ਹਾਕੀ ਓਲੰਪੀਅਨ ਮੁਖਬੈਨ ਸਿੰਘ, ਜਿਨ੍ਹਾਂ ਦਾ ਆਸਟਰੇਲੀਆ ਖਿਲਾਫ਼ ਗੋਲਜ਼ ਦੀ ਹੈਟ੍ਰਿਕ ਦਾ ਰਿਕਾਰਡ ਕੋਈ ਨਹੀਂ ਤੋੜ ਸਕਿਆ

    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ

ਸ਼ੁੱਕਰਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ 2024 ਪੈਰਿਸ ਓਲੰਪਿਕ ਦੇ ਇੱਕ ਲੀਗ ਪੜਾਅ ਦੇ ਮੈਚ ਵਿੱਚ ਆਸਟ੍ਰੇਲੀਆ ਨੂੰ 3-2 ਨਾਲ ਹਰਾ ਕੇ ਮਹੱਤਵਪੂਰਨ ਜਿੱਤ ਹਾਸਿਲ ਕੀਤੀ ਸੀ।

ਇਸ ਤੋਂ ਬਾਅਦ ਇਸੇ ਸਿਲਸਿਲੇ ਨੂੰ ਬਰਕਾਰ ਰੱਖਦੇ ਹੋਏ 4 ਅਗਸਤ ਨੂੰ ਭਾਰਤ ਨੇ ਗ੍ਰੇਟ ਬ੍ਰਿਟੇਨ ਟੀਮ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਲੈ ਲਿਆ।

ਇਸ ਪੈਰਿਸ ਓਲੰਪਿਕ ਮੁਕਾਬਲੇ ਤੋਂ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਆਖ਼ਰੀ ਵਾਰ 1972 ਦੀ ਮਿਊਨਿਕ ਓਲੰਪਿਕ ਵਿੱਚ ਹਰਾਇਆ ਸੀ।

ਭਾਰਤ ਨੇ ਲੀਗ ਮੈਚ ਵਿੱਚ 3-1 ਨਾਲ ਜਿੱਤ ਹਾਸਿਲ ਕੀਤੀ ਅਤੇ ਅੰਤ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਮਿਊਨਿਕ ਓਲੰਪਿਕ ਆਖ਼ਰੀ ਓਲੰਪਿਕ ਸੀ ਜਿੱਥੇ ਹਾਕੀ ਮੈਚ ਘਾਹ ’ਤੇ ਖੇਡਿਆ ਗਿਆ ਸੀ, ਉਸ ਤੋਂ ਬਾਅਦ 1972 ਵਿੱਚ ਐਸਟ੍ਰੋਟਰਫ ’ਤੇ ਹਾਕੀ ਦੇ ਖੇਡ ਦੀ ਸ਼ੁਰੂਆਤ ਹੋਈ।

1968 ਦੇ ਮੈਕਸੀਕੋ ਓਲੰਪਿਕ ਦੇ ਦੌਰਾਨ ਆਸਟ੍ਰੇਲੀਆ ਨੇ ਸੈਮੀਫਾਈਨਲ ਵਿੱਚ ਭਾਰਤ ਨੂੰ 2-1 ਨਾਲ ਹਰਾ ਕੇ ਭਾਰਤ ਦੀ ਜਿੱਤ ਦੀ ਲੜੀ ਨੂੰ ਤੋੜ ਦਿੱਤਾ ਸੀ, ਜਿਸ ਨਾਲ ਭਾਰਤ 1928 ਵਿੱਚ ਓਲੰਪਿਕ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿੱਚ ਪਹੁੰਚਣ ਤੋਂ ਰਹਿ ਗਿਆ ਸੀ।

ਭਾਰਤ ਨੂੰ ਕਾਂਸੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ ਜਿਸ ਨੇ ਹਾਕੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਲਿਆਂਦੀ।

ਮਿਊਨਿਕ ਓਲੰਪਿਕ: ਭਾਰਤ-ਆਸਟ੍ਰੇਲੀਆ ਮੁਕਾਬਲੇ ਦੀ ਯਾਦ

1972 ਮਿਊਨਿਖ ਓਲੰਪਿਕ ਵਿੱਚ ਭਾਰਤ ਨੇ ਗਰੁੱਪ ਪੜਾਅ ਵਿੱਚ ਆਸਟ੍ਰੇਲੀਆ ਨੂੰ 3-1 ਨਾਲ ਹਰਾ ਕੇ ਆਪਣੀ ਪਿਛਲੀ ਹਾਰ ਦਾ ਬਦਲਾ ਲਿਆ।

1968 ਓਲੰਪਿਕ ਦੇ ਚਾਂਦੀ ਦਾ ਤਗ਼ਮਾ ਜੇਤੂ ਮਿਊਨਿਕ ਵਿੱਚ ਗਰੁੱਪ ਪੜਾਅ ਤੋਂ ਅੱਗੇ ਨਹੀਂ ਵਧ ਸਕੇ।

ਪੈਨਲਟੀ ਕਾਰਨਰ ਮਾਹਿਰ ਮੁਖਬੈਨ ਸਿੰਘ ਭਾਰਤ ਦੀ ਆਸਟ੍ਰੇਲੀਆ ’ਤੇ ਜਿੱਤ ਵਿੱਚ ਸਭ ਤੋਂ ਮਹੱਤਵਪੂਰਨ ਖਿਡਾਰੀ ਸੀ।

ਮੁਖਬੈਨ ਸਿੰਘ ਨੇ 3-1 ਦੀ ਜਿੱਤ ਵਿੱਚ ਸਾਰੇ ਤਿੰਨ ਗੋਲ ਕੀਤੇ ਅਤੇ ਇਸ ਤਰ੍ਹਾਂ ਉਹ ਓਲੰਪਿਕ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਹੈਟ੍ਰਿਕ ਬਣਾਉਣ ਵਾਲੇ ਪਹਿਲੇ ਭਾਰਤੀ ਬਣ ਗਏ। ਇਹ ਇੱਕ ਰਿਕਾਰਡ ਹੈ ਜੋ ਅਜੇ ਵੀ ਕਾਇਮ ਹੈ।

ਉਹ ਮਿਊਨਿਕ ਵਿੱਚ ਭਾਰਤ ਲਈ ਸਭ ਤੋਂ ਵੱਧ 9 ਗੋਲ ਕਰਨ ਵਾਲੇ ਖਿਡਾਰੀ ਵੀ ਰਹੇ।

ਮੁਖਬੈਨ ਸਿੰਘ ਜੋ ਹੁਣ 79 ਸਾਲ ਦੇ ਹਨ, ਨੇ ਕਿਹਾ, “2024 ਪੈਰਿਸ ਓਲੰਪਿਕ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਭਾਰਤੀ ਟੀਮ ਦੇ ਪ੍ਰਦਰਸ਼ਨ ਨੇ ਮੇਰੀਆਂ 1972 ਦੇ ਮਿਊਨਿਖ ਪ੍ਰਦਰਸ਼ਨ ਦੀਆਂ ਯਾਦਾਂ ਨੂੰ ਤਾਜ਼ਾ ਕਰਵਾ ਦਿੱਤਾ ਹੈ।”

“ਆਸਟ੍ਰੇਲੀਆ ਇਸ ਸਮੇਂ ਵਿਸ਼ਵ ਦੀਆਂ ਚੋਟੀ ਦੀਆਂ ਰੈਂਕਿੰਗ ਵਾਲੀਆਂ ਟੀਮਾਂ ਵਿੱਚੋਂ ਇੱਕ ਹੈ ਅਤੇ ਸਾਡੇ ਖਿਡਾਰੀਆਂ ਨੇ ਉਨ੍ਹਾਂ ਖਿਲਾਫ਼ ਜਿਸ ਤਰ੍ਹਾਂ ਨਾਲ ਖੇਡਿਆ, ਉਹ ਕਮਾਲ ਦਾ ਸੀ।”

“52 ਸਾਲਾਂ ਦੇ ਵਕਫ਼ੇ ਤੋਂ ਬਾਅਦ ਆਸਟ੍ਰੇਲੀਆ ਨੂੰ ਹਰਾਉਣਾ ਪੈਰਿਸ ਵਿੱਚ ਉਨ੍ਹਾਂ ਦੀ ਖੇਡ ਦੀ ਖ਼ਾਸ ਗੱਲ ਹੋਵੇਗੀ।”

“ਮੈਨੂੰ ਵਿਸ਼ਵਾਸ ਹੈ ਕਿ ਭਾਰਤੀ ਟੀਮ ਪੈਰਿਸ ਵਿੱਚ ਟੋਕੀਓ ਓਲੰਪਿਕ ਵਿੱਚ ਜਿੱਤੇ ਕਾਂਸੀ ਦੇ ਤਗ਼ਮੇ ਦੇ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖੇਗੀ।”

ਮੁਖਬੈਨ ਸਿੰਘ ਨੇ ਅੱਗੇ ਕਿਹਾ, “ਮਿਊਨਿਕ ਓਲੰਪਿਕ ਦੇ ਸਮੇਂ, ਪੈਨਲਟੀ ਕਾਰਨਰ ਨਿਯਮਾਂ ਅਨੁਸਾਰ ਗੋਲ ਕੇਜ (ਪਿੰਜਰੇ) ’ਤੇ ਸਿੱਧਾ ਹਿੱਟ ਕਰਨਾ ਲਾਜ਼ਮੀ ਸੀ ਅਤੇ ਜੇਕਰ ਹਿੱਟ ਬੋਰਡ ਦੀ ਉਚਾਈ ਤੋਂ ਉੱਪਰ ਹੁੰਦਾ ਸੀ, ਤਾਂ ਉਸ ਨੂੰ ਗਿਣਿਆ ਨਹੀਂ ਜਾਂਦਾ ਸੀ।”

“ਸਾਡੇ ਕੋਲ ਮਜ਼ਬੂਤ ਸੁਮੇਲ ਸੀ-ਹਰਬਿੰਦਰ ਨੇ ਗੇਂਦ ਨੂੰ ਅੱਗੇ ਵਧਾਇਆ, ਹਰਮੀਤ ਨੇ ਆਪਣੇ ਹੱਥ ਨਾਲ ਉਸ ਨੂੰ ਰੋਕਿਆ ਅਤੇ ਮੈਂ ਹਿੱਟ ਕੀਤਾ।”

ਸਾਲ 2008 ਵਿੱਚ ਧਿਆਨਚੰਦ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ ਮੁਖਬੈਨ ਸਿੰਘ ਨੇ ਕਿਹਾ, “ਹਾਲਾਂਕਿ ਮਾਈਕਲ ਕਿੰਡੋ ਵੀ ਪੈਨਲਟੀ ਕਾਰਨਰ ਵਿੱਚ ਬਾਲ ਮਾਰਦਾ ਸੀ, ਪਰ ਮੇਰੇ ਹਿੱਟ ਨਤੀਜੇ ਦੇ ਰਹੇ ਸਨ, ਇਸ ਲਈ ਮੈਂ ਸਾਰੇ ਪੈਨਲਟੀ ਕਾਰਨਰ ਲਏ, ਜਿਸ ਨਾਲ ਖੇਡ ਵਿੱਚ ਸਾਡਾ ਦਬਦਬਾ ਬਣਿਆ ਰਿਹਾ।”

“ਮਿਊਨਿਕ ਵਿੱਚ ਮੈਂ ਸਾਰੀਆਂ ਟੀਮਾਂ ਦੇ ਮੈਚ ਦੇਖਦਾ ਸੀ, ਖ਼ਾਸ ਤੌਰ ’ਤੇ ਗੋਲਕੀਪਰਾਂ ’ਤੇ ਧਿਆਨ ਕੇਂਦਰਿਤ ਕਰਦਾ ਸੀ, ਉਨ੍ਹਾਂ ਦੀ ਤਾਕਤ ਅਤੇ ਕਮਜ਼ੋਰੀਆਂ ਦਾ ਵਿਸ਼ਲੇਸ਼ਣ ਕਰਦਾ ਸੀ।”

“ਇਸ ਰਣਨੀਤੀ ਨਾਲ ਮੈਨੂੰ ਮੈਚਾਂ ਦੌਰਾਨ ਮਦਦ ਮਿਲੀ ਕਿਉਂਕਿ ਮੈਨੂੰ ਪੈਨਲਟੀ ਕਾਰਨਰ ਦੌਰਾਨ ਸਪੱਸ਼ਟ ਪਤਾ ਸੀ ਕਿ ਬਾਲ ਨੂੰ ਕਿੱਥੇ ਮਾਰਨਾ ਹੈ।”

ਇੱਕ ਹਾਕੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮੁਖਬੈਨ ਦੇ ਪਿਤਾ ਦਰਬਾਰਾ ਸਿੰਘ ਭਾਰਤੀ ਫੌਜ ਵਿੱਚ ਖਿਡਾਰੀ ਸਨ ਅਤੇ ਮੇਜਰ ਧਿਆਨ ਚੰਦ ਨਾਲ ਖੇਡਦੇ ਸਨ।

ਮੁਖਬੈਨ ਦਾ ਹਾਕੀ ਸਫ਼ਰ ਪੰਜਾਬ ਵਿੱਚ ਸ਼ੁਰੂ ਹੋਇਆ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਟੀਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਥਾਨਕ ਕਲੱਬਾਂ ਲਈ ਖੇਡਿਆ।

ਉਨ੍ਹਾਂ ਦਾ ਭਰਾ ਸੰਤੋਖ ਸਿੰਘ ਵੀ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਸੀ ਅਤੇ ਵਰਤਮਾਨ ਵਿੱਚ ਪਰਿਵਾਰ ਦੀ ਤੀਜੀ ਪੀੜ੍ਹੀ ਯਾਨਿ ਮੁਖਬੈਨ ਸਿੰਘ ਦੇ ਪੁੱਤਰ ਬਿਕਰਮਜੀਤ ਸਿੰਘ ਰਾਸ਼ਟਰੀ ਪੱਧਰ ’ਤੇ ਪੰਜਾਬ ਲਈ ਖੇਡ ਚੁੱਕੇ ਹਨ।

ਮੁਖਬੈਨ ਸਿੰਘ ਨੇ ਕਿਹਾ, “ਮੈਂ ਪੰਜਾਬ ਵਿੱਚ ਪੈਦਾ ਹੋਇਆ ਅਤੇ ਵੱਡਾ ਹੋਇਆ ਹਾਂ, ਇਸ ਲਈ ਹਾਕੀ ਮੇਰੀ ਕੁਦਰਤੀ ਪਸੰਦ ਸੀ। ਬਟਾਲਾ ਵਿੱਚ ਖੇਡਣ ਤੋਂ ਬਾਅਦ ਮੈਂ ਅੰਮ੍ਰਿਤਸਰ ਖਾਲਸਾ ਕਾਲਜ ਕਲੱਬ ਵਿੱਚ ਸ਼ਾਮਲ ਹੋ ਗਿਆ, ਜਿੱਥੇ ਮੇਰੀ ਖੇਡ ਨੂੰ ਨਿਖਾਰਿਆ ਗਿਆ।”

“ਮਿਊਨਿਕ ਓਲੰਪਿਕ ਵਿੱਚ ਭਾਰਤੀ ਟੀਮ ਦਾ ਬਹੁਤਾ ਹਿੱਸਾ ਪੰਜਾਬ ਦੇ ਖਿਡਾਰੀਆਂ ਦਾ ਸੀ ਅਤੇ ਮੌਜੂਦਾ ਟੀਮ ਵਿੱਚ ਵੀ ਅੱਧਾ ਹਿੱਸਾ ਪੰਜਾਬ ਤੋਂ ਹੀ ਹੈ।”

“ਕਪਤਾਨ ਹਰਮਨਪ੍ਰੀਤ ਸਿੰਘ, ਜਿਸ ਨੇ ਆਸਟ੍ਰੇਲੀਆ ਦੇ ਖਿਲਾਫ਼ ਪੈਨਲਟੀ ਕਾਰਨਰ ਲਏ ਅਤੇ ਦੋ ਗੋਲ ਕੀਤੇ, ਟੀਮ ਲਈ ਇੱਕ ਮਹੱਤਵਪੂਰਨ ਖਿਡਾਰੀ ਹੈ।”

“ਉਸ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ, ਮੈਨੂੰ ਉਮੀਦ ਹੈ ਕਿ ਉਹ ਪੈਰਿਸ ਵਿੱਚ ਫਾਈਨਲ ਵਿੱਚ ਪਹੁੰਚਣਗੇ।”

ਮਿਊਨਿਕ ਕਤਲੇਆਮ ਦੀ ਯਾਦਾਂ ਵੀ ਤਾਜ਼ਾ ਹਨ

ਮਿਊਨਿਕ ਓਲੰਪਿਕ ਦੇ ਦੌਰਾਨ ਇੱਕ ਫ਼ਲਸਤੀਨੀ ਅੱਤਵਾਦੀ ਸਮੂਹ ਦੁਆਰਾ ਕੀਤੇ ਗਏ ਅੱਤਵਾਦੀ ਹਮਲੇ ਕਾਰਨ ਖੇਡ ਪ੍ਰਭਾਵਿਤ ਹੋਈ ਸੀ। ਇਸ ਹਮਲੇ ਵਿੱਚ ਦੋ ਇਜ਼ਰਾਈਲੀ ਐਥਲੀਟਾਂ ਦੀ ਮੌਤ ਹੋ ਗਈ ਸੀ ਅਤੇ ਨੌਂ ਹੋਰਾਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।

ਮੁਖਬੈਨ ਨੇ ਦੱਸਿਆ, “ਮੈਂ ਇਜ਼ਰਾਈਲੀ ਟੀਮ ਦੀ ਬਾਲਕੋਨੀ ਵਿੱਚ ਦੋ ਅੱਤਵਾਦੀਆਂ ਨੂੰ ਅਸਾਲਟ ਰਾਈਫਲਾਂ ਨਾਲ ਦੇਖਿਆ।”

“ਇਸ ਹਮਲੇ ਨਾਲ ਕਾਫ਼ੀ ਤਣਾਅ ਪੈਦਾ ਹੋ ਗਿਆ। ਇੱਥੋਂ ਤੱਕ ਕਿ ਓਲੰਪਿਕ ਨੂੰ ਰੱਦ ਕਰਨ ਦੀ ਵੀ ਚਰਚਾ ਹੋਣ ਲੱਗੀ ਸੀ।”

“ਇਸ ਤੋਂ ਇਲਾਵਾ, ਸੁਰੱਖਿਆ ਵਧਾ ਦਿੱਤੀ ਗਈ ਸੀ, ਖ਼ਾਸ ਤੌਰ ’ਤੇ 1971 ਦੀ ਤਾਜ਼ਾ ਜੰਗ ਕਾਰਨ ਭਾਰਤੀ ਅਤੇ ਪਾਕਿਸਤਾਨੀ ਦਲਾਂ ਵਿਚਕਾਰ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)