'ਕਿਲਰ ਫੰਗਸ' ਕੀ ਹੈ, ਜਾਨਲੇਵਾ ਫੰਗਲ ਇਨਫੈਕਸ਼ਨਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ

    • ਲੇਖਕ, ਦਿ ਇਨਕੁਆਇਰੀ ਪੋਡਕਾਸਟ
    • ਰੋਲ, ਬੀਬੀਸੀ ਵਰਲਡ ਸਰਵਿਸ

ਜਦੋਂ ਤੁਸੀਂ ਜਲਵਾਯੂ ਪਰਿਵਰਤਨ ਸ਼ਬਦ ਸੁਣਦੇ ਹੋ, ਤਾਂ ਮਨ ਵਿੱਚ ਕਿਹੜੀ ਤਸਵੀਰ ਆਉਂਦੀ ਹੈ? ਜ਼ਿਆਦਾਤਰ ਲੋਕ ਵਧਦੇ ਤਾਪਮਾਨ, ਤੂਫਾਨਾਂ, ਪਿਘਲਦੇ ਗਲੇਸ਼ੀਅਰਾਂ, ਜੰਗਲਾਂ ਦੀ ਅੱਗ ਅਤੇ ਖੇਤੀਬਾੜੀ ਨੂੰ ਹੋਣ ਵਾਲੇ ਨੁਕਸਾਨ ਬਾਰੇ ਸੋਚਦੇ ਹਨ।

ਪਰ ਜਲਵਾਯੂ ਪਰਿਵਰਤਨ ਦਾ ਇੱਕ ਹੋਰ ਪ੍ਰਭਾਵ ਹੈ ਜਿਸਦੀ ਚਰਚਾ ਬਹੁਤ ਘੱਟ ਹੁੰਦੀ ਹੈ- ਵਧਦਾ ਤਾਪਮਾਨ ਫੰਗਲ ਬਿਮਾਰੀਆਂ ਵਿੱਚ ਵਾਧਾ ਕਰ ਰਿਹਾ ਹੈ, ਉਹ ਬਿਮਾਰੀਆਂ ਜੋ ਫੰਗਲ, ਫੂਈ, ਫਫੂੰਦੀ, ਫੰਗਸ ਜਾਂ ਉੱਲੀ ਨਾਲ ਫੈਲਦੀਆਂ ਹਨ।

ਦਿਲਚਸਪ ਗੱਲ ਇਹ ਹੈ ਕਿ ਠੰਢੇ ਖੇਤਰਾਂ ਵਿੱਚ ਵੀ ਜਿੱਥੇ ਪਹਿਲਾਂ ਫੰਗਸ ਆਮ ਤੌਰ 'ਤੇ ਨਹੀਂ ਮਿਲਦੀ ਸੀ, ਪਰ ਹੁਣ ਉਨ੍ਹਾਂ ਖੇਤਰਾਂ ਵਿੱਚ ਵੀ ਇਹ ਕਾਫ਼ੀ ਪਨਪਣ ਲੱਗੀ ਹੈ।

ਮੈਨਚੈਸਟਰ ਯੂਨੀਵਰਸਿਟੀ ਦੀ ਖੋਜ ਦੇ ਅਨੁਸਾਰ, ਇੱਕ ਕਿਲਰ ਫੰਗਸ (ਜਾਨਲੇਵਾ ਫਫੂੰਦ) ਦਾ ਫੈਲਾਅ, ਜੋ ਪਹਿਲਾਂ ਸਿਰਫ ਗਰਮ ਦੇਸ਼ਾਂ ਵਿੱਚ ਪਾਇਆ ਜਾਂਦਾ ਸੀ, ਹੁਣ ਯੂਰਪ ਵਿੱਚ ਵੀ ਫੈਲ ਸਕਦਾ ਹੈ।

ਇਹ ਫੰਗਸ ਐਸਪਰਗਿਲੋਸਿਸ ਦਾ ਕਾਰਨ ਬਣਦੀ ਹੈ, ਜੋ ਕਿ ਫੇਫੜਿਆਂ ਦੀ ਇੱਕ ਬਿਮਾਰੀ ਹੈ। ਐਸਪਰਗਿਲੋਸਿਸ ਕਾਰਨ ਹਰ ਸਾਲ ਦੁਨੀਆਂ ਭਰ ਵਿੱਚ ਲਗਭਗ 18 ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ।

ਅਨੁਮਾਨ ਹੈ ਕਿ ਇਹ ਬਿਮਾਰੀ ਹੁਣ ਅਫਰੀਕਾ ਅਤੇ ਦੱਖਣੀ ਅਮਰੀਕਾ ਤੋਂ ਉੱਤਰੀ ਦੇਸ਼ਾਂ ਵਿੱਚ ਫੈਲ ਰਹੀ ਹੈ।

ਅਮਰੀਕਾ ਦੀ ਮਿਨੀਸੋਟਾ ਯੂਨੀਵਰਸਿਟੀ ਨਾਲ ਜੁੜੇ ਸੈਂਟਰ ਫਾਰ ਇਨਫੈਕਸ਼ੀਅਸ ਡਿਜ਼ੀਜ਼ ਐਂਡ ਰਿਸਰਚ ਪਾਲਿਸੀ ਦੇ ਇੱਕ ਅਧਿਐਨ ਦੇ ਅਨੁਸਾਰ, ਭਾਰਤ ਵਿੱਚ ਵੀ ਹਰ ਸਾਲ 250,000 ਲੋਕ ਐਸਪਰਗਿਲੋਸਿਸ ਤੋਂ ਪੀੜਤ ਹੁੰਦੇ ਹਨ, ਜਿਸ ਵਿੱਚ ਟੀਬੀ ਵਰਗੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਅਨੁਪਾਤ ਬਹੁਤ ਜ਼ਿਆਦਾ ਹੈ।

ਹਾਲ ਹੀ ਵਿੱਚ ਟੀਵੀ ਸ਼ੋਅ 'ਦਿ ਲਾਸਟ ਆਫ਼ ਅਸ' ਵਿੱਚ ਇਸ ਬਿਮਾਰੀ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਵਿੱਚ ਇੱਕ ਫੰਗਲ ਬਿਮਾਰੀ ਲੋਕਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਉਨ੍ਹਾਂ ਨੂੰ ਜ਼ੋਂਬੀ ਵਿੱਚ ਬਦਲ ਦਿੰਦੀ ਹੈ।

ਅਤਿਕਥਨੀ ਨੂੰ ਨਾ ਵੀ ਦੇਖੀਏ, ਤਾਂ ਵੀ ਫੰਗਲ ਬਿਮਾਰੀਆਂ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਗਈਆਂ ਹਨ। ਤਾਂ ਅਸੀਂ ਆਪਣੇ ਆਪ ਨੂੰ ਅਜਿਹੀ ਕਿਲਰ ਫੰਗਸ ਤੋਂ ਕਿਵੇਂ ਬਚਾ ਸਕਦੇ ਹਾਂ?

ਤੁਹਾਡੇ ਆਲੇ-ਦੁਆਲੇ ਫੰਗਸ

ਅਡੇਲੀਆ ਵਾਰਿਸ ਯੂਕੇ ਵਿੱਚ ਐਕਸੀਟਰ ਯੂਨੀਵਰਸਿਟੀ ਵਿੱਚ ਬੱਚਿਆਂ ਵਿੱਚ ਛੂਤ ਦੀਆਂ ਬਿਮਾਰੀਆਂ ਸਬੰਧੀ ਪ੍ਰੋਫੈਸਰ ਹਨ।

ਉਹ ਕਹਿੰਦੇ ਹਨ ਕਿ ਫੰਗੀ ਜਾਂ ਫੰਗਸ ਰੋਗਾਣੂ ਸਾਡੇ ਆਲੇ-ਦੁਆਲੇ ਹਰ ਪਾਸੇ ਮੌਜੂਦ ਹਨ। ਜਿਵੇਂ ਕਿ ਫੰਗਸ ਮਿੱਟੀ ਵਿੱਚ ਪਾਈ ਜਾਂਦੀ ਹੈ, ਇਹ ਹਵਾ ਰਾਹੀਂ ਮੀਲਾਂ ਤੱਕ ਦੀ ਯਾਤਰਾ ਕਰ ਸਕਦੇ ਹਨ।

ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਫੰਗਲ ਬਿਮਾਰੀ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਵੇ।

ਇਸ ਬਾਰੇ ਅਡੇਲੀਆ ਕਹਿੰਦੇ ਹਨ "ਫੰਗਲ ਰੋਗ ਫੰਗਲ ਰੋਗਾਣੂਆਂ ਕਾਰਨ ਹੁੰਦੇ ਹਨ। ਇਹ ਬਿਮਾਰੀਆਂ ਬੈਕਟੀਰੀਆ ਅਤੇ ਵਾਇਰਸਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਵਾਂਗ ਹੀ ਹਨ।

ਉਨ੍ਹਾਂ ਦੱਸਿਆ, "ਐਥਲੀਟ ਫੁਟ ਵਰਗੀਆਂ ਫੰਗਲ ਬਿਮਾਰੀਆਂ ਸਿਰਫ ਹਲਕੀ ਬੇਅਰਾਮੀ ਦਿੰਦੀਆਂ ਹਨ। ਪਰ ਕੁਝ ਫੰਗਲ ਰੋਗ ਦਿਮਾਗ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਅਤੇ ਜਾਨਲੇਵਾ ਸਾਬਿਤ ਹੋ ਸਕਦੇ ਹਨ। ਫੰਗਸ ਨਾਲ ਚਮੜੀ ਦੇ ਰੋਗ ਪੈਦਾ ਹੋ ਸਕਦੇ ਹਨ।"

"ਆਲੇ-ਦੁਆਲੇ ਦੇ ਵਾਤਾਵਰਣ ਤੋਂ ਫੰਗਲ ਨਹੁੰਆਂ, ਖਾਸ ਕਰਕੇ ਪੈਰਾਂ ਦੇ ਨਹੁੰਆਂ ਵਿੱਚ ਫੈਲ ਸਕਦਾ ਹੈ। ਇਸ ਨਾਲ ਫੰਗਲ ਟੋਅਨੇਲ ਅਤੇ ਐਥਲੀਟਸ ਫੁਟ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।"

ਐਥਲੀਟਸ ਫੁਟ ਵਿੱਚ ਪੈਰਾਂ 'ਤੇ ਖੁਜਲੀ, ਲਾਲੀ, ਪੈਰਾਂ ਦੀ ਚਮੜੀ 'ਚ ਖੁਸ਼ਕੀ, ਅਤੇ ਉਂਗਲਾਂ 'ਤੇ ਤਰੇੜਾਂ ਜਾਂ ਜ਼ਖਮ ਵਰਗੇ ਲੱਛਣ ਹੁੰਦੇ ਹਨ।

ਜੇਕਰ ਤੁਹਾਡੇ ਪੈਰਾਂ ਦੇ ਤਲੀਆਂ 'ਤੇ ਤਰੇੜਾਂ ਹਨ, ਤਾਂ ਉੱਥੇ ਫੰਗਸ ਆਸਾਨੀ ਨਾਲ ਨਿਵਾਸ ਕਰ ਸਕਦੀ ਹੈ। ਹਾਲਾਂਕਿ ਇਹ ਕੁਝ ਬੇਅਰਾਮੀ ਦਾ ਕਾਰਨ ਬਣ ਸਕਦੀ ਹੈ, ਪਰ ਇਸਦਾ ਆਮ ਤੌਰ 'ਤੇ ਤੁਹਾਡੀ ਸਿਹਤ 'ਤੇ ਗੰਭੀਰ ਪ੍ਰਭਾਵ ਨਹੀਂ ਪੈਂਦਾ।

ਪਰ ਜੇਕਰ ਫੰਗਸ ਤੁਹਾਡੇ ਫੇਫੜਿਆਂ ਤੱਕ ਪਹੁੰਚ ਜਾਂਦੀ ਹੈ, ਤਾਂ ਇਹ ਜਾਨਲੇਵਾ ਹੋ ਸਕਦੀ ਹੈ।

ਐਡੀਲੀਆ ਵਾਰਿਸ ਕਹਿੰਦੇ ਹਨ ਕਿ ਹਵਾ ਵਿੱਚ ਫੰਗਸ ਦੇ ਕਣ ਸਾਹ ਰਾਹੀਂ ਸਾਡੇ ਫੇਫੜਿਆਂ ਤੱਕ ਪਹੁੰਚ ਜਾਂਦੇ ਹਨ ਅਤੇ ਉੱਥੇ ਹੀ ਵਧਣਾ ਸ਼ੁਰੂ ਕਰ ਦਿੰਦੇ ਹਨ।

ਉਨ੍ਹਾਂ ਕਿਹਾ, "ਸਿਹਤਮੰਦ ਲੋਕ ਗੰਭੀਰ ਫੰਗਲ ਬਿਮਾਰੀਆਂ ਤੋਂ ਪੀੜਤ ਨਹੀਂ ਹੁੰਦੇ। ਪਰ ਫੰਗਸ ਕੁਝ ਮਰੀਜ਼ਾਂ ਦੇ ਕਮਜ਼ੋਰ ਇਮਿਊਨ ਸਿਸਟਮ ਦਾ ਫਾਇਦਾ ਉਠਾ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਫੰਗਸ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।"

ਇਸੇ ਕਰਕੇ ਕੋਵਿਡ ਮਹਾਂਮਾਰੀ ਦੌਰਾਨ ਮਿਊਕੋਰ ਮਾਈਕੋਸਿਸ ਵਰਗੀਆਂ ਫੰਗਲ ਬਿਮਾਰੀਆਂ ਦੀਆਂ ਘਟਨਾਵਾਂ ਵਧੀਆਂ ਸਨ।

ਪਰ ਫੰਗਸ ਦਾ ਇੱਕ ਸਮੂਹ ਹੈ ਜੋ ਚਮੜੀ ਨਾ ਤਾਂ 'ਤੇ ਨਹੀਂ ਉੱਗਦਾ ਹੈ ਅਤੇ ਨਾ ਹੀ ਫੇਫੜਿਆਂ ਵਿੱਚ ਦਾਖਲ ਨਹੀਂ ਹੁੰਦਾ ਹੈ। ਸਗੋਂ ਇਸ ਦੀ ਬਜਾਏ ਉਹ ਪਹਿਲਾਂ ਹੀ ਸਰੀਰ ਵਿੱਚ ਮੌਜੂਦ ਹੁੰਦਾ ਹੈ।

ਇਹ ਫੰਗਸ ਜਾਂ ਉੱਲੀ ਇੱਕ ਕਿਸਮ ਦਾ ਖਮੀਰ ਹੈ, ਜਿਵੇਂ ਕਿ ਕੈਂਡੀਡਾ ਐਲਬੀਕਨਸ।

ਐਡੇਲੀਆ ਦੱਸਦੇ ਹਨ, "ਜ਼ਿਆਦਾਤਰ ਸਿਹਤਮੰਦ ਲੋਕਾਂ ਦੇ ਢਿੱਡ ਵਿੱਚ ਖਮੀਰ ਹੁੰਦਾ ਹੈ, ਜੋ ਪਾਚਨ ਵਿੱਚ ਮਦਦ ਕਰਦਾ ਹੈ। ਪਰ ਅਕਸਰ ਇਹ ਖਮੀਰ ਢਿੱਡ ਨੂੰ ਛੱਡ ਕੇ ਖੂਨ ਵਿੱਚ ਰਲ਼ਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਲਾਗ ਫੈਲ ਜਾਂਦੀ ਹੈ।"

"ਇਹ ਆਮ ਤੌਰ 'ਤੇ ਉਦੋਂ ਹੁੰਦਾ ਹੈ ਜਦੋਂ ਸਰੀਰ ਦਾ ਇਮਿਊਨ ਸਿਸਟਮ (ਰੋਗ ਪ੍ਰਤੀਰੋਸ਼ਕ ਸਮਰੱਥਾ) ਕਮਜ਼ੋਰ ਹੋ ਜਾਂਦੀ ਹੈ। ਜਾਂ ਜਦੋਂ ਕੋਈ ਆਪ੍ਰੇਸ਼ਨ ਜਾਂ ਸੱਟ ਕਾਰਨ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਫੰਗਲ ਇਨਫੈਕਸ਼ਨ ਹੋ ਸਕਦੀ ਹੈ।"

"ਜੇਕਰ ਕੈਂਡੀਡਾ ਇਨਫੈਕਸ਼ਨ ਖੂਨ ਵਿੱਚ ਆ ਜਾਂਦੀ ਹੈ, ਤਾਂ ਇਹ ਬੈਕਟੀਰੀਆ ਦੀ ਬਿਮਾਰੀ ਵਰਗੀ ਸਥਿਤੀ ਪੈਦਾ ਕਰਦੀ ਹੈ। ਮਰੀਜ਼ਾਂ ਨੂੰ ਸੈਪਟੀਸੀਮੀਆ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਇਲਾਜ ਆਈਸੀਯੂ ਵਿੱਚ ਕਰਨਾ ਪੈਂਦਾ ਹੈ।"

ਪਰ ਜੇ ਸਾਡੇ ਆਲੇ-ਦੁਆਲੇ ਅਤੇ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੀ ਫੰਗਸ ਹੁੰਦੀ ਹੈ, ਤਾਂ ਉਹ ਕਦੇ-ਕਦੇ ਇੰਨੀ ਪਰੇਸ਼ਾਨੀ ਕਿਉਂ ਪੈਦਾ ਕਰ ਦਿੰਦੀ ਹੈ?

ਫੰਗਲ ਇਨਫੈਕਸ਼ਨਾਂ

ਨਾਈਜੀਰੀਆ ਦੀ ਲਾਗੋਸ ਯੂਨੀਵਰਸਿਟੀ ਵਿੱਚ ਕਲੀਨਿਕਲ ਬਾਇਓਲੋਜੀ ਦੇ ਪ੍ਰੋਫੈਸਰ ਰੀਟਾ ਓਲੋਡੇਲੀ ਕਹਿੰਦੇ ਹਨ ਕਿ ਫੰਗਲ ਇਨਫੈਕਸ਼ਨਾਂ ਦਾ ਵਧਦਾ ਪ੍ਰਸਾਰ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਹੈ।

"ਹਰ ਕਿਸੇ ਨੂੰ ਇਸ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ। ਕੋਵਿਡ ਦੌਰਾਨ ਹੋਏ ਤਜਰਬੇ ਨੂੰ ਭੁੱਲਿਆ ਨਹੀਂ ਜਾ ਸਕਦਾ।"

"ਫੰਗਲ ਬਿਮਾਰੀ ਦੀਆਂ ਲਾਗਾਂ ਵਿੱਚ ਪਹਿਲਾਂ ਦੇ ਮੁਕਾਬਲੇ ਕਾਫ਼ੀ ਵਾਧਾ ਹੋਇਆ ਹੈ। ਇਸਦਾ ਇੱਕ ਕਾਰਨ ਧਰਤੀ ਦਾ ਵਧਦਾ ਤਾਪਮਾਨ ਹੈ। ਫੰਗਲ ਰੋਗਾਣੂ ਗਰਮੀ ਵਿੱਚ ਬਹੁਤ ਆਸਾਨੀ ਨਾਲ ਵਧਦੇ ਹਨ।"

ਇਸ ਰਿਪੋਰਟ ਵਿੱਚ ਅਸੀਂ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਬਾਰੇ ਵੀ ਚਰਚਾ ਕਰਾਂਗੇ, ਪਰ ਇਸ ਤੋਂ ਪਹਿਲਾਂ ਇੱਕ ਹੋਰ ਕਾਰਨ 'ਤੇ ਵਿਚਾਰ ਕਰਨਾ ਜ਼ਰੂਰੀ ਹੈ।

ਜਿਵੇਂ-ਜਿਵੇਂ ਡਾਕਟਰੀ ਵਿਗਿਆਨ ਅਤੇ ਤਕਨਾਲੋਜੀ ਵਿਕਸਤ ਹੋਈ ਹੈ, ਸਾਡੀ ਉਮਰ ਵਧੀ ਹੈ। ਲੋਕ ਹੁਣ ਲੰਬੇ ਸਮੇਂ ਤੱਕ ਜੀਅ ਸਕਦੇ ਹਨ।

ਪਰ ਕੀ ਇਹੀ ਕਾਰਨ ਹੈ ਕਿ ਅਸੀਂ ਅਜਿਹੀਆਂ ਬਿਮਾਰੀਆਂ ਲਈ ਵਧੇਰੇ ਸੰਵੇਦਨਸ਼ੀਲ ਹੋ ਰਹੇ ਹਾਂ?

ਰੀਟਾ ਓਲੋਡੇਲੀ ਦੱਸਦੇ ਹਨ ਕਿ ਇਹ ਸਭ ਕਿਵੇਂ ਜੁੜਿਆ ਹੋਇਆ ਹੈ।

ਉਹ ਕਹਿੰਦੇ ਹਨ, "ਮੈਡੀਕਲ ਤਕਨਾਲੋਜੀ ਇੰਨੀ ਤਰੱਕੀ ਕਰ ਚੁੱਕੀ ਹੈ ਅਤੇ ਬਹੁਤ ਸਾਰੀਆਂ ਦਵਾਈਆਂ ਉਪਲੱਬਧ ਹਨ ਕਿ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ ਜਾਂ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਵੀ ਹੁਣ ਲੰਬੇ ਸਮੇਂ ਤੱਕ ਜੀਅ ਸਕਦੇ ਹਨ।"

"ਅਜਿਹੇ ਲੋਕਾਂ ਵਿੱਚ ਫੰਗਲ ਇਨਫੈਕਸ਼ਨ ਆਸਾਨੀ ਨਾਲ ਫੈਲ ਸਕਦੇ ਹਨ। ਮਰੀਜ਼ ਅੰਗ ਟ੍ਰਾਂਸਪਲਾਂਟ ਕਰਵਾਉਂਦੇ ਹਨ, ਪਰ ਸਰਜਰੀ ਤੋਂ ਬਾਅਦ ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।"

"ਕੈਂਸਰ ਦੇ ਮਰੀਜ਼ਾਂ ਦਾ ਇਮਿਊਨ ਸਿਸਟਮ ਕੀਮੋਥੈਰੇਪੀ ਨਾਲ ਕਮਜ਼ੋਰ ਹੋ ਜਾਂਦਾ ਹੈ। ਅਜਿਹੇ ਮਰੀਜ਼ਾਂ ਨੂੰ ਆਸਾਨੀ ਨਾਲ ਫੰਗਲ ਇਨਫੈਕਸ਼ਨ ਹੋ ਸਕਦੇ ਹਨ।"

ਪਰ ਫਿਰ ਪੱਛਮੀ ਦੇਸ਼ਾਂ ਦੇ ਮੁਕਾਬਲੇ ਗਲੋਬਲ ਸਾਊਥ, ਯਾਨੀ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਥਿਤੀ ਕਿਹੋ-ਜਿਹੀ ਹੈ?

ਕੀ ਇਨ੍ਹਾਂ ਫੰਗਲ ਬਿਮਾਰੀਆਂ ਦਾ ਨਿਦਾਨ ਅਤੇ ਇਲਾਜ ਕਰਨ ਲਈ ਉੱਥੇ ਘੱਟ ਸਹੂਲਤਾਂ ਹਨ?

ਰੀਟਾ ਓਲਾਡੇਲੀ ਕਹਿੰਦੇ ਹਨ ਕਿ ਦੋਵਾਂ ਵਿੱਚ ਬਹੁਤ ਵੱਡਾ ਅੰਤਰ ਹੈ।

"ਗਲੋਬਲ ਸਾਊਥ ਵਿੱਚ ਫੰਗਲ ਬਿਮਾਰੀਆਂ ਦੇ ਨਿਦਾਨ ਅਤੇ ਇਲਾਜ ਲਈ ਐਂਟੀਫੰਗਲ ਦਵਾਈਆਂ ਦੋਵਾਂ ਦੀ ਘਾਟ ਹੈ। ਉਪ-ਸਹਾਰਨ ਅਫਰੀਕਾ ਵਿੱਚ ਅਸਲ ਵਿੱਚ ਏਡਜ਼ ਦੇ ਮਰੀਜ਼ ਵੱਡੀ ਗਿਣਤੀ ਵਿੱਚ ਹਨ।"

"ਪਰ ਫੰਗਲ ਬਿਮਾਰੀਆਂ ਲਈ ਲੋੜੀਂਦੀਆਂ ਸਹੂਲਤਾਂ ਨਹੀਂ ਹਨ। ਇਸੇ ਕਰਕੇ ਗਲੋਬਲ ਸਾਊਥ ਵਿੱਚ ਫੰਗਲ ਬਿਮਾਰੀਆਂ ਵੱਧ ਰਹੀਆਂ ਹਨ।"

"ਫੰਗਲ ਇਨਫੈਕਸ਼ਨ ਟਰੌਪੀਕਲ ਖੇਤਰਾਂ ਅਤੇ ਉਨ੍ਹਾਂ ਦੇਸ਼ਾਂ ਵਿੱਚ ਵਧੇਰੇ ਆਮ ਹਨ ਜਿੱਥੇ ਐਚਆਈਵੀ/ਏਡਜ਼ ਦਾ ਫੈਲਾਅ ਜ਼ਿਆਦਾ ਹੈ।"

"ਕਿਉਂਕਿ ਏਡਜ਼ ਸਰੀਰ ਦੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦਾ ਹੈ, ਜਿਸ ਨਾਲ ਫੰਗਸ ਦਾ ਪੂਰੇ ਸਰੀਰ ਵਿੱਚ ਫੈਲਣਾ ਆਸਾਨ ਹੋ ਜਾਂਦਾ ਹੈ।"

ਗਲੋਬਲ ਵਾਰਮਿੰਗ ਦੇ ਕਾਰਨ, ਤਾਪਮਾਨ ਨਾ ਸਿਰਫ਼ ਟਰੌਪੀਕਲ ਖੇਤਰਾਂ ਵਿੱਚ ਸਗੋਂ ਉੱਤਰੀ ਦੇਸ਼ਾਂ ਵਿੱਚ ਵੀ ਵਧ ਰਿਹਾ ਹੈ, ਅਤੇ ਇਸਦੇ ਨਾਲ ਫੰਗਲ ਇਨਫੈਕਸ਼ਨਾਂ ਦਾ ਜੋਖਮ ਵੀ ਵਧ ਰਿਹਾ ਹੈ।

ਵਧਦਾ ਤਾਪਮਾਨ

ਆਰਟੂਰੋ ਕਾਸਾਡੇਵਲ, ਸੰਯੁਕਤ ਰਾਜ ਅਮਰੀਕਾ ਵਿੱਚ ਜੌਨ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਵਿੱਚ ਅਣੂ ਜੀਵ ਵਿਗਿਆਨ ਅਤੇ ਇਮਯੂਨੋਲੋਜੀ ਦੇ ਪ੍ਰੋਫੈਸਰ ਹਨ।

ਆਰਟੂਰੋ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਫੰਗਲ ਇਨਫੈਕਸ਼ਨ ਉਨ੍ਹਾਂ ਥਾਵਾਂ 'ਤੇ ਵੀ ਫੈਲਣਗੇ, ਜਿੱਥੇ ਉਹ ਪਹਿਲਾਂ ਗੈਰਹਾਜ਼ਰ ਸਨ।

"ਸਾਰੀਆਂ ਜੀਵਤ ਚੀਜ਼ਾਂ ਆਪਣੇ ਵਾਤਾਵਰਣ ਦੇ ਅਨੁਕੂਲ ਹੋਣਾ ਸਿੱਖਦੀਆਂ ਹਨ। ਜਿਵੇਂ-ਜਿਵੇਂ ਧਰਤੀ ਦਾ ਤਾਪਮਾਨ ਵਧਦਾ ਹੈ, ਬਹੁਤ ਸਾਰੀਆਂ ਬਿਮਾਰੀਆਂ ਫੈਲ ਸਕਦੀਆਂ ਹਨ।"

"ਜਦੋਂ ਤਾਪਮਾਨ ਆਮ ਹੁੰਦਾ ਹੈ ਤਾਂ ਬਹੁਤ ਸਾਰੇ ਜੀਵ ਅਜਿਹੇ ਹਨ ਜੋ ਰੁੱਖਾਂ ਅਤੇ ਮਿੱਟੀ ਵਿੱਚ ਪਣਪਦੇ ਹਨ।

"ਫੰਗਲ ਬਿਮਾਰੀਆਂ ਦਾ ਫੈਲਾਅ, ਜਿਸ ਬਾਰੇ ਡਾਕਟਰੀ ਵਿਗਿਆਨ ਨੂੰ ਬਿਲਕੁਲ ਵੀ ਗਿਆਨ ਨਹੀਂ ਹੈ, ਵਧਦੇ ਤਾਪਮਾਨ ਦੇ ਨਾਲ ਵੀ ਵਧ ਸਕਦਾ ਹੈ।"

ਜਲਵਾਯੂ ਪਰਿਵਰਤਨ ਇੱਕ ਵੱਡਾ ਵਿਸ਼ਾ ਹੈ। ਸਾਨੂੰ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਫੰਗਸ ਜਾਂ ਉੱਲੀ ਦੇ ਵਧਣ ਲਈ ਕਿਸ ਕਿਸਮ ਦਾ ਤਾਪਮਾਨ ਸਭ ਤੋਂ ਅਨੁਕੂਲ ਹੈ।

ਇਹ ਸਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਭਵਿੱਖ ਵਿੱਚ ਦੁਨੀਆਂ ਦੇ ਕਿਹੜੇ ਹਿੱਸਿਆਂ ਵਿੱਚ ਫੰਗਸ ਦਾ ਫੈਲਾਅ ਹੋਵੇਗਾ।

ਆਰਟੂਰੋ ਕਹਿੰਦੇ ਹਨ, "ਨਮੀ, ਜਾਂ ਨਮੀ ਵਾਲੀ ਹਵਾ, ਫੰਗਸ ਦੇ ਵਧਣ ਲਈ ਜ਼ਰੂਰੀ ਹੈ। ਜਿਵੇਂ ਕਿ ਮੀਂਹ ਤੋਂ ਬਾਅਦ ਜੰਗਲ ਵਿੱਚ ਗਿੱਲੇ ਮਲਬੇ 'ਤੇ ਮਸ਼ਰੂਮ ਉੱਗਦੇ ਹਨ, ਉਸੇ ਤਰ੍ਹਾਂ ਜਦੋਂ ਪਾਣੀ/ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਫੰਗਸ ਵੀ ਵਧਦੀ ਹੈ। ਜਿੱਥੇ ਜ਼ਿਆਦਾ ਨਮੀ ਹੁੰਦੀ ਹੈ, ਉੱਥੇ ਫੰਗਸ ਤੇਜ਼ੀ ਨਾਲ ਵਧਦੀ ਹੈ।"

"ਜਿਵੇਂ-ਜਿਵੇਂ ਧਰਤੀ ਦਾ ਤਾਪਮਾਨ ਵਧੇਗਾ, ਕੁਝ ਥਾਵਾਂ 'ਤੇ ਰੇਗਿਸਤਾਨ ਫੈਲਣਗੇ, ਜਦਕਿ ਹੋਰ ਥਾਵਾਂ 'ਤੇ ਬਹੁਤ ਜ਼ਿਆਦਾ ਬਾਰਿਸ਼ ਹੋਵੇਗੀ। ਦੋਵੇਂ ਹੀ ਫੰਗਸ ਦੇ ਵਾਧੇ ਨੂੰ ਪ੍ਰਭਾਵਤ ਕਰਨਗੇ।"

"ਉਦਾਹਰਣ ਵਜੋਂ, ਕੋਕਸੀਡਿਓਇਡਜ਼ ਇਮਾਈਟਿਸ ਨਾਮਕ ਫੰਗਸ ਕਾਰਨ ਹੋਣ ਵਾਲੀ ਬਿਮਾਰੀ ਅਮਰੀਕੀ ਦੱਖਣ-ਪੱਛਮ ਦੇ ਰੇਗਿਸਤਾਨਾਂ ਵਿੱਚ ਫੈਲ ਰਹੀ ਹੈ।

"ਜਿਵੇਂ-ਜਿਵੇਂ ਮਾਰੂਥਲ ਵਧ ਰਿਹਾ ਹੈ, ਇਸ ਫੰਗਸ ਦੀਆਂ ਉਪ-ਪ੍ਰਜਾਤੀਆਂ ਵੀ ਫੰਗਸ ਦੇ ਫੈਲਣ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਸੰਖੇਪ ਵਿੱਚ, ਨਮੀ ਵਾਲੀ ਹਵਾ ਅਤੇ ਜਲਵਾਯੂ ਪਰਿਵਰਤਨ ਫੰਗਸ ਦੇ ਫੈਲਣ ਨੂੰ ਪ੍ਰਭਾਵਿਤ ਕਰ ਰਹੇ ਹਨ।"

ਆਰਟੂਰੋ ਕਾਸਾਡੇਵਲ ਅਤੇ ਉਨ੍ਹਾਂ ਦੀ ਟੀਮ ਨੇ ਆਪਣੀ ਖੋਜ ਤੋਂ ਇੱਕ ਮਾਡਲ ਬਣਾਇਆ ਹੈ।

ਇਹ ਸੁਝਾਅ ਦਿੰਦਾ ਹੈ ਕਿ ਗਰਮ ਖੇਤਰਾਂ ਵਿੱਚ ਵਧਣ ਵਾਲੀ ਫੰਗਸ, ਠੰਢੇ ਖੇਤਰਾਂ ਵਿੱਚ ਹੋਣ ਵਾਲੀ ਫੰਗਸ ਨਾਲੋਂ ਵਧਦੇ ਤਾਪਮਾਨ ਦੇ ਵਧੇਰੇ ਅਨੁਕੂਲ ਹੋਣ ਲੱਗ ਪਈ ਹੈ।

ਇਸਦਾ ਮਤਲਬ ਹੈ ਕਿ ਉੱਲੀ ਰੁੱਤਾਂ ਦੇ ਆਧਾਰ 'ਤੇ, ਮੌਸਮ ਦੇ ਆਧਾਰ 'ਤੇ ਆਪਣੇ ਆਪ ਨੂੰ ਬਦਲ ਸਕਦੀ ਹੈ ਅਤੇ ਇਹ ਪੂਰੀ ਦੁਨੀਆਂ ਵਿੱਚ ਹੋ ਸਕਦਾ ਹੈ।

ਇਸ ਲਈ, ਬਾਹਰੀ ਹਵਾ ਦੇ ਤਾਪਮਾਨ ਦੇ ਨਾਲ ਸਰੀਰ ਦਾ ਤਾਪਮਾਨ ਵੀ ਬਦਲ ਰਿਹਾ ਹੈ। ਹੁਣ ਮਨੁੱਖੀ ਸਰੀਰ ਪਹਿਲਾਂ ਦੇ ਮੁਕਾਬਲੇ ਠੰਡਾ ਹੋਣਾ ਸ਼ੁਰੂ ਹੋ ਗਿਆ ਹੈ।

ਪਹਿਲਾਂ, ਸਾਡੇ ਸਰੀਰ ਇੰਨੇ ਗਰਮ ਹੁੰਦੇ ਸਨ ਕਿ ਉਨ੍ਹਾਂ ਵਿੱਚ ਫੰਗਸ ਦਾ ਵਧਣਾ ਮੁਸ਼ਕਲ ਸੀ। ਪਰ ਪਿਛਲੇ ਕੁਝ ਦਹਾਕਿਆਂ ਵਿੱਚ ਮਨੁੱਖੀ ਸਰੀਰ ਦਾ ਤਾਪਮਾਨ ਘਟ ਗਿਆ ਹੈ।

ਆਰਟੂਰੋ ਦੱਸਦੇ ਹਨ, "ਸਾਡੇ ਸਰੀਰ ਦਾ ਤਾਪਮਾਨ ਆਮ ਤੌਰ 'ਤੇ 37 ਡਿਗਰੀ ਸੈਲਸੀਅਸ ਦੇ ਆਸ-ਪਾਸ ਹੁੰਦਾ ਹੈ। ਫੰਗਸ ਲਈ ਇਸ ਤਾਪਮਾਨ 'ਤੇ ਵਧਣਾ ਮੁਸ਼ਕਲ ਹੁੰਦਾ ਹੈ।"

"ਇਸੇ ਕਰਕੇ ਜਿਨ੍ਹਾਂ ਲੋਕਾਂ ਨੂੰ ਫੰਗਲ ਇਨਫੈਕਸ਼ਨ ਹੋਈ ਹੈ, ਉਨ੍ਹਾਂ ਨੂੰ ਮੁੱਖ ਤੌਰ 'ਤੇ ਨਹੁੰਆਂ ਦੇ ਹੇਠਾਂ ਵੀ ਇਨਫੈਕਸ਼ਨ ਹੋਈ ਹੈ, ਕਿਉਂਕਿ ਉੱਥੇ ਤਾਪਮਾਨ ਮੁਕਾਬਲਤਨ ਘੱਟ ਹੁੰਦਾ ਹੈ।"

ਆਰਟੂਰੋ ਨੋਟ ਕਰਦੇ ਹਨ ਕਿ ਮਨੁੱਖੀ ਸਰੀਰ ਦਾ ਔਸਤ ਤਾਪਮਾਨ ਹੁਣ ਸੌ ਸਾਲ ਪਹਿਲਾਂ ਦੇ ਮੁਕਾਬਲੇ ਇੱਕ ਡਿਗਰੀ ਘਟ ਗਿਆ ਹੈ।

ਇਹੀ ਕਾਰਨ ਹੈ ਕਿ ਲੋਕ ਹੁਣ ਫੰਗਲ ਬਿਮਾਰੀਆਂ ਤੋਂ ਜ਼ਿਆਦਾ ਪੀੜਤ ਹੋ ਰਹੇ ਹਨ। ਪਹਿਲਾਂ, ਲੋਕਾਂ ਨੂੰ ਟੀਬੀ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਹੁੰਦੀਆਂ ਸਨ, ਜਿਸ ਕਾਰਨ ਸਰੀਰ ਵਿੱਚ ਸੋਜ ਹੋ ਜਾਂਦੀ ਸੀ ਅਤੇ ਸਰੀਰ ਦਾ ਤਾਪਮਾਨ ਵਧ ਜਾਂਦਾ ਸੀ।

ਹੁਣ, ਆਧੁਨਿਕ ਦਵਾਈਆਂ ਦੀ ਮਦਦ ਨਾਲ ਇਨ੍ਹਾਂ ਬਿਮਾਰੀਆਂ ਨੂੰ ਕੰਟਰੋਲ ਕੀਤਾ ਗਿਆ ਹੈ ਅਤੇ ਸਰੀਰ ਦਾ ਤਾਪਮਾਨ ਵੀ ਘਟਿਆ ਹੈ। ਇਸ ਕਾਰਨ, ਫੰਗਲ ਬਿਮਾਰੀਆਂ ਦਾ ਫੈਲਣਾ ਆਸਾਨ ਹੋ ਗਿਆ ਹੈ।

ਪਰ ਜਿਵੇਂ-ਜਿਵੇਂ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ, ਅਸੀਂ ਆਪਣੇ ਆਪ ਨੂੰ ਫੰਗਲ ਬਿਮਾਰੀਆਂ ਤੋਂ ਕਿਵੇਂ ਬਚਾ ਸਕਦੇ ਹਾਂ?

ਫੰਗਸ ਦੀ ਰੋਕਥਾਮ

ਫੰਗਲ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਮੁੱਖ ਤੌਰ 'ਤੇ ਅਜ਼ੋਲਸ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਖੇਤੀਬਾੜੀ ਦੇ ਨਾਲ-ਨਾਲ ਦਵਾਈ ਵਿੱਚ ਵੀ ਕੀਤੀ ਜਾਂਦੀ ਹੈ।

ਪਰ ਇਨ੍ਹਾਂ ਰਸਾਇਣਾਂ ਦੀ ਵਰਤੋਂ ਹੁਣ ਇਸ ਹੱਦ ਤੱਕ ਵਧ ਗਈ ਹੈ ਕਿ ਫੰਗਸ ਨੇ ਇਨ੍ਹਾਂ ਤੋਂ ਆਪਣੇ ਆਪ ਨੂੰ ਬਚਾਉਣਾ ਸਿੱਖ ਲਿਆ ਹੈ।

ਯੂਕੇ ਦੀ ਮੈਨਚੈਸਟਰ ਯੂਨੀਵਰਸਿਟੀ ਵਿੱਚ ਫੰਗਲ ਰੋਗਾਂ ਦੇ ਪ੍ਰੋਫੈਸਰ ਮਾਈਕਲ ਬ੍ਰੋਮਲੀ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਹਿੰਦੇ ਹਨ ਕਿ ''ਆਮ ਤੌਰ 'ਤੇ ਹਸਪਤਾਲਾਂ ਵਿੱਚ ਫੰਗਲ ਰੋਗਾਂ ਦੇ ਇਲਾਜ ਲਈ ਅਜ਼ਿਲ-ਕਿਸਮ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।'

"ਪਰ ਅਸੀਂ ਪਾਇਆ ਹੈ ਕਿ ਇਹ ਦਵਾਈਆਂ ਹੁਣ ਫੰਗਸ ਦੇ ਵਿਰੁੱਧ ਓਨੀਆਂ ਪ੍ਰਭਾਵਸ਼ਾਲੀ ਨਹੀਂ ਰਹੀਆਂ, ਜਿੰਨੀਆਂ ਪਹਿਲਾਂ ਹੁੰਦੀਆਂ ਸਨ। ਕਿਉਂਕਿ ਇਨ੍ਹਾਂ ਦਵਾਈਆਂ ਦਾ ਵਿਰੋਧ ਕਰਨ ਦੀ ਉਨ੍ਹਾਂ ਦੀ ਸਮਰੱਥਾ ਤੇਜ਼ੀ ਨਾਲ ਵਧ ਰਹੀ ਹੈ।"

"ਵਾਤਾਵਰਣ ਵਿੱਚ ਫੰਗਸ-ਨਾਸ਼ਕਾਂ ਜਾਂ ਐਂਟੀ-ਫੰਗਲ ਦਵਾਈਆਂ ਦੀ ਮਾਤਰਾ ਵਿੱਚ ਭਾਰੀ ਵਾਧੇ ਕਾਰਨ ਅਜਿਹਾ ਹੋਇਆ ਹੈ। ਫ਼ਸਲਾਂ ਨੂੰ ਫੰਗਸ ਤੋਂ ਬਚਾਉਣ ਲਈ ਇਨ੍ਹਾਂ ਦਵਾਈਆਂ ਦਾ ਛਿੜਕਾਅ ਵੱਡੀ ਮਾਤਰਾ ਵਿੱਚ ਕੀਤਾ ਜਾਂਦਾ ਹੈ।"

ਜਿਵੇਂ-ਜਿਵੇਂ ਖੇਤੀਬਾੜੀ ਵਿੱਚ ਫੰਗਸ-ਨਾਸ਼ਕਾਂ ਦੀ ਵਰਤੋਂ ਵਧਦੀ ਗਈ, ਫੰਗਸ ਨੇ ਵੀ ਸਿੱਖ ਲਿਆ ਕਿ ਇਨ੍ਹਾਂ ਦਵਾਈਆਂ ਨਾਲ ਕਿਵੇਂ ਨਜਿੱਠਣਾ ਹੈ।

ਐਸਪਰਗਿਲਸ ਫੰਗਸ ਭੋਜਨ ਨੂੰ ਖਰਾਬ ਅਤੇ ਸੜਨ ਦਾ ਕਾਰਨ ਬਣਦੀ ਹੈ।

ਮਾਈਕਲ ਬ੍ਰੋਮਲੀ ਕਹਿੰਦੇ ਹਨ, "ਯੂਰਪ ਵਿੱਚ ਹਰ ਸਾਲ ਖੇਤਾਂ ਵਿੱਚ ਦਸ ਹਜ਼ਾਰ ਟਨ ਫੰਗਸ-ਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਐਸਪਰਗਿਲਸ ਇੱਕ ਕਿਸਮ ਦੀ ਫੰਗਸ ਜਾਂ ਉੱਲੀ ਹੈ ਜੋ ਮਿੱਟੀ ਅਤੇ ਭੋਜਨ ਵਿੱਚ ਉੱਗਦੀ ਹੈ।"

"ਫੰਗਸ-ਨਾਸ਼ਕਾਂ ਦੀ ਵਿਆਪਕ ਵਰਤੋਂ ਦੇ ਕਾਰਨ, ਇਸ ਫੰਗਸ ਨੇ ਫੰਗਸ-ਨਾਸ਼ਕਾਂ ਨਾਲ ਲੜਨ ਦੀ ਸਮਰੱਥਾ ਵਿਕਸਤ ਕਰ ਲਈ ਹੈ। ਇਸ ਲਈ, ਜਦੋਂ ਕਿ ਹਸਪਤਾਲਾਂ ਵਿੱਚ ਫੰਗਲ ਬਿਮਾਰੀਆਂ ਦੇ ਇਲਾਜ ਲਈ ਅਜ਼ੋਲ ਵਰਤੇ ਜਾਂਦੇ ਹਨ ਤਾਂ ਉਹ ਦਵਾਈਆਂ ਐਸਪਰਗਿਲਸ 'ਤੇ ਬਹੁਤਾ ਪ੍ਰਭਾਵ ਨਹੀਂ ਪਾਉਂਦੀਆਂ।"

ਤਾਂ ਹੁਣ ਇਸਦਾ ਹੱਲ ਕੀ ਹੈ? ਮਾਈਕਲ ਬ੍ਰੋਮਲੀ ਕਹਿੰਦੇ ਹਨ ਕਿ ਕੁਝ ਲੋਕ ਖੇਤਾਂ ਵਿੱਚ ਫੰਗਸ-ਨਾਸ਼ਕਾਂ ਦੀ ਵਰਤੋਂ 'ਤੇ ਪਾਬੰਦੀਆਂ ਦੀ ਮੰਗ ਕਰ ਰਹੇ ਹਨ।

ਪਰ ਅਜਿਹਾ ਕਰਨ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਭੋਜਨ ਦਾ ਉਤਪਾਦਨ ਘਟ ਜਾਵੇਗਾ।

ਬ੍ਰੋਮਲੀ ਨੇ ਖੁਦ ਇਨ੍ਹਾਂ ਦਵਾਈਆਂ ਦੇ ਬਦਲ ਲੱਭਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ। ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੁਆਰਾ ਵਿਕਸਤ ਕੀਤੇ ਗਏ ਰਸਾਇਣ ਫੰਗਸ ਦੇ ਡੀਐਨਏ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਫੰਗਸ ਦੇ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ।

ਫੋਸਮਾਨੋਜ਼ੇਪਿਕਸ ਇੱਕ ਰਸਾਇਣ ਹੈ ਜੋ ਫੰਗਸ ਨੂੰ ਰੋਕ ਸਕਦਾ ਹੈ। ਇਹ ਹੋਰ ਐਂਟੀਫੰਗਲ ਦਵਾਈਆਂ ਤੋਂ ਥੋੜ੍ਹਾ ਵੱਖਰਾ ਹੈ।

ਬ੍ਰੋਮਲੀ ਕਹਿੰਦੇ ਹਨ, "ਇਸਦੇ ਐਂਕਰ ਫੰਗਲ ਸੈੱਲ ਵਿੱਚ ਪ੍ਰੋਟੀਨ ਨਾਲ ਜੁੜੇ ਰਹਿੰਦੇ ਹਨ। ਜਦੋਂ ਦਵਾਈ ਪ੍ਰਭਾਵਤ ਹੁੰਦੀ ਹੈ, ਤਾਂ ਪ੍ਰੋਟੀਨ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਉਨ੍ਹਾਂ ਨੂੰ ਪਹੁੰਚਣ ਦੀ ਲੋੜ ਹੁੰਦੀ ਹੈ। ਇਸ ਲਈ ਫੰਗਲ ਸੈੱਲ ਬਚ ਨਹੀਂ ਪਾਉਂਦੇ।"

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਦਵਾਈ ਅਗਲੇ ਕੁਝ ਸਾਲਾਂ ਵਿੱਚ ਉਪਲੱਬਧ ਹੋ ਜਾਵੇਗੀ।

ਐਸਪਰਗਿਲੋਸਿਸ ਇੱਕ ਖ਼ਤਰਨਾਕ ਬਿਮਾਰੀ ਹੈ ਜੋ ਹਰ ਸਾਲ ਹਜ਼ਾਰਾਂ ਲੋਕਾਂ ਦੀ ਜਾਨ ਲੈ ਲੈਂਦੀ ਹੈ। ਇਹ ਫੰਗਸ, ਜੋ ਕਿ ਮਿੱਟੀ ਅਤੇ ਹਵਾ ਵਿੱਚ ਪਾਈ ਜਾਂਦੀ ਹੈ, ਲੋਕਾਂ ਦੇ ਫੇਫੜਿਆਂ ਵਿੱਚ ਦਾਖਲ ਹੋ ਜਾਂਦੀ ਹੈ।

ਪਰ ਜੇਕਰ ਅਸੀਂ ਨਵੀਆਂ ਦਵਾਈਆਂ ਦੀ ਵਰਤੋਂ ਕਰਕੇ ਇਸ ਫੰਗਸ ਨੂੰ ਵਾਤਾਵਰਣ ਵਿੱਚ ਫੈਲਣ ਤੋਂ ਰੋਕ ਸਕੀਏ ਤਾਂ ਇਸ ਨਾਲ ਕਾਫੀ ਫਾਇਦਾ ਹੋਵੇਗਾ।

ਹੁਣ, ਆਓ ਆਪਣੇ ਮੂਲ ਸਵਾਲ 'ਤੇ ਵਾਪਸ ਚੱਲੀਏ। ਕੀ ਅਸੀਂ ਕਿਲਰ ਫੰਗਸ ਜਾਂ ਜਾਨਲੇਵਾ ਫੰਗਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ?

ਕੁਝ ਫੰਗਲ ਬਿਮਾਰੀਆਂ ਆਮ ਹਨ। ਪਰ ਕੁਝ ਜਾਨਲੇਵਾ ਹੋ ਸਕਦੀਆਂ ਹਨ। ਫੰਗਲ ਬਿਮਾਰੀਆਂ ਦਾ ਨਿਦਾਨ ਕਰਨਾ ਜਾਂ ਉਨ੍ਹਾਂ ਨੂੰ ਪਛਾਨਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਲੱਛਣ ਕਈ ਹੋਰ ਬਿਮਾਰੀਆਂ ਨਾਲ ਮਿਲਦੇ-ਜੁਲਦੇ ਹੁੰਦੇ ਹਨ।

ਸਹੀ ਉਪਕਰਣਾਂ ਤੋਂ ਬਿਨਾਂ, ਇਸਦਾ ਨਿਦਾਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਫੰਗਸ ਨਾ ਸਿਰਫ਼ ਸਾਡੇ ਸਰੀਰ ਵਿੱਚ ਹੈ, ਸਗੋਂ ਹਵਾ ਅਤੇ ਵਾਤਾਵਰਣ ਵਿੱਚ ਵੀ ਹੈ।

ਵਧਦੀ ਆਬਾਦੀ ਦੇ ਨਾਲ, ਭੋਜਨ ਦੀ ਮੰਗ ਵਧ ਰਹੀ ਹੈ ਅਤੇ ਇਸਨੂੰ ਪੂਰਾ ਕਰਨ ਲਈ ਫਸਲਾਂ ਦੀ ਰੱਖਿਆ ਕਰਨਾ ਜ਼ਰੂਰੀ ਹੈ। ਇਸ ਲਈ ਫੰਗਸ-ਨਾਸ਼ਕਾਂ ਦੀ ਵਰਤੋਂ ਜ਼ਰੂਰੀ ਹੋ ਗਈ ਹੈ।

ਪਰ ਇਸਦਾ ਫੰਗਲ ਬਿਮਾਰੀਆਂ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਦੌਰਾਨ, ਇਸ ਬਿਮਾਰੀ ਦੇ ਇਲਾਜ ਲਈ ਨਵੀਆਂ ਦਵਾਈਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ।

ਇਸ ਲਈ ਇਸਨੂੰ ਕੰਟਰੋਲ ਕਰਨਾ ਯਕੀਨੀ ਤੌਰ 'ਤੇ ਸੰਭਵ ਤਾਂ ਹੈ, ਪਰ ਇੱਥੇ ਸਵਾਲ ਇਹ ਹੈ ਕਿ ਕੀ ਅਸੀਂ ਇਹ ਜਲਦੀ ਕਰ ਸਕਦੇ ਹਾਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)