‘ਤੁਮਹਾਰੇ ਪਾਓਂ ਕੇ ਨੀਚੇ ਜ਼ਮੀਨ ਨਹੀਂ, ਕਮਾਲ ਯਹ ਹੈ ਕਿ ਤੁਮਹੇ ਯਕੀਨ ਨਹੀਂ’ : ਮੋਦੀ ਦਾ ਹਮਲਾ, ਰਾਹੁਲ ਦੇ ਇਲਜ਼ਾਮ ਰਿਕਾਰਡ 'ਚੋਂ ਕੱਢੇ

ਤਸਵੀਰ ਸਰੋਤ, Sansad tv
ਬੁੱਧਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦਾ ਜਵਾਬ ਦਿੰਦਿਆਂ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ।
ਭਾਸ਼ਣ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਧੰਨਵਾਦ ਕੀਤਾ।
ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ, "ਮੈਂ ਰਾਸ਼ਟਰਪਤੀ ਦਾ ਧੰਨਵਾਦ ਕਰਦਾ ਹਾਂ ਅਤੇ ਇਹ ਮੇਰੀ ਖੁਸ਼ਕਿਸਮਤੀ ਰਹੀ ਹੈ ਕਿ ਪਹਿਲਾਂ ਕੀ ਕਈ ਵਾਰ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਕਰਨ ਦਾ ਮੌਕਾ ਮਿਲਿਆ ਹੈ, ਪਰ ਇਸ ਵਾਰ ਧੰਨਵਾਦ ਦੇ ਨਾਲ ਉਨ੍ਹਾਂ ਦਾ ਖੁਸ਼ਾਮਦੀਦ ਵੀ ਕਹਿਣਾ ਚਾਹੁੰਦਾ ਹਾਂ।"
ਉਨ੍ਹਾਂ ਨੇ ਕਿਹਾ ਦੇਸ਼ ਦੇ ਮੁਖੀ ਵਜੋਂ ਉਨ੍ਹਾਂ ਦੀ ਮੌਜੂਦਗੀ ਇਤਿਹਾਸਕ ਤਾਂ ਹੈ, ਦੇਸ਼ ਦੀਆਂ ਧੀਆਂ ਲਈ ਇਹ ਬਹੁਤ ਵੱਡਾ ਪ੍ਰੇਰਣਾ ਦਾ ਮੌਕਾ ਵੀ ਹੈ।
ਪ੍ਰਧਾਨ ਮੰਤਰੀ ਨੇ ਇਲਜ਼ਾਮ ਲਗਾਇਆ ਕਿ ਇੱਕ ਵੱਡੇ ਆਗੂ ਨੇ ਮਾਣਯੋਗ ਰਾਸ਼ਟਰਪਤੀ ਦਾ ਵੀ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ, "ਜਦੋਂ ਰਾਸ਼ਟਰਪਤੀ ਦਾ ਭਾਸ਼ਣ ਚੱਲ ਰਿਹਾ ਸੀ ਤਾਂ ਕੁਝ ਕੰਨੀ ਕਤਰਾ ਰਹੇ ਸਨ ਅਤੇ ਇੱਕ ਵੱਡੇ ਨੇਤਾ ਦਾ ਅਪਮਾਨ ਵੀ ਕਰ ਚੁੱਕੇ ਹਨ।"
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਵਿਰੋਧੀ ਧਿਰ ਦੇ ਨਿਸ਼ਾਨਾ ਸਾਧਿਆ,ਆਪਣੇ ਕੰਮਾਂ ਦੀ ਚਰਚਾ ਕੀਤੀ, ਕੋਵਿਡ ਕਾਲ ਦੌਰਾਨ ਹਾਲਾਤਾਂ ਦੀ ਚਰਚਾ ਕੀਤੀ ਪਰ ਅਡਾਨੀ ਵਰਗੇ ਮੁੱਦੇ 'ਤੇ ਕੁਝ ਵੀ ਬੋਲਣ ਤੋਂ ਬਚਦੇ ਨਜ਼ਰ ਆਏ।
ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਉਨ੍ਹਾਂ ਨੂੰ ਕਾਰੋਬਾਰੀ ਗੌਤਮ ਅਦਾਨੀ ਦੇ ਮੁੱਦੇ ਉੱਤੇ ਜਵਾਬ ਮੰਗਦੀ ਰਹੀ, ਪਰ ਪ੍ਰਧਾਨ ਮੰਤਰੀ ਨੇ ਉਸ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ।

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਜਦੋਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ ਅਤੇ ਵਿਰੋਧੀ ਧਿਰ ਕਾਂਗਰਸ ਉੱਤੇ ਰਗੜੇ ਲਾ ਰਹੇ ਸਨ, ਤਾਂ ਐੱਨਡੀਏ ਦੇ ਸਮਰਥਕਾਂ ਨੇ ਮੇਜ ਥਪਥਪਾਉਂਦੇ ਹੋਏ ਮੋਦੀ ਮੋਦੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਜਿਸ ਦੇ ਜਵਾਬ ਵਿਚ ਵਿਰੋਧੀ ਧਿਰ ਨੇ ਵੀ ਮੇਜ ਥਪਥਪਾਉਂਦੇ ਹੋਏ ਅਦਾਨੀ-ਅਦਾਨੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਹ ਲਗਾਤਾਰ ਇਸ ਮੁੱਦੇ ਉੱਤੇ ਸਾਂਝੀ ਸੰਸਦੀ ਕਮੇਟੀ ਦੇ ਗਠਨ ਦੀ ਮੰਗ ਦੁਹਰਾਉਂਦੇ ਰਹੇ।
ਬਿਨਾਂ ਨਾਮ ਲਏ ਰਾਹੁਲ 'ਤੇ ਵਾਰ
ਪੀਐੱਮ ਮੋਦੀ ਨੇ ਬਿਨਾਂ ਰਾਹੁਲ ਦਾ ਨਾਮ ਲਏ ਤੰਜ਼ ਕੱਸਦਿਆਂ ਕਿਹਾ, "ਸ਼ਾਇਦ ਨੀਂਦ ਬਹੁਤ ਚੰਗੀ ਆਈ ਹੋਣੀ, ਸ਼ਾਇਦ ਉੱਠ ਵੀ ਨਹੀਂ ਸਕੇ ਹੋਣੇ। ਅਜਿਹੇ ਹੀ ਲੋਕਾਂ ਲਈ ਕਿਹਾ ਗਿਆ ਹੈ ਕਿ, ਇਹ ਕਹਿ-ਕਹਿ ਕੇ ਅਸੀਂ ਦਿਲ ਨੂੰ ਬਹਿਲਾ ਰਹੇ ਹਾਂ, ਉਹ ਹੁਣ ਚੱਲ ਪਏ ਹਨ ਤੇ ਉਹ ਹੁਣ ਆ ਰਹੇ ਹਨ।"
ਮੋਦੀ ਨੇ ਕਿਹਾ 100 ਸਾਲਾਂ 'ਚ ਆਈ ਇਹ ਭਿਆਨਕ ਮਹਾਮਾਰੀ, ਦੂਜੇ ਪਾਸੇ ਜੰਗ ਦੀ ਸਥਿਤੀ, ਵੰਡੀ ਹੋਈ ਦੁਨੀਆਂ... ਇਸ ਸੰਕਟ ਦੇ ਮਾਹੌਲ 'ਚ ਦੇਸ਼ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ ਹੈ, ਉਸ ਨੂੰ ਦੇਖ ਕੇ ਪੂਰਾ ਦੇਸ਼ ਆਤਮਵਿਸ਼ਵਾਸ ਅਤੇ ਮਾਣ ਨਾਲ ਭਰ ਗਿਆ ਹੈ।
ਪੀਐਮ ਮੋਦੀ ਨੇ ਅਡਾਨੀ ਕੇਸ ਅਤੇ ਰਾਹੁਲ ਗਾਂਧੀ ਦਾ ਜ਼ਿਕਰ ਕੀਤੇ ਬਿਨਾਂ ਉਨ੍ਹਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਇਸ਼ਾਰੇ ਵਿੱਚ ਜਵਾਬ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਦੇ ਇਹ ਕਹਿੰਦੀ ਹੈ ਕਿ ਭਾਰਤ ਕਮਜ਼ੋਰ ਹੋ ਗਿਆ ਹੈ ਅਤੇ ਕਦੇ ਕਹਿੰਦਾ ਹੈ ਕਿ ਭਾਰਤ ਇੰਨਾ ਮਜ਼ਬੂਤ ਹੋ ਗਿਆ ਹੈ ਕਿ ਉਹ ਦੂਜੇ ਦੇਸ਼ਾਂ ਨੂੰ ਫ਼ੈਸਲੇ ਲੈਣ ਲਈ ਮਜਬੂਰ ਕਰ ਰਿਹਾ ਹੈ।

ਤਸਵੀਰ ਸਰੋਤ, Sansad tv
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਸੰਸਦੀ ਕਮੇਟੀ ਦੇ ਸਾਹਮਣੇ ਸ਼੍ਰੀਲੰਕਾ ਦੇ ਬਿਜਲੀ ਬੋਰਡ ਦੇ ਚੇਅਰਮੈਨ ਵੱਲੋਂ ਦਿੱਤੀ ਗਈ ਕਥਿਤ ਗਵਾਹੀ ਦਾ ਹਵਾਲਾ ਦਿੰਦੇ ਹੋਏ ਇਹ ਇਲਜ਼ਾਮ ਲਗਾਇਆ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਪੀਐੱਮ ਮੋਦੀ ਦੇ ਦਬਾਅ ਵਿੱਚ ਮਹਿੰਦਰਾ ਰਾਜਪਕਸ਼ੇ ਸਰਕਾਰ ਨੇ ਅਡਾਨੀ ਸਮੂਹ ਨੂੰ ਸ੍ਰੀਲੰਕਾ ਵਿੱਚ ਠੇਕੇ ਦਿਵਾਏ ਹਨ।
ਮੋਦੀ ਦਾ ਕਾਵਿਕ ਅੰਦਾਜ਼
ਪ੍ਰਧਾਨ ਮੰਤਰੀ ਆਪਣੇ ਭਾਸ਼ਣ ਦੌਰਾਨ ਕਾਫ਼ੀ ਕਾਵਿਕ ਵੀ ਨਜ਼ਰ ਆਏ, ਉਨ੍ਹਾਂ ਰਾਹੁਲ ਗਾਂਧੀ ਦਾ ਨਾਂ ਲਏ ਬਗੈਰ , ਉਨ੍ਹਾਂ ਅਤੇ ਕਾਂਗਰਸ ਉੱਤੇ ਕਈ ਕਾਵਿਕ ਟਿੱਪਣੀਆਂ ਕੀਤੀਆਂ।
"ਇਹ ਵਿਰੋਧੀ ਧਿਰ ਦੇ ਨੇਤਾਵਾਂ ਲਈ ਢੁਕਵਾਂ ਹੈ, "ਅਸੀਂ ਇਹ ਕਹਿ ਕੇ ਆਪਣੇ ਦਿਲਾਂ ਨੂੰ ਖੁਸ਼ ਕਰ ਰਹੇ ਹਾਂ… ਉਹ ਹੁਣ ਚਲੇ ਗਏ, ਉਹ ਆ ਰਹੇ ਹਨ…"
ਵਿਰੋਧੀ ਧਿਰ ਦੇ ਬੈਂਚਾਂ 'ਤੇ ਚੁਟਕੀ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਵੀ ਕਾਕਾ ਹਥਰਾਸੀ ਦਾ ਹਵਾਲਾ ਦਿੱਤਾ ਅਤੇ ਉਨ੍ਹਾਂ ਦੀ ਕਵਿਤਾ ਪੜ੍ਹੀ, "ਜਦੋਂ ਤੁਸੀਂ ਅੱਗੇ-ਪਿੱਛੇ ਦੇਖਦੇ ਹੋ, ਤੁਸੀਂ ਉਦਾਸ ਕਿਉਂ ਹੁੰਦੇ ਹੋ ... ਜੈਸੀ ਜਿਸਕੇ ਭਾਵਨਾ, ਵੈਸਾ ਦੇਖੇ ਸੀਨ"।
ਵਿਰੋਧੀ ਧਿਰ 'ਤੇ ਇੱਕ ਹੋਰ ਮਜ਼ਾਕ ਉਡਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੁਸ਼ਯੰਤ ਕੁਮਾਰ ਦੀ ਕਵਿਤਾ ਦੀਆਂ ਲਾਈਨਾਂ ਵੀ ਸੁਣਾਈਆਂ, "ਤੁਹਾਡੇ ਪੈਰਾਂ ਹੇਠ ਜ਼ਮੀਨ ਨਹੀਂ ਹੈ... ਹੈਰਾਨੀ ਦੀ ਗੱਲ ਹੈ ਕਿ ਤੁਸੀਂ ਅਜੇ ਵੀ ਯਕੀਨ ਨਹੀਂ ਕਰ ਰਹੇ ਹੋ..."
ਵਿਰੋਧੀ ਧਿਰ ਦੀ ਨਿਰਾਸ਼ਾ ਦਾ ਦੱਸਿਆ ਕਾਰਨ
ਉਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਅੱਗੇ ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਨਿਰਾਸ਼ਾ ਦੇ ਆਲਮ 'ਚ ਉਨ੍ਹਾਂ ਦੀ ਸਰਕਾਰ 'ਤੇ ਹਮਲਾ ਸਾਧ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੀ ਇਸ ਨਿਰਾਸ਼ਾ ਦੇ ਦੋ ਕਾਰਨ ਹਨ। ਇਹ ਨਿਰਾਸ਼ਾ ਇੰਝ ਹੀ ਨਹੀਂ ਆਈ, ਇਹ ਇੱਕ ਤਾਂ ਜਨਤਾ ਦਾ ਹੁਕਮ ਹੈ ਅਤੇ ਵਾਰ-ਵਾਰ ਹੁਕਮ ਹੈ।
ਦੂਜਾ ਕਾਰਨ ਜੋ ਸਭ ਤੋਂ ਵੱਡਾ ਹੈ, ਉਹ ਹੈ ਮਨ ਅੰਦਰ ਪਈ ਕੋਈ ਗੱਲ।
ਪੀਐੱਮ ਮੋਦੀ ਨੇ ਇਸ ਬਾਰੇ ਸਪਸ਼ਟੀਕਰਨ ਦਿੰਦਿਆਂ ਦਾਅਵਾ ਕੀਤਾ ਕਿ 2004 ਤੋਂ 2014 ਵਿਚਾਲੇ ਯੂਪੀਏ ਸਰਕਾਰ ਦੌਰਾਨ ਭਾਰਤ ਦੀ ਹਾਲਤ ਖ਼ਰਾਬ ਹੋ ਗਈ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਮਹਿੰਗਾਈ ਡਬਲ ਡਿਜਿਟ ਵਿੱਚ ਰਹੀ। ਅਜਿਹੇ ਵਿੱਚ ਜੇਕਰ ਮੌਜੂਦਾ ਸਰਕਾਰ ਵਿੱਚ ਕੁਝ ਚੰਗਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਨਿਰਾਸ਼ਾ ਨਹੀਂ ਹੋਵੇਗੀ ਤਾਂ ਕੀ ਹੋਵੇਗਾ।"
ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਬਰਬਾਦੀ 'ਤੇ ਹਾਰਵਰਡ ਅਤੇ ਹੋਰ ਵੱਡੀਆਂ ਯੂਨੀਵਰਸਿਟੀਆਂ ਵਿੱਚ ਅਧਿਐਨ ਵੀ ਹੋਵੇਗਾ।
ਉਨ੍ਹਾਂ ਨੇ ਇਲਜ਼ਾਮ ਲਗਾਇਆ, "ਯੂਪੀਏ ਦੇ 10 ਸਾਲ ਘੁਟਾਲੇ ਦੇ ਸਾਲ ਰਹੇ ਹਨ।"
ਉਸ ਦੌਰਾਨ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅੱਤਵਾਦੀ ਹਮਲਿਆਂ ਦਾ ਸਿਲਸਿਲਾ ਜਾਰੀ ਰਿਹਾ।
"ਉਸ ਸਮੇਂ ਖ਼ਬਰਾਂ ਚਲਦੀਆਂ ਸਨ ਕਿ ਅਣਜਾਣ ਚੀਜ਼ਾਂ ਤੋਂ ਦੂਰ ਰਹਿਣਾ। ਦੇਸ਼ ਭਰ ਵਿੱਚ ਹਿੰਸਾ ਹੁੰਦੀ ਰਹੀ। ਉਨ੍ਹਾਂ 10 ਸਾਲਾਂ ਵਿੱਚ ਭਾਰਤ ਦੀ ਆਵਾਜ਼ ਇੰਨੀ ਕਮਜ਼ੋਰ ਸੀ ਕਿ ਦੁਨੀਆਂ ਸੁਣਨ ਨੂੰ ਤਿਆਰ ਨਹੀਂ ਸੀ।"
"ਉਨ੍ਹਾਂ ਦੀ ਨਿਰਾਸ਼ਾ ਦਾ ਕਾਰਨ ਇਹ ਵੀ ਹੈ ਕਿ ਅੱਜ ਜਦੋਂ ਦੇਸ਼ ਦੀ ਸਮਰੱਥਾ ਨੂੰ ਮਾਨਤਾ ਦਿੱਤੀ ਜਾ ਰਹੀ ਹੈ। 140 ਕਰੋੜ ਲੋਕਾਂ ਦੀ ਸਮਰੱਥਾ ਸਾਹਮਣੇ ਆ ਰਹੀ ਹੈ ਪਰ ਉਹ ਇਸ ਸਮਰੱਥਾ ਨੂੰ ਗੁਆਇਆ ਹੈ।"
ਰਾਹੁਲ ਦੀਆਂ ਸਦਨ ਦੇ ਭਾਸ਼ਣ ਦੌਰਾਨ ਹਟਾਈਆਂ ਗਈਆਂ ਟਿੱਪਣੀਆਂ
ਕੁੱਲ ਮਿਲਾ ਕੇ, ਗਾਂਧੀ ਦੇ 53 ਮਿੰਟ ਦੇ ਭਾਸ਼ਣ ਦੌਰਾਨ ਜੋ 18 ਟਿੱਪਣੀਆਂ ਕੀਤੀਆਂ, ਉਨ੍ਹਾਂ ਨੂੰ ਰਿਕਾਰਡ ਤੋਂ ਹਟਾ ਦਿੱਤਾ ਗਿਆ ਸੀ।

ਤਸਵੀਰ ਸਰੋਤ, Getty Images
ਆਪਣੇ ਭਾਸ਼ਣ ਵਿੱਚ ਗਾਂਧੀ ਨੇ ਇਲਜ਼ਾਮ ਲਗਾਇਆ ਸੀ ਕਿ ਸਾਲ 2014 ਵਿੱਚ ਕੇਂਦਰ ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਡਾਨੀ ਸਮੂਹ ਦੀ ਕਿਸਮਤ ਵਿੱਚ ਵਾਧਾ ਹੋਇਆ ਹੈ।
ਰਿਕਾਰਡਾਂ ਤੋਂ ਹਟਾਈਆਂ ਗਈਆਂ ਟਿੱਪਣੀਆਂ ਵਿੱਚ, ਅਡਾਨੀ ਨਾਲ ਪ੍ਰਧਾਨ ਮੰਤਰੀ ਦੇ ਸਬੰਧਾਂ 'ਤੇ ਰਾਹੁਲ ਗਾਂਧੀ ਦੇ ਸਵਾਲ, ਉਨ੍ਹਾਂ ਵਿਚਕਾਰ ਨੇੜਤਾ ਦਰਸਾਉਣ ਵਾਲੀਆਂ ਕੁਝ ਤਸਵੀਰਾਂ ਦਾ ਜ਼ਿਕਰ ਅਤੇ ਉਨ੍ਹਾਂ ਦੀ ਦਲੀਲ ਕਿ ਉਨ੍ਹਾਂ ਦਾ ਸਬੰਧ ਉਨ੍ਹਾਂ ਸਾਲਾਂ ਤੋਂ ਹੈ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਆਦਿ ਸ਼ਾਮਿਲ ਹਨ।
ਇਸ ਤੋਂ ਇਲਾਵਾ ਹਟਾਈਆਂ ਗਈਆਂ ਟਿੱਪਣੀਆਂ ਵਿੱਚ ਮੁੰਬਈ ਹਵਾਈ ਅੱਡੇ ਬਾਰੇ ਗਾਂਧੀ ਦੇ ਇਲਜ਼ਾਮ ਵੀ ਸ਼ਾਮਲ ਹਨ।
ਕਾਂਗਰਸ ਆਗੂ ਜੈ ਰਾਮ ਰਮੇਸ਼ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਗਾਂਧੀ ਨੇ ਏਅਰਪੋਰਟ ਬਾਰੇ ਕੀ ਕਿਹਾ ਸੀ।
ਇਨ੍ਹਾਂ ਟਿੱਪਣੀਆਂ ਵਿੱਚ ਇਹ ਇਲਜ਼ਾਮ ਵੀ ਸ਼ਾਮਲ ਹਨ ਕਿ ਪ੍ਰਧਾਨ ਮੰਤਰੀ ਨੇ ਅਡਾਨੀ ਸਮੂਹ ਨੂੰ ਇਜ਼ਰਾਈਲ ਤੋਂ ਕੁਝ ਰੱਖਿਆ ਠੇਕੇ, ਬੰਗਲਾਦੇਸ਼ ਨਾਲ ਬਿਜਲੀ ਸਪਲਾਈ ਸੌਦਾ, ਅਤੇ ਕਾਰਪੋਰੇਟ ਸਮੂਹ ਨੂੰ ਭਾਰਤੀ ਸਟੇਟ ਬੈਂਕ (ਐੱਸਬੀਆਈ) ਤੋਂ ਕਰਜ਼ੇ ਦੀ ਪੇਸ਼ਕਸ਼ ਹਾਸਿਲ ਕਰਨ ਵਿੱਚ ਮਦਦ ਕਰਨ ਲਈ ਉਦਯੋਗਪਤੀ ਦੇ ਹੱਕ ਵਿੱਚ ਹਾਲਾਤ ਕੀਤੇ ਸਨ।
ਪੀਐੱਮ ਮੋਦੀ ਦੇ ਸੰਬੋਧਨ 'ਤੇ ਰਾਹੁਲ ਗਾਂਧੀ ਦੀ ਪ੍ਰਤੀਕਿਰਿਆ
ਲੋਕ ਸਭਾ ਵਿੱਚ ਪੀਐੱਮ ਮੋਦੀ ਦੇ ਸੰਬੋਧਨ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਅਡਾਨੀ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਹਮਲਾ ਬੋਲਿਆ ਹੈ।
ਗਾਂਧੀ ਨੇ ਸੰਸਦ ਕੰਪਲੈਕਸ 'ਚ ਕਿਹਾ ਕਿ ਅੱਜ ਦੇ ਉਨ੍ਹਾਂ ਦੇ ਭਾਸ਼ਣ ਤੋਂ 'ਸੱਚਾਈ' ਦਾ ਪਤਾ ਲੱਗਦਾ ਹੈ।

ਤਸਵੀਰ ਸਰੋਤ, Twitter/ANI
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸੰਤੁਸ਼ਟ ਨਹੀਂ ਹਾਂ ਅਤੇ ਉਨ੍ਹਾਂ ਨੇ ਬਿਆਨ ਤੋਂ ਸੱਚਾਈ ਦਾ ਪਤਾ ਲੱਗਦਾ ਹੈ।"
"ਜੇਕਰ (ਅਡਾਨੀ) ਦੋਸਤ ਨਹੀਂ ਹਨ ਤਾਂ (ਪੀਐੱਮ) ਕਹਿੰਦੇ ਕਿ ਠੀਕ ਹੈ ਜਾਂਚ ਕਰਵਾ ਦਿੰਦਾ ਹਾਂ ਪਰ ਜਾਂਚ ਦੀ ਗੱਲ ਨਹੀਂ ਹੋਈ।"
ਉਨ੍ਹਾਂ ਨੇ ਦਾਅਵਾ ਕੀਤਾ, "ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਇਹ ਭਾਰਤ ਦੇ ਬੁਨਿਆਦੀ ਢਾਂਚੇ ਦਾ ਮਾਮਲਾ ਹੈ। ਇਸ ਲਈ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ ਹੈ ਕਿ ਠੀਕ ਹੈ, ਉਹ ਜਾਂਚ ਕਰਵਾ ਦੇਣਗੇ।"
"ਇਹ ਬਹੁਤ ਵੱਡਾ ਘਪਲਾ ਹੈ, ਪਰ ਨਹੀਂ ਕਿਹਾ। ਉਹ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਸਮਝਦਾ ਹਾਂ।"
ਗਾਂਧੀ ਨੇ ਕਿਹਾ, "ਡਿਫੈਂਸ ਇੰਡਸਟਰੀਜ਼ ਹੈ, ਕਈ ਸ਼ੈਲ ਕੰਪਨੀਆਂ ਹਨ, ਬੇਨਾਮੀ ਪੈਸਾ ਘੁੰਮ ਰਿਹਾ ਹੈ, ਪ੍ਰਧਾਨ ਮੰਤਰੀ ਨੇ ਇਸ ਬਾਰੇ ਕੁਝ ਨਹੀਂ ਕਿਹਾ। ਇਸ ਤੋਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀ ਰੱਖਿਆ ਕਰ ਰਹੇ ਹਨ। ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੇ ਹਨ।
ਇਹ ਵੀ ਪੜ੍ਹੋ-













