ਕੈਂਸਰ ਹਸਪਤਾਲ : ਸਿਹਤ ਸਹੂਲਤਾਂ ਵਿਚ ਸੁਧਾਰ ਲਈ ਮੋਦੀ ਸਰਕਾਰ ਦਾ 6 ਨੁਕਾਤੀ ਏਜੰਡਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਨਿਊ ਚੰਡੀਗੜ੍ਹ ਵਿੱਚ ਮੁੱਲਾਪੁਰ ਵਿੱਚ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਉਦਘਾਟਨ ਕਰ ਦਿੱਤਾ ਗਿਆ ਹੈ।

ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਪੂਰੇ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਇੱਥੇ ਮੌਜੂਦ ਸਹੂਲਤਾਂ ਬਾਰੇ ਜਾਇਜ਼ਾ ਲਿਆ ਗਿਆ।

ਇਹ ਕੈਂਸਰ ਹਸਪਤਾਲ 660 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਹਸਪਤਾਲ ਦੀ ਸਮਰੱਥਾ 300 ਬਿਸਤਰਿਆਂ ਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਨੂੰ ਹਰਿਆਣਾ ਦੇ ਫ਼ਰੀਦਾਬਾਦ ਵਿੱਚ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਵਿੱਚ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੁਤਾਬਕ ਇਸ ਹਸਪਤਾਲ ਨਾਲ ਐੱਨਸੀਆਰ ਵਿੱਚ ਸਿਹਤ ਸਹੂਲਤਾਂ 'ਚ ਵਾਧਾ ਹੋਵੇਗਾ।

ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਇਕੱਠ ਵਿਚ ਸ਼ਾਮਲ ਹੋਏ ਹਨ।

ਸਮਾਗਮ ਦੀ ਸ਼ੁਰੂਆਤ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ।

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ''ਇਹ ਹਸਪਤਾਲ ਭਾਰਤ ਦੇ ਪ੍ਰਮਾਣੂ ਊਰਜਾ ਵਿਭਾਗ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ''।

ਇਸ ਦਾ ਮਕਸਦ ਲੋਕਾਂ ਨੂੰ ਸਸਤੀਆਂ ਤੇ ਵਧੀਆਂ ਸਹੂਲਤਾਂ ਮਹੁੱਈਆ ਕਰਵਾਉਣਾ ਹੈ।

ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਅਜ਼ਾਦੀ ਦੇ ਅੰਮ੍ਰਿਤਕਾਲ ਮਹਾਉਤਸਵ ਨਾਲ ਜੋੜ ਕੇ ਕੀਤੀ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਦੇਸ ਨੇ ਵਿਕਸਤ ਬਣਾਉਣ ਦਾ ਅਹਿਦ ਲਿਆ ਹੈ।

ਹੋਮੀ ਭਾਬਾ ਹਸਪਤਾਲ ਅਤੇ ਖੋਜ ਕੇਂਦਰ ਉਸੇ ਦਿਸ਼ਾ ਵੱਲ ਇੱਕ ਕਦਮ ਹੈ। ਭਾਰਤ ਨੂੰ ਵਿਕਸਿਤ ਦੇਸ ਬਣਾਉਣ ਲਈ ਆਧੁਨਿਕ ਸਿਹਤ ਸਹੂਲਤਾਂ ਵੀ ਜ਼ਰੂਰੀ।

ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਹਿਮਾਚਲ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਨੂੰ ਵੀ ਲਾਭ ਮਿਲੇਗਾ।

ਉਨ੍ਹਾਂ ਨੇਕਿਹਾ ਪਿਛਲੇ 8 ਸਾਲਾਂ ਦੌਰਾਨ ਦੇਸ ਵਿਚ ਸਿਹਤ ਸੁਵਿਧਾਵਾਂ ਦੇ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। ਸਿਹਤ ਦੇ ਖੇਤਰ ਵਿੱਚ ਜਿੰਨਾ ਕੰਮ ਪਿਛਲੇ ਸੱਤ-ਅੱਠ ਸਾਲਾਂ ਦੌਰਾਨ ਹੋਇਆ ਪਿਛਲੇ 70 ਸਾਲਾਂ ਦੌਰਾਨ ਵੀ ਨਹੀਂ ਹੋਇਆ।

ਗਰੀਬਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਦੇਸ ਕਈ ਮੋਰਚਿਆਂ ਦੇ ਕੰਮ ਕਰ ਰਿਹਾ ਹੈ।

  • ਪਹਿਲਾ ਮੋਰਚਾ ਲੋਕਾਂ ਵਿਚ ਬਿਮਾਰੀਆਂ ਤੋਂ ਬਚਾਅ ਦਾ
  • ਦੂਜਾ ਮੋਰਚਾ ਪਿੰਡਾਂ ਵਿਚ ਸਿਹਤ ਸਹੂਲਤਾਂ ਵਿਸਥਾਰ
  • ਤੀਜਾ ਮੋਰਚਾ ਬਿਮਾਰੀਆਂ ਦੀ ਅਗਾਊ ਸ਼ਨਾਖ਼ਤ ਦਾ ਹੈ
  • ਚੌਥਾ ਮੋਰਚਾ ਹੈ ਸ਼ਹਿਰਾਂ ਵਿਚ ਮੈਡੀਕਲ ਕਾਲਜ ਖੋਲਣ ਦਾ
  • ਪੰਜਵਾਂ ਮੋਰਚਾ ਹੈ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਗਿਣਤੀ ਵਧਾਉਣ ਦਾ
  • ਛੇਵਾਂ ਮੋਰਚਾ ਗਰੀਬ ਲੋਕਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਦਾ

ਦੇਸ ਭਰ ਵਿੱਚ ਸਵਾ ਲੱਖ ਤੋਂ ਜ਼ਿਆਦਾ ਹੈਲਥ ਐਂਡ ਵੈਲਨੈਸ ਸੈਂਟਰ ਬਣਵਾਏ ਜਾ ਰਹੇ ਹਨ। ਪੰਜਾਬ ਵਿੱਚ ਵੀ ਤਿੰਨ ਹਜ਼ਾਰ ਤੋਂ ਜ਼ਿਆਦਾ ਸੈਂਟਰ ਚੱਲ ਰਹੇ ਹਨ।

ਇਨ੍ਹਾਂ ਸੈਂਟਰਾਂ ਵਿੱਚ 22 ਕਰੋੜ ਲੋਕਾਂ ਦੀ ਕੈਂਸਰ ਸਕ੍ਰੀਨਿੰਗ ਹੋਈ ਹੈ ਜਿਸ ਵਿੱਚੋਂ 60 ਲੱਖ ਲੋਕਾਂ ਦੀ ਸਕ੍ਰੀਨਿੰਗ ਸਿਰਫ਼ ਪੰਜਾਬ ਵਿੱਚ ਹੋਈ ਹੈ।

ਸਾਲ 2014 ਤੋਂ ਪਹਿਲਾਂ ਦੇਸ ਵਿੱਚ 400 ਤੋਂ ਘੱਟ ਮੈਡੀਕਲ ਕਾਲਜ ਸਨ। ਜਦਕਿ ਪਿਛਲੇ ਅੱਠ ਸਾਲਾਂ ਦੌਰਾਨ 200 ਤੋਂ ਵਧੇਰੇ ਮੈਡੀਕਲ ਕਾਲਜ ਬਣਾਏ ਗਏ ਹਨ।

ਪੰਜ ਲੱਖ ਤੋਂ ਜ਼ਿਆਦਾ ਆਯੂਸ਼ ਡਾਕਟਰਾਂ ਨੂੰ ਮੈਡੀਕਲ ਡਾਕਟਰਾਂ ਵਜੋਂ ਮਾਨਤਾ ਦਿੱਤੀ ਗਈ। ਇਸ ਸਦਕਾ ਦੇਸ ਵਿੱਚ ਡਾਕਟਰ ਮਰੀਜ਼ ਅਨੁਪਾਤ ਵਿੱਚ ਸੁਧਾਰ ਹੋਇਆ ਹੈ।

ਹਸਪਤਾਲ ਵਿੱਚ ਕੀ ਖ਼ਾਸ ਹੈ

  • ਹੋਮੀ ਭਾਬਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ (ਟੀਐਮਸੀ) ਮੁੱਲਾਂਪੁਰ ਨੇੜੇ ਨਿਊ ਚੰਡੀਗੜ੍ਹ ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਦੇ ਵੱਲੋਂ ਬਣਾਇਆ ਗਿਆ ਹੈ।
  • 300 ਬੈਡਾਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਅਤੇ ਰਿਸਰਚ ਸੈਂਟਰ 664 ਕਰੋੜ ਦੀ ਲਾਗਤ ਨਾਲ 51 ਏਕੜ ਵਿੱਚ ਬਣਾਇਆ ਗਿਆ ਹੈ।
  • ਟਾਟਾ ਮੈਮੋਰੀਅਨ ਰਿਸਰਚ ਸੈਂਟਰ ਕੈਂਸਰ ਵਿੱਚ ਦੇਸ਼ ਦਾ ਮੋਹਰੀ ਰਿਸਰਚ ਸੈਂਟਰ ਹੈ, ਜੋਕਿ ਪ੍ਰਮਾਣੂ ਊਰਜਾ ਵਿਭਗ ਦੇ ਤਹਿਤ ਇੱਕ ਗ੍ਰਾਂਟ-ਇਨ-ਏਡ ਸੰਸਥਾ ਹੈ।
  • ਮੁੱਲਾਂਪੁਰ ਮੋਹਾਲੀ ਦਾ ਕੈਂਸਰ ਰਿਸਚਰ ਸੈਂਟਰ ਵਿੱਚ ਕੈਂਸਰ ਦੇ ਇਲਾਜ ਅਤੇ ਰੋਕਥਾਮ ਲਈ ਖੋਜ ਕੀਤੀ ਜਾਵੇਗੀ।
  • ਇਸ ਦੇ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਕੈਂਸਰ ਮਰੀਜ਼ਾਂ ਦੀ ਇਲਾਜ ਦੀ ਸਹੂਲਤ ਲੈ ਸਕਣਗੇ।
  • ਇੱਥੇ- ਸਰਜੀਕਲ ਔਂਕਲੋਜੀ, ਮੈਡੀਕਲ ਔਂਕਲੋਜੀ, ਪ੍ਰਵੈਂਟਿਵ ਔਂਕਲੋਜੀ ਸਮੇਤ ਕੈਂਸਰ ਦੇ ਇਲਾਜ ਨਾਲ ਜੁੜੀਆਂ ਕਈ ਸਹੂਲਤਾਂ ਮਰੀਜ਼ਾਂ ਨੂੰ ਮਿਲਣਗੀਆਂ।

ਭਗਵੰਤ ਮਾਨ ਨੇ ਸੰਬੋਧਨ ਵਿਚ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਸੁਰੱਖਿਆ ਪ੍ਰਣਾਲੀ ਪੱਖੋਂ ਪਿਛਲੇ ਸਮੇਂ ਵਿੱਚ ਤਤਕਾਲੀ ਸਰਕਾਰਾਂ ਦੀ ਕਾਰਗੁਜ਼ਾਰੀ ਪੱਕੋਂ ਕੁਝ ਢਿੱਲੀ ਪੈ ਗਈ ਸੀ, ਪਰ ਹੁਣ ਦਰੁਸਤ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਦਾ ਦੌਰਾ ਰੱਦ ਹੋਣਾ ਮੰਦਭਾਗੀ ਘਟਨਾ ਸੀ।

ਉਨ੍ਹਾਂ ਨੇ ਇਸ ਉੱਪਰ ਦੁੱਖ ਜਤਾਇਆ ਅਤੇ ਕਿਹਾ ਕਿ ਪੰਜਾਬ ਆਪਣੀ ਮੇਜ਼ਬਾਨੀ ਲਈ ਜਾਣਿਆ ਜਾਂਦਾ ਹੈ ਅਤੇ ਤੁਹਾਡਾ ਸਵਾਗਤ ਕਰ ਰਿਹਾ ਹੈ।

ਉਨ੍ਹਾਂ ਕਿਹਾ ਪੰਜਾਬ ਨੇ ਅਜ਼ਾਦੀ ਲੈਣ ਅਤੇ ਇਸ ਨੂੰ ਬਰਕਰਾਰ ਰੱਖਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ, ਪੰਜਾਬ ਭਾਰਤ ਰੂਪੀ ਮੁੰਦਰੀ ਦਾ ਨਗ ਹੈ।

ਪੰਜਾਬ ਸਰਕਾਰ ਇਸ ਨਗ ਨੂੰ ਚਮਕਾਉਣ ਲਈ ਕੇਂਦਰ ਸਰਕਾਰ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਮਿਲਕੇ ਪੰਜਾਬ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀ ਹੈ।

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਲ਼ਈ ਕੁਝ ਤੋਹਫ਼ੇ ਦੇਣ ਦੀ ਅਪੀਲ ਵੀ ਕੀਤੀ।

ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਪੰਜਾਬ ਦਾ ਮਾਲਵਾ ਖੇਤਰ ਕੇਂਸਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ-

ਹਰੇ ਇਨਕਲਾਬ ਨੇ ਜਿੱਥੇ ਦੇਸ਼ ਦਾ ਢਿੱਡ ਭਰਿਆ ਉੱਥੇ ਸਾਨੂੰ ਪਤਾ ਹੀ ਨਹੀਂ ਚੱਲਿਆ ਕਿ ਇਸ ਦੌਰਾਨ ਵਰਤੀਆਂ ਗਈਆਂ ਰਸਾਇਣਕ ਖਾਦਾਂ ਕਾਰਨ ਅਸੀਂ ਇਸ ਨਾਮੁਰਾਦ ਬੀਮਾਰੀ ਦੇ ਸ਼ਿਕਾਰ ਹੋ ਗਏ।

ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚੋਂ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਹੋ ਸਕਦਾ ਹੈ। ਸਾਲ 2013 ਤੋਂ ਜਾਰੀ ਮੁੱਖ ਮੰਤਰੀ ਕੈਂਸਰ ਰਿਲੀਫ਼ ਫੰਡ ਵਿੱਚੋਂ ਵੀ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ।

ਇੱਥੇ ਕੈਂਸਰ ਦਾ ਇਲਾਜ ਆਧੁਨਿਕ ਤਕਨੀਕਾਂ ਨਾਲ ਕੀਤਾ ਜਾਵੇਗਾ ਜਿਸ ਵਿੱਚ ਸਰਜਰੀ, ਰੇਡੀਓਥਰੈਪੀ, ਕੀਮੋਥਰੈਪੀ ਆਦਿ ਸ਼ਾਮਿਲ ਹੈ।

ਇਸ ਹਸਪਤਾਲ ਦੀ ਨੀਂਹ ਪੱਥਰ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਅਕਾਲੀ-ਭਾਜਪਾ ਸਰਕਾਰ ਮੌਕੇ 2013 ਵਿੱਚ ਰੱਖਿਆ ਗਿਆ ਸੀ।

ਇਸ ਤੋਂ ਇਲਾਵਾ ਟਾਟਾ ਦਾ ਇੱਕ ਟਾਟਾ ਮੈਮੋਰੀਅਲ ਹਸਪਤਾਲ ਸੰਗਰੂਰ ਵਿੱਚ ਵੀ ਖੁੱਲਿਆ ਹੋਇਆ ਹੈ।

ਇਸ ਤੋਂ ਪਹਿਲਾਂ ਇਸੇ ਸਾਲ ਪੰਜ ਜਨਵਰੀ ਨੂੰ ਸੁਰੱਖਿਆ ਕਾਰਨਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਰੱਦ ਕਰਨਾ ਪਿਆ ਸੀ। ਉਸ ਤੋਂ ਬਾਅਦ ਪੀਐਮ ਮੁੜ ਪਹਿਲੀ ਵਾਰ ਪੰਜਾਬ ਪਹੁੰਚੇ ਹੋਏ ਹਨ।

ਸਿਆਸੀ ਲਾਹਾ ਲੈਣ ਦੀ ਹੋੜ

ਭਾਜਪਾ ਦੀ ਸਰਕਾਰ 'ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਕੈਂਸਰ ਹਸਪਤਾਲ ਦਾ ਸਿਆਸੀ ਲਾਹਾ ਲੈਣ ਦੀ ਹੋੜ ਵੀ ਚੱਲ ਪਈ ਹੈ।

ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵੀਟਰ ਉਪਰ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਣ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਹਨਾਂ ਤਸਵੀਰਾਂ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਿਖਾਈ ਦੇ ਰਹੇ ਹਨ।

ਹਰਸਿਮਰਤ ਕੌਰ ਬਾਦਲ ਨੇ ਲਿਖਿਆ, "ਪਿਛਲੀ ਅਕਾਲੀ ਸਰਕਾਰ ਵੱਲੋਂ ਕੈਂਸਰ ਵਿਰੁੱਧ ਸ਼ੁਰੂ ਕੀਤੀ ਜੰਗ ਦਾ ਨਤੀਜਾ ਹੈ ਕਿ ਨਿਊ ਚੰਡੀਗੜ੍ਹ ਵਿਖੇ 684 ਕਰੋੜ ਰੁਪਏ ਦੀ ਲਾਗਤ ਨਾਲ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਖੁੱਲ ਰਿਹਾ ਹੈ। ਦਸੰਬਰ 2013 ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ, ਮੈਂ, ਬਾਦਲ ਸਾਹਿਬ ਅਤੇ ਸੁਖਬੀਰ ਜੀ ਦਾ ਧੰਨਵਾਦ ਕਰਨ ਲਈ ਪੰਜਾਬੀਆਂ ਵਿੱਚ ਸ਼ਾਮਿਲ ਹੁੰਦੀ ਹਾਂ।"

ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਲਿਖਿਆ, "ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਮੇਰੇ ਦਿਲ ਦੇ ਬਹੁਤ ਨੇੜੇ ਦਾ ਇੱਕ ਪ੍ਰੋਜੈਕਟ ਹੈ ਜਿਸ ਦਾ ਨੀਂਹ ਪੱਥਰ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਅਤੇ ਮੈਂ 2013 ਵਿੱਚ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਹੋਣ ਸਮੇਂ ਰੱਖਿਆ ਸੀ। ਇਸ ਦਾ ਉਦਘਾਟਨ ਨਰਿੰਦਰ ਮੋਦੀ ਜੀ ਕਰਨਗੇ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)