ਲਾਲ ਚੰਦ ਕਟਾਰੂਚੱਕ : ਪੰਜਾਬ ਦਾ ਮੰਤਰੀ ਜਿਸ ਨੇ ਕਦੇ ਸੁਖਪਾਲ ਖਹਿਰਾ ਨਾਲ ਮਿਲਕੇ ਲੜੀ ਸੀ ਚੋਣ

ਪੰਜਾਬ ਦੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹਨ।

ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਹਿਲਾਂ ਉਨ੍ਹਾਂ ਉੱਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਿੱਜੀ ਸਟਾਫ਼ ਵਿੱਚ ਭਰਤੀ ਕਰਨ ਦੇ ਇਲਜ਼ਾਮ ਲਾਏ।

ਹੁਣ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਉਨ੍ਹਾਂ ਵਲੋਂ ਅਸਤੀਫ਼ਾ ਦੇਣ ਦੇ ਦਾਅਵੇ ਕਰ ਰਹੇ ਹਨ।

ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਪੱਸ਼ਟ ਤੌਰ ਉੱਤੇ ਕਟਾਰੂਚੱਕ ਉੱਤੇ ਲੱਗੇ ਇਲਜ਼ਾਮਾਂ ਅਤੇ ਅਸਤੀਫਾ ਦੇਣ ਦੀਆਂ ਖ਼ਬਰਾਂ ਨੂੰ ਸਿਰਿਓ ਰੱਦ ਕਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ਦੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉਨ੍ਹਾਂ ਨੂੰ ਕੋਈ ਅਸਤੀਫ਼ਾ ਨਹੀਂ ਦਿੱਤਾ ਹੈ।

ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਵੀ ਕਟਾਰੂਚੱਕ ਉੱਤੇ ਆਪਣੇ ਪਰਿਵਾਰ ਨੂੰ ਨਿੱਜੀ ਸਟਾਫ਼ ਵਿੱਚ ਰੱਖਣ ਦੇ ਇਲਜ਼ਾਮ ਲਾਏ ਸਨ।

ਸੁਖਪਾਲ ਖਹਿਰਾ ਦੇ ਇਲਜ਼ਾਮਾਂ ਨੂੰ ਲਾਲ ਚੰਦ ਕਟਾਰੂਚੱਕ ਨੇ ਰੱਦ ਕੀਤਾ ਸੀ।

ਉਨ੍ਹਾਂ ਕਿਹਾ ਸੀ, ''ਖਹਿਰਾ ਗੈਰ ਸੰਜੀਦਾ ਵਿਅਕਤੀ ਹਨ ਅਤੇ ਬਿਨਾਂ ਸੋਚੇ ਸਮਝੇ ਇਲਜ਼ਾਮ ਲਾਉਂਦੇ ਰਹਿੰਦੇ ਹਨ। ਉਨ੍ਹਾਂ ਦੀਆਂ ਗੱਲਾਂ ਵਿੱਚ ਇੱਕ ਫੀਸਦੀ ਸੱਚਾਈ ਨਹੀਂ ਹੁੰਦੀ''

ਮਨਜਿੰਦਰ ਸਿੰਘ ਸਿਰਸਾ ਦੇ ਟਵੀਟ 'ਚ ਕੀ ਲਿਖਿਆ

ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ 1 ਮਈ ਨੂੰ ਕੀਤੇ ਆਪਣੇ ਇੱਕ ਟਵੀਟ ਵਿੱਚ ਪੰਜਾਬ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਅਸਤੀਫ਼ੇ ਦੀ ਗੱਲ ਕੀਤੀ ਸੀ।

ਉਨ੍ਹਾਂ ਆਪਣੇ ਟਵੀਟ ਵਿੱਚ ਲਿਖ, '''ਆਪ' ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਤਿ ਅਸ਼ਲੀਲ ਵੀਡੀਓ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ।''

''ਮੰਤਰੀ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਨਗੇ।''

ਸਿਰਸਾ ਨੇ ਅੱਗੇ ਲਿਖਿਆ, '''ਆਪ' ਪੰਜਾਬ ਆਪਣੇ ਸਕੈਂਡਲਾਂ ਨੂੰ ਸੰਭਾਲਣ 'ਚ ਲੱਗੀ ਹੋਈ ਹੈ।''

ਉਨ੍ਹਾਂ ਆਪ ਸਰਕਰ 'ਤੇ ਤੰਜ ਕੱਸਦਿਆਂ ਕਿਹਾ ਕਿ ''ਉਸ (ਕਟਾਰੂਚੱਕ) ਦਾ ਵਾਇਰਲ ਵੀਡੀਓ ਬਦਲਾਅ ਹੈ।''

‘ਸਿਰਸਾ ਸਾਬ੍ਹ ਅਸਤੀਫ਼ਾ ਦੇਣ ਦੇ ਮਾਹਿਰ ਹਨ’- ਸੀਐਮ ਮਾਨ

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ 'ਮਨਜਿੰਦਰ ਸਿਰਸਾ ਕੋਲ ਭੇਜ ਦਿੱਤਾ ਹੋਣਾ ਹੈ ਫਿਰ ਕਟਾਰੂਚੱਕ ਨੇ ਅਸਤੀਫ਼ਾ, ਮੇਰੇ ਕੋਲ ਤਾਂ ਆਇਆ ਨਹੀਂ ਜੀ।''

ਉਨ੍ਹਾਂ ਕਿਹਾ, ''ਮਨਜਿੰਦਰ ਸਿਰਸਾ ਸਾਬ੍ਹ ਅਸਤੀਫ਼ਾ ਦੇਣ ਦੇ ਮਾਹਿਰ ਹਨ। ਉਨ੍ਹਾਂ ਲੱਗਦਾ ਹੈ ਕਿ ਇਹ ਐਵੇਂ ਹੀ ਹੋ ਜਾਂਦਾ ਹੈ।''

ਭਗਵੰਤ ਮਾਨ ਨੇ ਇਸ ਨੂੰ ਭਾਜਪਾ ਦੀ ਬੌਖਲਾਹਟ ਕਰਾਰ ਦਿੰਦਿਆਂ ਕਿਹਾ, ''ਇਹ ਇਨ੍ਹਾਂ ਦੀ ਬੌਖਲਾਹਟ ਹੈ। ਮੁੱਦਾ ਇਨ੍ਹਾਂ ਨੂੰ ਕੋਈ ਮਿਲ ਨਹੀਂ ਰਿਹਾ। ਜਲੰਧਰ ਵਿੱਚ ਇਹ ਬੁਰੀ ਤਰ੍ਹਾਂ ਬੌਖ਼ਲਾਏ ਪਏ ਹਨ।''

''ਕਦੇ ਕਹਿੰਦੇ ਹਨ, ਇਸ ਨੇ ਭਤੀਜਾ ਰੱਖਿਆ ਹੈ ਜੀ, ਕਦੇ ਕਹਿੰਦੇ ਨੇ ਉਨ੍ਹਾਂ ਨੇ ਸਾਲ਼ੀ ਦਾ ਮੁੰਡਾ ਰੱਖਿਆ ਹੈ ਜੀ।''

ਸੀਐੱਮ ਨੇ ਕਿਹਾ, ''ਇੱਕ ਮਜੀਠੀਆ ਹੈ, ਇੱਕ ਸੁਖਪਾਲ ਖਹਿਰਾ ਹੈ, ਇੱਕ ਸਿਰਸਾ ਹੈ। ਇਹ ਦੋ-ਤਿੰਨ ਨੇ, ਆਪਸ 'ਚ ਹੀ ਗੱਲਾਂ ਕਰਦੇ ਰਹਿੰਦੇ ਹਨ।''

ਮਾਨ ਨੇ ਉਨ੍ਹਾਂ ਤਿੰਨਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ''ਕਈ ਵਾਰ ਇਹ ਆਪਸ 'ਚ ਵੀ ਗੱਲ ਨਹੀਂ ਕਰਦੇ ਤੇ ਇੱਕੋ ਸਮੇਂ, ਇੱਕੋ ਗੱਲ ਕਰ ਜਾਂਦੇ ਹਨ। ਮੈਂ ਇਨ੍ਹਾਂ ਨੂੰ ਕਿਹਾ ਹੈ ਕਿ ਵੀ ਸਲਾਹ ਤਾਂ ਕਰ ਲਿਆ ਕਰੋ ਘੱਟੋ-ਘੱਟ ਕਿ ਕਿਹੜੀ ਗੱਲ ਕਦੋਂ ਕਿਸ ਨੇ ਕਰਨੀ ਹੈ।''

ਉਨ੍ਹਾਂ ਕਿਹਾ, ''ਇਹ ਆਪਸ 'ਚ ਮਿਲੇ ਹੋਏ ਹਨ, ਇੱਧਰੋਂ ਕੱਢੇ..ਇੱਧਰੋਂ ਵੱਢੇ..ਇੱਧਰੋਂ ਛੱਡੇ.. ਕਿੰਨੀਆਂ ਪਾਰਟੀਆਂ ਬਦਲ ਗਏ ਜੀ।

ਇਸ ਦੇ ਨਾਲ ਹੀ ਉਨ੍ਹਾਂ ਸੁਖਪਾਲ ਖਹਿਰਾ 'ਤੋਂ ਵੀ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਕਟਾਰੂਚੱਕ ਨੂੰ ਗੁਰਦਸਪੂਰ ਤੋਂ ਪੀਡੀਏ (ਪੰਜਾਬ ਡੈਮੋਕ੍ਰੇਟਿਕ ਅਲਾਇੰਸ) 'ਚ ਐਮਪੀ ਦੀ ਟਿਕਟ ਕਿਸ ਨੇ ਦਿੱਤੀ ਸੀ।

ਉਨ੍ਹਾਂ ਕਿਹਾ, ''ਉਸ ਵੇਲੇ ਪੀਡੀਏ ਦੇ ਪ੍ਰਧਾਨ ਕੌਣ ਸਨ? ਉਦੋਂ ਨਹੀਂ ਤੁਹਾਨੂੰ ਕਮੀਆਂ ਲੱਭਦੀਆਂ?''

ਉਨ੍ਹਾਂ ਕਿਹਾ ਕਿ 'ਸੁਖਪਾਲ ਖਹਿਰਾ ਨੂੰ ਕੁਰਸੀ ਅਤੇ ਮਾਇਕ ਬਹੁਤ ਪਿਆਰਾ ਹੈ।''

ਕੌਣ ਹਨ ਲਾਲ ਚੰਦ ਕਟਾਰੂਚੱਕ

ਲਾਲ ਚੰਦ ਕਟਾਰੂਚੱਕ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਫ਼ੂਡ ਸਿਵਿਲ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਹਨ।

ਲਾਲ ਚੰਦ, ਪਠਾਨਕੋਟ ਦੇ ਪਿੰਡ ਕਟਾਰੂਚੱਕ ਦੇ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਵੱਲੋਂ ਉਹ ਭੋਆ ਵਿਧਾਨਸਭਾ ਸੀਟ ਤੋਂ ਚੋਣ ਜਿੱਤੇ ਹਨ।

ਲਾਲ ਚੰਦ ਨੇ ਆਪਣੇ ਮੁਕਾਬਲੇ ਵਿੱਚ ਖੜ੍ਹੇ ਭਾਰਤੀ ਜਨਤਾ ਪਾਰਟੀ ਦੀ ਸੀਮਾ ਰਾਣੀ ਅਤੇ ਕਾਂਗਰਸ ਦੇ ਜੋਗਿੰਦਰ ਪਾਲ ਨੂੰ ਹਰਾਇਆ ਸੀ।

ਲਾਲ ਚੰਦ 10ਵੀਂ ਪਾਸ ਹਨ ਅਤੇ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਕੋਲ ਕਿਸੇ ਵੀ ਕਿਸਮ ਦੀ ਅਚੱਲ ਜਾਇਦਾਦ ਨਹੀਂ ਹੈ।

ਲਾਲ ਚੰਦ ਅਨੁਸਾਰ, ਉਹ ਇੱਕ ਸਮਾਜ ਸੇਵਕ ਹਨ ਅਤੇ ਉਨ੍ਹਾਂ ਦੀ ਕੋਈ ਆਮਦਨੀ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਆਪਣੀ ਚੱਲ ਜਾਇਦਾਦ ਵਿੱਚ ਇੱਕ ਸਵਿਫ਼ਟ ਕਾਰ ਅਤੇ ਇੱਕ ਹੌਂਡਾ ਐਕਟਿਵਾ ਦੱਸੀ ਹੈ।

ਉਹਨਾਂ ਨੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕਟਾਰੂਚੱਕ ਦੇ ਸਰਪੰਚ ਵਜੋਂ ਆਪਣਾ ਰਾਜਨੀਤਿਕ ਸਫਰ ਸ਼ੁਰੂ ਕੀਤਾ ਸੀ।

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵਿਧਾਨ ਸਭਾ ਹਲਕਾ ਭੋਆ ਤੋਂ ਰੈਵੋਲੂਇਸ਼ਨਰੀ ਮਾਰਕਸਿਸਟ ਆਫ਼ ਇੰਡੀਆ ( ਸੀਪੀਐੱਮ ਪਾਸਲਾ ਧੜਾ) ਦੇ ਉਮੀਦਵਾਰ ਵਜੋਂ ਮੈਦਾਨ ਚ ਉਤਰੇ ਲੇਕਿਨ ਹਾਰ ਦਾ ਸਾਮਣਾ ਕਰਨਾ ਪਿਆ।

ਨਤੀਜੇ ਮੁਤਾਬਕ ਕਾਂਗਰਸ ਦੇ ਉਮੀਦਵਾਰ ਜੋਗਿੰਦਰ ਪਾਲ ਜੇਤੂ ਰਹੇ ਅਤੇ ਲਾਲ ਚੰਦ ਕਟਾਰੂਚੱਕ ਤੀਸਰੇ ਸਥਾਨ ਉੱਤੇ ਰਹੇ ਸਨ।

ਲੋਕ ਸਭਾ 2019 ਦੀਆ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਬਣੇ ਸਿਆਸੀ ਗਠਜੋੜ ਪੰਜਾਬ ਡੈਮਕ੍ਰੇਟਿਕ ਅਲਾਇੰਸ ਦਾ ਹਿੱਸਾ ਹੈ।

ਮੌਜੂਦਾ ਕਾਂਗਰਸ ਆਗੂ ਸੁਖਪਾਲ ਖਹਿਰਾ ਉਦੋਂ ਇਸ ਗਠਜੋੜ ਦੇ ਮੁੱਖ ਕਰਤਾ-ਧਰਤਾ ਸਨ।

ਇਸ ਗਠਜੋੜ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਲਾਲ ਚੰਦ ਕਟਾਰੂਚੱਕ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਤਾਂ ਇਸ ਚੋਣ ਵਿੱਚ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਉਦੋਂ ਇਸ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸਨੀ ਦਿਓਲ ਦੀ ਜਿੱਤ ਹੋਈ ਜਦਕਿ ਲਾਲ ਚੰਦ ਕਟਾਰੂਚੱਕ ਚੌਥੇ ਸਥਾਨ ਉੱਤੇ ਰਹੇ।

ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਭੋਆ ਹਲਕੇ ਤੋਂ 2022 ਦੀਆਂ ਚੋਣਾਂ ਲ਼ਈ ਉਮੀਦਵਾਰ ਬਣੇ।

ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚ ਉਨ੍ਹਾਂ ਦਾ ਵੀ ਨਾਮ ਸ਼ਾਮਲ ਕੀਤਾ, ਉਸ ਵੇਲੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਲਾਲ ਚੰਦ ਕਟਾਰੂਚੱਕ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ ਕਿ ''ਮੈਂ 34 ਸਾਲਾਂ ਤੋਂ ਸਿਆਸਤ ਵਿੱਚ ਹਾਂ। ਲੋਕਾਂ ਦੀ ਸੇਵਾ ਕਰ ਰਿਹਾ ਹਾਂ। ਮੈਨੂੰ ਸੰਤੁਸ਼ਟੀ ਸੀ ਕਿ ਲੋਕਾਂ ਨੇ ਮੈਨੂੰ ਵਿਧਾਇਕ ਬਣਾ ਦਿੱਤਾ ਪਰ ਇਹ ਇੱਕ ਵੱਖਰੀ ਨਿਆਮਤ ਹੈ ਜੋ ਪਾਰਟੀ ਨੇ ਮੈਨੂੰ ਦਿੱਤੀ ਹੈ।''

ਉਸ ਵੇਲੇ ਲਾਲ ਚੰਦ ਨੇ ਦੱਸਿਆ ਸੀ ਕਿ ਪਹਿਲ ਦੇ ਅਧਾਰ 'ਤੇ ''ਲੋਕਾਂ ਦਾ ਸਿਆਸਤ ਵਿੱਚ ਭਰੋਸਾ ਮੁੜ ਪੈਦਾ ਕਰਨਾ ਵੱਡੀ ਚੁਣੌਤੀ ਹੈ ਅਤੇ ਉਸ ਤੋਂ ਬਾਅਦ ਜੋ ਵਚਨ ਪਾਰਟੀ ਨੇ ਲੋਕਾਂ ਨੂੰ ਦਿੱਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨ'' ਦੀ ਦਿਸ਼ਾ ਵਿੱਚ ਕੰਮ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)