ਬਲੋਚਿਸਤਾਨ ਲਿਬਰੇਸ਼ਨ ਆਰਮੀ: ਹਮਲਿਆਂ ਦੀ ਜ਼ਿੰਮੇਵਾਰੀ ਲੈਣ ਵਾਲਾ ਸੰਗਠਨ ਕਦੋਂ ਤੇ ਕਿਵੇਂ ਹੋਂਦ ਵਿਚ ਆਇਆ

ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਬਲੋਚਿਸਤਾਨ ਸੂਬੇ ਦੇ ਦੋ ਵੱਖ-ਵੱਖ ਇਲਾਕਿਆਂ ਨੌਸ਼ਕੀ ਅਤੇ ਪੰਜਗੂਰ ਵਿੱਚ ਐੱਫਸੀ ਹੈੱਡਕੁਆਰਟਰ 'ਤੇ ਹੋਏ ਅੱਤਵਾਦੀ ਹਮਲਿਆਂ ਵਿੱਚ ਹੁਣ ਤੱਕ ਚਾਰ ਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਉੱਧਰ ਪੰਜਗੂਰ ਵਿੱਚ ਅਜੇ ਵੀ ਅਪਰੇਸ਼ਨ ਜਾਰੀ ਹੈ ਅਤੇ ਕੁਝ ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਸੁਰੱਖਿਆ ਬਲਾਂ ਦੁਆਰਾ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ।

ਇੱਕ ਵੀਡੀਓ ਬਿਆਨ ਵਿੱਚ, ਗ੍ਰਹਿ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਬੀਤੀ ਦੇਰ ਰਾਤ ਨੌਸ਼ਕੀ ਅਤੇ ਪੰਜਗੂਰ ਵਿੱਚ ਇੱਕ ਵੱਡਾ ਹਮਲਾ ਕੀਤਾ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ।

ਉਨ੍ਹਾਂ ਦਾਅਵਾ ਕੀਤਾ ਕਿ "ਨੌਸ਼ਕੀ ਵਿੱਚ ਨੌਂ ਅੱਤਵਾਦੀ ਮਾਰੇ ਗਏ ਹਨ, ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਹਨ ਅਤੇ ਪੰਜਗੂਰ ਵਿੱਚ ਛੇ ਅੱਤਵਾਦੀ ਮਾਰੇ ਗਏ ਹਨ।"

ਸ਼ੇਖ ਰਸ਼ੀਦ ਮੁਤਾਬਕ ਪੰਜਗੂਰ ਅਤੇ ਨੌਸ਼ਕੀ ਦੋਵਾਂ ਤੋਂ ਅੱਤਵਾਦੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਫੌਜ ਦਾ ਕਬਜ਼ਾ ਹੈ।

"ਪੰਜਗੂਰ ਵਿੱਚ ਘੱਟੋ-ਘੱਟ ਚਾਰ ਜਾਂ ਪੰਜ ਅੱਤਵਾਦੀ ਸੁਰੱਖਿਆ ਬਲਾਂ ਦੀ ਘੇਰਾਬੰਦੀ ਵਿੱਚ ਹਨ, ਜਿਨ੍ਹਾਂ ਨੂੰ ਜਲਦ ਹੀ ਫੌਜ ਹਰਾਏਗੀ।"

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਕਿਹਾ, "ਅਸੀਂ ਆਪਣੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਬਲੋਚਿਸਤਾਨ, ਪੰਜਗੂਰ ਅਤੇ ਨੌਸ਼ਕੀ ਵਿੱਚ ਫੌਜੀ ਟਿਕਾਣਿਆਂ 'ਤੇ ਹੋਏ ਅੱਤਵਾਦੀ ਹਮਲਿਆਂ ਨੂੰ ਨਾਕਾਮ ਕੀਤਾ।"

ਟਵਿੱਟਰ 'ਤੇ ਜਾਰੀ ਆਪਣੇ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਕਿਹਾ, "ਸਮੁੱਚਾ ਰਾਸ਼ਟਰ ਆਪਣੀ ਸੁਰੱਖਿਆ ਅਤੇ ਰੱਖਿਆ ਲਈ ਮਹਾਨ ਕੁਰਬਾਨੀਆਂ ਦੇਣ ਵਾਲੀਆਂ ਆਪਣੀਆਂ ਫੌਜਾਂ ਦੇ ਪਿੱਛੇ ਇਕਜੁੱਟ ਹੋ ਕੇ ਖੜ੍ਹਾ ਹੈ।"

ਜ਼ਿਕਰਯੋਗ ਹੈ ਕਿ ਬੀਤੀ ਰਾਤ ਪਾਕਿਸਤਾਨੀ ਫੌਜ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਸੀ ਕਿ ਪੰਜਗੂਰ 'ਚ ਅੱਤਵਾਦੀਆਂ ਨੇ ਦੋ ਥਾਵਾਂ ਤੋਂ ਐੱਫਸੀ ਦਫ਼ਤਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸਮੇਂ ਸਿਰ ਕਾਰਵਾਈ ਕਰਕੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ ਗਿਆ ਸੀ।

ਬਲੋਚਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਹਮਲਿਆਂ ਦੀ ਜ਼ਿੰਮੇਵਾਰੀ

ਬਲੋਚਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਹਮਲਿਆਂ ਦੀ ਜ਼ਿੰਮੇਵਾਰੀ ਕਬੂਲਦਿਆਂ ਜਾਰੀ ਕੀਤੇ ਗਏ ਸੰਦੇਸ਼ ਮੁਤਾਬਕ ਸੰਗਠਨ ਦੇ ਮਜੀਦ ਬ੍ਰਿਗੇਡ ਨੇ ਦਾਅਵਾ ਕੀਤਾ ਹੈ ਕਿ ਪੰਜਗੂਰ ਅਤੇ ਨੌਸ਼ਕੀ 'ਚ ਝੜਪਾਂ ਜਾਰੀ ਹਨ, ਜਿਸ 'ਚ ਉਨ੍ਹਾਂ ਦੇ ਦੋ ਹਮਲਾਵਰ ਮਾਰੇ ਗਏ ਹਨ।

ਨੌਸ਼ਕੀ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਨੇੜਲੇ ਪੁਲਿਸ ਸਟੇਸ਼ਨਾਂ, ਇੱਕ ਸਿਵਲ ਹਸਪਤਾਲ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਹਿਲਾ ਕੇ ਰੱਖ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬਲੋਚਿਸਤਾਨ ਲਿਬਰੇਸ਼ਨ ਆਰਮੀ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਈ?

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਦੋ ਵੱਖ-ਵੱਖ ਇਲਾਕਿਆਂ ਨੌਸ਼ਕੀ ਅਤੇ ਪੰਜਗੂਰ 'ਚ ਬੁੱਧਵਾਰ ਨੂੰ ਐੱਫਸੀ ਦੇ ਦਫਤਰਾਂ 'ਤੇ ਅੱਤਵਾਦੀ ਹਮਲਿਆਂ 'ਚ ਘੱਟੋ-ਘੱਟ ਚਾਰ ਜਵਾਨ ਮਾਰੇ ਗਏ ਹਨ, ਜਦਕਿ ਜਵਾਬੀ ਕਾਰਵਾਈ 'ਚ 15 ਅੱਤਵਾਦੀ ਮਾਰੇ ਗਏ ਹਨ।

ਪਾਕਿਸਤਾਨੀ ਫੌਜ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ, "ਸਮੇਂ ਸਿਰ ਕਾਰਵਾਈ ਹੋਣ ਕਰਕੇ ਅੱਤਵਾਦੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ।"

ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਵੱਲੋਂ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਜਾਰੀ ਕੀਤੇ ਗਏ ਸੰਦੇਸ਼ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲੇ ਮਜੀਦ ਬ੍ਰਿਗੇਡ ਨੇ ਕੀਤੇ ਹਨ।

ਬਲੋਚਿਸਤਾਨ ਲਿਬਰੇਸ਼ਨ ਆਰਮੀ ਪਹਿਲੀ ਵਾਰ 1970 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਹੋਂਦ ਵਿੱਚ ਆਈ ਸੀ।

ਜਦੋਂ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੀ ਪਹਿਲੀ ਸਰਕਾਰ ਨੇ ਬਲੋਚਿਸਤਾਨ ਵਿੱਚ ਪਾਕਿਸਤਾਨ ਰਾਜ ਦੇ ਖ਼ਿਲਾਫ਼ ਇੱਕ ਹਥਿਆਰਬੰਦ ਵਿਦਰੋਹ ਸ਼ੁਰੂ ਕੀਤਾ ਸੀ।

ਹਾਲਾਂਕਿ, ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਦੇ ਸੱਤਾ 'ਤੇ ਕਾਬਜ਼ ਹੋਣ ਅਤੇ ਹਥਿਆਰਬੰਦ ਬਗ਼ਾਵਤ ਨੂੰ ਖ਼ਤਮ ਕਰਨ ਲਈ ਬਲੋਚ ਰਾਸ਼ਟਰਵਾਦੀ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬੀਐਲਏ ਵੀ ਪਿਛੋਕੜ ਵਿੱਚ ਚਲਿਆ ਗਿਆ।

ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀ ਅਗਵਾਈ ਹੇਠ ਬਲੋਚਿਸਤਾਨ ਹਾਈ ਕੋਰਟ ਦੇ ਜਸਟਿਸ ਨਵਾਜ਼ ਮਰੀ ਦੇ ਕਤਲ ਦੇ ਇਲਜ਼ਾਮ ਵਿੱਚ ਰਾਸ਼ਟਰਵਾਦੀ ਨੇਤਾ ਨਵਾਬ ਖੈਰ ਬਖ਼ਸ਼ ਮਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ 2000 ਤੋਂ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰੀ ਸਹੂਲਤਾਂ ਅਤੇ ਸੁਰੱਖਿਆ ਬਲਾਂ 'ਤੇ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋਇਆ।

ਸਮੇਂ ਦੇ ਨਾਲ, ਇਹ ਹਮਲੇ ਨਾ ਸਿਰਫ਼ ਵਧੇ, ਬਲਕਿ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਫੈਲ ਗਏ।

ਬੀਐਲਏ ਨੇ ਹੀ ਜ਼ਿਆਦਾਤਰ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

2006 ਵਿੱਚ ਪਾਕਿਸਤਾਨ ਦੀ ਸਰਕਾਰ ਨੇ ਬਲੋਚ ਲਿਬਰੇਸ਼ਨ ਆਰਮੀ ਨੂੰ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਸੀ।

ਇਹ ਵੀ ਪੜ੍ਹੋ:-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)