ਕੌਣ ਹੈ ਅਜੇ ਬਾਂਗਾ ਜਿਨ੍ਹਾਂ ਨੂੰ ਅਮਰੀਕਾ ਨੇ ਵਰਲਡ ਬੈਂਕ ਦਾ ਚੇਅਰਮੈਨ ਬਣਨ ਲਈ ਨਾਮਜ਼ਦ ਕੀਤਾ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਕਾਰੋਬਾਰੀ ਅਜੇ ਬਾਂਗਾ ਨੂੰ ਵਿਸ਼ਵ ਬੈਂਕ ਦੇ ਚੇਅਰਮੈਨ ਦੇ ਅਹੁਦੇ ਲਈ ਅਮਰੀਕਾ ਵਲੋਂ ਨਾਮਜ਼ਦ ਕੀਤਾ ਹੈ।

ਇਹ ਕਦਮ ਅਮਰੀਕਾ ਵੱਲੋਂ ਬੈਂਕ ’ਤੇ ਜਲਵਾਯੂ ਬਦਲਾਅ ਨਾਲ ਨਜਿੱਠਣ ਲਈ ਵਧੇਰੇ ਕੰਮ ਕਰਨ ਦਾ ਦਬਾਅ ਵਧਾਉਣ ਤੋਂ ਬਾਅਦ ਚੁੱਕਿਆ ਗਿਆ ਹੈ।

ਬਾਂਗਾ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕ੍ਰੈਡਿਟ ਕਾਰਡ ਦੀ ਵੱਡੀ ਕੰਪਨੀ ਮਾਸਟਰਕਾਰਡ ਦੀ ਅਗਵਾਈ ਕੀਤੀ ਅਤੇ ਹੁਣ ਉਹ ਪ੍ਰਾਈਵੇਟ ਇਕੁਇਟੀ ਵਿੱਚ ਕੰਮ ਕਰਦੇ ਹਨ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨਿੱਜੀ ਖੇਤਰ ਦੀ ਮਦਦ ਨਾਲ ਬੈਂਕ ਦੇ ਟੀਚੇ ਪੂਰੇ ਕਰਵਾਉਣ ਦਾ ਤਜਰਬਾ ਹੈ।

ਬੈਂਕ ਦਾ ਅਧਿਕਾਰਤ ਤੌਰ ’ਤੇ ਮੁਖੀ ਬੈਂਕ ਦੇ ਬੋਰਡ ਵਲੋਂ ਨਿਯੁਕਤ ਕੀਤਾ ਜਾਂਦਾ ਹੈ।

ਨਿਯੁਕਤੀ ਦਾ ਆਧਾਰ

ਬੈਂਕ ਵੱਲੋਂ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਨੇ ਤਿੰਨ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਹੈ।

ਇਸ ਤੋਂ ਬਾਅਦ ਤਿੰਨਾਂ ਦੀ ਇੰਟਰਵਿਊ ਲਈ ਜਾਵੇਗੀ।

ਬਿਆਨ ਮੁਤਾਬਕ ਬੈਂਕ ਨੇ ਮਈ ਤੱਕ ਨਵਾਂ ਨਾਮ ਐਲਾਣਨ ਦਾ ਟੀਚਾ ਰੱਖਿਆ ਹੈ।

ਇਹ ਵੀ ਕਿਹਾ ਗਿਆ ਕਿ ਨਾਮਜ਼ਦ ਹੋਏ ਮਹਿਲਾ ਉਮੀਦਵਾਰਾਂ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾਵੇਗਾ।

ਹੋਰ ਦੇਸ਼ਾਂ ਦੇ ਸੁਝਾਅ

ਇਹ ਸਪੱਸ਼ਟ ਨਹੀਂ ਹੈ ਕਿ ਕੀ ਅਮਰੀਕਾ ਤੋਂ ਬਾਅਦ ਕੋਈ ਹੋਰ ਦੇਸ਼ ਵੀ ਵੱਖਰਾ ਨਾਮ ਨਾਮਜ਼ਦ ਕਰੇਗਾ ਜਾਂ ਨਹੀਂ।

ਅਮਰੀਕਾ, ਵਿਸ਼ਵ ਬੈਂਕ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ। ਰਵਾਇਤੀ ਤੌਰ 'ਤੇ ਸੰਸਥਾ ਦੀ ਅਗਵਾਈ ਕਰਨ ਲਈ ਵਿਅਕਤੀ ਦੀ ਚੋਣ ਕਰਨ ਦਾ ਇੰਚਾਰਜ ਰਿਹਾ ਹੈ।

ਇਹ ਸੰਸਥਾ ਹਰ ਸਾਲ ਕਈ ਦੇਸ਼ਾਂ ਨੂੰ ਅਰਬਾਂ ਡਾਲਰ ਉਧਾਰ ਦਿੰਦਾ ਹੈ।

ਖ਼ਜਾਨੇ ਦੀ ਸਕੱਤਰ ਜੈਨੇਟ ਯੇਲਨ ਨੇ ਕਿਹਾ ਕਿ ਉਹ ਵਿਸ਼ਵ ਬੈਂਕ ਨੂੰ ‘ਸਹੀ ਏਜੰਡਾ ਸੈੱਟ ਕਰਕੇ ਚੰਗੇ ਲਈ ਕੰਮ ਕਰਨ ਵਾਲੀ ਸੰਸਥਾ ਦੇਖਣਾ ਚਾਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਬਾਂਗਾ ਬੈਂਕ ਦਾ ਚਾਰਜ ਲੈਣ ਲਈ ਤਿਆਰ ਹਨ।

ਉਨ੍ਹਾਂ ਬਾਂਗਾ ਦੇ ਸਰਕਾਰਾਂ, ਕੰਪਨੀਆਂ ਅਤੇ ਗ਼ੈਰ-ਮੁਨਾਫ਼ੇ ਵਾਲੀਆਂ ਕੰਪਨੀਆਂ ਦਰਮਿਆਨ ਭਾਈਵਾਲੀ ਬਣਾਉਣ ਦੇ ਉਨ੍ਹਾਂ ਦੇ ਤਜ਼ਰਬੇ ਦਾ ਹਵਾਲਾ ਦਾ ਦਿੱਤਾ ਹੈ।

ਕੌਣ ਹਨ ਅਜੇ ਬਾਂਗਾ

ਹੁਣ ਅਮਰੀਕਾ ਵਾਸੀ ਅਜੇ ਬਾਂਗਾ ਨੇ ਆਪਣੇ ਸ਼ਾਨਦਾਰ ਕਰੀਅਰ ਦੀ ਸ਼ੁਰੂਆਤ ਭਾਰਤ ਤੋਂ ਹੀ ਕੀਤੀ ਸੀ।

ਉਨ੍ਹਾਂ ਦੇ ਪਿਤਾ ਇੱਕ ਫ਼ੌਜੀ ਅਧਿਕਾਰੀ ਸਨ।

ਮਾਸਟਰ ਕਾਰਡ ਦੀ ਵੈਬਸਾਈਟ ਅਨੁਸਾਰ ਅਜੇ ਬਾਂਗਾ ਨੇ ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਬੀਏ ਆਨਰਜ਼ ਦੀ ਡਿਗਰੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਹਿਮਦਾਬਾਦ ਦੇ ਇੰਡੀਅਨ ਇੰਸਟੀਚਿਊਟ ਤੋਂ ਵੀ ਪੜ੍ਹਾਈ ਕੀਤੀ ਹੈ।

ਅਜੇ ਬਾਂਗਾ ਸਾਲ 2009 ਵਿੱਚ ਪ੍ਰੈਸੀਡੈਂਟ ਵਜੋਂ ਮਾਸਟਰ ਕਾਰਡ ਨਾਲ ਜੁੜੇ ਸਨ। ਸਾਲ 2010 ਵਿੱਚ ਉਹ ਮਾਸਟਰ ਕਾਰਡ ਦੇ ਸੀਈਓ ਬਣੇ ਸਨ।

ਇਸ ਤੋਂ ਪਹਿਲਾਂ ਬਾਂਗਾ ਸਿਟੀਗਰੁੱਪ ਦੇ ਏਸ਼ੀਆ ਪੈਸੀਫਿਕ ਖੇਤਰ ਦੇ ਸੀਈਓ ਰਹੇ ਸਨ। ਬਾਂਗਾ ਨੇ ਸਾਲ 1996 ਵਿੱਚ ਸਿਟੀ ਗਰੁੱਪ ਨੂੰ ਜੁਆਈਨ ਕੀਤਾ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ 13 ਸਾਲ ਨੈਸਲੇ ਕੰਪਨੀ ਵਿੱਚ ਕੰਮ ਕੀਤਾ ਹੈ।

ਬਾਂਗਾ 2021 ਵਿੱਚ ਫ਼ਰਮ ਤੋਂ ਸੇਵਾਮੁਕਤ ਹੋਏ ਅਤੇ ਹੁਣ ਜਨਰਲ ਐਟਲਾਂਟਿਕ ਵਿੱਚ ਇੱਕ ਪ੍ਰਾਈਵੇਟ ਇਕੁਇਟੀ ਫ਼ਰਮ ਵਿੱਚ ਉਪ ਚੇਅਰਮੈਨ ਵਜੋਂ ਕੰਮ ਕਰ ਕਰ ਰਹੇ ਹਨ।

ਇਕੁਇਟੀ ਫ਼ਰਮ ਵਿੱਚ ਕੰਮ ਕਰਦਿਆਂ ਉਹ ਇਸਦੇ ਜਲਵਾਯੂ ਬਦਲਾਅ ਲਈ ਰੱਖੇ ਗਏ 350 ਕਰੋੜ ਡਾਲਰ ਦੇ ਫੰਡ ਦੇ ਸਲਹਾਕਾਰ ਵੀ ਹਨ।

ਉਨ੍ਹਾਂ ਨੇ ਮੱਧ ਅਮਰੀਕਾ ਲਈ ਸਾਂਝੇਦਾਰੀ ਦੇ ਸਹਿ-ਚੇਅਰਮੈਨ ਵਜੋਂ ਵ੍ਹਾਈਟ ਹਾਊਸ ਨਾਲ ਵੀ ਕੰਮ ਕੀਤਾ ਹੈ।

ਇੱਕ ਪਹਿਲਕਦਮੀ ਜਿਸਦਾ ਉਦੇਸ਼ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਅਮਰੀਕਾ ਵਿੱਚ ਪਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਚੁਣੌਤੀ ਭਰਿਆ ਅਹੁਦਾ

ਸੈਂਟਰ ਫ਼ਾਰ ਗਲੋਬਲ ਡਿਵੈਲਪਮੈਂਟ ਦੇ ਕਾਰਜਕਾਰੀ ਉਪ ਪ੍ਰਧਾਨ, ਅਮਾਂਡਾ ਗਲਾਸਮੈਨ ਦਾ ਕਹਿਣਾ ਹੈ ਕਿ ਬਾਂਗਾ ਬੈਂਕ ਵਿੱਚ ਅਮਰੀਕੀ ਕਾਂਗਰਸ ਸਮੇਤ ਰਿਪਬਲਿਕਨ ਮੈਂਬਰਾਂ ਵਿੱਚ ਵਿਸ਼ਵਾਸ ਬਣਵਾਉਣ ਦਾ ਕੰਮ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਕਾਂਗਰਸ ਤੇ ਰਿਪਬਲਿਕਨ ਮੈਂਬਰ ਕੌਮਾਂਤਰੀ ਸੰਸਥਾਵਾਂ ਦੀ ਅਲੋਚਣਾ ਕਰਦੇ ਆਏ ਹਨ।

ਪਰ ਉਨ੍ਹਾਂ ਨੇ ਕਿਹਾ ਕਿ ਇਹ ਵੇਖਣਾ ਬਾਕੀ ਹੈ ਕਿ, ਕੀ ਉਹ ਸਹੀ ਚੋਣ ਸਾਬਿਤ ਹੋਵੇਗੀ।

ਕਿਉਂਕਿ ਬਾਂਗਾ ਨੂੰ ਸਰਕਾਰ ਅਤੇ ਵਿਕਾਸ ਕਾਰਜਾਂ ਦਾ ਤਜਰਬਾ ਘੱਟ ਹੈ। ਉਨ੍ਹਾਂ ਦੇ ਜ਼ਿੰਦਗੀ ਦਾ ਬਹੁਤਾ ਸਮਾਂ ਨੌਕਰੀ ਦੇ ਲੇਖੇ ਹੀ ਲਗਾਇਆ ਹੈ।

ਅਮਾਂਡਾ ਗਲਾਸਮੈਨ ਕਹਿੰਦੇ ਹਨ,"ਅਸੀਂ ਬੈਂਕ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸੁਣਨ ਦੀ ਉਡੀਕ ਕਰ ਰਹੇ ਹਾਂ।"

ਬੈਂਕ ਦਾ ਕਾਰਜਕਾਲ ਸੰਭਾਲਣ ਤੋਂ ਬਾਅਦ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਘੱਟ ਆਮਦਨੀ ਵਾਲੇ ਦੇਸ਼ਾਂ ਦੀਆਂ ਫ਼ੌਰੀ ਵਿੱਤੀ ਲੋੜਾਂ ਦੀ ਸੰਤੁਲਿਤ ਤਰੀਕੇ ਨਾਲ ਮਦਦ ਕਰਨਾ ਹੈ।

ਇਨ੍ਹਾਂ ਦੇਸ਼ਾਂ ਵਿੱਚੋਂ ਬਹੁਤੇ ਮੁਲਕ ਕਰਜ਼ੇ ਦੇ ਚਲਦਿਆਂ ਸੰਕਟ ਵਿੱਚ ਹਨ।

ਫੰਡਾਂ ਦੀ ਘਾਟ ਤੇ ਲੋੜਾਂ

ਇਸ ਦੇ ਨਾਲ ਹੀ ਇੱਕ ਵੱਡੀ ਚੁਣੌਤੀ ਹੈ ਵਾਧੂ ਪੈਸਿਆਂ ਬਗ਼ੈਰ ਜਲਵਾਯੂ ਪਰਿਵਰਤਨ,ਮਹਾਂਮਾਰੀ ਤੇ ਵਿਸ਼ਵਵਿਆਪੀ ਸੰਘਰਸ਼ਾਂ ਵਰਗੇ ਮੁੱਦਿਆਂ ਨਾਲ ਨਜਿੱਠਣਾ ਵੀ ਹੈ।

ਗਲਾਸਮੈਨ ਕਹਿੰਦੇ ਹਨ, "ਵਿਸ਼ਵ ਬੈਂਕ ਦੀ ਰਣਨੀਤੀ ਦੇ ਇਸ ਅਗਲੇ ਪੜਾਅ 'ਤੇ ਬਹੁਤ ਕੁਝ ਵਾਪਰਨ ਵਾਲਾ ਹੈ।

"ਇਹ ਉਹ ਪਲ ਹਨ ਜਦੋਂ ਵਿਸ਼ਵ ਬੈਂਕ ਜਾਂ ਤਾਂ ਅਸਲੋਂ ਪ੍ਰਭਾਵਸ਼ਾਲੀ ਹੋ ਸਕਦਾ ਹੈ। ਜਾਂ ਹਾਸ਼ੀਏ 'ਤੇ ਜਾ ਸਕਦਾ ਹੈ।"

ਹਾਲਾਂਕਿ ਆਮ ਸਹਿਮਤੀ ਹੈ ਕਿ ਬੈਂਕ ਨੂੰ ਵਿਕਸਤ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ, "ਇਹ ਸਭ ਕਿਵੇਂ ਹੋਵੇਗਾ ਇਸ ਬਾਰੇ ਸਹਿਮਤੀ ਘੱਟ ਹੈ ਤੇ ਚਿੰਤਾ ਵੱਧ ਹੈ।”

“ਚਿੰਤਾ ਇਸ ਗੱਲ ਦੀ ਹੈ ਕਿ ਸੰਤੁਲਨ ਬਣਾਈ ਰੱਖਣ ਲਈ ਲੋੜੀਂਦੇ ਕੰਮ ਕਿਵੇਂ ਹੋਣਗੇ।”

ਪੁਰਾਣੇ ਅਹੁਦੇਦਾਰ ਦੀ ਅਲੋਚਣਾ

ਜੇਕਰ ਪੁਸ਼ਟੀ ਹੋ ਜਾਂਦੀ ਹੈ, ਤਾਂ ਬਾਂਗਾ ਮੌਜੂਦਾ ਆਗੂ ਡੇਵਿਡ ਮਾਲਪਾਸ ਦੀ ਥਾਂ ਲੈਣਗੇ।

ਡੇਵਿਡ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਮਜ਼ਦ ਕੀਤਾ ਸੀ।

ਇਸ ਮਹੀਨਾ ਪਹਿਲਾਂ ਇਹ ਖ਼ਬਰ ਵੀ ਆਈ ਸੀ ਕਿ ਉਹ ਆਪਣਾ ਪੰਜ ਸਾਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਕਰੀਬ ਇੱਕ ਸਾਲ ਪਹਿਲਾਂ, ਜੂਨ ਤੱਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।

ਵਾਤਾਵਰਣ ਹਮਾਇਤੀਆਂ ਵੱਲੋਂ ਮੌਸਮੀ ਬਦਲਾਅ ਨਾਲ ਨਜਿੱਠਣ ਲਈ ਬੈਂਕ ਦੇ ਸਰੋਤਾਂ ਨੂੰ ਢਿੱਲੇ ਢੰਗ ਨਾਲ ਇਸਤੇਮਾਲ ਕਰਨ ਬਦਲੇ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਸੀ।

ਪਿਛਲੇ ਸਾਲ, ਉਨ੍ਹਾਂ ਨੂੰ ਵ੍ਹਾਈਟ ਹਾਊਸ ਵਲੋਂ ਜਨਤਕ ਤੌਰ 'ਤੇ ਝਾੜ ਪਾਈ ਗਈ ਸੀ।

ਇਹ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਕਿਹਾ ਸੀ ਕਿ ਜੈਵਿਕ ਇੰਧਨ ਜਲਵਾਯੂ ਤਬਦੀਲੀ ਦਾ ਇੱਕ ਕਾਰਨ ਹੈ।

ਇਸ ਬਾਰੇ ਉਨ੍ਹਾਂ ਨੇ ਬਾਅਦ ਵਿੱਚ ਮੁਆਫ਼ੀ ਵੀ ਮੰਗੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)