You’re viewing a text-only version of this website that uses less data. View the main version of the website including all images and videos.
ਸਵਰਨਜੀਤ ਸਿੰਘ ਖਾਲਸਾ: ਨੌਰਵਿਚ ਦੇ ਮੇਅਰ ਚੁਣੇ ਗਏ ਪੰਜਾਬੀ ਜਿਨ੍ਹਾਂ ਨੇ ਅਮਰੀਕਾ ਵਿੱਚ ਸਿੱਖਾਂ ਦੀ ਪਛਾਣ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ
ਪੰਜਾਬ ਦੇ ਜਲੰਧਰ ਨਾਲ ਸਬੰਧਤ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਵਿੱਚ ਨੌਰਵਿਚ ਦੇ ਮੇਅਰ ਚੁਣੇ ਗਏ ਹਨ।
ਡੈਮੋਕ੍ਰੇਟ ਸਵਰਨਜੀਤ ਸਿੰਘ ਖਾਲਸਾ ਪਹਿਲਾਂ 2021 ਵਿੱਚ ਸਿਟੀ ਕੌਂਸਲ ਮੈਂਬਰ ਚੁਣੇ ਗਏ ਸਨ।
ਸਵਰਨਜੀਤ ਸਿੰਘ ਖਾਲਸਾ ਦੀ ਵੈਬਸਾਈਟ ਮੁਤਾਬਕ ਉਹ ਨੌਰਵਿਚ ਬੋਰਡ ਆਫ਼ ਐਜੂਕੇਸ਼ਨ, ਸਿਟੀ ਪਲਾਨ 'ਤੇ ਕਮਿਸ਼ਨ, ਇਨਲੈਂਡ ਵੈੱਟਲੈਂਡ ਕਮਿਸ਼ਨ, ਨੌਰਵਿਚ ਏਰੀਆ ਪਾਦਰੀ ਐਸੋਸੀਏਸ਼ਨ, ਅਤੇ ਨੌਰਵਿਚ ਕਮਿਊਨਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ।
ਚੋਣਾਂ ਵਿੱਚ ਸਰਵਨਜੀਤ ਸਿੰਘ ਨੇ ਟੈਕਸ ਘਟਾਉਣ ਅਤੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਵਰਗੇ ਵਾਅਦੇ ਕੀਤੇ ਸਨ।
ਸਵਰਨਜੀਤ ਸਿੰਘ ਸਟੱਡੀ ਵੀਜ਼ੇ 'ਤੇ ਅਮਰੀਕਾ ਗਏ ਸਨ
ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ ਦੀ ਜਾਣਕਾਰੀ ਮੁਤਾਬਕ ਸਵਰਨਜੀਤ ਸਿੰਘ ਖ਼ਾਲਸਾ ਦੇ ਪਿਤਾ ਪਰਮਿੰਦਰਪਾਲ ਸਿੰਘ ਖਾਲਸਾ ਜਲੰਧਰ ਹੀ ਰਹਿੰਦੇ ਹਨ, 40 ਦਿਨ ਪਹਿਲਾਂ ਹੀ ਪੁੱਤਰ ਨੂੰ ਮਿਲ ਕੇ ਵਾਪਸ ਆਏ ਸਨ। ਸਵਰਨਜੀਤ ਸਿੰਘ ਦੇ ਮੇਅਰ ਚੁਣੇ ਜਾਣ 'ਤੇ ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ।
ਪਰਮਿੰਦਰਪਾਲ ਸਿੰਘ ਖਾਲਸਾ ਨੇ ਕਿਹਾ, "ਇਸ ਦਾ ਸਿਹਰਾ ਸਿਰਫ਼ ਸਾਨੂੰ ਹੀ ਨਹੀਂ ਸਗੋਂ ਪੂਰੀ ਪੰਜਾਬੀ ਕੌਮ, ਖ਼ਾਸ ਕਰਕੇ ਸਿੱਖ ਭਾਈਚਾਰਾ ਤੇ ਜਲੰਧਰ ਵਾਸੀਆਂ ਨੂੰ ਵੀ ਜਾਂਦਾ ਹੈ। ਇਹ ਮਾਣ ਦੀ ਗੱਲ ਹੈ ਕਿ ਸਵਰਨਜੀਤ ਸਿੰਘ ਪਹਿਲਾ ਅੰਮ੍ਰਿਤਧਾਰੀ ਸਿੱਖ ਹੈ ਜੋ ਅਮਰੀਕਾ ਵਿੱਚ ਮੇਅਰ ਚੁਣਿਆ ਗਿਆ ਹੈ। ਜਿਸ ਕਰਕੇ ਸਿੱਖਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਇਹ ਪੰਥ ਦੀ ਜਿੱਤ ਹੈ। ਸਿੱਖੀ ਦੇ ਨਿਸ਼ਾਨ ਹਰ ਪਾਸੇ ਝੂਲ ਰਹੇ ਹਨ।"
ਪਰਮਿੰਦਰਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਵਰਨਜੀਤ ਸਿੰਘ ਨੇ ਜਲੰਧਰ ਦੇ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਹੈ।
ਫਿਰ ਅਗਲੇਰੀ ਪੜ੍ਹਾਈ ਲਈ ਸਟੱਡੀ ਵੀਜ਼ਾ ਹਾਸਲ ਕਰਕੇ ਸਵਰਨਜੀਤ ਸਿੰਘ ਨੇ ਨਿਊਜਰਸੀ ਵਿੱਚ ਦਾਖ਼ਲਾ ਲਿਆ ਅਤੇ ਉੱਥੇ ਕੰਪਿਊਟਰ ਇੰਜੀਨੀਅਰਿੰਗ ਵਿੱਚ ਮਾਸਟਰਜ਼ ਕੀਤੀ।
ਸਵਰਨਜੀਤ ਖ਼ਾਲਸਾ ਦੇ ਪਿਤਾ ਨੇ ਦੱਸਿਆ ਕਿ ਜਦੋਂ ਪੁੱਤਰ ਨੇ ਮਾਸਟਰਜ਼ ਪੂਰੀ ਕੀਤੀ ਤਾਂ ਉਸ ਤੋਂ ਬਾਅਦ ਫਿਰ ਕਾਰੋਬਾਰ ਵੱਲ ਤੁਰ ਪਿਆ ਅਤੇ ਅਸੀਂ ਨੌਰਵਿਚ 'ਚ ਇੱਕ ਸ਼ੈੱਲ ਕੰਪਨੀ ਦਾ ਗੈਸ ਸਟੇਸ਼ਨ ਖਰੀਦ ਲਿਆ।
ਸਟੇਸ਼ਨ 'ਤੇ ਹਰ ਤਰ੍ਹਾਂ ਦੇ ਗਾਹਕ ਆਉਂਦੇ ਰਹਿੰਦੇ ਸਨ ਜਿਸ ਕਰਕੇ ਸਵਰਨਜੀਤ ਦੀ ਇਲਾਕੇ 'ਚ ਜ਼ਿਆਦਾ ਪਕੜ ਮਜ਼ਬੂਤ ਹੋ ਗਈ।
ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਸਵਰਨਜੀਤ ਸਿੰਘ ਨੇ ਨਸਲਵਾਦ ਬਾਰੇ ਕਾਫੀ ਜਾਗਰੂਕਤਾ ਫੈਲਾਉਣ ਵਾਲੇ ਕਾਰਜ ਕੀਤੇ। ਉਨ੍ਹਾਂ ਵੱਲੋਂ ਸਿੱਖਾਂ ਦੀ ਪਛਾਣ ਬਾਰੇ ਦੱਸਣ ਦੇ ਲਈ ਕਰੀਬ 200 ਸੈਮੀਨਾਰ ਕਰਵਾਏ।
ਉਨ੍ਹਾਂ ਮੁਤਾਬਕ, "ਸਰਕਾਰੀ ਦਫ਼ਤਰਾਂ ਵਿੱਚ ਆਪਣਾ ਪ੍ਰੋਜੈਕਟਰ ਲੈ ਕੇ ਜਾਂਦਾ ਸੀ ਅਤੇ ਸਿੱਖ ਇਤਿਹਾਸ ਅਤੇ ਸਿੱਖੀ ਬਾਰੇ ਸਮਝਾਉਂਦਾ ਸੀ ਕਿ ਸਿੱਖ ਕੌਣ ਹਨ। ਕਿਉਂਕਿ ਸਿੱਖ ਅਤੇ ਤਾਲਿਬਾਨੀਆਂ ਦਾ ਪਹਿਰਾਵਾਂ ਇੱਕ ਦੂਜੇ ਨਾਲ ਮੇਲ ਖਾਂਦਾ ਸੀ। ਇਸੇ ਪ੍ਰਚਾਰ ਕਰਕੇ ਸਵਰਨਜੀਤ ਸਿੰਘ ਸਾਰਿਆਂ ਦੇ ਨਜ਼ਦੀਕ ਆ ਗਏ ਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਚੋਣਾਂ ਲੜਨ ਲਈ ਕਿਹਾ।"
ਸਵਰਨਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਐੱਫਬੀਆਈ ਨੇ ਸਪੈਸ਼ਲ ਤੌਰ 'ਤੇ ਸਾਡੇ ਲੜਕੇ ਨੂੰ ਸਨਮਾਨਿਤ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਸਵਰਨਜੀਤ ਸਿੰਘ ਆਪਣੀ ਪਤਨੀ ਤੇ ਦੋ ਧੀਆਂ ਨਾਲ ਨੌਰਵਿਚ ਟਾਊਨ ਵਿੱਚ ਰਹਿੰਦਾ ਹੈ।
ਉਹ ਕਹਿੰਦੇ ਹਨ, “ਸਾਡੀ ਨੂੰਹ ਨੇ ਘਰ ਵਿੱਚ ਨਿਯਮ ਬਣਾਏ ਹੋਏ ਹਨ ਕਿ ਬਾਹਰ ਜਿਹੜੀ ਮਰਜੀ ਭਾਸ਼ਾ ਬੋਲੋ ਪਰ ਘਰ ਅੰਦਰ ਆ ਕੇ ਸਿਰਫ਼ ਪੰਜਾਬੀ ਹੀ ਬੋਲੀ ਜਾਵੇਗੀ। ਇਸ ਤੋਂ ਇਲਾਵਾ ਓਥੇ ਸਿੱਖ ਆਰਟ ਗੈਲਰੀ ਵੀ ਬਣਾਈ ਹੋਈ ਹੈ। ਜਿੱਥੇ ਸਾਡੀ ਨੂੰਹ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਹਨ ਤੇ ਵਿਦੇਸ਼ 'ਚ ਰਹਿੰਦੀ ਨਵੀਂ ਪੀੜ੍ਹੀ ਨੂੰ ਪੰਜਾਬ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ