You’re viewing a text-only version of this website that uses less data. View the main version of the website including all images and videos.
ਰਾਮ ਸਰੂਪ ਅਣਖੀ: ਪੰਜਾਬੀ ਦਾ ਕਹਾਣੀਕਾਰ ਜੋ ਆਖ਼ਰੀ ਸਾਹਾਂ ਤੱਕ ਮੁਹੱਬਤ ਦਾ ਕਾਇਲ ਰਿਹਾ
- ਲੇਖਕ, ਨਵਕਿਰਨ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬੀ ਦਾ ਨਾਮਵਰ ਕਵੀ ਅਵਤਾਰ ਪਾਸ਼ ਆਪਣੀ ਇੱਕ ਕਵਿਤਾ 'ਘਾਹ' ਵਿੱਚ ਕਹਿੰਦਾ ਹੈ, "ਇਹ ਕਿਹੜੀ ਥਾਂ ਹੈ, ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ।"
ਬਹੁਤ ਸਾਰੇ ਸਾਹਿਤਕਾਰ ਬਰਨਾਲਾ ਨੂੰ ਸਾਹਿਤ ਦਾ ਮੱਕਾ ਜਾਂ ਸਾਹਿਤ ਦੀ ਰਾਜਧਾਨੀ ਤੱਕ ਆਖਦੇ ਹਨ।
ਰਾਮ ਸਰੂਪ ਅਣਖੀ ਦਾ ਨਾਮ ਉਨ੍ਹਾਂ ਪੰਜਾਬੀ ਸਾਹਿਤਕਾਰਾਂ ਵਿੱਚ ਸਭ ਤੋਂ ਮੂਹਰੇ ਆਉਂਦਾ ਹੈ ਜਿਨ੍ਹਾਂ ਕਰਕੇ ਬਰਨਾਲੇ ਦਾ ਜ਼ਿਕਰ ਸਾਹਿਤਕ ਖੇਤਰ ਵਿੱਚ ਹੁੰਦਾ ਆਇਆ ਹੈ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਵਿਖੇ 28 ਅਗਸਤ 1932 ਨੂੰ ਜਨਮੇ ਰਾਮ ਸਰੂਪ ਅਣਖੀ ਨੇ ਕਵਿਤਾਵਾਂ, ਨਾਵਲ ਅਤੇ ਕਹਾਣੀਆਂ ਰਾਹੀਂ ਠੇਠ ਪੇਂਡੂ ਲਹਿਜ਼ੇ ਵਿੱਚ ਸਾਹਿਤ ਦੀ ਸਿਰਜਣਾ ਕੀਤੀ।
10 ਸਾਲਾਂ ਦੀ ਉਮਰ 'ਚ ਪਹਿਲੀ ਕਿਤਾਬ
ਉਨ੍ਹਾਂ ਨੇ ਛੇਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਆਪਣੀ ਕਿਤਾਬ 'ਬਿਮਲ ਪੱਤਲ' ਪਾਠਕਾਂ ਦੀ ਝੋਲੀ ਪਾ ਦਿੱਤੀ ਸੀ।
ਇਸ ਬਾਰੇ ਰਾਮ ਸਰੂਪ ਅਣਖੀ ਦੇ ਪੁੱਤਰ ਪ੍ਰੋ. ਕਰਾਂਤੀਪਾਲ ਸਿੰਘ ਆਖਦੇ ਹਨ, "1948 ਵਿੱਚ ਉਨ੍ਹਾਂ ਦੀ ਪਹਿਲੀ ਕਿਤਾਬ 'ਬਿਮਲ ਪੱਤਲ' ਛਪੀ ਸੀ। ਉਸ ਸਮੇਂ ਉਹ ਆਪਣੇ ਨਾਮ ਪਿੱਛੇ ਰਾਮ ਸਰੂਪ ਮਾਰਕੰਡਾ ਬਿਮਲ ਲਿਖਦੇ ਸਨ।"
ਪ੍ਰੋਫੈਸਰ ਕਰਾਂਤੀਪਾਲ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਧਿਆਪਨ ਦਾ ਕਾਰਜ ਕਰਦੇ ਹਨ।
ਰਾਮ ਸਰੂਪ ਅਣਖੀ ਪੰਜਾਬੀ ਭਾਸ਼ਾ ਵਿੱਚ ਲਿਖਦੇ ਸਨ ਪਰ ਉਨ੍ਹਾਂ ਦੀਆਂ ਲਗਭਗ ਸਾਰੀਆਂ ਰਚਨਾਵਾਂ ਕਈ ਭਾਸ਼ਾਵਾਂ ਵਿੱਚ ਟਰਾਂਸਲੇਟ ਹੋ ਕੇ ਪਾਠਕਾਂ ਤੱਕ ਪਹੁੰਚਦੀਆਂ ਸਨ।
ਸਰਕਾਰੀ ਸਕੂਲ ਵਿੱਚ ਅਧਿਆਪਨ ਦਾ ਕਾਰਜ ਕਰਨ ਵਾਲੇ ਅਣਖੀ ਨੇ 1977 ਵਿੱਚ ਮਹਾਰਾਸ਼ਟਰ ਦੇ ਨਾਗਪੁਰ ਦੀ ਰਹਿਣ ਵਾਲੀ ਆਪਣੀ ਇੱਕ ਮਰਾਠੀ ਪਾਠਕ ਸ਼ੋਭਾ ਪਾਟਿਲ ਨਾਲ ਵਿਆਹ ਕਰਵਾਇਆ ਤਾਂ ਉਨ੍ਹਾਂ ਨੇ ਆਪਣੀ ਰਿਹਾਇਸ਼ ਪਿੰਡ ਧੌਲਾ ਤੋਂ ਬਰਨਾਲਾ ਸ਼ਹਿਰ ਵਿੱਚ ਤਬਦੀਲ ਕਰ ਲਈ।
ਕਰਾਂਤੀਪਾਲ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਦਾ ਤੀਜਾ ਵਿਆਹ ਸੀ ਤੇ ਇਸ਼ਕ ਵਿਆਹ (ਲਵ ਮੈਰਿਜ) ਸੀ।
ਉਨ੍ਹਾਂ ਦੇ ਬੇਟੇ ਦੱਸਦੇ ਹਨ ਕਿ ਸ਼ੋਭਾ ਪਾਟਿਲ ਨੇ ਉਨ੍ਹਾਂ ਨੂੰ ਲਿਖਿਆ ਕਿ ਉਹ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਚਾਰ ਬੱਚਿਆਂ ਨੂੰ ਸਾਂਭਣ ਲਈ ਸਭ ਕੁਝ ਛੱਡ ਕੇ ਬਰਨਾਲੇ ਆ ਰਹੇ ਹਨ।
ਉਹ ਕਹਿੰਦੇ ਹਨ, "ਉਨ੍ਹਾਂ ਨੇ ਆਪਣੇ ਵਿਆਹ ਤੋਂ ਪਹਿਲਾਂ ਸੋਚ ਲਿਆ ਸੀ ਕਿ ਸ਼ੋਭਾ ਪਾਟਿਲ ਨੂੰ ਪਿੰਡ ਵਿੱਚ ਨਹੀਂ ਲੈ ਕੇ ਆਉਣਾ। ਇਸ ਕਰਕੇ ਉਨ੍ਹਾਂ ਨੇ ਬਰਨਾਲਾ ਸ਼ਹਿਰ ਵਿੱਚ ਪਹਿਲਾਂ ਘਰ ਬਣਾਇਆ ਤੇ ਫਿਰ ਉਨ੍ਹਾਂ ਨਾਲ ਵਿਆਹ ਕਰਵਾਇਆ।"
ਰਾਮ ਸਰੂਪ ਅਣਖੀ ਬਾਰੇ ਖ਼ਾਸ ਗੱਲਾਂ
- ਰਾਮ ਸਰੂਪ ਅਣਖੀ ਦਾ ਨਾਮ ਉਨ੍ਹਾਂ ਪੰਜਾਬੀ ਸਾਹਿਤਕਾਰਾਂ ਵਿੱਚ ਸਭ ਤੋਂ ਮੂਹਰੇ ਆਉਂਦਾ ਹੈ ਜਿਨ੍ਹਾਂ ਕਰਕੇ ਬਰਨਾਲੇ ਦਾ ਜ਼ਿਕਰ ਸਾਹਿਤਕ ਖੇਤਰ ਵਿੱਚ ਹੁੰਦਾ ਆਇਆ ਹੈ।
- ਅਣਖੀ ਦਾ ਜਨਮ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਵਿਖੇ 28 ਅਗਸਤ 1932 ਨੂੰ ਹੋਇਆ ਸੀ।
- ਅਣਖੀ ਨੇ ਕਵਿਤਾਵਾਂ, ਨਾਵਲ ਅਤੇ ਕਹਾਣੀਆਂ ਰਾਹੀਂ ਠੇਠ ਪੇਂਡੂ ਲਹਿਜ਼ੇ ਵਿੱਚ ਸਾਹਿਤ ਦੀ ਸਿਰਜਣਾ ਕੀਤੀ।
- ਉਨ੍ਹਾਂ ਨੇ ਛੇਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਆਪਣੀ ਕਿਤਾਬ 'ਬਿਮਲ ਪੱਤਲ' ਪਾਠਕਾਂ ਦੀ ਝੋਲੀ ਪਾ ਦਿੱਤੀ ਸੀ।
- ਉਨ੍ਹਾਂ ਸ਼ੋਭਾ ਪਾਟਿਲ ਨਾਲ ਤੀਜਾ ਵਿਆਹ ਕਰਵਾਇਆ ਸੀ।
- ਰਾਮ ਸਰੂਪ ਅਣਖੀ ਦੇ ਨਾਵਲ 'ਕੋਠੇ ਖੜਕ ਸਿੰਘ' ਨੂੰ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
- ਉਨ੍ਹਾਂ ਦੇ ਬੇਟੇ ਨੇ ਅਣਖੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਹੈ।
'ਮੇਰਾ ਬਾਪ ਮੇਰਾ ਦੋਸਤ'
ਕਰਾਂਤੀਪਾਲ ਕਹਿੰਦੇ ਹਨ, "ਮੈਂ ਆਪਣੇ ਆਪ ਨੂੰ ਇਸ ਗੱਲੋਂ ਮਹਾਨ ਸਮਝਦਾ ਹਾਂ ਤੇ ਮਾਣ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਨਾਲ ਪਿਤਾ ਵਾਲਾ ਰਿਸ਼ਤਾ ਨਹੀਂ ਰੱਖਿਆ ਬਲਕਿ ਦੋਸਤੀ ਵਾਲਾ ਰੱਖਿਆ।"
ਉਹ ਕਹਿੰਦੇ ਹਨ, "ਜੇ ਮੇਰੇ ਪਿਤਾ ਰਾਮ ਸਰੂਪ ਅਣਖੀ ਨਾ ਹੁੰਦੇ ਤਾਂ ਹੋ ਸਕਦਾ ਹੈ ਕਿ ਮੇਰਾ ਵਿਆਹ ਹੀ ਨਾ ਹੁੰਦਾ ਕਿਉਂਕਿ ਅਸੀਂ ਬ੍ਰਾਹਮਣ ਪਰਿਵਾਰ ਨਾਲ ਜੁੜੇ ਹੋਏ ਹਾਂ ਤੇ ਮੇਰੀ ਪਤਨੀ ਸਿੱਖ ਪਰਿਵਾਰ ਨਾਲ ਸਬੰਧਤ ਹੈ।"
"ਜਦੋਂ ਮੇਰਾ ਇਸ਼ਕ ਦਾ ਦੌਰ ਚੱਲਦਾ ਸੀ ਤਾਂ ਮੇਰਾ ਸਭ ਤੋਂ ਵੱਡਾ ਦੋਸਤ ਮੇਰਾ ਬਾਪ ਹੀ ਸੀ ਤੇ ਉਨ੍ਹਾਂ ਨੂੰ ਹੀ ਮੈਂ ਸਭ ਤੋਂ ਪਹਿਲਾਂ ਇਹ ਗੱਲ ਦੱਸੀ ਸੀ।"
ਬਰਨਾਲਾ ਸ਼ਹਿਰ ਦੇ ਕੱਚਾ ਕਾਲਜ ਰੋਡ ਦੀ ਗਲੀ ਨੰਬਰ 11 ਵਿੱਚ ਬਣੀ ਉਹਨਾਂ ਦੀ ਰਿਹਾਇਸ਼ 'ਤੇ ਉਹਨਾਂ ਦੇ ਪੁੱਤਰ ਡਾ. ਕਰਾਂਤੀਪਾਲ ਨੇ ਉਨ੍ਹਾਂ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
ਅਣਖੀ ਦਾ ਆਖ਼ਰੀ ਦਿਨ
ਕਰਾਂਤੀਪਾਲ ਆਪ ਤਾਂ ਅਲੀਗੜ੍ਹ ਹੀ ਰਹਿੰਦੇ ਹਨ ਪਰ ਉਨ੍ਹਾਂ ਦਾ ਪਰਿਵਾਰ ਪਿੱਛੇ ਪਿੰਡ ਵਿੱਚ ਹੀ ਰਹਿੰਦਾ ਹੈ। ਉਹ ਯਾਦ ਕਰਦਿਆਂ ਆਖਦੇ ਹਨ ਕਿ ਬੇਸ਼ੱਕ ਉਹ 14 ਫਰਵਰੀ ਨੂੰ ਅਲਵਿਦਾ ਕਹਿ ਕੇ ਪਰ ਉਹ ਬੰਦਾ ਬੜਾ ਪਿਆਰਾ ਸੀ, ਮੁਹੱਬਤੀ ਸੀ।
ਇਸੇ ਕਰ ਕੇ ਉਹ 14 ਫਰਵਰੀ, ਜਿਸ ਨੂੰ ਵੈਲੇਨਟਾਈਨ ਡੇਅ ਯਾਨਿ ਮੁਹੱਬਤ ਦੇ ਪ੍ਰਤੀਕ ਵਾਲਾ ਦਿਨ ਆਖਦੇ ਹਨ, ਨੂੰ ਉਹ ਚਲੇ ਗਏ।
ਉਹ ਆਖਦੇ ਹਨ, "ਮੈਨੂੰ ਅਕਸਰ ਕਹਿੰਦੇ ਹੁੰਦੇ ਸਨ ਕਿ ਸਾਲ ਵਿੱਚ ਦੋ ਦਿਨਾਂ (ਕਰਾਂਤੀਪਾਲ ਦੇ ਜਨਮ ਦਿਨ ਮੌਕੇ ਤੇ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਮੌਕੇ) ਹਰ ਹਾਲਤ ਵਿੱਚ ਇੱਥੇ ਜ਼ਰੂਰ ਆਇਆ ਕਰ।"
ਉਹ ਕਹਿੰਦੇ ਹਨ ਕਿ 15 ਫਰਵਰੀ ਨੂੰ ਉਨ੍ਹਾਂ ਦਾ ਜਨਮ ਦਿਨ ਹੁੰਦਾ ਹੈ ਤਾਂ ਉਹ ਸੁਭਾਵਿਕ ਤੌਰ 'ਤੇ ਹੀ ਘਰ ਆਏ ਹੋਏ ਸਨ ਅਤੇ 14 ਫਰਵਰੀ ਨੂੰ ਰਾਮ ਸਰੂਪ ਅਣਖੀ ਦਾ ਦੇਹਾਂਤ ਹੋ ਜਾਂਦਾ ਹੈ।
ਉਹ ਯਾਦ ਕਰਦੇ ਹਨ, "ਉਹ ਸਾਨੂੰ ਉਸ ਦਿਨ ਸਵੇਰੇ ਹੈਪੀ ਵੈਲੇਨਟਾਈਨਜ਼ ਡੇਅ ਵੀ ਕਹਿ ਕੇ ਗਏ। ਉਨ੍ਹਾਂ ਨੇ ਉਸ ਦਿਨ ਸਾਗ ਖਾਦਾ, ਦੇਸੀ ਘਿਉ ਦੀਆਂ ਬਣੀਆਂ ਪਿੰਨੀਆਂ ਖਾਦੀਆਂ, ਦੋ ਪੈਗ ਵੀ ਲਾਏ ਸਨ।"
"ਮੇਰੀ ਮਾਂ ਨਾਗਪੁਰ ਦੀ ਸੀ ਤੇ ਮੇਰੇ ਪਿਤਾ ਜੀ ਮੇਰੀ ਮਾਂ ਲਈ ਸਪੈਸ਼ਲ ਸੰਤਰੇ ਲੈ ਕੇ ਆਉਂਦੇ ਹੁੰਦੇ ਸੀ। ਉਸ ਦਿਨ ਉਨ੍ਹਾਂ ਨੇ ਸੰਤਰੇ ਵੀ ਖਾਦੇ। ਉਸ ਵੇਲੇ ਵੀ ਨਾਵਲ ਲਿਖ ਰਹੇ ਸਨ ਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਅਸੀਂ ਉਸ ਨੂੰ ਛਪਵਾਇਆ।"
ਉਨ੍ਹਾਂ ਅੱਗੇ ਆਖਿਆ, "ਅਣਖੀ ਸਾਬ੍ਹ ਸਵੇਰੇ ਤੜਕੇ 4 ਵਜੇ ਉੱਠ ਕੇ ਲਿਖਦੇ ਸਨ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਉਨ੍ਹਾਂ ਨੂੰ ਸੁੱਤੇ ਹੋਏ ਨਹੀਂ ਦੇਖਿਆ ਸੀ। ਮੈਂ ਜਦੋਂ ਵੀ ਸਵੇਰੇ ਤੜਕੇ ਉਠਦਾ ਤਾਂ ਉਹ ਉਦੋਂ ਵੀ ਉੱਠੇ ਹੁੰਦੇ ਸੀ ਤੇ ਜਦੋਂ ਅਸੀਂ ਸੌਂਦੇ ਤਾਂ ਵੀ ਉਹ ਜਾਗੇ ਹੁੰਦੇ ਸੀ। ਉਹ ਸਾਰਾ ਦਿਨ ਸਿਰਜਣ ਪ੍ਰਕਿਰਿਆ ਵਿੱਚ ਲੱਗੇ ਰਹਿੰਦੇ ਸਨ। ਲਿਖਦਿਆਂ-ਲਿਖਦਿਆਂ ਉਨ੍ਹਾਂ ਦੇ ਹੱਥ ਵਿੱਚ ਟੋਇਆ ਪੈ ਗਿਆ ਹੋਇਆ ਸੀ।"
ਰਾਮ ਸਰੂਪ ਅਣਖੀ ਦੇ ਨਾਵਲ 'ਕੋਠੇ ਖੜਕ ਸਿੰਘ' ਨੂੰ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
ਉਨ੍ਹਾਂ ਦੇ ਕਈ ਨਾਵਲ ਹਿੰਦੀ, ਅੰਗਰੇਜ਼ੀ, ਗੁਜਰਾਤੀ, ਮਰਾਠੀ, ਉਰਦੂ ਆਦਿ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਏ ਪਰ ਪਰਿਵਾਰ ਨੂੰ ਇਸ ਗੱਲ ਦਾ ਰੋਸ ਹੈ ਕਿ ਅਕਾਦਮਿਕ ਖੇਤਰ ਵਿੱਚ ਉਹਨਾਂ ਦੀ ਦੇਣ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਇੱਕ ਅਹਿਮ ਗੱਲ ਇਹ ਹੈ ਕਿ ਪ੍ਰਤੀਬੱਧ ਪੰਜਾਬੀ ਲੇਖਕ ਅਣਖੀ ਜੀ ਦੇ ਜੱਦੀ ਘਰ ਦੇ ਹਰ ਕਮਰੇ ਵਿੱਚ ਤੁਹਾਨੂੰ ਕਿਤਾਬਾਂ ਹੀ ਕਿਤਾਬਾਂ ਨਜ਼ਰ ਆਉਣਗੀਆਂ ਪਰ ਕਿਧਰੇ ਵੀ ਕੋਈ ਮੋਮੈਂਟੋ ਜਾਂ ਟਰਾਫੀ ਨਜ਼ਰ ਨਹੀਂ ਆਵੇਗੀ।
ਇਸ ਸਬੰਧੀ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਣਖੀ ਜੀ ਕਦੇ ਵੀ ਸਨਮਾਨਾਂ ਪਿੱਛੇ ਨਹੀਂ ਤੁਰੇ ਸਨ। ਉਹ ਟਰਾਫੀਆਂ ਜਾਂ ਸਨਮਾਨਾਂ ਨਾਲੋਂ ਆਪਣੇ ਪਾਠਕਾਂ ਨੂੰ ਵੱਧ ਅਹਿਮੀਅਤ ਦਿੰਦੇ ਸਨ। ਉਨ੍ਹਾਂ ਦੀ ਮਕਬੂਲੀਅਤ ਪਾਠਕਾਂ ਕਰ ਕੇ ਸੀ।
ਕਰਾਂਤੀਪਾਲ ਕਹਿੰਦੇ ਹਨ ਕਿ ਅਣਖੀ ਦੀ ਕੋਈ ਲਿਖਤ ਕਿਸੇ ਵੀ ਕੋਰਸ ਵਿੱਚ ਨਹੀਂ ਪੜ੍ਹਾਈ ਜਾਂਦੀ ਹੈ, ਜੋ ਇੱਕ ਤਰ੍ਹਾਂ ਦੀ ਸਿਆਸਤ ਹੈ ਅਤੇ ਪਰਿਵਾਰ ਨੂੰ ਇਸ ਗੱਲ ਦਾ ਰੋਸ ਹੈ।
ਕਰਾਂਤੀਪਾਲ ਆਪਣੇ ਪਿਤਾ ਨੂੰ ਯਾਦ ਕਰਦਿਆਂ ਇਹ ਸਤਰਾਂ ਲਿਖਦੇ ਹਨ-
ਤੀਜੀ ਪਤਨੀ ਨਾਲ ਉਨ੍ਹਾਂ ਦਾ ਪ੍ਰੇਮ ਵਿਆਹ ਸੀ ਤੇ ਇਹ ਪ੍ਰੇਮ ਆਖ਼ਰੀ ਸਾਹ ਤੱਕ ਉਨ੍ਹਾਂ ਦੀ ਆਵਾਜ਼ ਵਿੱਚੋਂ ਦਿਖਾਈ ਦਿੰਦਾ ਰਿਹਾ। ਉਦੋਂ ਵੀ ਜਦੋਂ ਉਨ੍ਹਾਂ ਨੇ ਆਪਣੇ ਬੱਚੇ ਵਿਆਹ ਲਏ ਤੇ ਪੋਤੇ ਖਿਡਾ ਲਏ।
ਸੁਭਾਅ ਦੀ ਬੇਹੱਦ ਸ਼ੌਕੀਨ ਪਤਨੀ ਨਾਲ ਉਨ੍ਹਾਂ ਨੇ ਹਜ਼ਾਰਾਂ ਵਾਰ ਸਾੜੀਆਂ ਦੇ ਵਾਅਦੇ ਕੀਤੇ ਤੇ ਸਾਰੇ ਪੂਰੇ ਵੀ ਕੀਤੇ। ਬੇਪਰਵਾਹ ਆਦਮੀ ਨੇ ਇੱਕ ਵਾਰ ਸਾਲ 1977-78 ਵਿੱਚ ਪਤਨੀ ਨੂੰ 15 ਹਜ਼ਾਰ ਦੀ ਸਾੜੀ ਲੈ ਦਿੱਤੀ। ਉਹ ਵੀ ਉਦੋਂ ਜਦੋਂ 15 ਹਜ਼ਾਰ ਜਿੰਦ ਵੇਚ ਕੇ ਮਿਲਦਾ ਸੀ।
ਮੈਂ ਹੁਣ ਆਪਣੇ ਬਾਪ ਵੱਲ ਦੇਖਦਾ ਹਾਂ ਤੇ ਸੋਚਦਾ ਹਾਂ ਕਿ ਉਨ੍ਹਾਂ ਨੂੰ ਨਾ ਸਿਰਫ਼ ਰਿਸ਼ਤੇ ਜੋੜਨ ਦਾ ਸਗੋਂ ਨਿਭਾਉਣ ਦਾ ਵੀ ਕਿੰਨਾ ਵੱਲ ਸੀ।
ਇਸ ਨੂੰ ਮੇਰਾ ਮੋਹ ਕਹੋ ਜਾਂ ਸਤਿਕਾਰ ਕਿ ਰਾਮ ਸਰੂਪ ਅਣਖੀ ਦੇ ਚਲੇ ਜਾਣ ਤੋਂ ਬਾਅਦ ਮੈਂ ਲੋਕਾਈ ਦੀ ਤਰ੍ਹਾਂ ਉਨ੍ਹਾਂ ਦੇ ਲੀੜੇ-ਕੱਪੜੇ ਦਾਨ ਨਹੀਂ ਕੀਤੇ, ਨਾ ਹੀ ਪਾਣੀ 'ਚ ਤਾਰੇ ਹਨ, ਸਗੋਂ ਸਾਂਭ ਕੇ ਆਪਣੇ ਘਰ ਹੀ ਰੱਖ ਲਏ ਹਨ।
ਸ਼ਰਾਬ ਦੀ ਉਹ ਬੋਤਲ ਜਿਸ ਵਿੱਚੋਂ ਉਨ੍ਹਾਂ ਆਖ਼ਰੀ ਜਾਮ ਪੀਤਾ, ਉਨ੍ਹਾਂ ਦੇ ਕੱਪੜਿਆਂ ਨਾਲ ਹੀ ਸਾਂਭੀ ਪਈ ਹੈ। ਜਿਵੇਂ ਮੈਂ ਸਮਝਦਾ ਹਾਂ ਕਿ ਲੇਖਕ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਉਨ੍ਹਾਂ ਦੀਆਂ ਚੀਜ਼ਾਂ ਤੇ ਹੱਥ ਲਿਖਤਾਂ ਸਾਂਭਣ ਦਾ ਕੰਮ ਸਰਕਾਰ ਹੀ ਕਰੇ ਪਰ ਜਿੰਨਾਂ ਚਿਰ ਇਹ ਸਰਕਾਰ ਨਹੀਂ ਕਰਦੀ ਤੇ ਮੈਂ ਜਿੰਨਾਂ ਚਿਰ ਜੀਵਾਂਗਾ, ਅਣਖੀ ਦੀਆਂ ਚੀਜ਼ਾਂ ਹਿੱਕ ਨਾਲ ਲਾ ਕੇ ਰੱਖਾਂਗਾ।
ਅਣਖੀ ਸ਼ਾਇਦ ਹੁਣ ਉਸ ਦਿਨ ਵਿਦਾ ਹੋਵੇਗਾ, ਜਿਸ ਦਿਨ ਮੈਂ ਹੋਵਾਂਗਾ।
ਇਹ ਵੀ ਪੜ੍ਹੋ-