ਕੈਨੇਡਾ: ਪਰਵਾਸੀਆਂ ਨੂੰ ਚੰਗਾ ਮੰਨਣ ਵਾਲਾ ਮੁਲਕ ਪਰਵਾਸ ਦੇ ਵਿਰੁੱਧ ਕਿਉਂ ਹੋਇਆ, ਲੋਕਾਂ ਦੀ ਸੋਚ ਕਿਉਂ ਬਦਲੀ

    • ਲੇਖਕ, ਨਾਦਿਨ ਯੁਸੂਫ਼ ਤੇ ਜੈਸਿਕਾ ਮਰਫੀ
    • ਰੋਲ, ਬੀਬੀਸੀ ਨਿਊਜ਼

ਦਹਾਕਿਆਂ ਤੱਕ ਕੈਨੇਡਾ ਨੇ ਆਪਣੇ ਆਪ ਨੂੰ ਇੱਕ ਅਜਿਹੇ ਮੁਲਕ ਵਜੋਂ ਘੜਿਆ ਹੈ ਜਿਸ ਦੇ ਦਰਵਾਜ਼ੇ ਪਰਵਾਸੀਆਂ ਲਈ ਖੁੱਲ੍ਹੇ ਹਨ।

ਇਸ ਦੀਆਂ ਪਰਵਾਸ ਬਾਰੇ ਨੀਤੀਆਂ ਆਬਾਦੀ ਵਧਾਉਣ, ਮਜਦੂਰਾਂ ਦੀ ਘਾਟ ਨੂੰ ਭਰਨ ਅਤੇ ਸੰਸਾਰ ਭਰ ਦੇ ਤਣਾਅ ਵਾਲੇ ਮੁਲਕਾਂ ਤੋਂ ਭੱਜ ਕੇ ਆ ਰਹੇ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦੇ ਮਨੋਰਥਾਂ ਨੂੰ ਪੂਰਾ ਕਰਨ ਵਾਲੀਆਂ ਰਹੀਆਂ ਹਨ।

ਪਰ ਪਿਛਲੇ ਕੁਝ ਮਹੀਨਿਆਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਕੈਨੇਡਾ ਵਿੱਚ ਪਰਵਾਸੀਆਂ ਦੀ ਗਿਣਤੀ ਵੱਡੇ ਪੱਧਰ ਉੱਤੇ ਘਟਾਉਣਾ ਚਾਹੁੰਦੇ ਹਨ।

ਇਹ ਉਸ ਵੇਲੇ ਹੋ ਰਿਹਾ ਹੈ ਜਦੋਂ ਕੈਨੇਡਾ ਦੇ ਲੋਕਾਂ ਦੀ ਸਮਾਜਿਕ ਸਹੂਲਤਾਂ ਤੱਕ ਪਹੁੰਚ ਪ੍ਰਭਾਵਿਤ ਹੋਈ ਹੈ ਅਤੇ ਲੋਕ ਵੱਧ ਖਰਚੇ ਅਤੇ ਮਹਿੰਗੇ ਘਰਾਂ ਦੇ ਸੰਕਟ ਨਾਲ ਜੂਝ ਰਹੇ ਹਨ।

ਇਹ ਕੈਨੇਡਾ ਅਤੇ ਟਰੂਡੋ ਦੋਵਾਂ ਲਈ ਵੱਡੀ ਤਬਦੀਲੀ ਹੈ।

ਟਰੂਡੋ 2015 ਵਿੱਚ ਸਭਿਆਚਾਰਕ ਵੰਨ-ਸੁਵੰਨਤਾ ਨੂੰ ਅਪਣਾਉਣ ਅਤੇ ਇਸ ਨੂੰ ਕੈਨੇਡੀਆਈ ਪਛਾਣ ਦਾ ਮੁੱਖ ਅੰਗ ਬਣਾਉਣ ਦੀ ਗੱਲ ਲੈ ਕੇ ਅੱਗੇ ਆਏ ਸਨ।

ਉਨ੍ਹਾਂ ਦੀ ਸਰਕਾਰ ਆਰਥਿਕ ਵਿਕਾਸ ਲਈ ਪਰਵਾਸ ਵਧਾਉਣ ਉੱਤੇ ਕੇਂਦਰਤ ਰਹੀ ਹੈ।

‘ਸਰਕਾਰ ਨੇ ਗ਼ਲਤ ਫ਼ੈਸਲਾ ਲਿਆ’

ਕੈਨੇਡਾ ਵਿੱਚ ਟਰੂਡੋ ਵਿਰੋਧ ਅਤੇ ਲੋਕਾਂ ਦੇ ਰੋਸ ਦਾ ਸਾਹਮਣਾ ਕਰ ਰਹੇ ਹਨ।

ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਗਲਤ ਫ਼ੈਸਲਾ ਲਿਆ ਅਤੇ ਕੈਨੇਡਾ ਲਈ ਆਪਣੀ ਆਬਾਦੀ ਨੂੰ ‘ਸਥਿਰ’ ਕਰਨਾ ਜ਼ਰੂਰੀ ਹੈ ਤਾਂ ਜੋ ਸਰਕਾਰੀ ਢਾਂਚਾ ਉਸ ਹਿਸਾਬ ਨਾਲ ਵਧ ਸਕੇ।

ਵੀਰਵਾਰ ਨੂੰ ਜਸਟਿਨ ਟਰੂਡੋ ਅਤੇ ਪਰਵਾਸ ਮੰਤਰੀ ਮਾਰਕ ਮਿਲਰ ਨੇ ਪਰਵਾਸ ਵਿੱਚ ਵੱਡੀ ਕਟੌਤੀ ਦੇ ਅੰਕੜੇ ਪੇਸ਼ ਕੀਤੇ।

ਕੈਨੇਡਾ ਸਾਲ 2025 ਵਿੱਚ ਸਥਾਈ ਵਸਨੀਕਾਂ ਦੀ ਗਿਣਤੀ 21 ਫ਼ੀਸਦ ਘਟਾਏਗਾ।

ਇਸ ਦੇ ਨਾਲ ਹੀ ਕੈਨੇਡਾ ਵੱਲੋਂ ਅਸਥਾਈ ਵਸਨੀਕ ਪ੍ਰੋਗਰਾਮਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ ਜਿਸ ਵਿੱਚ ਅਸਥਾਈ ਵਿਦੇਸ਼ੀ ਕਾਮੇ ਅਤੇ ਕੌਮਾਂਤਰੀ ਵਿਦਿਆਰਥੀ ਸ਼ਾਮਲ ਹਨ।

ਆਪਣੀ ਨੀਤੀ ਵਿੱਚ ਤਬਦੀਲੀ ਬਾਰੇ ਦੱਸਦਿਆਂ ਟਰੂਡੋ ਨੇ ਕਿਹਾ, “ਕੈਨੇਡੀਆਈ ਲੋਕਾਂ ਨੂੰ ਆਪਣੇ ਇਮੀਗ੍ਰੇਸ਼ਨ ਸਿਸਟਮ (ਪਰਵਾਸ ਪ੍ਰਬੰਧ) ’ਤੇ ਮਾਣ ਹੈ।”

ਉਨ੍ਹਾਂ ਨੇ ਕਿਹਾ ਕਿ ਇਸ ਨੇ ਸਾਡੀ ਆਰਥਿਕਤਾ ਨੂੰ ਦੁਨੀਆਂ ਵਿੱਚ ਮੋਹਰੀ ਬਣਾਇਆ ਹੈ।

ਉਨ੍ਹਾਂ ਕਿਹਾ, “ਅਸੀਂ ਏਦਾਂ ਹੀ ਮਜ਼ਬੂਤ ਅਤੇ ਵੰਨ-ਸੁਵੰਨੇ ਸਭਿਆਚਾਰਾਂ ਵਾਲੇ ਸਮਾਜ ਸਿਰਜਦੇ ਹਾਂ।”

ਪਰ ਟਰੂਡੋ ਨੇ ਇਹ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਸਹੀ ਸਮਤੋਲ ਨਹੀਂ ਬਣਾ ਸਕੀ।

ਜਦੋਂ ਇਸ ਨੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਅਸਥਾਈ ਵਸਨੀਕਾਂ ਨੂੰ ਦਾਖ਼ਲਾ ਦਿੱਤਾ ਅਤੇ ਹੁਣ ਕੈਨੇਡੀਆਈ ਪਰਵਾਸ ਪ੍ਰਬੰਧ ਨੂੰ ‘ਸਥਿਰ’ ਕਰਨ ਦੀ ਲੋੜ ਹੈ।

ਉਨ੍ਹਾਂ ਦਾ ਇਹ ਐਲਾਨ ਕੈਨੇਡਾ ਵਿੱਚ ਪਰਵਾਸ ਪ੍ਰਤੀ ਲੋਕਾਂ ਵਿੱਚ ਸਮਰਥਨ ਘਟਣ ਤੋਂ ਬਾਅਦ ਆਇਆ ਹੈ।

ਕੈਨੇਡਾ ਦੇ ਲੋਕਾਂ ਦੀ ਸੋਚਣੀ ਪਰਵਾਸ ਬਾਰੇ ਕਿਉਂ ਬਦਲੀ

ਸਤੰਬਰ ਵਿੱਚ ਐਵੀਰੋਨਿਕਸ ਇੰਸਟੀਟਿਊਟ ਵੱਲੋਂ ਕੀਤੀ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਕਿ 25 ਸਾਲਾਂ ਵਿੱਚ ਪਹਿਲੀ ਵਾਰ ਕੈਨੇਡਾ ਵਿੱਚ ਬਹੁਗਿਣਤੀ ਲੋਕ ਕਹਿ ਰਹੇ ਹਨ ਕਿ ਪਰਵਾਸ ਬਹੁਤ ਵੱਧ ਗਿਆ ਹੈ।

ਇਸ ਇੰਸਟੀਟਿਊਟ ਵੱਲੋਂ ਕੈਨੇਡੀਆਈ ਲੋਕਾਂ ਦੇ 1977 ਤੋਂ ਪਰਵਾਸ ਬਾਰੇ ਵਤੀਰੇ ਦਾ ਅਧਿਐਨ ਕੀਤਾ ਜਾ ਰਿਹਾ ਹੈ।

ਇੰਸਟੀਟਿਊਟ ਦਾ ਕਹਿਣਾ ਹੈ ਕਿ ਕੈਨੇਡੀਆਈ ਲੋਕਾਂ ਵਿੱਚ ਆਏ ਬਦਲਾਅ ਘਰਾਂ ਦੀ ਘਾਟ ਕਾਰਨ ਹੋਏ ਹਨ।

ਪਰ ਆਰਥਿਕਤਾ, ਵਧਦੀ ਆਬਾਦੀ ਅਤੇ ਇਮੀਗ੍ਰੇਸ਼ਨ ਸਿਸਟਮ ਕਿਵੇਂ ਚਲਾਇਆ ਜਾ ਰਿਹਾ ਹੈ ਇਹ ਵੀ ਵੱਡੇ ਕਾਰਨ ਹਨ।

ਅਕਤੂਬਰ ਦੇ ਨਿਊਜ਼ਲੈਟਰ ਵਿੱਚ ਅਬੇਕਸ ਡੇਟਾ ਵਿੱਚ ਮਾਹਰ ਡੇਵਿਡ ਕੋਲੇਟਾ ਨੇ ਕਿਹਾ ਕਿ ਇਹ ਕਹਿਣਾ ਹੈ ਕਿ ਪਰਵਾਸ ਦਾ ਮੁੱਦਾ ਅਗਲੇ ਸਾਲ ਫੈਡਰਲ ਅਤੇ ਸੂਬਾਈ ਚੋਣਾਂ ਵਿਚਲੇ ਅਹਿਮ ਮੁੱਦਿਆਂ ਵਿੱਚ ਹੋਵੇਗਾ।

ਕੈਨੇਡਾ ਪਰਵਾਸੀਆਂ ਨੂੰ ਜੀ ਆਇਆਂ ਨੂੰ ਕਹਿੰਦਾ ਹੈ। ਡੇਟਾ ਮੁਤਾਬਕ ਸ਼ਰਨਾਰਥੀਆਂ ਦੇ ਮੁੜ ਵਸੇਬੇ ਵਿੱਚ ਇਸ ਨੇ ਸੰਸਾਰ ਦੀ ਅਗਵਾਈ ਕੀਤੀ ਹੈ ਅਤੇ ਕੈਨੇਡਾ ਨੇ ਪਿਛਲੇ 50 ਸਾਲਾਂ ਵਿੱਚ ਅਜਿਹੇ ਮੁਲਕ ਵਜੋਂ ਆਪਣਾ ਨਾਂਅ ਬਣਾਇਆ ਹੈ ਜੋ ਪਰਵਾਸੀਆਂ ਨੂੰ ‘ਜੀ ਆਇਆਂ ਨੂੰ’ ਕਹਿੰਦੇ ਹਨ।

ਸਾਲ 1988 ਵਿੱਚ ਪਾਸ ਕੀਤਾ ਗਿਆ ਕੈਨੇਡੀਆਈ ਮਲਟੀਕਲਚਰਿਜ਼ਮ ਐਕਟ ਵੰਨ-ਸੁਵੰਨਤਾ ਨੂੰ ਕੈਨੇਡਾ ਦੀ ਪਛਾਣ ਦਾ ਅੰਗ ਮੰਨਦਾ ਹੈ। ਇਸ ਦੀ ਵੰਨ-ਸੁਵੰਨੀ ਵਿਰਾਸਤ ਨੂੰ ਸੰਵਿਧਾਨ ਵਿੱਚ ਸੁਰੱਖਿਆ ਹਾਸਲ ਹੈ।

ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮਾਕਿਲ ਡੋਨੈਲੀ ਦੱਸਦੇ ਹਨ, “1990 ਵਿਆਂ ਤੋਂ ਲੈ ਕੇ ਕੈਨੇਡੀਆਈ ਦਾ ਵਤੀਰਾ ਪਰਵਾਸ ਪੱਖੀ ਰਿਹਾ ਹੈ।”

‘ਇਮੀਗ੍ਰੇਸ਼ਨ ਸਿਸਟਮ ਤੋਂ ਲੋਕਾਂ ਦਾ ਵਿਸ਼ਵਾਸ ਕਿਉਂ ਉੱਠਿਆ’

ਸਾਲ 2019 ਦੀ ‘ਪਿਊ ਰਿਸਰਚ ਰਿਪੋਰਟ’ ਵਿੱਚ ਸਾਹਮਣੇ ਆਇਆ ਕਿ ਪਰਵਾਸ ਵਾਲੇ ਸਿਖਰਲੇ 10 ਮੁਲਕਾਂ ਵਿੱਚੋਂ ਕੈਨੇਡਾ ਪਰਵਾਸ ਬਾਰੇ ਸਭ ਤੋਂ ਵੱਧ ਸਕਾਰਾਤਮਕ ਸੀ।

ਪ੍ਰੋਫ਼ੈਸਰ ਡੋਨੈਲੀ ਕਹਿੰਦੇ ਹਨ ਕਿ ਕੈਨੇਡੀਆਈ ਵੋਟਰਾਂ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀ ਹਨ ਜੋ ਕਿ ਵੱਡੀਆਂ ਸਿਆਸੀ ਪਾਰਟੀਆਂ ਨੂੰ ਪਰਵਾਸ ਵਿਰੋਧੀ ਸਟੈਂਡ ਲੈਣ ਤੋਂ ਰੋਕਦਾ ਹੈ।

ਕੈਨੇਡਾ ਨੇ ਬੇਕਾਬੂ ਪਰਵਾਸ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਨੂੰ ਵੀ ਅਨੁਭਵ ਨਹੀਂ ਕੀਤਾ। ਕਿਉਂਕਿ ਕੈਨੇਡਾ ਤਿੰਨ ਸਮੁੰਦਰਾਂ ਨਾਲ ਘਿਰਿਆ ਹੋਇਆ ਹੈ ਅਤੇ ਇਸ ਦੇ ਦੱਖਣ ਵਿੱਚ ਅਮਰੀਕਾ ਹੈ ।

ਇੱਥੋਂ ਦਾ ‘ਇਮੀਗ੍ਰੇਸ਼ਨ ਸਿਸਟਮ’ ਲੋਕਾਂ ਵੱਲੋਂ ਪਾਰਦਰਸ਼ੀ ਅਤੇ ਨਿਯਮਬੱਧ ਵਜੋਂ ਦੇਖਿਆ ਜਾਂਦਾ ਸੀ।

ਡੋਨੈਲੀ ਕਹਿੰਦੇ ਹਨ, “ਪਰ ਇਹ ਸਕਰਾਤਮਕ ਭਾਵਨਾਵਾਂ ਪਿਛਲੇ ਕੁਝ ਸਾਲਾਂ ਵਿੱਚ ਬਦਲ ਗਈਆਂ ਹਨ।”

ਇਸ ਦਾ ਇੱਕ ਕਾਰਨ ਹੈ ਕੈਨੇਡਾ ਵਿੱਚ ਆਉਣ ਵਾਲੇ ਨਾਗਰਿਕਾਂ ਦੀ ਗਿਣਤੀ ਵਿੱਚ ਵਾਧਾ।

‘ਕੈਨੇਡੀਆਈ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ’ ਮੁਤਾਬਕ ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 2022 ਤੋਂ 2023 ਵਿੱਚ 30 ਫ਼ੀਸਦ ਵਧੀ।

ਸਰਕਾਰੀ ਡੇਟਾ ਮੁਤਾਬਕ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿੱਚ ਦੁੱਗਣੀ ਹੋ ਗਈ ਹੈ।

ਡੋਨੈਲੀ ਕਹਿੰਦੇ ਹਨ ਕਿ ਦੂਜਾ ਕਾਰਨ ਇਹ ਵੀ ਹੈ ਕੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਉੱਤੇ ਲੋਕਾਂ ਦਾ ਪਹਿਲਾਂ ਜਿਹਾ ਵਿਸ਼ਵਾਸ ਨਹੀ ਰਿਹਾ, ਇਸ ਦੀ ਵਜ੍ਹਾ ਕੁਝ ਹੱਦ ਤੱਕ ਕੈਨੇਡਾ ਸਰਕਾਰ ਦੇ ਗਲਤ ਕਦਮ ਵੀ ਹਨ।

ਕੈਨੇਡਾ ਵੱਲੋਂ 2016 ਵਿੱਚ ਮੈਕਸੀਕੋ ਤੋਂ ਆਉਣ ਵਾਲੇ ਸੈਲਾਨੀਆਂ ਲਈ ਵੀਜ਼ਾ ਦੀ ਲੋੜ ਹਟਾਏ ਜਾਣ ਤੋਂ ਬਾਅਦ ਕੈਨੇਡਾ ਵਿੱਚ ਸ਼ਰਨ ਦੀਆਂ ਅਪੀਲਾਂ ਵਿੱਚ ਵਾਧਾ ਹੋਇਆ ਜਿਸ ਮਗਰੋਂ ਕੈਨੇਡਾ ਨੇ ਇਹ ਰੋਕਾਂ ਪਿਛਲੇ ਸਾਲ ਫਿਰ ਲਗਾ ਦਿੱਤੀਆਂ।

ਕੈਨੇਡੀਆਈ ਮੀਡੀਆ ਨੇ ਵੀ ਇਹ ਰਿਪੋਰਟਾਂ ਛਾਪੀਆਂ ਕਿ ਕੁਝ ਕੌਮਾਂਤਰੀ ਵਿਦਿਆਰਥੀ ਆਪਣੇ ਅਸਥਾਈ ਵੀਜ਼ਾ ਨੂੰ ਕੈਨੇਡਾ ਵਿੱਚ ਪੱਕੀ ਸ਼ਰਨ ਲੈਣ ਲਈ ਵਰਤ ਰਹੇ ਹਨ। ਇਸ ਰੁਝਾਨ ਨੂੰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ‘ਚਿੰਤਾਜਨਕ’ ਵੀ ਦੱਸਿਆ ਸੀ।

ਕੀ ਪਰਵਾਸ ਸਰਕਾਰ ਦੇ ਕਾਬੂ ਤੋਂ ਬਾਹਰ ਹੋ ਗਿਆ ਹੈ

ਪ੍ਰੋਫ਼ੈਸਰ ਡੋਨੈਲੀ ਕਹਿੰਦੇ ਹਨ ਕਿ ਇਨ੍ਹਾਂ ਤੇ ਹੋਰ ਘਟਨਾਵਾਂ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪਰਵਾਸ ਸਰਕਾਰ ਦੇ ਕਾਬੂ ਤੋਂ ਬਾਹਰ ਹੋ ਗਿਆ ਹੈ।

ਉਹ ਕਹਿੰਦੇ ਹਨ ਕਿ ਕੈਨੇਡਾ ਵਿੱਚ ਘਰਾਂ ਦੇ ਸੰਕਟ ਨੇ ਵੀ ਇਨ੍ਹਾਂ ਚਿੰਤਾਵਾਂ ਨੂੰ ਵਧਾਇਆ।

ਘਰਾਂ ਦੀ ਘਾਟ ਨੇ ਕਈ ਲੋਕਾਂ ਲਈ ਕਿਰਾਇਆ ਅਤੇ ਘਰਾਂ ਦੇ ਮੁੱਲ ਵਧਾ ਦਿੱਤੇ ਹਨ ।

ਉਨ੍ਹਾਂ ਨੇ ਕਿਹ, “ਲੋਕ ਵੱਡੀ ਗਿਣਤੀ ਵਿੱਚ ਪਰਵਾਸ ਅਤੇ ਘਰਾਂ ਦੀ ਘਾਟ ਦੇਖਣਗੇ ਅਤੇ ਇਹ ਨਤੀਜਾ ਕੱਢਣਗੇ ਕਿ ਇਹ ਦੋਵੇਂ ਆਪਸ ਵਿੱਚ ਜੁੜੇ ਹੋਏ ਹਨ।”

ਪ੍ਰੋਫੈਸਰ ਡੋਨੈਲੀ ਕਹਿੰਦੇ ਹਨ ਕਿ ਜਿੱਥੇ ਕੈਨੇਡਾ ਵਿੱਚ ਪਰਵਾਸ ਬਾਰੇ ਕੁਝ ਨਸਲੀ ਬਿਆਨਬਾਜ਼ੀ ਵੀ ਸਾਹਮਣੇ ਆਈ ਹੈ।

ਕੈਨੇਡੀਆਈ ਲੋਕਾਂ ਦਾ ਬਦਲ ਰਿਹਾ ਵਤੀਰਾ ਯੂਰਪੀ ਮੁਲਕਾਂ ਤੇ ਅਮਰੀਕਾ ਵਿਚ ਦਿਖਦੀਆਂ ਭਾਵਨਾਵਾਂ ਕਰਕੇ ਨਹੀਂ ਹੈ।

ਪਰ ਇਸ ਦਾ ਕਾਰਨ ਕੈਨੇਡਾ ਦੇ ਲੋਕਾਂ ਦਾ ਕੈਨੇਡਾ ਵਿੱਚ ਪਰਵਾਸ ਨੂੰ ਕਾਬੂ ਹੇਠ ਲਿਆਉਣ ਦੀ ਚਾਹ ਹੈ।

ਪ੍ਰੋਫੈਸਰ ਡੋਨੈਲੀ ਕਹਿੰਦੇ ਹਨ, “ਟਰੂਡੋ ਸਰਕਾਰ ਸਪਸ਼ਟ ਤੌਰ ਉੱਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ‘ਇਹ ਸਾਡੇ ਕਾਬੂ ਵਿੱਚ ਹੈ’।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)