ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਨਹੀਂ ਪੜ੍ਹ ਸਕੇ

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਬੰਦਿਆਂ ਨਾਲ ਹੱਥ ਮਿਲਾਉਣ ਤੇ ਬੂਟਿਆਂ ਨੂੰ ਪਾਣੀ ਦੇਣ ਵਾਲੇ ਰੋਬੋਟ ਤੋਂ ਕਿਉਂ ਡਰ ਰਹੇ ਕੁਝ ਮਾਹਰ

ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਆਪਣੀ ਟੈਸਲਾ ਇਲੈਕਟ੍ਰਿਕ ਕਾਰ ਕੰਪਨੀ ਵੱਲੋਂ ਵਿਕਸਤ ਕੀਤੇ ਜਾ ਰਹੇ ਹਿਊਮਨਾਈਡ ਰੋਬੋਟ ਦਾ ਨਵਾਂ ਮਾਡਲ ਪੇਸ਼ ਕੀਤਾ ਹੈ।

ਇਹ ਔਪਟੀਮਸ ਸਿਲੀਕਾਨ ਵੈਲੀ ਦੇ ਇੱਕ ਸਮਾਗਮ ਵਿੱਚ ਸਟੇਜ ਉਪਰ ਆਇਆ। ਇਸ ਰੋਬੋਟ ਨੇ ਦਰਸ਼ਕਾਂ ਵੱਲ ਹੱਥ ਹਿਲਾਇਆ ਅਤੇ ਆਪਣੇ ਗੋਡੇ ਟੇਕੇ।

ਕੰਪਨੀ ਦੇ ਸੀਈਓ ਨੇ ਕਿਹਾ ਕਿ ਰੋਬੋਟ 'ਤੇ ਕੰਮ ਚੱਲ ਰਿਹਾ ਹੈ ਪਰ ਕੁਝ ਸਾਲਾਂ ਵਿੱਚ ਇਹ ਜਨਤਾ ਨੂੰ ਵੇਚਣ ਲਈ ਉਪਲੱਬਧ ਹੋਵੇਗਾ।

ਇੰਜੀਨੀਅਰਾਂ ਦਾ ਕਹਿਣਾ ਹੈ ਕਿ ਟੈਸਲਾ ਦੇ ਮਾਸ-ਮਾਰਕੀਟ ਰੋਬੋਟ ਕਾਰ ਫੈਕਟਰੀਆਂ ਵਿੱਚ ਕੰਮ ਦੇ ਵੱਖ-ਵੱਖ ਕਿੱਤਿਆਂ ਵਿੱਚ ਪਰਖੇ ਜਾਣਗੇ।

ਇਸ ਮਾਡਲ ਨੂੰ ਟੈਸਲਾ ਦੇ ਸਲਾਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਿਵਸ ਸਮਾਗਮ ਵਿੱਚ ਸਟੇਜ 'ਤੇ ਚਲਾਇਆ ਗਿਆ ਸੀ।

ਇਸ ਰੋਬੋਟ ਬਾਰੇ ਹੋਰ ਪੜ੍ਹਨ ਲਈ ਇੱਥੇ ਕਲਿੱਕ ਕਰੋ

'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਹੋਇਆ ਅਨੰਦ ਕਾਰਜ, ਜਾਣੋ ਕੌਣ ਹੈ ਲਾੜਾ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਲੱਖੇਵਾਲ ਦਾ ਵਿਆਹ ਅੱਜ ਪਟਿਆਲਾ ਨੇੜਲੇ ਪਿੰਡ ਰੋੜੇਵਾਲ ਦੇ ਗੁਰਦੁਆਰਾ ਬਾਬਾ ਪੂਰਨ ਸਿੰਘ ਵਿਖੇ ਸਾਦੇ ਸਮਾਗਮ ਦੌਰਾਨ ਹੋਇਆ।

ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਅਤੇ ਪਤਨੀ ਡਾ. ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ।

ਵਿਆਹ ਸਮਾਗਮ ਵਿੱਚ ਸਿਰਫ ਨੇੜਲੇ ਪਰਿਵਾਰਕ ਰਿਸ਼ਤੇਦਾਰ ਅਤੇ ਕਰੀਬੀ ਸੱਦੇ ਹੋਏ ਸਨ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਵਿਧਾਇਕ ਦੀ ਚੋਣ ਲੜੀ ਅਤੇ ਜਿੱਤ ਹਾਸਿਲ ਕੀਤੀ।

ਨਰਿੰਦਰ ਜਿਸ 'ਆਪ' ਵਰਕਰ ਨਾਲ ਵਿਆਹ ਕਰਵਾਉਣ ਜਾ ਰਹੇ ਹਨ, ਉਨ੍ਹਾਂ ਦਾ ਨਾਂ ਮਨਦੀਪ ਸਿੰਘ ਲੱਖੇਵਾਲ ਹੈ ਅਤੇ ਉਹ ਸੰਗਰੂਰ ਦੇ ਪਿੰਡ ਲੱਖੇਵਾਲ ਦੇ ਵਸਨੀਕ ਹਨ।

29 ਸਾਲਾ ਮਨਦੀਪ ਸਿੰਘ ਵੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ।

'ਬਿੱਗ ਬੌਸ' ਵਿੱਚ ਸਾਜਿਦ ਖ਼ਾਨ ਨੂੰ ਸ਼ਾਮਲ ਕਰਨ ਕਰਕੇ ਆਲੋਚਨਾ ਕਿਉਂ ਹੋ ਰਹੀ ਹੈ

ਬਿੱਗ ਬੌਸ ਦਾ ਸੋਲਵਾਂ ਸੰਸਕਰਣ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਜਿਸ ਦੀ ਮੇਜ਼ਬਾਨੀ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਕਰ ਰਹੇ ਹਨ।

ਸ਼ੋਅ ਸ਼ੁਰੂ ਹੋਣ ਦੇ ਨਾਲ ਹੀ ਇਸ ਰੀਐਲੀਟੀ ਟੀਵੀ ਸ਼ੋਅ ਦੀ ਆਲੋਚਨਾ ਵੀ ਸ਼ੁਰੂ ਹੋ ਗਈ ਹੈ।

ਇਹ ਆਲੋਚਨਾ ਫਿਲਮ ਨਿਰਦੇਸ਼ਕ ਸਾਜਿਦ ਅਲੀ ਖ਼ਾਨ ਨੂੰ ਘਰ ਦੇ ਮੈਂਬਰ ਵਜੋਂ ਸ਼ਾਮਲ ਕਰਨ ਕਾਰਨ ਹੋ ਰਹੀ ਹੈ।

ਚਾਰ ਸਾਲ ਪਹਿਲਾਂ ਸਾਜਿਦ ਖ਼ਾਨ ਉੱਪਰ ਚਾਰ ਮਹਿਲਾ ਸਹਿਕਰਮੀਆਂ ਅਤੇ ਇੱਕ ਪੱਤਰਕਾਰ ਨੇ ਜਿਣਸੀ ਬਦਇਖ਼ਲਾਕੀ ਦੇ ਇਲਜ਼ਾਮ ਲਗਾਏ ਸਨ।

ਸਾਜਿਦ ਨੇ ਆਪਣੇ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਨੂੰ ਰੱਦ ਕੀਤਾ ਸੀ ਅਤੇ ਉਨ੍ਹਾਂ ਖਿਲਾਫ਼ ਕੋਈ ਪੁਲਿਸ ਕੇਸ ਵੀ ਦਰਜ ਨਹੀਂ ਕੀਤਾ ਗਿਆ ਸੀ।

ਹਾਲਾਂਕਿ ਜਦੋਂ ਤੋਂ ਸ਼ੋਅ ਦੇ ਘਰ ਦੇ ਮੈਂਬਰਾਂ ਦੇ ਨਾਮ ਜਨਤਕ ਕੀਤੇ ਗਏ ਹਨ ਤਾਂ ਬਹੁਤ ਸਾਰੇ ਲੋਕ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ, ਇਸ ਦਾ ਵਿਰੋਧ ਕਰ ਰਹੇ ਹਨ।

ਵ੍ਹੀਲਚੇਅਰ 'ਤੇ ਕਰਤਾਰਪੁਰ ਪਹੁੰਚੇ ਬਿਸ਼ਨ ਸਿੰਘ ਬੇਦੀ ਜਦੋਂ ਆਪਣੇ 60 ਦੇ ਦਹਾਕੇ ਦੇ ਦੋਸਤ ਇੰਤਖ਼ਾਬ ਆਲਮ ਨੂੰ ਮਿਲੇ...

'ਲਵਲੀ ਟੂ ਸੀ ਯੂ' ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਇਸ ਗੱਲ ਨੂੰ ਸੁਣਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਇਸ ਇੰਤਜ਼ਾਰ ਵਿੱਚ ਨੌ ਸਾਲ ਬੀਤ ਗਏ ਸਨ ਅਤੇ ਆਖ਼ਰਕਾਰ ਆਪਣੇ ਪੁਰਾਣੇ ਦੋਸਤ ਇੰਤਖ਼ਾਬ ਆਲਮ ਨੂੰ ਆਪਣੀ ਅੱਖਾਂ ਸਾਹਮਣੇ ਦੇਖਣ ਦੀ ਉਨ੍ਹਾਂ ਇੱਛਾ ਪੂਰੀ ਹੋਈ।

ਇਨ੍ਹਾਂ ਦੋਵਾਂ ਦੋਸਤਾਂ ਨੂੰ 4 ਅਕਤੂਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲਣ ਦਾ ਮੌਕਾ ਮਿਲਿਆ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਕਰਤਾਰਪੁਰ ਸਾਹਿਬ ਨੂੰ ਵਿਛੜੇ ਆਪਣਿਆਂ ਦੇ ਮਿਲਾਪ ਦਾ ਕੇਂਦਰ ਕਿਹਾ ਜਾਣ ਲੱਗਾ ਹੈ।

ਸਰਹੱਦ ਦੇ ਦੋਵੇਂ ਪਾਸਿਆਂ ਤੋਂ ਲੋਕ ਇੱਥੇ ਆਪਣਿਆਂ ਨੂੰ ਮਿਲਣ ਆਉਂਦੇ ਹਨ ਅਤੇ ਇਨ੍ਹਾਂ ਮੁਲਾਕਾਤਾਂ ਦੀਆਂ ਭਾਵੁਕ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ।

ਇੰਤਖ਼ਾਬ ਆਲਮ ਅਤੇ ਬਿਸ਼ਨ ਸਿੰਘ ਬੇਦੀ ਦੀ ਮੁਲਾਕਾਤ ਵੀ ਇਨ੍ਹਾਂ ਭਾਵਨਾਵਾਂ ਤੋਂ ਵਾਂਝੀ ਨਹੀਂ ਸੀ।

ਕਲਿੱਕ ਕਰੋ ਤੇ ਪੜ੍ਹੋ ਪੂਰੀ ਰਿਪੋਰਟ

ਤੁਰਕੀ ਰਾਹੀਂ ਕਿਵੇਂ ਕਰਵਾਇਆ ਜਾਂਦਾ ਹੈ ਯੂਕੇ ਲਈ ਗੈਰਕਾਨੂੰਨੀ ਪਰਵਾਸ- ਇੱਕ ਤਸਕਰ ਨੇ ਦੱਸਿਆ ਰੂਟ

ਇੱਕ ਮਨੁੱਖੀ ਤਸਕਰ ਦਾ ਕਹਿਣਾ ਹੈ ਕਿ ਬ੍ਰਿਟੇਨ ਸਰਕਾਰ ਦੇ ਪਨਾਹ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੇ ਫ਼ੈਸਲੇ ਨਾਲ ਉਸ ਦੇ ਗਾਹਕਾਂ ਵਿੱਚ ਕੋਈ ਕਮੀ ਨਹੀਂ ਆਉਣ ਵਾਲੀ।

ਬੀਬੀਸੀ ਪੱਤਰਕਾਰ ਜੇਨ ਕੌਰਬਿਨ ਨੇ ਇਸ ਤਸਕਰ ਨਾਲ ਤੁਰਕੀ ਵਿੱਚ ਉਸ ਦੇ ਅੱਡੇ 'ਤੇ ਮੁਲਾਕਾਤ ਕੀਤੀ।

ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਉਹ ਮਨੁੱਖੀ ਤਸਕਰ ਸਾਨੂੰ ਆਪਣੇ ਕਾਰੋਬਾਰ ਦੇ ਭੇਤ ਦੱਸਣ ਲਈ ਸਹਿਮਤ ਹੋ ਗਿਆ।

ਉਸ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਲੋਕਾਂ ਨੂੰ ਰਸਤੇ ਵਿੱਚ ਆਉਣ ਵਾਲੇ ਖ਼ਤਰਿਆਂ ਨਾਲ ਜਾਣੂ ਕਰਵਾਉਂਦੇ ਹਨ।

ਉਸ ਨੇ ਦੱਸਿਆ, "ਹਾਦਸੇ ਹੋ ਸਕਦੇ ਹਨ। ਅਸੀਂ ਲੋਕਾਂ ਨੂੰ ਡਰਾ ਕੇ ਭਜਾਉਣ ਦੀ ਕੋਸ਼ਿਸ਼ ਕਰਦੇ ਹਾਂ।"

"ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਇਹ ਰਾਹ ਖ਼ਤਰਨਾਕ ਹੈ। ਤੁਸੀਂ ਮਾਰੇ ਜਾ ਸਕਦੇ ਹੋ।"

ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)