ਪਾਕਿਸਤਾਨ ਦੇ ਗੁਆਦਰ ਵਿਚ ਪੰਜ ਸਿਤਾਰਾ ਹੋਟਲ ਦੇ ਤਿੰਨੋਂ ਹਮਲਾਵਰ ਮਾਰੇ ਗਏ

ਬਲੋਚਿਸਤਾਨ ਦੇ ਇੱਕ ਲਗਜ਼ਰੀ ਹੋਟਲ 'ਤੇ ਹੋਏ ਹਮਲੇ ਦੇ ਤਿੰਨੋਂ ਹਮਲਵਾਰ ਮਾਰੇ ਗਏ ਹਨ। ਇਸ ਹਮਲੇ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਮਾਰਿਆ ਗਿਆ ਹੈ।

ਗੁਆਦਰ ਸ਼ਹਿਰ ਵਿੱਚ ਤਿੰਨ ਹਥਿਆਰਬੰਦ ਹਮਲਾਵਰ ਪਰਲ ਕਾਨਟੀਨੈਂਟਲ ਹੋਟਲ ਵਿੱਚ ਦਾਖਿਲ ਹੋਣੇ ਸਨ।

ਹੋਟਲ ਦੀ ਪਹਿਲੀ ਮੰਜ਼ਿਲ ਤੋਂ ਫਾਇਰਿੰਗ ਸੁਣਾਈ ਦਿੱਤੀ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਕਮਾਂਡੋਜ਼ ਨੇ ਇਮਾਰਤ ਨੂੰ ਘੇਰ ਲਿਆ ਸੀ।

ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀ ਮਾਜਿਦ ਬ੍ਰਿਗੇਡ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਹਮਲਾ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

ਸੂਬੇ ਦੇ ਗ੍ਰਿਹ ਮੰਤਰੀ ਮੀਰ ਜ਼ਿਆਉੱਲ੍ਹਾ ਲੇਂਗੋ ਨੇ ਬੀਬੀਸੀ ਕੋਲ ਹਮਲੇ ਦੀ ਅਤੇ ਹੋਟਲ ਵਿੱਚ ਤਿੰਨ ਕੱਟੜਪੰਥੀਆਂ ਦੇ ਹੋਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੇ ਮੁਤਾਬਕ ਸੁਰੱਖਿਆ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਕੱਟੜਪੰਥੀਆਂ ਅਤੇ ਸੁਰੱਖਿਆ ਦਸਤਿਆਂ ਵਿੱਚ ਗੋਲੀਬਾਰੀ ਹੋਣ ਦੀਆਂ ਰਿਪੋਰਟਾਂ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਹੋਟਲ ਵਿੱਚ ਕੋਈ ਵੀ ਵਿਦੇਸ਼ੀ ਨਾਗਰਿਕ ਮੌਜੂਦ ਨਹੀਂ ਸੀ।

ਪਾਕਿਸਤਾਨ ਦੇ ਲੋਕ ਸੰਪਰਕ ਮਹਿਕਮੇ ਮੁਤਾਬਕ, ਤਿੰਨ ਅੱਤਵਾਦੀਆਂ ਨੇ ਗਵਾਦਰ ਦੇ ਪਰਲ ਕਾਨਟੀਨੈਂਟਲ ਹੋਟਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਤਵਾਦੀਆਂ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਅੱਤਵਾਦੀਆਂ ਨੂੰ ਸੁਰੱਖਿਆ ਦਸਤਿਆਂ ਨੇ ਪੌੜੀਆਂ ਵਿੱਚ ਉੱਪਰ ਜਾਂਦਿਆਂ ਘੇਰ ਲਿਆ ਸੀ।

ਗ੍ਰਹਿ-ਯੁੱਧ ਦੀ ਮਾਰ

ਬਲੋਚਿਸਤਾਨ ਵਿੱਚ ਕਈ ਅੱਤਵਾਦੀ ਸੰਗਠਨ ਕਾਰਜਸ਼ੀਲ ਹਨ ਜਿਨ੍ਹਾਂ ਵਿੱਚੋਂ- ਪਾਕਿਸਤਾਨੀ ਤਾਲਿਬਾਨ, ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਲਸ਼ਕਰ-ਏ- ਝਾਂਗਵੀ ਪ੍ਰਮੁੱਖ ਹਨ।

ਬਲੋਚਿਸਤਾਨ ਪਾਕਿਸਤਾਨ ਦੇ ਸਭ ਤੋਂ ਗਰੀਬ ਅਤੇ ਅਵਿਕਸਿਤ ਸੂਬਿਆਂ ਵਿੱਚੋਂ ਇੱਕ ਹੈ ਅਤੇ ਗ੍ਰਹਿ-ਯੁੱਧ ਦੀ ਮਾਰ ਝੱਲ ਰਿਹਾ ਹੈ।

ਸੂਬਾ ਲੱਖਾਂ ਡਾਲਰ ਦੀ ਚੀਨੀ ਯੋਜਨਾ ਦਾ ਵੀ ਧੁਰਾ ਹੈ।

ਸਥਾਨਕ ਸਮੇਂ ਮੁਤਾਬਕ ਸ਼ਾਮੀ 4:50 'ਤੇ ਹੋਏ ਇਸ ਹਮਲੇ ਵਿੱਚ ਕਿੰਨੇ ਲੋਕ ਫਸੇ ਹੋ ਸਕਦੇ ਹਨ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)