ਸਾਈਕਲ 'ਤੇ ਦੁਨੀਆਂ ਦਾ ਚੱਕਰ ਲਗਾਉਣ ਵਾਲੇ ਪਹਿਲੇ ਵਿਅਕਤੀ ਕੌਣ ਸਨ ਤੇ ਉਨ੍ਹਾਂ ਨੂੰ ਭਾਰਤ 'ਚ ਕੀ-ਕੀ ਪਸੰਦ ਆਇਆ ਸੀ

ਤਸਵੀਰ ਸਰੋਤ, Corbis/Getty Images
ਜੂਲਸ ਵਰਨ ਦੇ ਮਸ਼ਹੂਰ ਨਾਵਲ 'ਅਰਾਊਂਡ 'ਦ ਵਰਲਡ ਇਨ 80 ਡੇਜ਼' ਦੇ ਪ੍ਰਕਾਸ਼ਿਤ ਹੋਣ ਤੋਂ ਇੱਕ ਦਹਾਕੇ ਬਾਅਦ, ਇੱਕ ਅੰਗਰੇਜ਼ ਯਾਤਰੀ ਦੁਨੀਆਂ ਭਰ ਦੀ ਯਾਤਰਾ ਕਰਨ ਦੇ ਟੀਚੇ ਨਾਲ ਰਵਾਨਾ ਹੋਇਆ।
ਹਾਲਾਂਕਿ ਵਰਨ ਦੀ ਕਿਤਾਬ ਦੇ ਪਾਤਰ, ਜਿਸ ਨੇ ਆਪਣੀ ਯਾਤਰਾ ਰੇਲਗੱਡੀ ਅਤੇ ਜਹਾਜ਼ ਰਾਹੀਂ ਕੀਤੀ ਸੀ ਉਸ ਦੇ ਉਲਟ ਥਾਮਸ ਸਟੀਵਨਜ਼ ਨੇ ਸਾਈਕਲ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਦੀ ਯਾਤਰਾ 1884 ਵਿੱਚ ਸ਼ੁਰੂ ਹੋਈ ਅਤੇ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੀ। ਘਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ 'ਅਰਾਊਂਡ ਦ ਵਰਲਡ ਆਨ ਅ ਬਾਈਸਾਈਕਲ' ਨਾਮ ਦੀ ਇੱਕ ਕਿਤਾਬ ਲਿਖੀ।
ਇਸ ਕਿਤਾਬ ਨੇ ਵਿਸ਼ਵ ਪੱਧਰ 'ਤੇ ਬਹੁਤ ਧਿਆਨ ਖਿੱਚਿਆ, ਕਿਤਾਬ ਵਿੱਚ ਉਨ੍ਹਾਂ ਨੇ ਉੱਤਰੀ ਅਮਰੀਕੀ ਮਹਾਂਦੀਪ, ਯੂਰਪ ਅਤੇ ਏਸ਼ੀਆ ਦੇ ਰਸਤੇ ਵਿੱਚ ਜੋ ਕੁਝ ਦੇਖਿਆ ਉਸ ਦਾ ਵਿਸਥਾਰ ਨਾਲ ਵਰਣਨ ਕੀਤਾ।
ਪਹਿਲਾ ਪੜਾਅ ਉੱਤਰੀ ਅਮਰੀਕਾ
ਇੰਗਲੈਂਡ ਵਿੱਚ ਪੈਦਾ ਹੋਏ ਸਟੀਵਨਜ਼ 1871 ਵਿੱਚ 17 ਸਾਲ ਦੀ ਉਮਰ ਵਿੱਚ ਸੰਯੁਕਤ ਰਾਜ ਵਿੱਚ ਵੱਸ ਗਏ ਸਨ। ਉਹ ਕੋਈ ਅਥਲੀਟ ਨਹੀਂ ਸਨ, ਪਰ ਉਨ੍ਹਾਂ ਦੀ ਸਾਈਕਲ ਚਲਾਉਣ ਵਿੱਚ ਡੂੰਘੀ ਦਿਲਚਸਪੀ ਸੀ, ਜਿਸ ਨੂੰ ਉਸ ਸਮੇਂ ਜ਼ਿਆਦਾਤਰ ਅਮੀਰ ਲੋਕਾਂ ਦਾ ਸ਼ੌਕ ਮੰਨਿਆ ਜਾਂਦਾ ਸੀ।
ਅਮਰੀਕੀ ਲੇਖਕ ਅਤੇ ਫਿਲਮ ਨਿਰਮਾਤਾ ਰੌਬਰਟ ਆਈਜ਼ਨਬਰਗ ਦੇ ਅਨੁਸਾਰ, ''ਸਟੀਵਨਜ਼ ਦੇ ਇੰਨੇ ਮਸ਼ਹੂਰ ਹੋਣ ਦਾ ਕਾਰਨ ਇਹ ਸੀ ਕਿ ਉਹ ਇੱਕ ਆਮ ਇਨਸਾਨ ਸਨ ਜੋ ਬੱਸ ਲਗਾਤਾਰ ਚਲਦੇ ਰਹੇ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਕਾਫ਼ੀ ਪ੍ਰੇਰਿਤ ਸਨ।"
ਸ਼ੁਰੂ ਵਿੱਚ ਸਟੀਵਨਜ਼ ਦਾ ਟੀਚਾ ਉੱਤਰੀ ਅਮਰੀਕੀ ਮਹਾਂਦੀਪ ਨੂੰ ਪਾਰ ਕਰਨਾ ਸੀ ਅਤੇ ਉਨ੍ਹਾਂ ਨੇ ਪੰਜ ਮਹੀਨਿਆਂ ਵਿੱਚ ਸੈਨ ਫਰਾਂਸਿਸਕੋ ਤੋਂ ਬੋਸਟਨ ਤੱਕ ਸਾਈਕਲ ਚਲਾ ਕੇ ਅਜਿਹਾ ਕਰ ਦਿਖਾਇਆ।
ਇਸ ਯਾਤਰਾ ਤੋਂ ਬਾਅਦ ਇੱਕ ਮਸ਼ਹੂਰ ਸਾਈਕਲਿੰਗ ਮੈਗਜ਼ੀਨ ਨੇ ਸਟੀਵਨਜ਼ ਨੂੰ ਸਪਾਂਸਰਸ਼ਿਪ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਨੇ ਆਪਣੀ ਯਾਤਰਾ ਨੂੰ ਪੂਰੀ ਦੁਨੀਆਂ ਤੱਕ ਵਧਾਉਣ ਦਾ ਫੈਸਲਾ ਕੀਤਾ।
ਉਹ ਅਪ੍ਰੈਲ 1884 ਵਿੱਚ ਸ਼ਿਕਾਗੋ ਤੋਂ ਇੰਗਲੈਂਡ ਲਈ ਸਮੁੰਦਰੀ ਜਹਾਜ਼ ਰਾਹੀਂ ਰਵਾਨਾ ਹੋਏ। ਯੂਰਪੀ ਮਹਾਂਦੀਪ ਨੂੰ ਪਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਤੁਰਕੀ, ਇਰਾਨ, ਭਾਰਤ, ਚੀਨ ਅਤੇ ਜਾਪਾਨ ਦਾ ਸਫ਼ਰ ਸਾਈਕਲ ਰਾਹੀਂ ਕੀਤਾ।
ਸਟੀਵਨਜ਼ ਦਾ ਸਾਈਕਲ ਅੱਜ ਦੇ ਸਾਈਕਲ ਨਾਲੋਂ ਬਹੁਤ ਵੱਖਰਾ ਸੀ। ਇਹ ਇੱਕ ਭਾਰੀ ਮਾਡਲ ਸੀ ਜਿਸ ਨੂੰ 'ਪੈਨੀ ਫਾਰਥਿੰਗ' ਕਿਹਾ ਜਾਂਦਾ ਸੀ, ਜਿਸ ਦਾ ਅਗਲਾ ਪਹੀਆ ਬਹੁਤ ਵੱਡਾ ਅਤੇ ਪਿਛਲਾ ਪਹੀਆ ਕਾਫੀ ਛੋਟਾ ਹੁੰਦਾ ਸੀ।
ਦੱਸਿਆ ਜਾਂਦਾ ਹੈ ਕਿ ਉਹ ਆਪਣੇ ਨਾਲ ਸਿਰਫ਼ ਕੁਝ ਹੀ ਜ਼ਰੂਰੀ ਚੀਜ਼ਾਂ ਲੈ ਕੇ ਗਏ ਸਨ, ਜਿਵੇਂ ਕਿ ਕੱਪੜੇ, ਇੱਕ ਬੰਦੂਕ, ਇੱਕ ਪੋਂਚੋ ਜੋ ਟੈਂਟ ਦਾ ਕੰਮ ਵੀ ਕਰਦਾ ਸੀ ਅਤੇ ਇੱਕ ਵਾਧੂ ਟਾਇਰ।

ਤਸਵੀਰ ਸਰੋਤ, Prisma/UIG/Getty Images
ਇਸਤਾਂਬੁਲ ਵਿੱਚ ਮੁਲਾਕਾਤਾਂ
ਸਟੀਵਨਜ਼ 1885 ਦੀਆਂ ਗਰਮੀਆਂ ਵਿੱਚ ਇਸਤਾਂਬੁਲ ਪਹੁੰਚੇ, ਜਿੱਥੇ ਉਹ ਰਮਜ਼ਾਨ ਦੇ ਮਹੀਨੇ ਦੌਰਾਨ ਸ਼ਹਿਰ ਦੇ ਇੱਕ ਇਤਿਹਾਸਕ ਹਿੱਸੇ ਗਲਾਟਾ ਦੇ ਇੱਕ ਹੋਟਲ ਵਿੱਚ ਰੁਕੇ ਸਨ।
ਉਨ੍ਹਾਂ ਨੇ ਇਸਤਾਂਬੁਲ ਨੂੰ ਦੁਨੀਆਂ ਦੇ "ਸਭ ਤੋਂ ਵੱਧ ਬਹੁ-ਸੱਭਿਆਚਾਰਕ ਸ਼ਹਿਰਾਂ ਵਿੱਚੋਂ ਇੱਕ" ਵਜੋਂ ਦਰਸਾਇਆ ਅਤੇ ਉੱਥੋਂ ਦੇ ਲੋਕਾਂ, ਗਲੀਆਂ ਅਤੇ ਪਹਿਰਾਵੇ ਦੀ ਵਿਭਿੰਨਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸ਼ਹਿਰ ਦੇ ਰਾਤ ਦੇ ਸਾਫ਼ ਸੁਥਰੇ ਨਜ਼ਾਰਿਆਂ ਬਾਰੇ ਦੱਸਿਆ, ਜਿੱਥੇ ਇੱਕ ਪਾਸੇ ਦੀਆਂ ਗਲੀਆਂ ਸਿਰਫ਼ ਕੌਫੀ ਹਾਊਸਿਜ਼ ਦੀ ਰੌਸ਼ਨੀ ਨਾਲ ਚਮਕਦੀਆਂ ਸਨ ਅਤੇ ਲੋਕ ਹੱਥਾਂ ਵਿੱਚ ਲੈਂਪ ਲੈ ਕੇ ਚਲਦੇ ਸਨ।
ਉਨ੍ਹਾਂ ਨੇ ਟਰਾਮਾਂ ਅਤੇ ਫੈਰੀਆਂ ਦੇ ਖ਼ਾਸ ਡੱਬਿਆਂ ਵਿੱਚ ਔਰਤਾਂ ਦੁਆਰਾ ਆਪਣੇ ਨਕਾਬ ਉਤਾਰਨ ਅਤੇ ਸਿਗਰਟ ਪੀਣ ਬਾਰੇ ਵੀ ਲਿਖਿਆ।
ਸਟੀਵਨਜ਼ ਨੇ ਸ਼ਹਿਰ ਦੀ ਸੈਰ ਕਰਨ ਲਈ ਇੱਕ ਗਾਈਡ ਵੀ ਤਿਆਰ ਕੀਤੀ, ਜੋ ਉਨ੍ਹਾਂ ਦੇ ਆਪਣੇ ਯਾਤਰਾ ਮਾਰਗ 'ਤੇ ਅਧਾਰਤ ਸੀ।
"ਗਾਈਡ ਦੇ ਨਾਲ ਇਸਤਾਂਬੁਲ ਦੀ ਦੁਪਹਿਰ ਦੀ ਸੈਰ ਵਿੱਚ ਪੁਰਾਤੱਤਵ ਅਜਾਇਬ ਘਰ, ਹਾਗੀਆ ਸੋਫੀਆ ਮਸਜਿਦ, ਕੋਸਟਿਊਮ ਮਿਊਜ਼ੀਅਮ, 1001 ਕਾਲਮ, ਸੁਲਤਾਨ ਮਹਿਮੂਤ ਦਾ ਮਕਬਰਾ, ਵਿਸ਼ਵ ਪ੍ਰਸਿੱਧ ਗ੍ਰੈਂਡ ਬਾਜ਼ਾਰ, ਕਬੂਤਰਾਂ ਵਾਲੀ ਮਸਜਿਦ, ਟਾਵਰ ਆਫ਼ ਗਲਾਟਾ ਅਤੇ ਸੁਲਤਾਨ ਸੁਲੇਮਾਨ ਪਹਿਲੇ ਦਾ ਮਕਬਰਾ ਸ਼ਾਮਲ ਹੈ।"
ਉਨ੍ਹਾਂ ਦੀਆਂ ਲਿਖਤਾਂ ਵਿੱਚ ਸੂਫ਼ੀ ਦਰਵੇਸ਼ਾਂ ਦੇ ਨਾਚ ਦੀਆਂ ਰਸਮਾਂ ਅਤੇ ਸ਼ਹਿਰ ਦੇ ਅਮੀਰ ਪਰਿਵਾਰਾਂ ਦੇ ਘਰਾਂ ਬਾਰੇ ਵੀ ਦੱਸਿਆ ਗਿਆ ਸੀ। ਉਨ੍ਹਾਂ ਦੀ ਰਮਜ਼ਾਨ ਦੀ ਯਾਤਰਾ ਨੇ ਓਟੋਮੈਨ (ਤੁਰਕੀ) ਸਾਮਰਾਜ ਦੀ ਵਾਸਤੁਕਲਾ ਅਤੇ ਮਸਜਿਦਾਂ ਦੇ ਮੀਨਾਰਾਂ ਵਿਚਕਾਰ ਲਟਕਦੀਆਂ ਤਿਉਹਾਰੀ ਲਾਈਟਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਨੂੰ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤਾ।

ਤਸਵੀਰ ਸਰੋਤ, Abdullah Freres/Buyenlarge/Getty Images
ਯਾਤਰਾ ਦੇ ਦੌਰਾਨ ਸਟੀਵਨਜ਼ ਦਾ ਟਾਕਰਾ ਉਸ ਸਮੇਂ ਦੇ ਸੁਲਤਾਨ ਅਬਦੁਲ ਹਾਮਿਦ - ਦੂਜਾ ਦੀ ਫੌਜੀ ਟੁਕੜੀ ਨਾਲ ਵੀ ਹੋਇਆ। ਜਿਨ੍ਹਾਂ ਨੂੰ ਅੱਜ ਤੁਰਕੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਵਾਦਪੂਰਨ ਸ਼ਖਸੀਅਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਟੀਵਨਜ਼ ਨੇ ਲਿਖਿਆ, "ਸੁਲਤਾਨ ਦਾ ਚਿਹਰਾ ਦੇਖਣ ਦਾ ਮੇਰਾ ਮਕਸਦ ਪੂਰਾ ਹੋ ਗਿਆ ਪਰ ਇਹ ਸਿਰਫ ਇੱਕ ਪਲ ਭਰ ਦੀ ਝਲਕ ਸੀ।"
ਤੁਰਕੀ ਦੇ ਪ੍ਰਮੁੱਖ ਉਦਯੋਗਿਕ ਖੇਤਰਾਂ ਵਿੱਚੋਂ ਇੱਕ ਇਜ਼ਮਿਤ ਦੀ ਖਾੜੀ ਬਾਰੇ ਉਨ੍ਹਾਂ ਨੇ ਲਿਖਿਆ ਕਿ "ਸ਼ਾਮ ਦੇ ਸਮੇਂ ਸਫ਼ੈਦ ਰੰਗ 'ਚ ਰੰਗੇ ਪਿੰਡ ਬਹੁਤ ਹੀ ਪਿਆਰੇ ਲੱਗਦੇ ਹਨ।"
ਕੇਂਦਰੀ ਐਨਾਟੋਲੀਆ ਖੇਤਰ ਦੇ ਰਸਤਿਆਂ 'ਤੇ ਉਨ੍ਹਾਂ ਦਾ ਸਾਹਮਣਾ ਕੁਰਦ ਖਾਨਾਬਦੋਸ਼ਾਂ ਦੇ ਇੱਕ ਡੇਰੇ ਨਾਲ ਹੋਇਆ। ਉੱਥੋਂ ਦੇ ਭਾਈਚਾਰੇ ਨੇ ਆਪਣੀ ਉਦਾਰਤਾ ਨਾਲ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਉਨ੍ਹਾਂ ਨੇ ਕੁਰਦ ਭਾਈਚਾਰੇ ਦੇ ਮੁਖੀ ਜਿਸ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ, ਉਸ ਦਾ ਵਰਣਨ "ਇੱਕ ਪ੍ਰਭਾਵਸ਼ਾਲੀ ਸ਼ੇਖ ਵਜੋਂ ਕੀਤਾ ਜੋ ਹੁੱਕਾ ਪੀਂਦਾ ਹੈ।" ਉਨ੍ਹਾਂ ਨੇ ਦਿੱਤੇ ਗਏ ਭੋਜਨ ਅਤੇ ਉਨ੍ਹਾਂ ਦੇ ਕਹੇ ਬਿਨਾਂ ਹੀ ਤਿਆਰ ਕੀਤੇ ਗਏ ਬਿਸਤਰੇ ਬਾਰੇ ਵੀ ਲਿਖਿਆ।
ਤੁਰਕੀ ਦੀ ਵਿਭਿੰਨਤਾ ਬਾਰੇ ਸਟੀਵਨਜ਼ ਦੇ ਵਿਚਾਰਾਂ ਦੀ ਪੁਸ਼ਟੀ ਉਨ੍ਹਾਂ ਦੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਉਨ੍ਹਾਂ ਨੂੰ ਇੱਕ ਅਰਮੀਨੀ ਪਾਦਰੀ ਵੱਲੋਂ ਉਨ੍ਹਾਂ ਦੀ ਯਾਤਰਾ ਲਈ ਬਾਈਬਲ ਤੋਹਫ਼ੇ ਵਜੋਂ ਦਿੱਤੀ ਗਈ।

ਤਸਵੀਰ ਸਰੋਤ, ullstein bild via Getty Images
ਪੂਰਬ ਵੱਲ ਦਾ ਸਫਰ
ਈਰਾਨ ਵਿੱਚ ਸਟੀਵਨਜ਼ ਨੇ ਉੱਥੋਂ ਦੇ ਸ਼ਾਹ ਨਾਸਿਰ ਅਲ-ਦੀਨ ਦੇ ਮਹਿਮਾਨ ਵਜੋਂ ਤੇਹਰਾਨ ਵਿੱਚ ਕੁਝ ਸਮਾਂ ਬਿਤਾਇਆ।
ਤਹਿਰਾਨ ਦੇ ਬਾਹਰੀ ਖੇਤਰ ਵਿੱਚ ਉਹ 'ਜ਼ੋਰੋਸਟ੍ਰੀਅਨ ਟਾਵਰਜ਼ ਆਫ ਸਾਈਲੈਂਸ' ਦੀ ਪ੍ਰਸ਼ੰਸਾ ਕਰਨ ਲਈ ਰੁਕੇ। ਇਹ ਇੱਕ ਪ੍ਰਾਚੀਨ ਸਥਾਨ ਸੀ ਜਿੱਥੇ ਮ੍ਰਿਤਕਾਂ ਨੂੰ ਗਿਰਝਾਂ ਦੇ ਖਾਣ ਲਈ ਛੱਡ ਦਿੱਤਾ ਜਾਂਦਾ ਸੀ, ਕਿਉਂਕਿ ਉਨ੍ਹਾਂ ਨੂੰ ਦਫ਼ਨਾਉਣ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਇਸ ਨਾਲ ਮਿੱਟੀ ਖ਼ਰਾਬ ਹੁੰਦੀ ਹੈ।
ਉਨ੍ਹਾਂ ਨੇ ਦੇਖਿਆ ਕਿ ਜ਼ੋਰੋਸਟਰ ਦੀਆਂ ਅੱਗਾਂ ਕਦੋਂ ਦੀਆਂ ਬੁੱਝ ਚੁੱਕੀਆਂ ਸਨ ਅਤੇ ਉਹ ਟਾਵਰ ਇੱਕ ਪ੍ਰਾਚੀਨ ਧਰਮ ਦੀ ਨਿਸ਼ਾਨੀ ਵਜੋਂ ਖੜ੍ਹੇ ਸਨ। ਕਿਉਂਕਿ ਕਿਸੇ ਸਮੇਂ ਇਨ੍ਹਾਂ ਨੂੰ ਦਿਨ-ਰਾਤ ਤੇਲ ਨਾਲ ਜਗਾਇਆ ਜਾਂਦਾ ਸੀ।"

ਤਸਵੀਰ ਸਰੋਤ, EDUCATION IMAGES/ GETTY IMAGES
ਈਰਾਨ ਤੋਂ ਬਾਅਦ ਸਟੀਵਨਜ਼ ਅਫਗਾਨਿਸਤਾਨ ਲਈ ਰਵਾਨਾ ਹੋਏ। ਹਾਲਾਂਕਿ ਉਹ ਦੇਸ਼ ਵਿੱਚ ਦਾਖਲ ਨਹੀਂ ਹੋ ਸਕੇ, ਇਸ ਲਈ ਉਹ ਕੈਸਪੀਅਨ ਸਾਗਰ ਨੂੰ ਜਹਾਜ਼ ਰਾਹੀਂ ਪਾਰ ਕਰਕੇ ਬਾਕੂ ਪਹੁੰਚੇ ਜੋ ਅੱਜ ਅਜ਼ਰਬਾਈਜਾਨ ਦੀ ਰਾਜਧਾਨੀ ਹੈ ਅਤੇ ਉੱਥੋਂ ਰੇਲਗੱਡੀ ਰਾਹੀਂ ਜਾਰਜੀਆ ਦੇ ਬਟੂਮੀ ਸ਼ਹਿਰ ਚਲੇ ਗਏ।
ਇਸ ਤੋਂ ਬਾਅਦ ਉਹ ਸਮੁੰਦਰੀ ਜਹਾਜ਼ ਰਾਹੀਂ ਭਾਰਤ ਦੇ ਕਲਕੱਤਾ ਸ਼ਹਿਰ ਪਹੁੰਚੇ।
ਭਾਰਤ ਵਿੱਚ, ਉਨ੍ਹਾਂ ਦੀਆਂ ਲਿਖਤਾਂ ਨੇ ਤਾਜ ਮਹਿਲ ਦੀ ਬਹੁਤ ਪ੍ਰਸ਼ੰਸਾ ਕੀਤੀ। ਹਾਲਾਂਕਿ ਉਨ੍ਹਾਂ ਨੇ ਗਰਮੀ ਬਾਰੇ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਨੋਟ ਕੀਤਾ ਕਿ ਇੱਥੋਂ ਦੇ ਦ੍ਰਿਸ਼ ਅਤੇ ਰੰਗ ਉਨ੍ਹਾਂ ਦੀ ਹੁਣ ਤੱਕ ਦੀ ਯਾਤਰਾ ਦੇ ਸਭ ਤੋਂ ਪਸੰਦੀਦਾ ਸਨ।
ਉੱਥੋਂ ਉਹ ਹਾਂਗਕਾਂਗ ਅਤੇ ਫਿਰ ਚੀਨ ਚਲੇ ਗਏ। ਉਨ੍ਹਾਂ ਦੀ ਯਾਤਰਾ ਦਾ ਆਖਰੀ ਪੜਾਅ ਜਾਪਾਨ ਦਾ ਯੋਕੋਹਾਮਾ ਸ਼ਹਿਰ ਸੀ।
ਉੱਥੇ ਸਟੀਵਨਜ਼ ਦਾ ਟਾਕਰਾ ਅਜਿਹੇ ਪਿੰਡ ਵਾਸੀਆਂ ਨਾਲ ਹੋਇਆ ਜਿਨ੍ਹਾਂ ਨੂੰ ਉਨ੍ਹਾਂ ਨੇ "ਸਲੀਕੇ ਵਾਲੇ" ਅਤੇ "ਖੁਸ਼ਮਿਜ਼ਾਜ" ਦੱਸਿਆ। ਉਨ੍ਹਾਂ ਨੇ ਲਿਖਿਆ, "ਉਹ ਕਿਸੇ ਵੀ ਦੂਜੇ ਦੇਸ਼ ਦੇ ਮੁਕਾਬਲੇ ਖੁਸ਼ੀ ਨਾਲ ਨਾ ਜਿਉਣ ਦੀ ਸਮੱਸਿਆ ਨੂੰ ਹੱਲ ਕਰਨ ਦੇ ਜ਼ਿਆਦਾ ਨੇੜੇ ਹਨ।" ਉਹ ਉੱਥੋਂ ਦੇ ਬੱਚਿਆਂ ਦੇ ਸਿੱਖਣ ਪ੍ਰਤੀ ਰੁਚੀ ਨੂੰ ਦੇਖ ਕੇ ਵੀ ਹੈਰਾਨ ਰਹਿ ਗਏ।
ਇੱਥੇ ਹੀ ਉਨ੍ਹਾਂ ਨੇ 1886 ਵਿੱਚ ਆਪਣੀ ਯਾਤਰਾ ਪੂਰੀ ਕੀਤੀ ਜੋ ਕੁੱਲ ਮਿਲਾ ਕੇ ਦੋ ਸਾਲ ਅਤੇ ਅੱਠ ਮਹੀਨੇ ਚੱਲੀ ਸੀ।
ਉਨ੍ਹਾਂ ਦੇ ਆਪਣੇ ਹਿਸਾਬ ਨਾਲ, ਉਨ੍ਹਾਂ ਨੇ 13,500 ਮੀਲ (22,000 ਕਿਲੋਮੀਟਰ) ਸਾਈਕਲ ਚਲਾਇਆ ਸੀ ਅਤੇ ਉਹ ਸਾਈਕਲ ਰਾਹੀਂ ਵਿਸ਼ਵ ਯਾਤਰਾ ਪੂਰੀ ਕਰਨ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਪਹਿਲਾਂ ਆਪਣੇ ਟ੍ਰੈਵਲ ਨੋਟਸ ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕਰਵਾਏ ਅਤੇ ਫਿਰ 1887 ਵਿੱਚ ਇੱਕ ਕਿਤਾਬ ਦੇ ਰੂਪ ਵਿੱਚ ਪੇਸ਼ ਕੀਤੇ।

'ਓਰੀਐਂਟਲਿਜ਼ਮ ਪ੍ਰਭਾਵ' ਅਤੇ ਆਲੋਚਨਾ
ਹਾਲਾਂਕਿ ਸਟੀਵਨਜ਼ ਨੇ ਕਈ ਭਾਈਚਾਰਿਆਂ ਦਾ ਵਰਣਨ ਪ੍ਰਸ਼ੰਸਾ ਦੇ ਰੂਪ ਵਿੱਚ ਕੀਤਾ, ਪਰ ਉਨ੍ਹਾਂ ਨੇ ਉਸ ਦੌਰ ਦੇ ਕਈ ਰੂੜ੍ਹੀਵਾਦੀ ਸ਼ਬਦਾਂ ਦੀ ਵਰਤੋਂ ਵੀ ਕੀਤੀ। ਉਹ ਅਕਸਰ ਆਪਣੇ ਸਾਹਮਣੇ ਆਉਣ ਵਾਲੇ ਲੋਕਾਂ ਨੂੰ "ਅੱਧ-ਸਭਿਅਕ", "ਗੰਦੇ" ਅਤੇ "ਅਣਪੜ੍ਹ/ਅਗਿਆਨੀ" ਦੱਸਦੇ ਸਨ।
ਦਰਅਸਲ, ਜਦੋਂ ਉਹ ਤੁਰਕੀ ਦੇ ਸਿਵਾਸ ਸ਼ਹਿਰ ਦੀ ਯਾਤਰਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਲਿਖਿਆ, " ਇੱਕ ਆਮ ਅਰਮੀਨੀਆਈ ਪਿੰਡ ਵਾਸੀ ਦੀ ਮਨੋਸਥਿਤੀ ਦੀ ਵਿਸ਼ੇਸ਼ਤਾ ਹੈ ਡੂੰਘੀ ਅਗਿਆਨਤਾ ਅਤੇ ਨੈਤਿਕ ਅੰਧਕਾਰ।
ਤੁਰਕੀ ਦੇ ਲੇਖਕ ਆਇਦਨ ਸੇਲਿਕ ਜੋ ਸਟੀਵਨਜ਼ ਦੀ ਤੁਰਕੀ ਯਾਤਰਾ ਦਾ ਅਧਿਐਨ ਕਰ ਰਹੇ ਹਨ, ਉਨ੍ਹਾਂ ਦੇ ਅਨੁਸਾਰ, ''ਸਟੀਵਨਜ਼ ਵੀ ਉਸ ਸਮੇਂ ਦੇ ਕਈ ਯਾਤਰੀਆਂ ਵਾਂਗ ਇੱਕ "ਓਰੀਐਂਟਲਿਸਟ" ਸਨ, ਯਾਨੀ ਅਜਿਹਾ ਵਿਅਕਤੀ ਜੋ ਪੂਰਬੀ ਸੱਭਿਆਚਾਰਾਂ ਅਤੇ ਇੱਥੋਂ ਦੇ ਲੋਕਾਂ ਨੂੰ ਇੱਕ ਖਾਸ ਰੂੜ੍ਹੀਵਾਦੀ ਨਜ਼ਰੀਏ ਨਾਲ ਦੇਖਣਾ।
ਹਾਲਾਂਕਿ ਲੇਖਕ ਰੌਬਰਟ ਆਈਜ਼ਨਬਰਗ ਦਾ ਮੰਨਣਾ ਹੈ ਕਿ ਜਿਵੇਂ-ਜਿਵੇਂ ਸਟੀਵਨਜ਼ ਦੀ ਯਾਤਰਾ ਅੱਗੇ ਵਧਦੀ ਗਈ, ਉਨ੍ਹਾਂ ਦਾ ਨਜ਼ਰੀਆ ਬਦਲਣਾ ਸ਼ੁਰੂ ਹੋ ਗਿਆ।

ਤਸਵੀਰ ਸਰੋਤ, Around the World on a Bicycle
ਆਈਜ਼ਨਬਰਗ ਨੇ ਕਿਹਾ, "ਬੇਸ਼ੱਕ ਉਹ ਇੱਕ ਸਖ਼ਤ ਸੱਭਿਆਚਾਰਕ ਦ੍ਰਿਸ਼ਟੀਕੋਣ ਤੋਂ ਗੱਲ ਕਰ ਰਹੇ ਹਨ। ਭਾਵੇਂ ਉਨ੍ਹਾਂ ਕੋਲ ਵਿਕਟੋਰੀਅਨ ਸੱਭਿਆਚਾਰਕ ਕਾਲ ਦਾ ਆਪਣਾ ਇੱਕ ਖਾਸ ਮਾਪਦੰਡ ਹੋਵੇ। ਪਰ ਜਦੋਂ ਉਹ ਤਾਜ ਮਹਿਲ ਪਹੁੰਚਦੇ ਹਨ ਤਾਂ ਉੱਥੋਂ ਦੀ ਵਾਸਤੁਕਲਾ ਅਤੇ ਕਲਾ ਦੀ ਸੁੰਦਰਤਾ ਨਾਲ ਇੰਨਾ ਪ੍ਰਭਾਵਿਤ ਹੁੰਦੇ ਹਨ, ਕਿ ਉਹ ਕਿਸੇ ਹੋਰ ਚੀਜ਼ ਨਾਲ ਇਸ ਦੀ ਤੁਲਨਾ ਨਹੀਂ ਕਰਦੇ। ਉਹ ਬੱਸ ਇਸ ਨੂੰ ਦੇਖ ਕੇ ਮੋਹਿਤ ਹੋ ਜਾਂਦੇ ਹਨ।"
ਸਾਈਕਲ 'ਤੇ ਦੁਨੀਆਂ ਦੀ ਯਾਤਰਾ ਕਰਨ ਵਾਲੇ ਪਹਿਲੇ ਵਿਅਕਤੀ ਹੋਣ ਦੇ ਨਾਤੇ ਸਟੀਵਨਜ਼ ਦੀਆਂ ਕਹਾਣੀਆਂ ਦੀ ਇੰਗਲੈਂਡ ਅਤੇ ਅਮਰੀਕਾ ਵਿੱਚ ਬਹੁਤ ਮੰਗ ਸੀ। ਵਿਦਵਾਨਾਂ ਅਨੁਸਾਰ ਉਨ੍ਹਾਂ ਦੀਆਂ ਕਹਾਣੀਆਂ ਨੇ ਉਸ ਸਮੇਂ ਦੇ ਬਹੁਤ ਸਾਰੇ ਅਮਰੀਕੀਆਂ ਦੇ ਬਾਕੀ ਦੁਨੀਆਂ ਨੂੰ ਦੇਖਣ ਦੇ ਨਜ਼ਰੀਏ ਨੂੰ ਬਦਲ ਦਿੱਤਾ ਸੀ।
ਸਟੀਵਨਜ਼ ਦਾ ਜੀਵਨ ਨੌਜਵਾਨ ਅਮਰੀਕੀ ਸਾਹਸੀ ਯਾਤਰੀਆਂ ਵਿਲੀਅਮ ਸਾਚਲਬੇਨ ਅਤੇ ਥਾਮਸ ਐਲਨ ਲਈ ਇੱਕ ਪ੍ਰੇਰਣਾ ਬਣ ਗਿਆ, ਜਿਨ੍ਹਾਂ ਨੇ ਬਾਅਦ ਵਿੱਚ ਸਾਈਕਲ ਰਾਹੀਂ ਇਸਤਾਂਬੁਲ ਦੀ ਯਾਤਰਾ ਕੀਤੀ।
ਇਸ ਸਭ ਤੋਂ ਇਲਾਵਾ ਲੇਖਕ ਆਇਦਨ ਸੇਲਿਕ ਦਾ ਮੰਨਣਾ ਹੈ ਕਿ ਸਟੀਵਨਜ਼ ਦੀ ਸਭ ਤੋਂ ਮਹੱਤਵਪੂਰਨ ਵਿਰਾਸਤ ਦੋ-ਪਹੀਆ ਵਾਹਨ ਦੀ ਯਾਤਰਾ ਨੂੰ ਪ੍ਰਸਿੱਧ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਕਿਸਮ ਦੀ "ਸਾਈਕਲ ਕ੍ਰਾਂਤੀ" ਵਜੋਂ ਦਰਸਾਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












