ਕੈਨੇਡਾ 'ਚ ਸੜਕ ਹਾਦਸੇ ਵਿੱਚ 16 ਮੌਤਾਂ ਦੇ ਸਬੰਧ 'ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਕੈਨੇਡੀਅਨ ਪੁਲਿਸ ਨੇ ਜਸਕੀਰਤ ਸਿੱਧੂ ਨਾਮ ਦੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਹੈ ਕਿ ਉਸਨੇ ਜੂਨੀਅਰ ਹਾਕੀ ਟੀਮ ਦੀ ਬੱਸ ਨੂੰ ਆਪਣੇ ਟਰੱਕ ਨਾਲ ਟੱਕਰ ਮਾਰੀ।

29 ਸਾਲਾ ਜਸਕੀਰਤ ਸਿੱਧੂ 'ਤੇ ਖ਼ਤਰਨਾਕ ਡਰਾਈਵਿੰਗ 'ਤੇ ਇਲਜ਼ਾਮ ਲੱਗੇ ਹਨ, ਜਿਸ ਕਾਰਨ 16 ਲੋਕਾਂ ਦੀ ਜਾਨ ਗਈ ਅਤੇ 13 ਜਖ਼ਮੀ ਹੋ ਗਏ ਸਨ।

6 ਅਪ੍ਰੈਲ 2018 ਨੂੰ ਕੈਨੇਡਾ ਵਿੱਚ ਜਸਕੀਰਤ ਦਾ ਟਰੱਕ ਹਮਬੋਲਡ ਬ੍ਰੋਨਕੋਸ (Humboldt Broncos) ਦੀ ਆਈਸ ਹਾਕੀ ਟੀਮ ਦੀ ਬੱਸ ਨਾਲ ਸੈਸਕੇਚਵਾਨ ਸੂਬੇ ਦੀ ਇੱਕ ਰੋਡ 'ਤੇ ਟਕਰਾ ਗਿਆ ਸੀ ਅਤੇ ਦਰਦਨਾਕ ਹਾਦਸੇ ਵਿੱਚ ਖਿਡਾਰੀਆਂ ਸਮੇਤ ਕਈ ਲੋਕਾਂ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ:

ਇਸ ਦਰਦਨਾਕ ਹਾਦਸੇ ਦੇ ਤਿੰਨ ਮਹੀਨਿਆਂ ਬਾਅਦ ਜਸਕੀਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

16 ਤੋਂ 21 ਸਾਲ ਦੀ ਉਮਰ ਵਾਲੇ 10 ਖਿਡਾਰੀਆਂ ਸਣੇ ਸਹਾਇਕ ਸਟਾਫ ਅਤੇ ਕੋਚ ਦੀ ਇਸ ਹਾਦਸੇ 'ਚ ਮੌਤ ਹੋ ਗਈ ਸੀ। ਇਸ ਦੌਰਾਨ ਜਖ਼ਮੀ ਹੋਏ ਕਈ ਖਿਡਾਰੀ ਅਜੇ ਵੀ ਸੱਟਾਂ ਤੋਂ ਉਭਰ ਰਹੇ ਹਨ।

ਹਾਲਾਂਕਿ ਕਿ ਹਾਦਸੇ ਦੌਰਾਨ ਜਸਕੀਰਤ ਸਿੱਧੂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ।

ਬੱਸ ਅਤੇ ਟਰੱਕ ਦੀ ਟੱਕਰ ਉੱਤਰੀ ਟਿਸਡੇਲ 'ਤੇ ਹਾਈਵੇਅ 35 'ਤੇ ਉਸ ਵੇਲੇ ਹੋਈ ਜਦੋਂ ਟੀਮ ਨਿਪਾਵਿਨ ਸ਼ਹਿਰ ਟੂਰਨਾਮੈਂਟ ਲਈ ਜਾ ਰਹੀ ਸੀ।

ਜਸਕੀਰਤ ਸਿੱਧੂ ਦੀ ਪਹਿਲੀ ਪੇਸ਼ੀ ਸੈਸਕੇਚਵਾਨ ਦੀ ਅਦਾਲਤ ਵਿੱਚ ਅਗਲੇ ਹਫ਼ਤੇ ਹੋਵੇਗੀ।

ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਨੇ ਉਸ ਨੂੰ ਅਲਬਰਟਾ ਦੇ ਕੈਲੇਗਰੀ ਵਿੱਚੋਂ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ:

RCMP ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਦੇ ਸਕਦੇ ਕਿਉਂਕੀ ਮਾਮਲਾ ਅਦਾਲਤ ਵਿੱਚ ਹੈ।

ਇਸ ਹਾਦਸੇ ਨਾਲ ਦੁਨੀਆਂ ਭਰ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਅਤੇ ਪੀੜਤ ਪਰਿਵਾਰਾਂ ਲਈ ਫੰਡ ਇਕੱਠਾ ਕਰਨ ਦੇ ਮਕਸਦ ਨਾਲ A Go Fund Me ਨਾਂ ਦੀ ਮੁਹਿੰਮ ਵੀ ਚਲਾਈ ਗਈ ਸੀ, ਜੋ ਕਾਫੀ ਸਫ਼ਲ ਰਹੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)