You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਨਰਮੇ ਦੀ ਘੱਟ ਰਹੀ ਹੈ ਪੈਦਾਵਾਰ, ਕਿਸਾਨ ਨਿਰਾਸ਼ ਕਿਉਂ? ਸਰਕਾਰ ਦੇ ਕੀ ਦਾਅਵੇ
- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
"ਸਾਡੇ ਇਲਾਕੇ ਵਿੱਚ ਪਿਛਲੇ ਚਾਰ ਸਾਲਾਂ ਤੋਂ ਨਰਮੇ ਹੇਠ ਰਕਬਾ ਲਗਾਤਾਰ ਘਟ ਰਿਹਾ ਹੈ। ਇਸ ਸਮੇਂ ਇਹ ਸਾਡੇ ਕੋਲ ਨਰਮੇ ਦੀ ਪੰਜਵੀਂ ਵਾਰ ਬੀਜੀ ਫ਼ਸਲ ਹੈ ਪਰ ਇਸ ਤੋਂ ਪਹਿਲਾਂ ਕੁਝ ਕਿਸਾਨਾਂ ਨੇ ਨਰਮਾ ਵਾਹ ਕੇ ਦੂਸਰੀ ਫ਼ਸਲ ਬੀਜ ਦਿੱਤੀ ਹੈ।"
ਮਾਨਸਾ ਜ਼ਿਲ੍ਹੇ ਦੇ ਪਿੰਡ ਝੇਰਿਆਂ ਵਾਲੀ ਦੇ ਕਿਸਾਨ ਰਾਮ ਸਿੰਘ ਨੇ ਬੀਬੀਸੀ ਨਾਲ ਇਹ ਸ਼ਬਦਾ ਸਾਂਝੇ ਕੀਤੇ।
ਉਨ੍ਹਾਂ ਨੇ ਅੱਗੇ ਕਿਹਾ, "ਸ਼ੁਰੂ ਵਿੱਚ ਅਸੀਂ ਆਪਣੀ 16 ਏਕੜ ਜ਼ਮੀਨ ਵਿੱਚ ਨਰਮੇ ਦੀ ਖੇਤੀ ਹੀ ਕਰਦੇ ਸੀ। ਮਾਨਸਾ ਦੇ ਬਲਾਕ ਝੁਨੀਰ ਵਿੱਚ ਇੱਕ ਸਮੇਂ 90 ਫੀਸਦ ਦੇ ਕਰੀਬ ਨਰਮੇ ਦੀ ਖੇਤੀ ਹੁੰਦੀ ਸੀ, ਜੋ ਕਿ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਘਟ ਕੇ 30 ਫੀਸਦ ਦੇ ਕਰੀਬ ਰਹਿ ਗਈ ਹੈ।"
ਦਰਅਸਲ, ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨ ਨਰਮੇ ਦੀ ਖੇਤੀ ਨੂੰ ਲੈ ਕੇ ਇਸ ਸਮੇਂ ਚਿੰਤਾ ਵਿੱਚ ਹਨ। ਪਿਛਲੇ ਸਮਿਆਂ ਤੋਂ ਲਗਾਤਾਰ ਨਰਮੇ ਦੀ ਫ਼ਸਲ ਉੱਪਰ ਹੋ ਰਹੇ ਵਾਇਰਸ ਹਮਲਿਆਂ ਅਤੇ ਗੁਲਾਬੀ ਸੁੰਡੀ ਦੇ ਹਮਲਿਆਂ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਪਿਛਲੇ ਕੁਝ ਸਾਲਾਂ ਵਿੱਚ ਨਰਮੇ ਦੀ ਫ਼ਸਲ 'ਤੇ ਪਿੰਕ ਬੌਲਵਰਮ (pink bollworm) ਭਾਵ ਗੁਲਾਬੀ ਸੁੰਡੀ ਦੀ ਸਖ਼ਤ ਮਾਰ ਹੋਈ ਹੈ, ਜਿਸ ਨਾਲ ਕਿਸਾਨਾਂ ਦੀ ਫ਼ਸਲ ਦਾ ਵੱਡੇ ਪੱਧਰ ʼਤੇ ਨੁਕਸਾਨ ਹੋਇਆ।
ਇਸ ਕਾਰਨ ਨਰਮਾ ਪੱਟੀ ਦੇ ਕਿਸਾਨ ਨਰਮੇ ਦੀ ਥਾਂ ਝੋਨੇ ਦੀ ਫ਼ਸਲ ਨੂੰ ਪ੍ਰਮੁੱਖਤਾ ਦੇਣ ਲੱਗੇ ਹਨ।
ਪੰਜਾਬ 'ਚ ਨਰਮੇ ਦੀ ਖੇਤੀ
ਨਰਮੇ ਅਤੇ ਕਪਾਹ ਦੇ ਉਤਪਾਦਨ ਵਿੱਚ ਭਾਰਤ ਵਿੱਚੋਂ ਪੰਜਾਬ ਛੇਵੇਂ ਨੰਬਰ 'ਤੇ ਹੈ। ਇਸ ਤੋਂ ਪਹਿਲਾਂ ਗੁਜਰਾਤ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਨਾਂ ਆਉਂਦੇ ਹਨ।
ਪੰਜਾਬ ਦੇ ਮਾਲਵਾ ਖੇਤਰ ਵਿੱਚ ਮਾਨਸਾ, ਬਠਿੰਡਾ, ਫਾਜ਼ਿਲਕਾ, ਮੁਕਤਸਰ ਅਤੇ ਸੰਗਰੂਰ ਜਿਲ੍ਹਿਆਂ ਵਿੱਚ ਨਰਮੇ ਦੀ ਖੇਤੀ ਕੀਤੀ ਜਾਂਦੀ ਹੈ ।
2002-03 ਵਿੱਚ ਬੀਟੀ ਕਪਾਹ ਦੀ ਉਤਪਾਦਕਤਾ 300 ਕਿਲੋ ਪ੍ਰਤੀ ਹੈਕਟੇਅਰ ਸੀ, ਜੋ ਕਿ 2013-14 ਤੱਕ 566 ਕਿਲੋ ਪ੍ਰਤੀ ਹੈਕਟੇਅਰ 'ਤੇ ਪਹੁੰਚ ਗਈ ਸੀ।
ਫਿਰ 2022-23 ਤੱਕ ਇਹ ਘਟ ਕੇ 450-480 ਕਿਲੋ ਪ੍ਰਤੀ ਹੈਕਟੇਅਰ ਤੱਕ ਰਹਿ ਗਈ।
ਕਮੇਟੀ ਆਨ ਕਾਟਨ ਪ੍ਰੋਡਕਸ਼ਨ ਐਂਡ ਕੰਜਪਸ਼ਨ ਦੀ ਰਿਪੋਰਟ ਮੁਤਾਬਕ, ਪੰਜਾਬ 'ਚ 2012-13 'ਚ 4.80 ਲੱਖ ਹੈਕਟੇਅਰ ਨਰਮੇ ਦੀ ਪੈਦਾਵਾਰ ਹੋਈ ਸੀ। ਜੋ ਕਿ ਘਟਦੇ-ਘਟਦੇ ਸਾਲ 22-23 'ਚ 2.49 ਲੱਖ ਹੈਕਟੇਅਰ 'ਤੇ ਰਹਿ ਗਈ। 2023-24 'ਚ ਪੰਜਾਬ 'ਚ ਨਰਮੇ ਦੀ ਪੈਦਾਵਾਰ 1.69 ਲੱਖ ਹੈਕਟੇਅਰ ਤੱਕ ਵਧੀ ਹੈ।
ਕਿਸਾਨ ਨਰਮੇ ਦੀ ਖੇਤੀ ਤੋਂ ਕਿਉਂ ਮੂੰਹ ਮੋੜ ਰਹੇ ਹਨ
ਰਾਮ ਸਿੰਘ ਅੱਗੇ ਕਹਿੰਦੇ ਹਨ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਨਰਮੇ 'ਤੇ ਗੁਲਾਬੀ ਸੁੰਡੀ ਦੀ ਮਾਰ ਕਰਕੇ ਕਿਸਾਨ ਇਸ ਨੂੰ ਛੱਡ ਰਹੇ ਹਨ। ਮਹਿੰਗੀ ਸਪ੍ਰੇਅ ਅਤੇ ਪੈਸਟੀਸਾਈਡ ਵੀ ਗੁਲਾਬੀ ਸੁੰਡੀ ਨੂੰ ਮਾਰਨ ਵਿੱਚ ਕਾਮਯਾਬ ਨਹੀਂ ਹੋ ਰਹੇ ਤੇ ਕਿਸਾਨਾਂ ਦੀ ਆਰਥਿਕ ਲੁੱਟ ਹੋ ਰਹੀ ਹੈ।
ਉਨ੍ਹਾਂ ਦੱਸਿਆ, "ਸਾਡੇ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਖਾਰਾ ਹੈ ਤੇ ਕਿਸਾਨ ਮਜਬੂਰੀ ਕਾਰਨ ਹੀ ਝੋਨੇ ਦੀ ਖੇਤੀ ਕਰ ਰਹੇ ਹਨ, ਪਰ ਉਸ ਦਾ ਵੀ ਝਾੜ ਬਹੁਤ ਘੱਟ ਹੈ।"
"ਨਰਮੇ ਦੇ ਚੰਗੇ ਬੀਜ ਅਤੇ ਚੰਗੀਆਂ ਰਸਾਇਣਕ ਸਪ੍ਰੇਅ ਅਤੇ ਪੈਸਟੀਸਾਈਡ ਖਾਦਾਂ ਹਨ, ਉਹ ਉਨ੍ਹਾਂ ਨੂੰ ਕਾਫੀ ਮਹਿੰਗੇ ਮੁੱਲ ਵਿੱਚ ਬਲੈਕ ਵਿੱਚ ਖਰੀਦਣੀਆਂ ਪੈ ਰਹੀਆਂ ਹਨ। ਪਿਛਲੇ ਸਾਲਾਂ ਵਿੱਚ ਨਰਮੇ ਦੀ ਫ਼ਸਲ 'ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਵੱਡੇ ਪੱਧਰ ʼਤੇ ਨਰਮੇ ਦੀ ਫ਼ਸਲ ਖ਼ਰਾਬ ਹੋਈ, ਜਿਸ ਦੇ ਕਾਰਨ ਇਲਾਕੇ 'ਚ ਕਿਸਾਨਾਂ ਦੇ ਸਿਰ ਕਰਜਾ ਵਧਿਆ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਲਗਾਉਣਾ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ "ਕਿਸਾਨ ਭਵਿੱਖ ਵਿੱਚ ਪਾਣੀ ਨੂੰ ਲੈ ਕੇ ਵੀ ਚਿੰਤਤ ਹੈ। ਜੇਕਰ ਸਰਕਾਰ ਕੋਈ ਉਪਰਾਲਾ ਕਰਦੀ ਹੈ ਤਾਂ ਕਿਸਾਨ ਨਰਮੇ ਦੀ ਫ਼ਸਲ ਵੱਲ ਮੁੜਨ ਲਈ ਤਿਆਰ ਹਨ।"
''ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਝੋਨੇ ਦੀ ਫ਼ਸਲ ਦਾ ਝਾੜ ਵੀ 15 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ। ਝੋਨਾ ਲਗਾਉਣਾ ਕਿਸਾਨਾਂ ਦੀ ਮਜਬੂਰੀ ਹੈ।''
ਪਿਛਲੇ ਸੀਜ਼ਨ 'ਚ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਵੱਡੇ ਕੱਟ ਲਗਾ ਕੇ ਖਰੀਦੀ ਗਈ, ਜਿਸ ਦੇ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ।
ਉਨ੍ਹਾਂ ਦੱਸਿਆ ਕਿ ਨਰਮਾ ਪੱਟੀ ਕਹੇ ਜਾਣ ਵਾਲੇ ਮਾਨਸਾ ਜ਼ਿਲ੍ਹੇ ਵਿੱਚ ਇੱਕ ਸਮੇਂ 70 ਦੇ ਲਗਭਗ ਕਪਾਹ ਮਿੱਲਾਂ ਸਨ, ਜੋ ਇਸ ਸਮੇਂ ਘਟ ਕੇ ਸਿਰਫ਼ ਦੋ ਰਹਿ ਗਈਆਂ ਹਨ, ਪਰ ਇਸ ਦੀ ਜਗ੍ਹਾ ਇਲਾਕੇ ਵਿੱਚ ਸੈਲਰਾਂ ਦੀ ਗਿਣਤੀ ਵਧ ਰਹੀ ਹੈ।
ਨਰਮਾ ਮਜ਼ਦੂਰ ਵੀ ਇਸ ਨਾਲੋਂ ਟੁੱਟ ਰਹੇ
ਨਰਮਾ ਇੱਕ ਲੰਮੇ ਸੀਜ਼ਨ ਦੀ ਫ਼ਸਲ ਹੈ।
ਰਾਮ ਸਿੰਘ ਕਹਿੰਦੇ ਹਨ, "ਇਸ ਵਿੱਚ ਸਾਡਾ ਪੂਰਾ ਪਰਿਵਾਰ ਅਤੇ ਸਾਡੇ ਸੀਰੀ ਸਾਂਝੀ (ਨੌਕਰ) ਵੱਡੀ ਗਿਣਤੀ 'ਚ ਖੇਤੀ ਵਿੱਚ ਮਜ਼ਦੂਰੀ ਕਰਦੇ ਸਨ। ਇਸ ਦੇ ਘਟਣ ਨਾਲ ਉਹ ਵੀ ਇਸ ਕੰਮ ਨਾਲੋਂ ਟੁੱਟ ਚੁੱਕੇ ਹਨ।"
ਉਹ ਦੱਸਦੇ ਹਨ ਕਿ ਨਰਮੇ ਦੀ ਫ਼ਸਲ ਘਟਣ ਨਾਲ ਖੇਤ ਮਜ਼ਦੂਰਾਂ ਦੀ ਆਰਥਿਕਤਾ 'ਤੇ ਵੀ ਅਸਰ ਪਿਆ ਹੈ। ਪਹਿਲਾਂ ਮਜ਼ਦੂਰਾਂ ਦੇ ਪਰਿਵਾਰਾਂ ਵਿੱਚ ਇੱਕ ਵਿਅਕਤੀ 15 ਹਜ਼ਾਰ ਰੁਪਏ ਤੱਕ ਦਾ ਨਰਮਾ ਸੀਜ਼ਨ ਦੇ ਵਿੱਚ ਚੁਗਦਾ ਸੀ, ਇੱਕ ਸੀਜ਼ਨ ਵਿੱਚ ਚਾਰ ਮੈਂਬਰਾਂ ਦਾ ਪਰਿਵਾਰ 60,000 ਦਾ ਨਰਮਾ ਚੁਗ ਲੈਂਦਾ ਸੀ ਪਰ ਹੁਣ ਉਹ ਵੀ ਖ਼ਤਮ ਹੋ ਚੁੱਕਿਆ ਹੈ।
ਗੁਲਾਬੀ ਸੁੰਡੀ ਅਤੇ ਵਾਇਰਸ ਤੋਂ ਪਰੇਸ਼ਾਨ ਕਿਸਾਨ
ਉਧਰ ਪਿੰਡ ਝੇਰਿਆਂ ਵਾਲੀ ਦੇ ਕਿਸਾਨ ਮਨਦੀਪ ਸਿੰਘ ਨੇ ਦੱਸਿਆ ਉਹ 11 ਏਕੜ 'ਚ ਨਰਮੇ ਦੀ ਖੇਤੀ ਕਰ ਰਹੇ ਹਨ ਪਰ ਪਿਛਲੇ ਚਾਰ ਸਾਲਾਂ ਤੋਂ ਗੁਲਾਬੀ ਸੁੰਡੀ ਦੀ ਮਾਰ ਦੇ ਚਲਦਿਆਂ ਉਨ੍ਹਾਂ ਦਾ ਕਾਫੀ ਆਰਥਿਕ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਨੇ ਦਿਖਾਇਆ ਕਿ ਇਸ ਸਮੇਂ ਨਰਮੇ ਦੇ ਟੀਂਡਿਆਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਸਾਫ਼ ਦਿਖਾਈ ਦੇ ਰਿਹਾ ਹੈ।
"ਰਸਾਇਣਕ ਸਪ੍ਰੇਅ ਗੁਲਾਬੀ ਸੁੰਡੀ ਨੂੰ ਖ਼ਤਮ ਕਰਨ ਵਿੱਚ ਕਾਮਯਾਬ ਨਹੀਂ ਹੈ, ਜਿਸ ਦੇ ਕਾਰਨ ਉਨ੍ਹਾਂ ਨੂੰ ਕਈ ਸਪ੍ਰੇਅ ਇਸ 'ਤੇ ਕਰਨੀਆਂ ਪੈ ਰਹੀਆਂ ਹਨ। ਵਿਭਾਗ ਅਤੇ ਸਰਕਾਰਾਂ ਉੱਪਰ ਉਨ੍ਹਾਂ ਦਾ ਵਿਸ਼ਵਾਸ ਖ਼ਤਮ ਹੋ ਰਿਹਾ ਹੈ ਕਿਉਂਕਿ ਲਗਾਤਾਰ ਉਨ੍ਹਾਂ ਨੂੰ ਇਸ ਫ਼ਸਲ 'ਚੋਂ ਘਾਟਾ ਪੈ ਰਿਹਾ ਹੈ।"
ਕਿਸਾਨ ਮਨਦੀਪ ਸਿੰਘ ਦੱਸਦੇ ਹਨ ਕਿ ਮੰਡੀਆਂ ਵਿੱਚ ਵੀ ਕਿਸਾਨਾਂ ਦੀ ਵੱਡੇ ਪੱਧਰ 'ਤੇ ਲੁੱਟ ਹੁੰਦੀ ਹੈ। ਕਿਉਂਕਿ ਇਸ ਫ਼ਸਲ 'ਤੇ ਕੋਈ ਐੱਮਐੱਸਪੀ ਤੈਅ ਨਹੀਂ ਕੀਤੀ ਗਈ। ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਇਹ ਦਾਗ਼ੀ ਹੋ ਜਾਂਦਾ ਹੈ, ਜਿਸ ਕਰਕੇ ਮੰਡੀ 'ਚ ਚੰਗਾ ਰੇਟ ਕਿਸਾਨਾਂ ਨੂੰ ਨਹੀਂ ਮਿਲਦਾ।
ਇਸ ਸਮੇਂ ਉਹ ਨਰਮਾ 5000 ਤੋਂ 4000 ਪ੍ਰਤੀ ਕੁਇੰਟਲ 'ਤੇ ਵੇਚ ਰਹੇ ਹਨ ਜੋ ਕਿ ਬਹੁਤ ਹੀ ਜਿਆਦਾ ਘੱਟ ਹੈ।
ਨਰਮੇ ਦੀ ਫ਼ਸਲ ਦੂਸਰੀਆਂ ਫ਼ਸਲਾਂ ਦੇ ਮੁਕਾਬਲੇ ਲੰਮਾ ਸਮਾਂ ਲੈਂਦੀ ਹੈ, ਜੇਕਰ ਨੁਕਸਾਨ ਜ਼ਿਆਦਾ ਹੋ ਜਾਵੇ ਤਾਂ ਦੂਸਰੀ ਫ਼ਸਲ ਬੀਜਣ ਦੇ ਲਈ ਵੀ ਮੌਸਮ ਅਤੇ ਸਮਾਂ ਸਹੀ ਨਹੀਂ ਰਹਿੰਦਾ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਸੇਖੂਵਾਸ ਦੇ ਕਿਸਾਨ ਹਰਮੇਲ ਸਿੰਘ ਪਿਛਲੇ ਕਈ ਸਾਲਾਂ ਤੋਂ ਪੰਜ ਏਕੜ ਠੇਕੇ ਦੀ ਜ਼ਮੀਨ ਉੱਪਰ ਨਰਮੇ ਦੀ ਖੇਤੀ ਕਰਦੇ ਸਨ ਪਰ ਹੁਣ ਇਹ ਘਟ ਕੇ ਸਿਰਫ਼ ਇੱਕ ਏਕੜ ਰਹਿ ਗਈ ਹੈ।
ਉਹ ਦੱਸਦੇ ਹਨ ਕਿ ਉਨ੍ਹਾਂ ਕੋਲੇ ਇਸ ਸਮੇਂ ਪੰਜ ਏਕੜ ਜ਼ਮੀਨ ਠੇਕੇ ਉੱਪਰ ਹੈ। ਜੇਕਰ ਇਸ ਤੋਂ ਬਾਅਦ ਨਰਮੇ 'ਤੇ ਤੇਲੇ ਜਾ ਚਿੱਟੀ ਮੱਖੀ ਦਾ ਹਮਲਾ ਹੋਣ ਕਰਕੇ ਇਸ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਕੋਈ ਵੀ ਫ਼ਸਲ ਨਹੀਂ ਬੀਜ ਸਕਦੇ।
ਉਹ ਕਹਿੰਦੇ ਹਨ, "ਮੈਂ ਆਪਣੀ ਉਮਰ ਵਿੱਚ ਇਸ ਇਲਾਕੇ ਵਿੱਚ ਵੱਡੇ ਪੱਧਰ 'ਤੇ ਨਰਮੇ ਦੀ ਖੇਤੀ ਦੇਖੀ ਹੈ ਜੋ ਕਿ ਪਿਛਲੇ ਦੋ ਦਹਾਕਿਆਂ 'ਚ ਲਗਾਤਾਰ ਖ਼ਤਮ ਹੁੰਦੀ ਜਾਂ ਰਹੀ ਹੈ। ਝੋਨੇ ਵੱਲ ਕਿਸਾਨਾਂ ਦਾ ਵੱਧ ਰੁਝਾਨ ਦਾ ਕਾਰਨ ਉਸ ਤੋਂ ਹੋਣ ਵਾਲਾ ਮੁਨਾਫ਼ਾ ਹੈ।"
"ਝੋਨੇ ਤੋਂ ਕਿਸਾਨ ਨੂੰ ਲਗਭਗ 70 ਹਜ਼ਾਰ ਪ੍ਰਤੀ ਏਕੜ ਅਤੇ ਇਸ ਦੇ ਉਲਟ ਨਰਮੇ ਤੋਂ ਸਿਰਫ਼ 30 ਤੋਂ 35000 ਦੀ ਕਮਾਈ ਹੁੰਦੀ ਹੈ।"
ਹਰਮੇਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕੋਈ ਉਦਮ ਕਰਦੀ ਹੈ ਤਾਂ ਕਿਸਾਨ ਦੋਹਰੇ ਫ਼ਸਲ ਦੇ ਚੱਕਰ ਤੋਂ ਨਿਕਲਣ ਲਈ ਤਿਆਰ ਹਨ, ਜੇਕਰ ਨਰਮੇ ਦੇ ਮੰਡੀਆਂ 'ਚ ਮੁੱਲ ਚੰਗੇ ਮਿਲਦੇ ਹਨ ਤਾਂ ਕਿਸਾਨ ਜਰੂਰ ਇਸ ਵੱਲ ਮੁੜ ਸਕਦੇ ਹਨ।
ਅਧਿਕਾਰੀਆਂ ਦਾ ਕੀ ਕਹਿਣਾ ਹੈ
ਬੀਬੀਸੀ ਨੂੰ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਐਗਰੀਕਲਚਰ ਚੀਫ ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਪਿਛਲੇ ਸਾਲ ਮਾਨਸਾ ਵਿੱਚ ਨਰਮੇ ਹੇਠ ਜ਼ਮੀਨ ਦਾ ਰਕਬਾ 22500 ਹੈਕਟੇਅਰ ਸੀ ਤੇ ਇਸ ਸਾਲ ਇਹ ਵੱਧ ਕੇ 27721 ਹੈਕਟੇਅਰ ਤੱਕ ਪਹੁੰਚ ਗਿਆ ਹੈ।
ਉਨ੍ਹਾਂ ਦੱਸਿਆ, "ਰਕਬਾ ਵਧਣ ਦਾ ਕਾਰਨ ਇਸ ਵਾਰ ਵਿਭਾਗ ਦੇ ਅਧਿਕਾਰੀਆਂ ਦੀ ਮਿਹਨਤ ਅਤੇ ਸਰਕਾਰ ਵੱਲੋਂ ਨਰਮੇ ਦੇ ਬੀਜ ਉੱਪਰ ਦਿੱਤੀ ਗਈ ਸਬਸਿਡੀ ਹੈ। ਪਿਛਲੇ ਸਮੇਂ ਵਿੱਚ ਮਾਨਸਾ ਜ਼ਿਲ੍ਹੇ ਵਿੱਚ 17 ਦੇ ਕਰੀਬ ਕਪਾਹ ਮਿੱਲਾਂ ਸਨ ਜੋ ਕਿ ਮੰਗ ਦੇ ਹਿਸਾਬ ਦੇ ਨਾਲ ਇਸ ਸਮੇਂ 9 ਰਹਿ ਗਈਆਂ ਹਨ।"
ਉਨ੍ਹਾਂ ਇਹ ਵੀ ਮੰਨਿਆ ਕਿ ਪਿਛਲੇ ਸਮੇਂ ਵਿੱਚ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਕਾਰਨ ਕਿਸਾਨਾਂ ਦੇ ਮਨਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਡਰ ਵੀ ਹੈ।
ਦੂਸਰੇ ਪਾਸੇ ਸੰਗਰੂਰ ਦੇ ਮੁੱਖ ਖੇਤੀਬਾੜੀ ਅਫਸਰ ਧਰਮਿੰਦਰਜੀਤ ਸਿੰਘ ਸਿੱਧੂ ਨੇ ਫੋਨ 'ਤੇ ਹੋਈ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਸੰਗਰੂਰ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਨਰਮੇ ਹੇਠ ਰਕਬਾ ਵਧਿਆ ਹੈ।
ਉਨ੍ਹਾਂ ਦੱਸਿਆ ਕਿ ਜਿੱਥੇ ਪਿਛਲੇ ਸਾਲ ਸੰਗਰੂਰ ਵਿੱਚ ਨਰਮਾ 230 ਹੈਕਟੇਅਰ ਵਿੱਚ ਬੀਜਿਆ ਗਿਆ ਸੀ, ਉਥੇ ਹੀ ਇਸ ਸਾਲ ਇਹ 245 ਹੈਕਟੇਅਰ ਤੱਕ ਪਹੁੰਚ ਗਿਆ ਹੈ। ''ਅਸੀਂ ਅੱਗੇ ਵੀ ਕੋਸ਼ਿਸ਼ ਕਰ ਰਹੇ ਹਾਂ ਤੇ ਕਿਸਾਨਾਂ ਨੂੰ ਸਬਸਿਡੀ ਦੇ ਬੀਜ ਵੀ ਮੁਹਈਆ ਕਰਵਾਏ ਗਏ ਹਨ।''
ਸਰਕਾਰ ਕੀ ਕਦਮ ਚੁੱਕ ਰਹੀ
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੁਤਾਬਕ, ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੇ ਗਏ ਬੀ.ਟੀ. ਨਰਮੇ ਦੇ ਬੀਜ ਉੱਪਰ 33 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ।
ਲੰਘੀ 7 ਅਗਸਤ ਨੂੰ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਪਾਹ ਪੱਟੀ ਦੇ ਮੁੱਖ ਖੇਤੀਬਾੜੀ ਅਧਿਕਾਰੀਆਂ (ਸੀਏਓ) ਨੂੰ 'ਚਿੱਟੇ ਸੋਨੇ' ਦੀ ਫ਼ਸਲ ਦੇ ਵਿਕਾਸ ਅਤੇ ਸਥਿਤੀ ਬਾਰੇ ਦੋ-ਹਫ਼ਤਾਵਾਰੀ ਰਿਪੋਰਟਾਂ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਹਨ।
ਕੇਂਦਰ ਸਰਕਾਰ ਕੀ ਕਰ ਰਹੀ ਹੈ?
ਲੰਘੀ 9 ਜੁਲਾਈ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਵੀ ਨਰਮਾ ਕਿਸਾਨਾਂ ਦੇ ਨਾਮ ਇੱਕ ਸੰਦੇਸ਼ ਜਾਰੀ ਕਰਦਿਆਂ ਕਿਹਾ, ''ਸਾਡੇ ਦੇਸ਼ 'ਚ ਨਰਮੇ ਦੀ ਪੈਦਾਵਾਰ ਇਸ ਵੇਲੇ ਕਾਫੀ ਘੱਟ ਹੈ ਅਤੇ ਵਾਇਰਸ ਅਟੈਕ ਕਾਰਨ ਬੀਟੀ ਕਾਟਨ (ਨਰਮੇ ਦੀ ਇੱਕ ਕਿਸਮ) ਪੈਦਾਵਾਰ ਲਗਾਤਾਰ ਘਟੀ ਹੈ। ਨਰਮ ਉਗਾਉਣ ਵਾਲੇ ਕਿਸਾਨ ਵੀ ਸੰਕਟ ਦਾ ਸਾਹਮਣਾ ਕਰ ਰਹੇ ਹਨ।''
ਉਨ੍ਹਾਂ ਕਿਹਾ, "ਸਾਡਾ ਸੰਕਲਪ, ਨਰਮੇ ਦੀ ਪੈਦਾਵਾਰ ਵਧਾਉਣਾ, ਉਤਪਾਦਨ 'ਚ ਆਉਣ ਵਾਲੀ ਲਾਗਤ ਨੂੰ ਘਟਾਉਣਾ, ਜਲਵਾਯੂ ਅਨੁਕੂਲ ਚੰਗੇ ਬੀਜ ਮੁਹਈਆ ਕਰਾਉਣਾ ਹੈ।"
ਇਸ ਦੌਰਾਨ ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਸੀ ਕਿ ਇਸ ਬਾਬਤ ਕੋਇੰਬਟੂਰ 'ਚ 11 ਜੁਲਾਈ ਨੂੰ ਇੱਕ ਬੈਠਕ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਪੈਦਾਵਾਰ ਵਧਾਉਣ ਦੇ ਸਬੰਧ 'ਚ ਜੇਕਰ ਕਿਸੇ ਕੋਲ ਕੋਈ ਸੁਝਾਅ ਹੈ, ਤਾਂ ਉਹ ਟੋਲ ਫ੍ਰੀ ਨੰਬਰ 1800-180-1551 'ਤੇ ਸੁਝਾਅ ਸਾਂਝੇ ਕਰ ਸਕਦੇ ਹਨ।
ਇਸ ਮਗਰੋਂ 11 ਜੁਲਾਈ ਨੂੰ ਹੋਈ ਬੈਠਕ ਦੌਰਾਨ ਉਨ੍ਹਾਂ ਕਿਹਾ, "ਇੱਕ ਰਾਸ਼ਟਰ, ਇੱਕ ਖੇਤੀਬਾੜੀ, ਇੱਕ ਟੀਮ' ਦੇ ਰੂਪ ਵਿੱਚ ਅਸੀਂ ਇਕੱਠੇ ਨਰਮੇ ਲਈ ਇੱਕ ਰੋਡਮੈਪ ਬਣਾਵਾਂਗੇ ਤੇ ਸਾਡਾ ਨਰਮਾ ਦੁਨੀਆਂ 'ਚ ਸਭ ਤੋਂ ਵਧੀਆ ਕਿਸਮ ਦਾ ਹੋਵੇਗਾ।"
ਬੈਠਕ ਤੋਂ ਬਾਅਦ, ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ʼਟੀਮ ਕਾਟਨ' ਨੇ ਇਸ ਵਿਸ਼ੇ 'ਤੇ ਖੂਬ ਵਿਚਾਰ-ਵਟਾਂਦਰਾ ਕੀਤਾ ਹੈ।''ʼ
ਉਨ੍ਹਾਂ ਕਿਹਾ, "ਸਾਨੂੰ ਹਾਈ ਡੈਨਸਿਟੀ ਨਰਮੇ ਦੇ ਚੰਗੇ ਨਤੀਜੇ ਮਿਲੇ ਹਨ, ਅਸੀਂ ਇਸ ਵੱਲ ਹੋਰ ਤੇਜ਼ੀ ਨਾਲ ਵਧਾਂਗੇ। ਅਸੀਂ ਇਸ ਉਦਯੋਗ ਦੀ ਮੰਗ ਦੇ ਆਧਾਰ 'ਤੇ ਬੀਜਾਂ ਦਾ ਉਤਪਾਦਨ ਵਧਾਵਾਂਗੇ। ਤੇ ਵਧਦੇ ਤਾਪਮਾਨ ਕਾਰਨ ਪੈਦਾ ਹੋ ਰਹੀਆਂ ਦਿੱਕਤਾਂ ਸਬੰਧੀ ਕੰਮ ਕਰਾਂਗੇ।"
ਇਸ ਮੀਟਿੰਗ ਵਿੱਚ ਹੇਠ ਲਿਖੇ ਮਸਲਿਆਂ 'ਤੇ ਚਰਚਾ ਕੀਤੀ ਗਈ:
- ਬੀਟੀ ਕਪਾਹ 'ਤੇ ਫੈਲ ਰਹੇ ਟੀਐੱਸਵੀ ਵਾਇਰਸ ਦੀ ਸਮੱਸਿਆ, ਉਤਪਾਦਨ ਵਿੱਚ ਘਾਟ, ਬੀਜਾਂ ਦੀ ਕੁਆਲਿਟੀ ਅਤੇ ਉਪਲਬਧਤਾ
- ਵਾਇਰਸ-ਰੋਧੀ, ਮੌਸਮੀ ਤੌਰ 'ਤੇ ਮਜ਼ਬੂਤ ਅਤੇ ਉੱਚ-ਉਤਪਾਦਕ ਬੀਜ ਵਿਕਸਤ ਕਰਨ ਦੀ ਲੋੜ
- ਆਧੁਨਿਕ ਤਕਨੀਕ ਦੇ ਜਰੀਏ ਕਪਾਹ ਦੀ ਉਦਯੋਗਕ ਮੰਗ ਅਨੁਸਾਰ ਅਦਾਇਗੀ ਸੁਨਿਸ਼ਚਿਤ ਕਰਨ 'ਤੇ ਜ਼ੋਰ
- ਇਸ ਦੌਰਾਨ, ਕਿਸਾਨਾਂ ਨਾਲ ਖੇਤੀ-ਖੇਤਰ ਸਬੰਧੀ ਜਾਣਕਾਰੀ ਸਾਂਝਾ ਕਰਨਾ, ਸਮੱਸਿਆਵਾਂ ਸੁਣਨਾ ਅਤੇ ਏਆਈ ਦੀ ਮਦਦ ਨਾਲ ਵਾਇਰਸ ਤੇ ਬੈਕਟੀਰੀਆ ਨਿਯੰਤਰਿਤ ਕਰਨ ਦੀ ਯੋਜਨਾ ਦੀ ਵੀ ਚਰਚਾ ਕੀਤੀ ਗਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ