਹਾਈਜੀਨ ਪਾਲਿਸੀ 2023 ਡਰਾਫਟ’ ਰਿਲੀਜ਼ ਕੀਤੀ ਗਈ ਸੀ, ਜਿਸ ਵਿੱਚ ਲਿੰਗ ਅਧਾਰਤ ਭੇਦਭਾਵ ਨਾਲ ਨਜਿੱਠਣ ਦੇ ਨਾਲ-ਨਾਲ ਅਜਿਹਾ ਮਾਹੌਲ ਬਣਾਉਣ ਦੀ ਗੱਲ ਕੀਤੀ ਗਈ ਹੈ ਜੋ ਛੁੱਟੀਆਂ ਘਰੋਂ ਕੰਮ ਕਰਨ ਪ੍ਰਤੀ ਸਕਾਰਾਤਮਕ ਹੋਵੇ।
ਕਿਨ੍ਹਾਂ ਦੇਸ਼ਾਂ ਵਿੱਚ ਮਾਹਵਾਰੀ ਦੌਰਾਨ ਛੁੱਟੀਆਂ ਸਬੰਧੀ ਨਿਯਮ ਹਨ
ਸਪੇਨ ਮਾਹਵਾਰੀ ਦੌਰਾਨ ਛੁੱਟੀਆਂ ਦੇਣ ਸਬੰਧੀ ਨਿਯਮ ਲਿਆਉਣ ਵਾਲਾ ਯੂਰਪ ਦਾ ਪਹਿਲਾ ਮੁਲਕ ਬਣਿਆ ਸੀ।
ਮਾਹਵਾਰੀ ਦੌਰਾਨ ਛੁੱਟੀਆਂ ਨੂੰ ‘ਪੇਡ ਲੀਵ’ ਮੰਨਿਆ ਜਾਂਦਾ ਹੈ, ਯਾਨਿ ਇਨ੍ਹਾਂ ਛੁੱਟੀਆਂ ਲਈ ਪੈਸੇ ਨਹੀਂ ਕੱਟੇ ਜਾਂਦੇ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਅਜਿਹੇ ਨਿਯਮ ਲਿਆਉਣ ਵਾਲੇ ਹੋਰ ਦੇਸ਼ ਹਨ – ਜਪਾਨ, ਇੰਡੋਨੇਸ਼ੀਆ, ਸਾਊਥ ਕੋਰੀਆ, ਤਾਈਵਾਨ, ਵਿਅਤਨਾਮ ਅਤੇ ਜ਼ਾਂਬੀਆ।