ਪੰਜਾਬ ਦੇ ਰਾਜਪਾਲ ਜਦੋਂ ਪੁੱਛ ਰਹੇ ਸਨ, ਮੁੱਖ ਮੰਤਰੀ ਕਿੱਥੇ ਹਨ? ਤਾਂ ਉਹ ਉਦੋਂ ਗੁਜਰਾਤ 'ਚ ਆਪਣਾ ਗੁਣਗਾਣ ਕਰ ਰਹੇ ਸਨ

ਬਨਵਾਰੀ ਲਾਲ ਪੁਰੋਹਿਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਏਅਰ ਫੋਰਸ ਦੇ ਸਥਾਪਨਾ ਦਿਵਸ ਮੌਕੇ ਰਾਜਭਵਨ ਵਿੱਚ ਬੋਲ ਰਹੇ ਸਨ

''ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਵਿਧਾਨਕ ਅਹੁਦੇ 'ਤੇ ਹੁੰਦਿਆਂ ਹੋਇਆ ਇੱਥੇ ਹੋਣਾ ਚਾਹੀਦਾ ਸੀ, ਭਾਵੇਂ ਕਿੰਨਾ ਵੀ ਜ਼ਰੂਰੀ ਕੰਮ ਉਨ੍ਹਾਂ ਨੂੰ ਹੁੰਦਾ।''

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇਹ ਸਵਾਲ ਚੁੱਕਿਆ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ।

ਭਾਰਤੀ ਹਵਾਈ ਫੌਜ ਦੇ 90ਵੇਂ ਸਥਾਪਨ ਦਿਵਸ ਮੌਕੇ ਰੱਖੇ ਗਏ ਇੱਕ ਪ੍ਰੋਗਰਾਮ ਵਿੱਚ ਪੰਜਾਬ ਦੇ ਰਾਜਪਾਲ ਬੋਲ ਰਹੇ ਸਨ, ਜਿੱਥੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਕਈ ਹੋਰ ਆਗੂ ਪਹੁੰਚੇ ਹੋਏ ਸਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ਤੋਂ ਨਦਾਰਦ ਸਨ। ਭਗਵੰਤ ਮਾਨ ਅੱਜ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਚੋਣ ਪ੍ਰਚਾਰ ਕਰ ਰਹੇ ਹਨ।

ਵੀਡੀਓ ਕੈਪਸ਼ਨ, ਰਾਸ਼ਟਰਪਤੀ ਦੇ ਸਾਹਮਣੇ ਰਾਜਪਾਲ ਨੇ ਪੁੱਛਿਆ, ‘ਮੁੱਖ ਮੰਤਰੀ ਭਗਵੰਤ ਮਾਨ ਕਿੱਥੇ ਹਨ’

ਭਾਰਤੀ ਹਵਾਈ ਫੌਜ ਦੇ 90ਵੇਂ ਸਥਾਪਨਾ ਦਿਵਸ ਮੌਕੇ ਚੰਡੀਗੜ੍ਹ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਣੇ ਕਈ ਆਗੂ ਪਹੁੰਚੇ ਹੋਏ ਸਨ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਦੀ ਗ਼ੈਰਮੌਜੂਦਗੀ ਉੱਤੇ ਕਿਹਾ,''ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ, ਮੇਰੀ ਉਨ੍ਹਾਂ ਨਾਲ ਗੱਲ ਵੀ ਹੋਈ ਸੀ ਤੇ ਉਨ੍ਹਾਂ ਨੇ ਸੱਦਾ ਸਵੀਕਾਰ ਵੀ ਕੀਤਾ ਸੀ।''

''ਉਨ੍ਹਾਂ ਦੀ ਥਾਂ ਉਨ੍ਹਾਂ ਦੇ ਨੁਮਾਇੰਦੇ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦਾ ਕਿਤੇ ਹੋਰ ਜਾਣਾ ਜ਼ਰੂਰੀ ਹੋਵੇਗਾ, ਪਰ ਕਿੰਨਾ ਵੀ ਵੱਡਾ ਕੰਮ ਹੋਵੇ, ਸੰਵਿਧਾਨਕ ਅਹੁਦੇ 'ਤੇ ਹੁੰਦਿਆਂ ਉਨ੍ਹਾਂ ਨੂੰ ਆਉਣਾ ਚਾਹੀਦਾ ਸੀ।''

ਏਅਰ ਫੋਰਸ ਦੇ ਸਥਾਪਨਾ ਦਿਵਸ ਮੌਕੇ ਸੀ ਪ੍ਰੋਗਰਾਮ

ਅਸਲ ਵਿੱਚ ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ ਹਵਾਈ ਫੌਜ ਦੇ 90ਵੇਂ ਸਥਾਪਨਾ ਦਿਹਾੜੇ ਮੌਕੇ ਏਅਰ ਸ਼ੋਅ ਦਾ ਆਯਜੋਨ ਕੀਤਾ ਗਿਆ ਸੀ।

ਸਮਾਗਮ ਦੇ ਮੁੱਖ ਮਹਿਮਾਨ ਭਾਰਤ ਦੀੇਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਨ। ਪਹਿਲਾ ਪ੍ਰੋਗਰਾਮ ਸੁਖਨਾ ਲੇਕ ਵਿਖੇ ਰੱਖਿਆ ਗਿਆ।

ਰਾਜਭਵਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਭਵਨ ਵਿੱਚ ਹੋਏ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਣੇ ਕਈ ਆਗੂ

ਦੂਜਾ ਪ੍ਰੋਗਰਾਮ ਸ਼ਾਮ ਨੂੰ ਰਾਜ ਭਵਨ ਵਿੱਚ ਸੀ, ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੌਜੂਦ ਸਨ, ਭਾਜਪਾ ਦੇ ਕਈ ਆਗੂ, ਪੰਜਾਬ ਦੇ ਕਈ ਮੰਤਰੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਸਨ।

ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰਹਾਜ਼ਰ ਸਨ, ਕਿਉਂਕਿ ਉਹ ਗੁਜਰਾਤ ਵਿੱਚ ਆਦਮ ਆਦਮੀ ਪਾਰਟੀ ਦੀ ਤਿਰੰਗਾ ਯਾਤਰਾ ਵਿੱਚ ਹਿੱਸਾ ਲੈ ਰਹੇ ਸਨ।

ਰਾਜਪਾਲ ਦੇ ਨਾਲ-ਨਾਲ ਵਿਰੋਧੀ ਧਿਰ ਨੇ ਵੀ ਚੁੱਕੇ ਸਵਾਲ

ਪੰਜਾਬ ਭਾਜਪਾ ਦੇ ਆਗੂ ਜੀਵਨ ਗੁਪਤਾ ਨੇ ਕਿਹਾ ਕਿ ਰਾਸ਼ਟਰਪਤੀ ਸਾਡੇ ਦੇਸ਼ ਦਾ ਸਰਬਉੱਚ ਅਹੁਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾ ਆਉਣਾ ਇੱਕ ਬਹੁਤ ਵੱਡਾ ਸਵਾਲ ਹੈ।

ਉਨ੍ਹਾਂ ਅੱਗੇ ਕਿਹਾ, ''ਕੋਈ ਕਿੰਨਾ ਵੀ ਮਸਰੂਫ਼ ਹੋਵੇ ਪਰ ਰਾਸ਼ਟਰਪਤੀ ਦੇ ਆਉਣ ਉੱਤੇ ਉਨ੍ਹਾਂ ਨੂੰ (ਭਗਵੰਤ ਮਾਨ) ਇੱਥੇ ਰਹਿਣਾ ਚਾਹੀਦਾ ਸੀ। ਇਹ ਪੰਜਾਬ ਲਈ ਕੋਈ ਸੁਭ ਸੰਦੇਸ਼ ਨਹੀਂ ਹੈ।''

ਭਾਜਪਾ ਆਗੂ

ਤਸਵੀਰ ਸਰੋਤ, Ani

ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਫ਼ਸੋਸ ਹੈ ਪ੍ਰੋਟੋਕਾਲ ਨੂੰ ਖ਼ਤਮ ਕਰਕੇ ਸਾਡੇ ਮੁੱਖ ਮੰਤਰੀ ਸਾਹਬ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ।

ਉਨ੍ਹਾਂ ਕਿਹਾ, ''ਇੱਕ ਵਾਰ ਫ਼ਿਰ ਪੰਜਾਬੀਆਂ ਨੂੰ ਸਾਰੇ ਦੇਸ਼ ਸਾਹਮਣੇ ਸ਼ਰਮਸਾਰ ਹੋਣਾ ਪਿਆ ਹੈ। ਮੁੱਖ ਮੰਤਰੀ ਸਾਬ੍ਹ ਆਪਣੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਛੱਡ ਕੇ ਗੁਜਰਾਤ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।''

ਆਮ ਆਦਮੀ ਪਾਰਟੀ ਨੇ ਦਿੱਤੀ ਸਫ਼ਾਈ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਦੀ ਟਿੱਪਣੀ ਸੁਣ ਕੇ ਉਨ੍ਹਾਂ ਨੂੰ ਦੁੱਖ ਹੋਇਆ ਹੈ।

ਉਨ੍ਹਾਂ ਕਿਹਾ, ''ਅੱਜ ਇੱਕ ਚੰਗੇ ਫੰਕਸ਼ਨ ਉੱਤੇ ਵੀ ਰਾਜਪਾਲ ਨੇ ਸਿਆਸੀ ਚੁਟਕੀ ਲੈਣ ਦੀ ਕੋਸ਼ਿਸ਼ ਕੀਤੀ ਹੈ। ਮਾਣਯੋਗ ਭਗਵੰਤ ਮਾਨ ਜੀ ਦਾ ਪਹਿਲਾਂ ਤੋਂ ਹੀ ਪ੍ਰੋਗਰਾਮ (ਗੁਜਰਾਤ ਫੇਰੀ) ਬਣਿਆ ਹੋਇਆ ਸੀ ਅਤੇ ਅੱਜ ਦਾ ਸੱਦਾ ਪੱਤਰ ਏਅਰਫੋਰਸ ਵੱਲੋਂ ਸੀ।''

ਅਮਨ ਅਰੋੜਾ

ਤਸਵੀਰ ਸਰੋਤ, Ani

''ਰਾਜਪਾਲ ਜੀ ਨੂੰ ਭਗਵੰਤ ਮਾਨ ਜੀ ਦੀ ਗੈਰਹਾਜ਼ਰੀ ਤਾਂ ਨਜ਼ਰ ਆਈ ਪਰ ਪਰ ਭਗਵੰਤ ਜੀ ਦੀ ਕੈਬਨਿਟ ਦੇ ਕਈ ਜ਼ਿਆਦਾ ਮੈਂਬਰ ਗਵਰਨਰ ਹਾਊਸ ਵਿੱਚ ਹਾਜ਼ਰ ਹਨ ਤੇ ਇਹ ਹਾਜ਼ਰੀ ਨਜ਼ਰ ਨਹੀਂ ਆਈ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਦੀ ਟਿੱਪਣੀ ਸੁਣ ਕੇ ਉਨ੍ਹਾਂ ਨੂੰ ਦੁੱਖ ਹੋਇਆ ਹੈ।''

ਉਨ੍ਹਾਂ ਕਿਹਾ, ''ਅੱਜ ਇੱਕ ਚੰਗੇ ਫੰਕਸ਼ਨ ਉੱਤੇ ਵੀ ਰਾਜਪਾਲ ਨੇ ਸਿਆਸੀ ਚੁਟਕੀ ਲੈਣ ਦੀ ਕੋਸ਼ਿਸ਼ ਕੀਤੀ ਹੈ। ਮਾਣਯੋਗ ਭਗਵੰਤ ਮਾਨ ਜੀ ਦਾ ਪਹਿਲਾਂ ਤੋਂ ਹੀ ਪ੍ਰੋਗਰਾਮ (ਗੁਜਰਾਤ ਫੇਰੀ) ਬਣਿਆ ਹੋਇਆ ਸੀ ਅਤੇ ਅੱਜ ਦਾ ਸੱਦਾ ਪੱਤਰ ਏਅਰਫੋਰਸ ਵੱਲੋਂ ਸੀ।''

''ਰਾਜਪਾਲ ਜੀ ਨੂੰ ਭਗਵੰਤ ਮਾਨ ਜੀ ਦੀ ਗੈਰਹਾਜ਼ਰੀ ਤਾਂ ਨਜ਼ਰ ਆਈ ਪਰ ਪਰ ਭਗਵੰਤ ਜੀ ਦੀ ਕੈਬਨਿਟ ਦੇ ਕਈ ਜ਼ਿਆਦਾ ਮੈਂਬਰ ਗਵਰਨਰ ਹਾਊਸ ਵਿੱਚ ਹਾਜ਼ਰ ਹਨ ਤੇ ਇਹ ਹਾਜ਼ਰੀ ਨਜ਼ਰ ਨਹੀਂ ਆਈ।''

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਭਗਵੰਤ ਮਾਨ ਅਤੇ ਕੇਜਰੀਵਾਲ ਨੇ ਗੁਜਰਾਤ ਵਿੱਚ ਕੀ ਕਿਹਾ

ਗੁਜਰਾਤ ਵਿੱਚ ਚੋਣ ਪ੍ਰਚਾਰ ਕਰ ਰਹੇ ਅਰਵਿੰਦ ਕੇਜਰੀਵਾਲ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਸਨ ਅਤੇ ਭਗਵੰਤ ਮਾਨ ਵੀ ਉਨ੍ਹਾਂ ਦੇ ਪਿੱਛੇ ਨਾਅਰੇ ਨੂੰ ਦੁਹਰਾ ਰਹੇ ਸਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਜਦੋਂ ਤੋਂ ਮੇਰਾ ਗੁਜਰਾਤ ਆਉਣ ਦਾ ਪ੍ਰੋਗਰਾਮ ਬਣਿਆ, ਮੇਰੇ ਖ਼ਿਲਾਫ਼ ਥਾਂ-ਥਾਂ ਉੱਤੇ ਪੋਸਟਰ ਲਗਾ ਦਿੱਤੇ ਗਏ, ਇਹ ਲੋਕ ਮੇਰੇ ਨਾਲ ਨਫਰਤ ਕਰਦੇ ਹਨ।

''ਸਾਰੇ ਪੋਸਟਰਾਂ ਦੇ ਉੱਪਰ ਭਗਵਾਨ ਦੇ ਖ਼ਿਲਾਫ਼ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਭਗਵਾਨ ਦੀ ਬੇਇੱਜ਼ਤੀ ਕੀਤੀ ਗਈ ਹੈ।''

''ਜਿਨ੍ਹਾਂ ਨੇ ਪੋਸਟਰ ਲਗਾਏ, ਉਹ ਮੇਰੇ ਨਾਲ ਨਫ਼ਰਤ ਕਰਦੇ ਹਨ।''

''ਤੁਸੀਂ ਕੰਸ ਦੀ ਔਲਾਦ ਹੋ ਜੋ ਇਸ ਤਰ੍ਹਾਂ ਭਗਵਾਨ ਦੀ ਬੇਇੱਜ਼ਤੀ ਕਰ ਰਹੇ ਹੋ, ਮੈਂ ਇੱਕ ਧਾਰਮਿਕ ਆਦਮੀ ਹਾਂ, ਹਨੂੰਮਾਨ ਦਾ ਕੱਟੜ ਭਗਤ ਹਾਂ, ਹਨੂੰਮਾਨ ਦੀ ਮੇਰੇ ਉੱਪਰ ਕ੍ਰਿਪਾ ਹੈ।''

''ਮੇਰਾ ਜਨਮ ਕ੍ਰਿਸ਼ਨ ਜਨਮਾਸ਼ਟੀ ਵਾਲੇ ਦਿਨ ਹੋਇਆ, ਮੈਨੂੰ ਭਗਵਾਨ ਨੇ ਕੰਸ ਦੀਆਂ ਔਲਾਦਾਂ ਦਾ ਸਫ਼ਾਇਆ ਕਰਨ ਲਈ ਭੇਜਿਆ ਹੈ।''

ਭਗਵੰਤ ਮਾਨ

ਤਸਵੀਰ ਸਰੋਤ, Bhagwant mann/fb

ਤਸਵੀਰ ਕੈਪਸ਼ਨ, ਗੁਜਰਾਤ ਦੇ ਵਡੋਦਰਾ ਵਿੱਚ ਚੋਣ ਪ੍ਰਚਾਰ ਕਰਦੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ

ਅਜਿਹਾ ਕਹਿ ਕੇ ਉਨ੍ਹਾਂ ਨੇ ਨਾਲ ਹੀ ਜੈ ਸ਼੍ਰੀ ਰਾਮ ਦਾ ਤੇ ਜੈ ਸ਼੍ਰੀ ਕ੍ਰਿਸ਼ਨ ਦਾ ਨਾਅਰਾ ਲਗਾਇਆ।

ਭਗਵੰਤ ਮਾਨ ਨੇ ਇਸ ਮੌਕੇ ਬੋਲਦਿਆਂ ਕਿਹਾ,''ਪੰਜਾਬ ਵਿੱਚ ਸਾਡੀਆਂ 117 ਵਿੱਚੋਂ 92 ਸੀਟਾਂ ਆਈਆਂ ਹਨ, 82 ਲੋਕ ਪਹਿਲੀਂ ਵਾਰ ਚਣੇ ਗਏ ਹਨ। ਜੋ ਆਮ ਘਰਾਂ ਦੇ ਛੋਟੀ-ਛੋਟੀ ਉਮਰ ਦੇ ਮੁੰਡੇ ਕੁੜੀਆਂ ਹਨ, ਅਸੀਂ ਵਿਧਾਨ ਸਭਾ ਤੇ ਰਾਜ ਸਭਾ ਵਿੱਚ ਵੀ ਉਨ੍ਹਾਂ ਨੂੰ ਹੀ ਭੇਜਦੇ ਹਾਂ।''

''27 ਸਾਲ ਤੱਕ ਤੁਹਾਡੇ ਸਬਰ ਦਾ ਇਮਤਿਹਨ ਲਿਆ ਗਿਆ ਹੈ, ਪਹਿਲਾਂ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਸੀ, ਪਰ ਹੁਣ ਤਾਂ ਹੈ।''

''ਪੰਜਾਬ ਵਿੱਚ ਸਾਡੀ ਸਰਕਾਰ ਨੂੰ ਸਿਰਫ਼ ਛੇ ਮਹੀਨੇ ਹੋਏ ਹਨ ਤੇ 20,000 ਸਰਕਾਰੀ ਨੌਕਰੀਆਂ ਅਸੀਂ ਲੋਕਾਂ ਨੂੰ ਦਿੱਤੀਆਂ ਹਨ। ਕੱਚੇ ਅਧਿਆਪਕਾ ਨੂੰ ਪੱਕਾ ਕੀਤਾ ਗਿਆ ਹੈ।''

''ਮੇਰਾ ਵਡੋਦਰਾ ਵਿੱਚ ਕੋਈ ਰਿਸ਼ਤੇਦਾਰ ਨਹੀਂ ਹੈ, ਨਾ ਮੈਂ ਇੱਥੇ ਕੋਈ ਠੇਕਾ ਲੈਣਾ ਹੈ ਨਾ ਭ੍ਰਿਸ਼ਟਾਚਾਰ ਕਰਨਾ ਹੈ। ਤੁਹਾਨੂੰ 9 ਘੰਟੇ ਮਿਲਣਗੇ ਵੋਟਿੰਗ ਲਈ, ਉਹ ਇਸਤੇਮਾਲ ਕਰ ਲਵੋ, ਤੁਹਾਡੀਆਂ ਕਈ ਪੀੜ੍ਹੀਆਂ ਸੁਧਰ ਜਾਣਗੀਆਂ।''

''50 ਦਿਨ ਰਹਿ ਗਏ ਚੋਣਾਂ ਨੂੰ ਉਹ ਤੁਸੀਂ ਸਾਂਭ ਲਓ, ਬਾਕੀ 5 ਸਾਲ ਜ਼ਿੰਮੇਦਾਰੀ ਅਸੀਂ ਸਾਂਭ ਲਵਾਂਗੇ।

ਜੈ ਸ਼੍ਰੀ ਰਾਮ ਦੇ ਨਾਅਰੇ ਦੇ ਪਿੱਛੇ ਦੀ ਕਹਾਣੀ

ਅਰਵਿੰਦ ਕੇਜਰੀਵਾਲ ਦੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਪਿੱਛੇ ਵੀ ਇੱਕ ਕਹਾਣੀ ਹੈ।

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਵਡੋਦਰਾ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਅਰਵਿੰਦ ਕੇਜਰੀਵਾਲ

ਵਡੋਦਰਾ ਵਿੱਚ ਅਰਵਿੰਦ ਕੇਜਰੀਵਾਲ ਦੀ ਯਾਤਰਾ ਤੋਂ ਪਹਿਲਾਂ ਉਨ੍ਹਾਂ ਖਿਲਾਫ ਪੋਸਟਰ ਲਗਾਏ ਗਏ ਸਨ ਜਿਸ ਵਿੱਚ ਉਨ੍ਹਾਂ ਨੂੰ ਹਿੰਦੂ ਵਿਰੋਧੀ ਕਿਹਾ ਗਿਆ ਸੀ। ਰੈਲੀ ਤੋਂ ਪਹਿਲਾਂ 'ਆਪ' ਦੇ ਵਰਕਰਾਂ ਨੇ ਉਨ੍ਹਾਂ ਪੋਸਟਰਾਂ ਨੂੰ ਫਾੜ ਦਿੱਤਾ ਸੀ।

ਉਸ ਦੇ ਜਵਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਤੇ ਖੁਦ ਨੂੰ ਹਨੁਮਾਨ ਦਾ ਭਗਤ ਦੱਸਿਆ ਤੇ ਵਿਰੋਧੀਆਂ ਉੱਤੇ ਨਿਸ਼ਾਨੇ ਲਗਾਏ।

ਕਿੱਥੋਂ ਸ਼ੁਰੂ ਹੋਇਆ ਸਾਰਾ ਮਸਲਾ

ਅਸਲ ਵਿੱਚ ਆਮ ਆਦਮੀ ਪਾਰਟੀ ਉਦੋਂ ਵਿਵਾਦਾਂ ਵਿੱਚ ਘਿਰੀ ਸੀ ਜਦੋ ਉਨ੍ਹਾਂ ਦੇ ਮੰਤਰੀ ਗੌਤਮ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਇੱਕ ਸਮਾਗਮ ਵਿੱਚ ਸਨ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੰਦੂ ਧਰਮ ਨੂੰ ਛੱਡ ਕੇ ਬੌਧ ਧਰਮ ਅਪਣਾਇਆ ਸੀ।

ਇਸ ਮਗਰੋਂ ਭਾਜਪਾ ਲਗਾਤਾਰ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਉੱਤੇ ਨਿਸ਼ਾਨਾ ਲਗਾ ਰਹੇ ਹਨ।

ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਦਿੱਲੀ ਦੇ ਸਮਾਗਮ ਵਿੱਚ ਅਰਵਿੰਦ ਕੇਜਰੀਵਾਲ ਮੌਜੂਦ ਨਹੀਂ ਸਨ ਤੇ ਗੁਜਰਾਤ ਦੌਰੇ ਉੱਤੇ ਹਨ, ਇਸ ਗੈਰ-ਮੌਜੂਦਗੀ ਨੂੰ ਵੀ ਮੁੱਦਾ ਬਣਾਇਆ ਗਿਆ ਸੀ।

ਦਿੱਲੀ ਦੇ ਐੱਲਜੀ ਨੇ ਇਸ ਉੱਤੇ ਰੋਸ ਜਤਾਉਂਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਸੀ। ਜਿਸ ਨੂੰ ਆਮ ਆਦਮੀ ਪਾਰਟੀ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)