1949 ਤੋਂ ਹੁਣ ਤੱਕ ਨੇਪਾਲ ਵਿੱਚ 70 ਹਵਾਈ ਹਾਦਸਿਆਂ 'ਚ ਹੋਈ ਹੈ 700 ਲੋਕਾਂ ਦੀ ਮੌਤ

ਨੇਪਾਲ ਵਿੱਚ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ 'ਤੇ ਯੂਐੱਸ - ਬੰਗਲਾਦੇਸ਼ੀ ਏਅਰਲਾਈਨਜ਼ ਦਾ ਜਹਾਜ਼ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਸ ਹਾਦਸੇ ਵਿੱਚ ਹੁਣ ਤੱਕ 49 ਮੁਸਾਫਰਾਂ ਦੀ ਮੌਤ ਹੋ ਗਈ ਹੈ ਜਦਕਿ 22 ਮੁਸਾਫਰ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਵਿੱਚ ਕੁਝ ਮੁਸਾਫਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਹਵਾਈ ਜਹਾਜ਼ ਵਿੱਚ 67 ਯਾਤਰੀ ਤੇ 4 ਕ੍ਰਿਊ ਮੈਂਬਰ ਸਵਾਰ ਦੱਸੇ ਜਾ ਰਹੇ ਹਨ।

ਏਅਰਲਾਈਨ ਨੇ ਏਅਰ ਟਰੈਫਿਕ ਕੰਟਰੋਲ ਨੂੰ ਜਿਮੇਂਵਾਰ ਦੱਸਿਆ ਹੈ ਜਦ ਕਿ ਨੇਪਾਲੀ ਅਧਿਕਾਰੀਆਂ ਮੁਤਾਬਕ ਜਹਾਜ਼ ਅਜੀਬ ਤਰੀਕੇ ਨਾਲ ਉਤਰਿਆ।

ਇਹ ਜਹਾਜ਼ ਬੰਗਲਾਦੇਸ ਦੀ ਰਾਜਧਾਨੀ ਢਾਕਾ ਤੋਂ ਉਡਿਆ ਸੀ ਅਤੇ 17 ਸਾਲ ਪੁਰਾਣਾ ਸੀ।

ਹਾਦਸੇ ਵਿੱਚੋਂ ਬਚ ਕੇ ਆਏ ਇੱਕ ਮੁਸਾਫ਼ਰ ਨੇ ਦੱਸਿਆ ਕਿ ਪਹਿਲਾਂ ਜਹਾਜ਼ ਕੰਬਿਆ 'ਤੇ ਫੇਰ ਧਮਾਕਾ ਹੋਇਆ।

ਇਹ ਪਿਛਲੇ ਤਿੰਨ ਦਹਾਕਿਆਂ ਵਿੱਚ ਹੋਈ ਸਭ ਤੋਂ ਖ਼ਤਰਨਾਕ ਦੁਰਘਟਨਾ ਹੈ। ਨੇਪਾਲ ਦਾ ਹਵਾਈ ਸੁਰਖਿਆ ਵਿੱਚ ਰਿਕਾਰਡ ਮਾੜਾ ਹੀ ਰਿਹਾ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਨੇ ਫੌਰੀ ਜਾਂਚ ਦੇ ਹੁਕਮ ਦਿੱਤੇ ਹਨ।

1949 ਤੋਂ ਲੈ ਕੇ ਹੁਣ ਤੱਕ ਨੇਪਾਲ ਵਿੱਚ 70 ਹਵਾਈ ਹਾਦਸੇ ਹੋ ਚੁੱਕੇ ਹਨ ਜਿਨ੍ਹਾਂ ਵਿੱਚ 700 ਤੋਂ ਵਧੇਰੇ ਜਾਨਾਂ ਗਈਆਂ ਹਨ।

ਫਰਵਰੀ 2016 ਵਿੱਚ ਇੱਕ ਛੋਟਾ ਯਾਤਰੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ ਜਿਸ ਵਿੱਚ ਸਾਰੇ ਦੇ ਸਾਰੇ 23 ਮੁਸਾਫਰ ਮਾਰੇ ਗਏ ਸਨ।

ਦੋ ਪੱਖਿਆਂ ਵਾਲਾ ਇਹ ਜਹਾਜ਼ ਤਾਰਾ ਕੰਪਨੀ ਦਾ ਸੀ ਅਤੇ ਪੋਖਰਾ ਤੋਂ ਜੋਮਸੋਮ ਵੱਲ ਜਾ ਰਿਹਾ ਸੀ ਕਿ ਉਡਾਣ ਭਰਦਿਆਂ ਹੀ ਇਸ ਦਾ ਰਾਬਤਾ ਜ਼ਮੀਨ ਨਾਲੋਂ ਟੁੱਟ ਗਿਆ।

ਮਾਰਚ 2015 ਵਿੱਚ ਇੱਕ ਜਹਾਜ਼ ਹਵਾਈ-ਪੱਟੀ ਤੋਂ ਉਤਰ ਗਿਆ ਸੀ ਪਰ ਸਾਰੇ ਮੁਸਾਫਰਾਂ ਦੀ ਜਾਨ ਬਚ ਗਈ ਸੀ।

2014 ਵਿੱਚ ਵੀ ਇੱਕ ਹਵਾਈ ਹਾਦਸਾ ਹੋਇਆ ਸੀ ਜਿਸ ਵਿੱਚ 18 ਲੋਕਾਂ ਦੀ ਮੌਤ ਹੋਈ ਸੀ।

ਸਤੰਬਰ 2016 ਵਿੱਚ ਵਰਲਡ ਵਾਈਲਡ ਲਾਈਫ ਫੰਡ ਦੇ ਵਿਗਿਆਨੀਆਂ ਨੂੰ ਲਿਜਾ ਰਿਹਾ ਇੱਕ ਹੈਲੀਕੌਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਸਾਰੇ 24 ਯਾਤਰੀ ਮਾਰੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)