ਕੀ ਔਰਤਾਂ ਨੂੰ ਹੁਣ ਜ਼ਿਆਦਾ ਗੁੱਸਾ ਆ ਰਿਹਾ ਹੈ? ਕੀ ਹਨ ਇਸਦੇ ਕਾਰਨ

    • ਲੇਖਕ, ਸਟੈਫ਼ਨੀ ਹੈਗਰਟੀ
    • ਰੋਲ, ਪਾਪੋਲੇਸ਼ਨ ਪੱਤਰਕਾਰ

ਗੈਲਪ ਦੇ ਇੱਕ ਸਲਾਨਾ ਸਰਵੇਖਣ ਵਿੱਚ ਇਹ ਪਾਇਆ ਲਗਿਆ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਤਕਰੀਬਨ ਦੁਨੀਆਂ ਭਰ ਦੀਆਂ ਔਰਤਾਂ ਵਿੱਚ ਗੁੱਸੇ ਦੀ ਦਰ ਵਧੀ ਹੈ।

ਬੀਬੀਸੀ ਨੇ ਇੱਕ ਸਰਵੇਖਣ ਵਿੱਚ ਇਸ ਦਾ ਕਾਰਨ ਸਮਝਣ ਦੀ ਕੋਸ਼ਿਸ਼ ਕੀਤੀ।

ਦੋ ਸਾਲ ਪਹਿਲਾਂ ਤਾਹਸ਼ਾ ਰੇਨੀ ਆਪਣੀ ਰਸੋਈ ਵਿੱਚ ਖੜ੍ਹੀ ਸੀ ਜਦੋਂ ਉਸਦੇ ਢਿੱਡੋਂ ਇੱਕ ਚੀਕ ਨਿਕਲੀ।

ਉਹ ਖ਼ੁਦ ਵੀ ਇਸ ਵਿਵਹਾਰ ’ਤੇ ਹੈਰਾਨ ਸੀ।

ਉਹ ਕਹਿੰਦੀ ਹੈ, "ਗੁੱਸਾ ਹਮੇਸ਼ਾ ਹੀ ਇੱਕ ਭਾਵਨਾ ਰਿਹਾ ਹੈ ਜਿਸ ਨੂੰ ਵਰਤਣਾ ਮੇਰੇ ਲਈ ਆਸਾਨ ਹੈ।"

ਪਰ ਇਹ ਅਜਿਹਾ ਕੁਝ ਵੀ ਨਹੀਂ ਸੀ ਜੋ ਉਸ ਨੇ ਪਹਿਲਾਂ ਮਹਿਸੂਸ ਕੀਤਾ ਹੋਵੇ।

ਇਹ ਮਹਾਮਾਰੀ ਦਾ ਦੌਰ ਸੀ ਤੇ ਉਹ ਬਹੁਤ ਭਰ ਚੁੱਕੀ ਸੀ।

ਚੀਕ ਤੋਂ ਪਹਿਲਾਂ ਉਸ ਨੇ 20 ਮਿੰਟ ਤੱਕ ਆਪਣੇ ਘਰ ਦੇ ਆਲੇ-ਦੁਆਲੇ ਘੁੰਮ ਕੇ ਬਿਤਾਏ ਸਨ।

ਉਸ ਨੇ ਉਹ ਸਾਰੇ ਪੱਖ ਲੱਭੇ ਜਿਨ੍ਹਾਂ ’ਤੇ ਉਸ ਨੂੰ ਗੁੱਸਾ ਆਉਂਦਾ ਸੀ।

ਕੀ ਦੁਨੀਆਂ ’ਚ ਹੋਰ ਔਰਤਾਂ ਵੀ ਗੁੱਸੇ ’ਚ ਚੀਕਦੀਆਂ ਹਨ

ਤਾਹਸ਼ਾ ਇੱਕ ਹਿਪਨੋਥੈਰੇਪਿਸਟ ਅਤੇ ਲਾਈਫ਼ ਕੋਚ ਹਨ।

ਗੁੱਸਾ ਇਸ ਤਰ੍ਹਾਂ ਨਿਕਲਣ ਤੋਂ ਬਾਅਦ ਉਹ ਇਸ ਬਾਰੇ ਸੋਚਣ ਲੱਗੇ ਤੇ ਦੁਨੀਆਂ ਭਰ ਦੀਆਂ ਔਰਤਾਂ ਨੂੰ ਜ਼ੂਮ ’ਤੇ ਇਸ ਮੁੱਦੇ ਉੱਤੇ ਗੱਲ ਕਰਨ ਲਈ ਇਕੱਠਾ ਕਰਨ ਲੱਗੇ। ਤਾਹਸ਼ਾ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਹੋਰ ਔਰਤਾਂ ਨੂੰ ਵੀ ਗੁੱਸਾ ਆਉਂਦਾ ਹੈ ਤੇ ਇਸ ਤਰ੍ਹਾਂ ਤੇਜ਼ ਚੀਖ ਮਾਰਦੀਆਂ ਹਨ ਜਾਂ ਉਨ੍ਹਾਂ ਦਾ ਅਜਿਹਾ ਕਰਨ ਨੂੰ ਜੀਅ ਕਰਦਾ ਹੈ।

ਸਰਵੇ ਦੀਆਂ ਖ਼ਾਸ ਗੱਲਾਂ :

  • ਗੈਲਪ ਦੇ ਇੱਕ ਸਲਾਨਾ ਸਰਵੇਖਣ ਵਿੱਚ ਇਹ ਪਤਾ ਲਗਿਆ ਕਿ ਔਰਤਾਂ ਵਿੱਚ ਗੁੱਸੇ ਦੀ ਦਰ ਵਧੀ ਹੈ।
  • ਇਹ ਸਰਵੇਖਣ 150 ਤੋਂ ਵੱਧ ਦੇਸ਼ਾਂ ਵਿੱਚ 120,000 ਤੋਂ ਵੱਧ ਲੋਕਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ।
  • ਗੁੱਸਾ, ਉਦਾਸੀ, ਤਣਾਅ ਅਤੇ ਚਿੰਤਾ ਔਰਤਾਂ ਨੇ ਮਰਦਾਂ ਦੇ ਮੁਕਾਬਲੇ ਵਧੇਰੇ ਵਾਰ ਹੰਢਾਏ।
  • 15 ਦੇਸ਼ਾਂ ਵਿੱਚ ਔਰਤਾਂ ਦੀ ਸਾਲ 2012 ਅਤੇ ਮੌਜੂਦਾ ਸਮੇਂ ਦੀ ਤੁਲਨਾ ਕੀਤੀ ਗਈ ਹੈ।

ਕਿੰਨੇ ਦੇਸਾਂ ਵਿੱਚ ਕਿਹੜੀ ਅਬਾਦੀ ਸਰਵੇ ਦਾ ਹਿੱਸਾ ਬਣੀ

ਗੈਲਪ ਵਰਲਡ ਪੋਲ ਦੇ 10 ਸਾਲ ਦੇ ਅੰਕੜਿਆਂ ਦਾ ਜਦੋਂ ਬੀਬੀਸੀ ਨੇ ਵਿਸ਼ਲੇਸ਼ਣ ਕੀਤਾ ਤਾਂ ਸਾਹਮਣੇ ਆਇਆ ਕਿ ਅਸਲੋਂ ਹੀ ਔਰਤਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਗੁੱਸਾ ਆਉਣ ਲੱਗਿਆ ਹੈ।

ਹਰ ਸਾਲ ਇਹ ਸਰਵੇਖਣ 150 ਤੋਂ ਵੱਧ ਦੇਸ਼ਾਂ ਵਿੱਚ 120,000 ਤੋਂ ਵੱਧ ਲੋਕਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹੋਰ ਚੀਜ਼ਾਂ ਦੇ ਨਾਲ ਇਹ ਵੀ ਪੁੱਛਿਆ ਗਿਆ ਕਿ ਬੀਤੇ ਦਿਨਾਂ ਵਿੱਚ ਉਨ੍ਹਾਂ ਨੇ ਕਿਹੜੇ ਕਿਹੜੇ ਭਾਵ ਮਹਿਸੂਸ ਕੀਤੇ।

ਜਦੋਂ ਗੱਲ ਨਕਾਰਾਤਮਕ ਭਾਵਨਾਵਾਂ ਦੀ ਆਈ ਜਿਵੇਂ ਕਿ ਗੁੱਸਾ, ਉਦਾਸੀ, ਤਣਾਅ ਅਤੇ ਚਿੰਤਾ ਤਾਂ ਸਾਹਮਣੇ ਆਇਆ ਕਿ ਔਰਤਾਂ ਨੇ ਮਰਦਾਂ ਦੇ ਮੁਕਾਬਲੇ ਵਧੇਰੇ ਵਾਰ ਅਜਿਹੇ ਭਾਵ ਹੰਢਾਏ।

ਬੀਬੀਸੀ ਦੇ ਵਿਸ਼ਲੇਸ਼ਣ ਵਿੱਚ ਪਤਾ ਲਗਿਆ ਹੈ ਕਿ 2012 ਤੋਂ ਔਰਤਾਂ, ਮਰਦਾਂ ਦੇ ਮੁਕਾਬਲੇ ਉਦਾਸੀ ਅਤੇ ਚਿੰਤਾ ਵਧੇਰੇ ਮਹਿਸੂਸ ਕਰਨ ਲੱਗੀਆਂ ਹਨ। ਹਾਲਾਂਕਿ ਇਸ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਕਿ ਔਰਤਾਂ ਤੇ ਮਰਦ ਦੋਵਾਂ ਦੀ ਗੁੱਸੇ ਅਤੇ ਉਦਾਸੀ ਦੀ ਦਰ ਵਿੱਚ ਵਾਧਾ ਹੋਇਆ ਹੈ।

ਜਦੋਂ ਗੁੱਸੇ ਅਤੇ ਤਣਾਅ ਦੀ ਗੱਲ ਆਉਂਦੀ ਹੈ ਤਾਂ ਮਰਦਾਂ ਵਿੱਚ ਇਹ ਵਧਦਾ ਜਾ ਰਿਹਾ ਹੈ। 2012 ਵਿੱਚ ਦੋਵਾਂ ਔਰਤਾਂ ਤੇ ਮਰਦਾਂ ਦੇ ਗੁੱਸੇ ਅਤੇ ਤਣਾਅ ਦਾ ਇੱਕੋ ਜਿਹਾ ਪੱਧਰ ਦਰਜ ਹੋਇਆ।

ਨੌਂ ਸਾਲਾਂ ਬਾਅਦ ਔਰਤਾਂ ਗੁੱਸੇ ਦਾ ਪੱਧਰ ਛੇ ਫ਼ੀਸਦ ਵਧਿਆ ਤੇ ਉਨ੍ਹਾਂ ਨੇ ਤਣਾਅ ਵੀ ਵਧੇਰੇ ਮਹਿਸੂਸ ਕੀਤਾ। ਮਹਾਂਮਾਰੀ ਦੇ ਦਿਨਾਂ ਵਿੱਚ ਹੋਰ ਵੀ ਗੰਭੀਰ ਫ਼ਰਕ ਨਜ਼ਰ ਆਏ।

ਇੰਨਾਂ ਤੱਥਾਂ ਨੂੰ ਦੇਖ ਕੇ ਅਮਰੀਕਾ ਰਹਿੰਦੀ ਸਾਰਾਹ ਹਾਰਮੋਨ ਨੂੰ ਹੈਰਾਨੀ ਨਹੀਂ ਹੋਈ। ਇਹ ਅਮਰੀਕਾ ਵਿੱਚ ਇੱਕ ਥੈਰੇਪਿਸਟ, ਸਾਰਾਹ ਹਾਰਮੋਨ ਨੂੰ ਹੈਰਾਨ ਨਹੀਂ ਕਰਦਾ। 2021 ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਬਾਹਰ ਖੜ੍ਹਕੇ ਚੀਕਣ ਵਾਲੀਆਂ ਔਰਤਾਂ ਦਾ ਸਮੂਹ ਇਕੱਠਾ ਕੀਤਾ।

ਉਹ ਕਹਿੰਦੇ ਹਨ, "ਮੈਂ ਦੋ ਛੋਟੇ ਬੱਚਿਆਂ ਦੀ ਮਾਂ ਹਾਂ ਜੋ ਘਰ ਤੋਂ ਕੰਮ ਕਰ ਰਹੀ ਸੀ ਅਤੇ ਇੱਥੇ ਬਹੁਤ ਤੇਜ਼ ਸੀ, ਹੇਠਲੇ ਦਰਜੇ ਦੀ ਨਿਰਾਸ਼ਾ ਸੀ, ਜਿਸ ਨੇ ਗੁੱਸਾ ਪੈਦਾ ਕਰਨ ਦਾ ਕੰਮ ਕੀਤਾ।” ਇੱਕ ਸਾਲ ਬਾਅਦ ਉਹ ਫਿਰ ਮੈਦਾਨ ਵਿੱਚ ਆਈ।

ਸਾਰਾਹ ਮੰਨਦੇ ਹਨ ਕਿ ਇਹ ਉਹ ਚੀਕ ਸੀ ਜੋ ਵਾਇਰਲ ਹੋ ਗਈ ਸੀ। ਇੱਕ ਪੱਤਰਕਾਰ ਨੇ ਇਸ ਚੀਕ ਨੂੰ ਮਾਵਾਂ ਦੇ ਇੱਕ ਆਨਲਾਈਨ ਗਰੁੱਪ ਵਿੱਚ ਸੁਣਿਆ ਤੇ ਲੋਕਾਂ ਸਾਹਮਣੇ ਲਿਆਂਦਾ।

ਇਸ ਤੋਂ ਬਾਅਦ ਤਾਂ ਦੁਨੀਆਂ ਭਰ ਤੋਂ ਪੱਤਰਕਾਰਾਂ ਦੇ ਫ਼ੋਨ ਆਉਣ ਸ਼ੁਰੂ ਹੋ ਗਏ।

ਸਾਰਾਹ ਮੰਨਦੇ ਹਨ ਕਿ ਉਹ ਇੱਕ ਅਜਿਹੀ ਚੀਜ਼ ਨਾਲ ਦੋ ਹੱਥ ਹੋ ਰਹੇ ਸਨ ਜੋ ਔਰਤਾਂ ਹਰ ਜਗ੍ਹਾ ਮਹਿਸੂਸ ਕਰ ਰਹੀਆਂ ਸਨ। “ਇੱਕ ਗੰਭੀਰ ਨਿਰਾਸ਼ਾ ਸੀ, ਮਹਾਂਮਾਰੀ ਦਾ ਬੋਝ ਉਨ੍ਹਾਂ 'ਤੇ ਅਸਪਸ਼ਟ ਤੌਰ 'ਤੇ ਪੈ ਰਿਹਾ ਸੀ।”

ਸਾਲ 2020 ਵਿੱਚ 5000 ਵਿਪਰੀਤ ਲਿੰਗ ਵਾਲੇ ਲੋਕਾਂ ਉਪਰ ਇੰਗਲੈਂਡ ਵਿੱਚ ਕੀਤੇ ਇੱਕ ਸਰਵੇ ਤੋਂ ਪਤਾ ਲੱਗਾ ਕਿ ਲੌਕਡਾਊਨ ਵਿੱਚ ਔਰਤਾਂ ਨੇ ਵਧੇਰੇ ਜੁੰਮੇਵਾਰੀ ਲਈ ਸੀ।

ਇਹ ਸਰਵੇ ਫਿਲਸ ਸ਼ਟੱਡੀਜ਼ ਸੰਸਥਾ ਵੱਲੋਂ ਕੀਤਾ ਗਿਆ ਸੀ।

ਇਹਨਾਂ ਜ਼ਿੰਮੇਵਾਰੀਆਂ ਦੇ ਨਤੀਜੇ ਵੱਜੋਂ ਔਰਤਾਂ ਨੇ ਆਪਣੇ ਕੰਮ ਦੇ ਘੰਟੇ ਘਟਾ ਦਿੱਤੇ।

ਇਹ ਉਸ ਸਮੇਂ ਹੋਇਆ ਜਦੋਂ ਉਹ ਘਰ ਵਿੱਚ ਵੱਧ ਪੈਸੇ ਕਮਾਉਣ ਵਾਲੀਆਂ ਸਨ।

ਕੁਝ ਦੇਸ਼ਾਂ ਵਿੱਚ ਔਰਤਾਂ-ਮਰਦਾਂ ਦੇ ਇੱਕ ਹਿੱਸੇ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਦਿਨਾਂ ਵਿੱਚ ਸੰਸਾਰ ਦੇ ਔਸਤ ਨਾਲੋਂ ਵੱਧ ਗੁੱਸਾ ਆਇਆ।

ਕੰਬੋਡੀਆ ਵਿੱਚ ਇਹ ਅੰਤਰ ਸਾਲ 2021 ਵਿੱਚ 17 ਫੀਸਦੀ ਸੀ

ਪਰ ਭਾਰਤ ਅਤੇ ਪਾਕਿਸਤਾਨ ਵਿੱਚ ਇਹ 12 ਫੀਸਦੀ ਸੀ।

ਮਨੋਵਿਗਿਆਨਕ ਡਾਕਟਰ ਲਕਸ਼ਮੀ ਵਿਜੇਕੁਮਾਰ ਦਾ ਮੰਨਣਾ ਹੈ ਕਿ ਇਸ ਤਣਾਅ ਦਾ ਨਤੀਜਾ ਹੈ ਜੋ ਇਸ ਕਾਰਨ ਉੱਭਰ ਕੇ ਸਾਹਮਣੇ ਆਇਆ ਹੈ ਕਿ ਇਹਨਾਂ ਦੇਸ਼ਾਂ ਵਿੱਚ ਔਰਤਾਂ ਪੜ੍ਹ ਲਿਖ ਗਈਆਂ ਹਨ।

ਉਹ ਰੁਜ਼ਗਾਰ ਉਪਰ ਲੱਗੀਆਂ ਹਨ ਅਤੇ ਆਰਥਿਕ ਤੌਰ ਉਪਰ ਆਤਮ ਨਿਰਭਰ ਹਨ।

ਡਾਕਟਰ ਲਕਸ਼ਮੀ ਕਹਿੰਦੇ ਹਨ, “ਇੱਕੋ ਸਮੇਂ ਉਹ ਪੁਰਾਤਨ, ਮਰਦ ਪ੍ਰਧਾਨ ਸਮਾਜ ਅਤੇ ਸੱਭਿਆਚਾਰ ਨਾਲ ਵੀ ਬੰਨੀਆਂ ਹੋਈਆਂ ਹਨ।”

“ਘਰ ਅੰਦਰ ਮਰਦ ਪ੍ਰਧਾਨ ਪ੍ਰਣਾਲੀ ਅਤੇ ਘਰ ਤੋਂ ਬਾਹਰ ਇੱਕ ਆਜ਼ਾਦ ਔਰਤ ਵਿਚਕਾਰ ਅਸਹਿਮਤੀ ਗੁੱਸੇ ਦਾ ਕਾਰਨ ਹੁੰਦੀ ਹੈ।”

ਚੇਨਈ ਵਿੱਚ ਹਰ ਸ਼ੁੱਕਰਵਾਰ ਸ਼ਾਮ ਨੂੰ ਜੁੜੀ ਭੀੜ ਵਿੱਚ ਉਹ ਇਸ ਤਬਦੀਲੀ ਦੀ ਗਵਾਹ ਬਣਦੀ ਹੈ।

“ਤੁਸੀਂ ਮਰਦਾਂ ਨੂੰ ਸ਼ਾਂਤ, ਚਾਹ ਅਤੇ ਸਿਗਰਟ ਪੀਂਦੇ ਦੇਖਦੇ ਹੋ ਪਰ ਔਰਤਾਂ ਨੂੰ ਜਲਦੀ ਵਿੱਚ ਬੱਸਾਂ ਜਾਂ ਟਰੇਨਾਂ ਵੱਲ ਭੱਜਦੇ ਦੇਖਦੇ ਹੋ। ਉਹ ਸੋਚਦੀਆਂ ਹਨ ਕਿ ਕੀ ਪਕਾਉਣਾ ਹੈ। ਕਈ ਔਰਤਾਂ ਰਸਤੇ ਵਿੱਚ ਹੀ ਟਰੇਨ ਵਿੱਚ ਸਬਜ਼ੀ ਕੱਟਣ ਲੱਗ ਜਾਂਦੀਆਂ ਹਨ।”

ਉਹ ਕਹਿੰਦੇ ਹਨ ਕਿ ਪਿਛਲੇ ਸਮੇਂ ਵਿੱਚ ਔਰਤਾਂ ਦਾ ਗੁੱਸੇ ਹੋਣਾ ਉਚਿਤ ਨਹੀਂ ਮੰਨਿਆ ਜਾਂਦਾ ਸੀ ਪਰ ਹੁਣ ਇਹ ਬਦਲ ਰਿਹਾ ਹੈ।

“ਹੁਣ ਆਪਣੇ ਜਜ਼ਬਾਤ ਦਿਖਾਉਣ ਦੀ ਥੋੜੀ ਸਮਰੱਥਾ ਹੈ, ਇਸ ਲਈ ਗੁੱਸਾ ਜ਼ਿਆਦਾ ਹੈ।"

ਕੀ ਇਹ ਔਰਤਾਂ ਲਈ ਤਰੱਕੀ ਹੈ?

ਬੀਬੀਸੀ ਵੱਲੋਂ ਹਰ ਸਾਲ 100 ਔਰਤਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ ਜਿਸ ਵਿੱਚ ਸੰਸਾਰ ਭਰ ਦੀਆਂ 100 ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੇ ਨਾਵਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।

ਇਸ ਸਾਲ ਪਿਛਲੇ 10 ਸਾਲਾਂ ਤੋਂ ਬਣੀ ਪਹਿਲੀ ਸੂਚੀ ਅਤੇ ਤਰੱਕੀ ਦਾ ਸਨਮਾਨ ਕੀਤਾ ਜਾ ਰਿਹਾ ਹੈ।

ਇਸ ਲਈ ਬੀਬੀਸੀ ਨੇ ਸਾਵੰਤਾ ਕਮਰੇਸ ਨੂੰ 15 ਦੇਸ਼ਾਂ ਵਿੱਚ ਔਰਤਾਂ ਨੂੰ ਸਾਲ 2012 ਨਾਲ ਮੌਜੂਦਾ ਸਮੇਂ ਦੀ ਤੁਲਨਾ ਕਰਨ ਲਈ ਕਿਹਾ ਸੀ।

  • ਸਰਵੇ ਦਾ ਹਿੱਸਾ ਬਣੀਆਂ ਅੱਧੀਆਂ ਔਰਤਾਂ ਦਾ ਕਹਿਣਾ ਹੈ ਕਿ ਉਹ 10 ਸਾਲ ਪਹਿਲਾਂ ਨਾਲੋਂ ਜਿਆਦਾ ਵਿੱਤੀ ਫੈਸਲੇ ਆਪਣੀ ਮਰਜ਼ੀ ਨਾਲ ਲੈਂਦੀਆਂ ਹਨ।
  • ਲਗਭਗ ਅੱਧੇ ਲੋਕ, ਅਮਰੀਕਾ ਅਤੇ ਪਾਕਿਸਤਾਨ ਨੂੰ ਛੱਡ ਕੇ, ਮਹਿਸੂਸ ਕਰਦੇ ਹਨ ਕਿ ਔਰਤਾਂ ਲਈ ਰੋਮਾਂਟਿਕ ਦੋਸਤ ਨਾਲ ਸਹਿਮਤੀ ਉਪਰ ਚਰਚਾ ਕਰਨਾ ਆਸਾਨ ਹੈ।
  • ਜ਼ਿਆਦਾਤਰ ਦੇਸ਼ਾਂ ਵਿੱਚ ਘੱਟੋ-ਘੱਟ ਦੋ ਤਿਹਾਈ ਔਰਤਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਨਾਲ ਉਨ੍ਹਾਂ ਦੇ ਜੀਵਨ 'ਤੇ ਚੰਗਾ ਪ੍ਰਭਾਵ ਪਿਆ ਹੈ। ਪਰ ਅਮਰੀਕਾ ਅਤੇ ਯੂਕੇ ਵਿੱਚ ਇਹ ਅੰਕੜਾ 50% ਤੋਂ ਘੱਟ ਸੀ।
  • ਕੁੱਲ 15 ਵਿੱਚੋਂ 12 ਦੇਸ਼ਾਂ ਵਿੱਚ ਸਰਵੇਖਣ ਨਾਲ ਜੁੜੀਆਂ 40% ਜਾਂ ਇਸ ਤੋਂ ਵੱਧ ਔਰਤਾਂ ਦਾ ਕਹਿਣਾ ਹੈ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਖੇਤਰ ਵਿੱਚ ਪਿਛਲੇ 10 ਸਾਲਾਂ ਦੌਰਾਨ ਸਭ ਤੋਂ ਵੱਧ ਤਰੱਕੀ ਹੋਈ ਹੈ।

ਮਹਾਂਮਾਰੀ ਦਾ ਅਸਰ ਔਰਤਾਂ ਦੇ ਕੰਮ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਸੰਯੁਕਤ ਰਾਸ਼ਟਰ ਵੂਮੈਨ ਵਿੱਚ ਡਾਟਾ ਵਿਗਿਆਨੀ ਜਿਨੇਟ ਅਜ਼ਕੋਨਾ ਮੁਤਾਬਕ ਸਾਲ 2020 ਤੋਂ ਪਹਿਲਾਂ ਕੰਮਾਂ ਵਿੱਚ ਔਰਤਾਂ ਦੀ ਭਾਗੀਦਾਰੀ ਥੋੜੀ ਸੀ।

ਪਰ 2020 ਵਿੱਚ ਇਹ ਪ੍ਰਗਤੀ ਰੁਕ ਗਈ।

ਇਸ ਸਾਲ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ 169 ਦੇਸ਼ਾਂ ਵਿੱਚ 2019 ਦੇ ਪੱਧਰ ਤੋਂ ਹੇਠਾਂ ਰਹਿਣ ਦਾ ਅਨੁਮਾਨ ਹੈ।

ਅਮਰੀਕਾ ਦੀ ਰਹਿਣ ਵਾਲੀ ਨਾਰੀਵਾਦੀ ਲੇਖਕ ਸੋਰਾਇਆ ਕੈਮਲੀ ਦਾ ਕਹਿਣਾ ਹੈ ਕਿ, “ਸਾਡੇ ਕੋਲ ਲਿੰਗ ਅਧਾਰਤ ਵੱਖਰੀ-ਵੱਖਰੀ ਕਿਰਤ ਦੀ ਮਾਰਕਿਟ ਹੈ।”

"ਇਹ ਬਨਾਵਟੀ ਮਾਵਾਂ ਵਾਲਾ ਕੰਮ ਹੈ ਅਤੇ ਏਥੇ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇਹਨਾਂ ਲਈ ਅਣਥੱਕ ਕੰਮ ਕਰਨ ਦੇ ਨਾਲ-ਨਾਲ ਬਹੁਤ ਕੁਝ ਹੋਰ ਵੀ ਕਰਨ ਦੀ ਲੋੜ ਹੈ। ਨਾਲ ਹੀ ਕਿਸੇ ਕਿਸਮ ਦੀ ਜਾਇਜ਼ ਸੀਮਾਵਾਂ ਵੀ ਨਾ ਹੋਣ।”

ਉਹ ਕਹਿੰਦੀ ਹੈ ਕਿ, "ਇਹੋ ਜਿਹੀ ਗਤੀਸ਼ੀਲਤਾ ਵਿਪਰੀਤ ਲਿੰਗ ਵਿਆਹ ਵਿੱਚ ਵੀ ਪਾਈ ਜਾਂਦੀ ਹੈ।"

ਅਮਰੀਕਾ ’ਚ ਬਹੁਤ ਲਿਖਿਆ ਗਿਆ

ਔਰਤਾਂ ਉਪਰ ਮਹਾਂਮਾਰੀ ਦੇ ਬੋਝ ਬਾਰੇ ਅਮਰੀਕਾ ਵਿੱਚ ਬਹੁਤ ਕੁਝ ਲਿਖਿਆ ਗਿਆ ਹੈ।

ਹਾਲਾਂਕਿ ਗੈਲਪ ਵਰਲਡ ਪੋਲ ਦੇ ਨਤੀਜੇ ਇਹ ਨਹੀਂ ਦਰਸਾਉਂਦੇ ਹਨ ਕਿ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਗੁੱਸੇ ਹੁੰਦੀਆਂ ਹਨ।

ਸੋਰਾਇਆ ਕੈਮਲੀ ਕਹਿੰਦੀ ਹੈ ਕਿ, "ਅਮਰੀਕਾ ਵਿੱਚ ਔਰਤਾਂ ਗੁੱਸੇ ਨੂੰ ਲੈ ਕੇ ਬਹੁਤ ਸ਼ਰਮ ਮਹਿਸੂਸ ਕਰਦੀਆਂ ਹਨ।”

ਅਮਰੀਕੀ ਔਰਤਾਂ ਮਰਦਾਂ ਨਾਲੋਂ ਵੱਧ ਤਣਾਅ ਅਤੇ ਉਦਾਸੀ ਦਾ ਸਾਹਮਣਾ ਕਰਦੀਆਂ ਹਨ।

ਇਹ ਦੂਜੀਆਂ ਥਾਵਾਂ ਉਪਰ ਵੀ ਸੱਚ ਹੈ।

ਬ੍ਰਾਜ਼ੀਲ, ਉਰੂਗਵੇ, ਪੇਰੂ, ਸਾਈਪ੍ਰਸ ਅਤੇ ਗ੍ਰੀਸ ਵਿੱਚ ਵੀ ਔਰਤਾਂ ਨੇ ਕਿਹਾ ਕਿ ਉਹ ਤਣਾਅ ਵਿੱਚ ਸਨ।

ਬ੍ਰਾਜ਼ੀਲ ਵਿੱਚ 10 ਵਿੱਚੋਂ 6 ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ ਬਹੁਤਾ ਸਮਾਂ ਤਣਾਅ ਮਹਿਸੂਸ ਕੀਤਾ।

‘ਗੁੱਸੇ ਦੀ ਲੋੜ’

ਤਾਹਸ਼ਾ ਰੇਨੀ ਕਹਿੰਦੀ ਹੈ ਕਿ ਅਮਰੀਕਾ ਅਤੇ ਹੋਰ ਥਾਵਾਂ 'ਤੇ ਔਰਤਾਂ ਹੁਣ ਅਜਿਹੀ ਥਾਂ 'ਤੇ ਪਹੁੰਚ ਗਈਆਂ ਹਨ ਜਿੱਥੇ ਉਹ ਇਹ ਕਹਿ ਸਕਦੀਆਂ ਹਨ ਕਿ " ਬੱਸ ਹੋਰ ਨਹੀਂ!"

ਉਹ ਕਹਿੰਦੀ ਹੈ,"ਇਹ ਇੱਕ ਤਰੀਕਾ ਹੈ ਜੋ ਤਬਦੀਲੀ ਦੀ ਸਹੂਲਤ ਦੇ ਰਿਹਾ ਹੈ। ਇਸ ਗੁੱਸੇ ਦੀ ਉਹ ਵਰਤੋਂ ਕਰ ਰਹੀਆਂ ਹਨ।"

ਜਿਨੇਟ ਅਜ਼ਕੋਨਾ ਕਹਿੰਦੀ ਹੈ, "ਤੁਹਾਨੂੰ ਗੁੱਸੇ ਦੀ ਲੋੜ ਹੈ,"

"ਕਈ ਵਾਰ ਚੀਜ਼ਾਂ ਨੂੰ ਹਿਲਾਉਣ ਲਈ ਅਜਿਹੀਆਂ ਚੀਜਾਂ ਦੀ ਲੋੜ ਹੁੰਦੀ ਹੈ। ਇਸ ਨਾਲ ਲੋਕਾਂ ਨੂੰ ਧਿਆਨ ਦੇਣ ਅਤੇ ਸੁਣਨ ਲਈ ਕਿਹਾ ਜਾਂਦਾ ਹੈ।"

ਡੇਟਾ ਜਨਰਲਿਜ਼ਮ:ਲਿਆਨਾ ਬ੍ਰਾਵੋ, ਕ੍ਰਿਸਟੀਨ ਜੇਵਨਸ ਅਤੇ ਹੇਲੇਨਾ ਰੋਜ਼ੀਕਾ

ਅਡੀਸ਼ਨਲ ਰਿਪੋਰਟਿੰਗ: ਵਲੇਰੀਆ ਪੇਰਾਸੋ ਅਤੇ ਜਾਰਜੀਨਾ ਪੀਅਰਸ

ਸਰਵੇ ਦੀ ਤਕਨੀਕ

ਗੈਲਪ 150 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ 120,000 ਤੋਂ ਵੱਧ ਲੋਕਾਂ ਦਾ ਸਰਵੇਖਣ ਕਰਦਾ ਹੈ। ਹਰ ਸਾਲ ਹੋਣ ਵਾਲਾ ਸਰਵੇ ਵਿਸ਼ਵ ਦੀ 98% ਤੋਂ ਵੱਧ ਬਾਲਗ ਆਬਾਦੀ ਨੂੰ ਦਰਸਾਉਂਦਾ ਹੈ।

ਇਸ ਲਈ ਰਾਸ਼ਟਰੀ ਪ੍ਰਤੀਨਿਧ ਨਮੂਨਿਆਂ, ਇੰਟਰਵਿਊ ਜਾਂ ਟੈਲੀਫ਼ੋਨ ਕਾਲ ਦੀ ਵਰਤੋਂ ਕੀਤੀ ਜਾਂਦੀ ਹੈ।

ਸਾਵੰਤ ਕਮਰੇਸ ਨੇ ਮਿਸਰ (1,067), ਕੀਨੀਆ (1,022), ਨਾਈਜੀਰੀਆ (1,018), ਮੈਕਸੀਕੋ (1,109), ਅਮਰੀਕਾ (1,042), ਬ੍ਰਾਜ਼ੀਲ (1,008), ਚੀਨ (1,025), ਭਾਰਤ (1,107), ਇੰਡੋਨੇਸ਼ੀਆ (1,061), ਪਾਕਿਸਤਾਨ (1,006), ਸਾਊਦੀ ਅਰਬ (1,012), ਰੂਸ (1,010), ਤੁਰਕੀ (1,160), ਯੂ.ਕੇ. (1,067) ਅਤੇ ਯੂਕਰੇਨ (1,009) ਦੇ ਵਿੱਚ 18 ਤੋਂ ਵੱਧ ਉਮਰ ਦੀਆਂ 15,723 ਔਰਤਾਂ ਦਾ ਆਨਲਾਈਨ ਸਰਵੇਖਣ ਕੀਤਾ।

ਇਹ ਖੋਜ਼ 17 ਅਕਤੂਬਰ ਤੋਂ 16 ਨਵੰਬਰ 2022 ਤੱਕ ਕੀਤੀ ਗਈ।

ਡੇਟਾ ਵਿੱਚ ਹਰੇਕ ਦੇਸ ਦੀਆਂ ਔਰਤਾਂ ਦੀ ਉਮਰ ਅਤੇ ਖੇਤਰ ਨੂੰ ਤਵੱਜੋ ਦਿੱਤੀ ਗਈ ਹੈ।

ਹਰੇਕ ਦੇਸ਼ ਦੇ ਨਤੀਜਿਆਂ ਲਈ ਗਲਤੀ ਦਾ ਹਾਸ਼ੀਏ +/- 3 ਹੈ।