ਇੰਦਰਾ ਗਾਂਧੀ ਨੂੰ ਜੇਲ੍ਹ ਭਿਜਵਾਉਣ ਵਾਲੇ ਚਰਣ ਸਿੰਘ ਨੇ ਇੰਝ ਕਾਂਗਰਸ ਦੇ ਦਬਦਬੇ ਨੂੰ ਯੂਪੀ ’ਚ ਢਾਹ ਲਾਈ ਸੀ

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦਾ ਦਬਦਬਾ ਸੀ ਅਤੇ ਗੋਵਿੰਦ ਵੱਲਭ ਪੰਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹੁੰਦੇ ਸਨ। ਉਹ ਉੱਤਰ ਪ੍ਰਦੇਸ਼ ਦੀ ਰਾਜਨੀਤੀ ਨੂੰ ਇੱਕ ਤਰ੍ਹਾਂ ਦੀ ਸਥਿਰਤਾ ਪ੍ਰਦਾਨ ਕਰਦੇ ਸਨ। ਉਨ੍ਹਾਂ ਦੇ ਗ੍ਰਹਿ ਮੰਤਰੀ ਵਜੋਂ ਦਿੱਲੀ ਚਲੇ ਜਾਣ ਤੋਂ ਬਾਅਦ ਇਹ ਸਥਿਰਤਾ ਥੋੜ੍ਹੀ ਕਮਜ਼ੋਰ ਹੋਣ ਲੱਗੀ ਸੀ।

ਪੰਤ 'ਤੇ ਨਹਿਰੂ ਦੀ ਨਿਰਭਰਤਾ ਇੰਨੀ ਜ਼ਿਆਦਾ ਸੀ ਕਿ ਉਹ ਆਪਣੇ ਖ਼ਾਸ ਰਹੇ ਰਫੀ ਅਹਿਮਦ ਕਿਦਵਈ ਨੂੰ ਦਿੱਲੀ ਲੈ ਗਏ ਸਨ ਤਾਂ ਜੋ ਪੰਤ ਨੂੰ ਉੱਤਰ ਪ੍ਰਦੇਸ਼ 'ਚ ਕਿਸੇ ਤਰ੍ਹਾਂ ਦੀ ਚੁਣੌਤੀ ਨਾ ਮਿਲ ਸਕੇ।

ਚਰਣ ਸਿੰਘ, ਗੋਵਿੰਦ ਵੱਲਭ ਪੰਤ ਨੂੰ ਬਹੁਤ ਮੰਨਦੇ ਸਨ ਅਤੇ ਅਜਿਹਾ ਕੋਈ ਕੰਮ ਨਹੀਂ ਕਰਦੇ ਸਨ ਜੋ ਪੰਤ ਨੂੰ ਬੁਰਾ ਲੱਗੇ। ਪੰਤ ਦੇ ਕੇਂਦਰ ਵਿੱਚ ਜਾਣ ਤੋਂ ਪਹਿਲਾਂ ਤੱਕ ਚਰਣ ਸਿੰਘ ਨੇ ਉਹ ਸਿਆਸੀ ਤੇਵਰ ਨਹੀਂ ਅਪਣਾਏ ਸਨ, ਜਿਨ੍ਹਾਂ ਕਾਰਨ ਅੱਜ ਉਨ੍ਹਾਂ ਨੂੰ ਹਰ ਪਾਸੇ ਜਾਣਿਆ ਜਾਂਦਾ ਹੈ।

ਉੱਤਰ ਪ੍ਰਦੇਸ਼ ਵਿਚ ਸੱਤਾ ਦੀ ਉਥਲ-ਪੁਥਲ ਵਿੱਚ ਚੰਦਰਭਾਨੂ ਗੁਪਤਾ ਚਰਣ ਸਿੰਘ 'ਤੇ ਭਾਰੀ ਪੈ ਰਹੇ ਸਨ ਅਤੇ ਕਾਂਗਰਸ ਅੰਦਰ ਗੁਪਤਾ ਦੇ ਸਮਰਥਕਾਂ ਦੀ ਗਿਣਤੀ ਚਰਣ ਸਿੰਘ ਦੇ ਸਮਰਥਕਾਂ ਤੋਂ ਕਿਤੇ ਵੱਧ ਸੀ।

ਚਰਣ ਸਿੰਘ ਦੀ ਜੀਵਨੀ ਲਿਖਣ ਵਾਲੇ ਪੌਲ ਬ੍ਰਾਸ ਆਪਣੀ ਕਿਤਾਬ "ਐਨ ਇੰਡੀਅਨ ਪੋਲੀਟਿਕਲ ਲਾਈਫ, ਚਰਣ ਸਿੰਘ ਐਂਡ ਕਾਂਗਰਸ ਪਾਲੀਟਿਕਸ" ਵਿੱਚ ਲਿਖਦੇ ਹਨ, "ਬਾਅਦ 'ਚ ਚਰਣ ਸਿੰਘ ਉੱਤੇ ਜਿਸ ਮੌਕਾਪ੍ਰਸਤੀ ਦੇ ਇਲਜ਼ਾਮ ਲਗਾਏ ਗਏ, ਉਹ ਉੱਤਰ ਪ੍ਰਦੇਸ਼ ਦੀ ਸਿਆਸਤ 'ਚ ਵਿੱਚ ਉਨ੍ਹਾਂ ਦੇ ਬਚੇ ਰਹਿਣ ਲਈ ਇੱਕ ਤਰ੍ਹਾਂ ਨਾਲ ਉਨ੍ਹਾਂ ਦੀ ਜ਼ਰੂਰਤ ਬਣ ਗਈ ਸੀ।"

1967 ਦੀਆਂ ਚੋਣਾਂ ਵਿੱਚ ਕਾਂਗਰਸ ਪਹਿਲੀ ਵਾਰ ਬਹੁਮਤ ਹਾਸਲ ਕਰਨ ਵਿੱਚ ਅਸਫ਼ਲ ਰਹੀ

ਭਾਰਤ ਦੇ ਸਿਆਸੀ ਇਤਿਹਾਸ ਵਿੱਚ ਚੌਥੀਆਂ ਆਮ ਚੋਣਾਂ ਨੇ ਕਾਫੀ ਹਲਚਲ ਪੈਦਾ ਕਰ ਦਿੱਤੀ ਸੀ। ਇੱਥੋਂ ਹੀ ਕਾਂਗਰਸ ਦੇ ਪਤਨ ਅਤੇ ਇਸ ਦੇ ਬਦਲ ਵਜੋਂ ਇੱਕ ਮਜ਼ਬੂਤ ਪਰ ਵੰਡੀ ਹੋਈ ਵਿਰੋਧੀ ਧਿਰ ਦੇ ਉੱਭਰਣ ਦੀ ਸ਼ੁਰੂਆਤ ਹੋਈ।

ਇਹ ਵੀ ਪੜ੍ਹੋ:

ਉੱਤਰ ਪ੍ਰਦੇਸ਼ ਵਿੱਚ ਇਹ ਪਹਿਲੀਆਂ ਚੋਣਾਂ ਸਨ ਜਦੋਂ ਕਾਂਗਰਸ ਪੂਰਨ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ ਸੀ। ਪਾਰਟੀ 423 ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚ 198 ਸੀਟਾਂ ਜਿੱਤ ਕੇ ਸਭ ਤੋਂ ਵੱਡਾ ਦਲ ਬਣ ਕੇ ਉੱਭਰੀ ਜ਼ਰੂਰ ਸੀ ਪਰ ਮੁੱਖ ਮੰਤਰੀ ਸੀਬੀ ਗੁਪਤਾ ਨੂੰ ਆਪਣੀ ਸੀਟ ਬਚਾਉਣ ਲਈ ਕੜੀ ਮਸ਼ੱਕਤ ਕਰਨੀ ਪਈ ਸੀ ਅਤੇ ਉਹ ਸਿਰਫ਼ 73 ਵੋਟਾਂ ਨਾਲ ਜਿੱਤੇ ਸਨ।

ਦੂਜੀ ਸਭ ਤੋਂ ਵੱਡੀ ਪਾਰਟੀ ਜਨਸੰਘ ਨੂੰ ਕਾਂਗਰਸ ਨਾਲੋਂ 97 ਸੀਟਾਂ ਘੱਟ ਮਿਲੀਆਂ ਸਨ। ਕਾਂਗਰਸ ਨੇ 37 ਆਜ਼ਾਦ ਮੈਂਬਰਾਂ ਅਤੇ ਦੂਜੀਆਂ ਛੋਟੀਆਂ ਪਾਰਟੀਆਂ ਨਾਲ ਮਿਲ ਕੇ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਤਾਂ ਬਣਾ ਲਈ, ਪਰ ਉਸਦੀ ਸਥਿਰਤਾ 'ਤੇ ਪਹਿਲੇ ਦਿਨ ਤੋਂ ਹੀ ਸਵਾਲ ਉਠਾਏ ਜਾ ਰਹੇ ਹਨ। ਕਾਂਗਰਸ ਨੂੰ ਇਸ ਨਾਲ ਵੀ ਮਦਦ ਮਿਲੀ ਸੀ ਕਿ ਜਿੱਤਣ ਵਾਲੇ 37 ਆਜ਼ਾਦ ਵਿਧਾਇਕਾਂ ਵਿੱਚੋਂ 17 ਕਾਂਗਰਸ ਦੇ ਬਾਗੀ ਉਮੀਦਵਾਰ ਸਨ।

ਇਸ ਮਾਹੌਲ ਵਿੱਚ ਚਰਣ ਸਿੰਘ ਨੇ ਆਗੂ ਅਹੁਦੇ ਲਈ ਸੀਬੀ ਗੁਪਤਾ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਸੀ। ਪਰ ਕੇਂਦਰ ਨੇ ਦਖਲ ਦੇ ਕੇ ਚਰਣ ਸਿੰਘ ਨੂੰ ਮੁਕਾਬਲੇ ਤੋਂ ਹਟਣ ਲਈ ਮਨਾ ਲਿਆ ਸੀ ਅਤੇ ਸੀਬੀ ਗੁਪਤਾ ਨੂੰ ਬਿਨਾਂ ਵਿਰੋਧ ਕਾਂਗਰਸ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ।

ਸੀਬੀ ਗੁਪਤਾ ਦੇ ਸਾਹਮਣੇ ਚਰਣ ਸਿੰਘ ਨੇ ਰੱਖੀਆਂ ਆਪਣੀਆਂ ਸ਼ਰਤਾਂ

ਪਰ ਜਦੋਂ ਮੰਤਰੀ ਮੰਡਲ ਦੇ ਗਠਨ ਦੀ ਗੱਲ ਆਈ ਤਾਂ ਚਰਣ ਸਿੰਘ ਨੇ ਸੀਬੀ ਗੁਪਤਾ ਤੋਂ ਮੰਗ ਕੀਤੀ ਕਿ ਉਹ ਆਪਣੇ ਕੁਝ ਸਮਰਥਕਾਂ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ, ਉਨ੍ਹਾਂ ਭਾਵ ਚਰਣ ਸਿੰਘ ਦੇ ਕੁਝ ਸਮਰਥਕਾਂ ਨੂੰ ਮੰਤਰੀ ਮੰਡਲ 'ਚ ਥਾਂ ਦੇਣ।

ਸੁਭਾਸ਼ ਕਸ਼ਯੱਪ ਆਪਣੀ ਕਿਤਾਬ 'ਦਿ ਪਾਲੀਟਿਕਸ ਆਫ ਡਿਫੈਕਸ਼ਨ: ਏ ਸਟੱਡੀ ਆਫ਼ ਸਟੇਟ ਪਾਲੀਟਿਕਸ ਇਨ ਇੰਡੀਆ' ਵਿੱਚ ਲਿਖਦੇ ਹਨ, "ਚਰਣ ਸਿੰਘ ਚਾਹੁੰਦੇ ਸਨ ਕਿ ਸੀਬੀ ਗੁਪਤਾ ਆਪਣੇ ਮੰਤਰੀ ਮੰਡਲ 'ਚ ਰਾਮ ਮੂਰਤੀ, ਮੁਜ਼ੱਫਰ ਹੁਸੈਨ, ਸੀਤਾ ਰਾਮ ਅਤੇ ਬਨਾਰਸੀ ਦਾਸ ਨੂੰ ਸ਼ਾਮਲ ਨਾ ਕਰਨ, ਪਰ ਗੁਪਤਾ ਨੇ ਉਨ੍ਹਾਂ ਦੀ ਇਹ ਗੱਲ ਨਹੀਂ ਮੰਨੀ।''

''ਚਰਣ ਸਿੰਘ ਇਹ ਵੀ ਚਾਹੁੰਦੇ ਸਨ ਕਿ ਉਨ੍ਹਾਂ ਦੀ ਥਾਂ ਉਨ੍ਹਾਂ (ਚਰਣ ਸਿੰਘ) ਦੇ ਖ਼ਾਸ ਉਦਿਤ ਨਾਰਾਇਣ ਸ਼ਰਮਾ ਅਤੇ ਜੈਰਾਮ ਵਰਮਾ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾਵੇ ਪਰ ਸੀਬੀ ਗੁਪਤਾ ਨੇ ਉਨ੍ਹਾਂ ਦੀ ਇਹ ਮੰਗ ਵੀ ਠੁਕਰਾ ਦਿੱਤੀ।''

ਚਰਣ ਸਿੰਘ ਨੇ ਛੱਡੀ ਕਾਂਗਰਸ

ਬਾਅਦ ਵਿੱਚ ਚੰਦਰਭਾਨੂ ਗੁਪਤਾ ਨੇ ਆਪਣੀ ਸਵੈ-ਜੀਵਨੀ 'ਆਟੋਬਾਇਓਗ੍ਰਾਫੀ: ਮਾਈ ਟ੍ਰਾਇੰਫਜ਼ ਐਂਡ ਟ੍ਰੈਜੇਡੀਜ਼' ਵਿੱਚ ਲਿਖਿਆ, "ਮੈਂ 26 ਮਾਰਚ ਨੂੰ ਹੋਲੀ ਵਾਲੇ ਦਿਨ ਚਰਣ ਸਿੰਘ ਨੂੰ ਮਿਲਣ ਗਿਆ ਸੀ ਪਰ ਉਹ ਉਨ੍ਹਾਂ ਲੋਕਾਂ ਨਾਲ ਹੀ ਘਿਰੇ ਹੋਏ ਸਨ ਜਿਨ੍ਹਾਂ ਨੂੰ ਉਹ ਮੰਤਰੀ ਮੰਡਲ ਵਿੱਚ ਸ਼ਾਮਲ ਕਰਵਾਉਣਾ ਚਾਹੁੰਦੇ ਸਨ।''

''ਉਸ ਸਮੇਂ ਉਨ੍ਹਾਂ ਨਾਲ ਗੱਲ ਕਰਨਾ ਵੀ ਸੰਭਵ ਨਹੀਂ ਸੀ, ਇਸ ਲਈ ਮੈਂ ਵਾਪਸ ਮੁੜ ਆਇਆ। ਮੈਂ ਉਨ੍ਹਾਂ ਨੂੰ ਕਿਹਾ ਕਿ ਆਪਾਂ 2 ਅਪ੍ਰੈਲ ਨੂੰ ਗੱਲ ਕਰਾਂਗੇ ਪਰ 1 ਅਪ੍ਰੈਲ ਨੂੰ ਹੀ ਦੁਪਹਿਰ 3:45 ਵਜੇ ਮੈਨੂੰ ਪਤਾ ਲੱਗਾ ਕਿ ਚਰਣ ਸਿੰਘ ਨੇ ਪਾਰਟੀ ਛੱਡ ਦਿੱਤੀ ਹੈ।''

ਉਹ ਲਿਖਦੇ ਸਨ, "ਮੈਂ ਚਰਣ ਸਿੰਘ ਦੀ ਸਲਾਹ 'ਤੇ ਜੈਰਾਮ ਵਰਮਾ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਨ ਲਈ ਰਾਜ਼ੀ ਵੀ ਹੋ ਗਿਆ ਸੀ। ਇਸ ਤੋਂ ਇਲਾਵਾ ਮੈਂ ਇਸ ਗੱਲ 'ਤੇ ਵੀ ਰਾਜ਼ੀ ਸੀ ਕਿ ਚਰਣ ਸਿੰਘ ਦੇ ਵਿਰੋਧੀਆਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਨਾ ਕਰਾਂ ਸਿਵਾਏ ਸੀਤਾ ਰਾਮ ਦੇ। ਪਰ ਗੱਲ ਨਹੀਂ ਬਣੀ। ਚਰਣ ਸਿੰਘ ਨੂੰ ਡਰ ਸੀ ਕਿ ਮੈਂ ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।''

ਚਰਣ ਸਿੰਘ ਬਣੇ ਸੰਯੁਕਤ ਵਿਧਾਇਕ ਦਲ ਦੇ ਪ੍ਰਧਾਨ

ਉਸ ਸਮੇਂ ਤੱਕ ਨਾ ਤਾਂ ਚੰਦਰਭਾਨੂ ਗੁਪਤਾ ਕੋਲ ਪੂਰਨ ਬਹੁਮਤ ਸੀ ਅਤੇ ਨਾ ਹੀ ਵਿਧਾਇਕ ਦਲ ਦੇ ਆਗੂ ਰਾਮ ਚੰਦਰ ਵਿਕਾਸ ਕੋਲ। ਪਰ ਇਸ ਦੇ ਬਾਵਜੂਦ ਰਾਜਪਾਲ ਗੋਪਾਲ ਰੈੱਡੀ ਨੇ ਗੁਪਤਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ।

ਸੁਭਾਸ਼ ਕਸ਼ਯੱਪ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਚਰਣ ਸਿੰਘ ਨੇ ਗੁਪਤਾ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਗੈਰ-ਕਾਂਗਰਸੀ ਪਾਰਟੀਆਂ ਨਾਲ ਗੱਲਬਾਤ ਵਿੱਚ ਲੱਗ ਗਏ। 3 ਅਪ੍ਰੈਲ ਨੂੰ ਉਨ੍ਹਾਂ ਨੂੰ ਸੰਯੁਕਤ ਵਿਧਾਇਕ ਦਲ ਦਾ ਨੇਤਾ ਚੁਣ ਲਿਆ।''

''ਹਾਲਾਂਕਿ, ਚਰਣ ਸਿੰਘ ਇਸ ਦਲ ਦੇ ਮੈਂਬਰ ਸਨ, ਪਰ ਇਸ ਵਿੱਚ ਸਭ ਤੋਂ ਵੱਧ 98 ਮੈਂਬਰ ਜਨਸੰਘ ਦੇ ਸਨ, ਜੋ ਕਿ ਦੂਜੇ ਸਭ ਤੋਂ ਵੱਡੇ ਹਿੱਸੇਦਾਰ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਦੁੱਗਣੇ ਤੋਂ ਵੀ ਵੱਧ ਸਨ। ਉਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਚਰਣ ਸਿੰਘ ਦੇ ਆਪਣੇ ਵਿਧਾਇਕਾਂ ਨਾਲੋਂ ਪੰਜ ਗੁਣਾ ਵੱਧ ਸੀ।"

ਉਹ ਲਿਖਦੇ ਹਨ, "ਚਰਣ ਸਿੰਘ ਨੂੰ ਇਸ ਗੱਠਜੋੜ ਦਾ ਨੇਤਾ ਬਣਾਇਆ ਗਿਆ ਸੀ। ਭਾਰਤੀ ਜਨ ਸੰਘ ਦੇ ਰਾਮ ਪ੍ਰਕਾਸ਼ ਉਪ ਮੁੱਖ ਮੰਤਰੀ ਸਨ, ਜਦਕਿ ਦੂਜੀ ਸਭ ਤੋਂ ਵੱਡੀ ਪਾਰਟੀ ਐੱਸਐੱਸਪੀ ਨੂੰ ਮਹੱਤਵਪੂਰਨ ਵਿੱਤ ਮੰਤਰਾਲਾ ਦਿੱਤਾ ਗਿਆ ਸੀ।"

ਕਿਹਾ ਜਾਂਦਾ ਹੈ ਕਿ ਚਰਣ ਸਿੰਘ ਨੂੰ ਕਾਂਗਰਸ ਤੋਂ ਵੱਖ ਕਰਵਾਉਣ ਵਿੱਚ ਰਾਜ ਨਰਾਇਣ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਉਹ ਕਈ ਵਾਰ ਦਿੱਲੀ ਤੋਂ ਲਖਨਊ ਗਏ। ਚਰਣ ਸਿੰਘ 'ਤੇ ਬਨਾਰਸੀ ਦਾਸ ਵਰਗੇ ਕਈ ਆਗੂਆਂ ਦਾ ਦਬਾਅ ਸੀ ਕਿ ਉਹ ਕਾਂਗਰਸ ਤੋਂ ਅਸਤੀਫਾ ਨਾ ਦੇਣ, ਪਰ ਰਾਜ ਨਰਾਇਣ ਨੇ ਉਨ੍ਹਾਂ ਨੂੰ ਇਸ ਲਈ ਮਨਾ ਹੀ ਲਿਆ।

ਮੁਸਲਮਾਨਾਂ ਨੇ ਪਹਿਲੀ ਵਾਰ ਕੀਤਾ ਕਾਂਗਰਸ ਦਾ ਵਿਰੋਧ

ਸੰਯੁਕਤ ਵਿਧਾਇਕ ਦਲ ਦੀ ਸਰਕਾਰ ਭਾਰਤੀ ਸਿਆਸਤ ਦਾ ਇੱਕ ਅਨੋਖਾ ਪ੍ਰਯੋਗ ਸੀ, ਜਿਸ ਵਿੱਚ ਖੱਬੇ ਪੱਖ ਤੋਂ ਲੈ ਕੇ ਸੱਜੇ ਪੱਖ ਤੱਕ ਦੇ ਲੋਕ ਸ਼ਾਮਲ ਸਨ।

ਪਾਲ ਏ ਬ੍ਰਾਸ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਸੁਤੰਤਰ ਪਾਰਟੀ ਪੂਰੀ ਤਰ੍ਹਾਂ ਨਾਲ ਦੱਖਣ ਪੰਥੀ ਪਾਰਟੀ ਸੀ। ਇਸ ਦੇ 13 ਵਿੱਚੋਂ 5 ਵਿਧਾਇਕ ਰਾਮਪੁਰ ਤੋਂ ਜਿੱਤ ਕੇ ਆਏ ਸਨ। ਉਨ੍ਹਾਂ ਦੇ ਆਗੂ ਅਖਤਰ ਅਲੀ ਨੂੰ ਆਬਕਾਰੀ ਅਤੇ ਵਕਫ਼ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਸੀ। ਉਹ ਸੰਯੁਕਤ ਵਿਧਾਇਕ ਦਲ ਮੰਤਰੀ ਮੰਡਲ ਦੇ ਇਕਲੌਤੇ ਮੁਸਲਿਮ ਮੰਤਰੀ ਸਨ। ਉਨ੍ਹਾਂ ਨੇ ਹੀ ਮੈਨੂੰ ਦੱਸਿਆ ਸੀ ਕਿ ਇਨ੍ਹਾਂ ਚੋਣਾਂ 'ਚ ਪਹਿਲੀ ਵਾਰ ਕਾਂਗਰਸ ਨੂੰ ਮੁਸਲਮਾਨਾਂ ਦਾ ਸਮਰਥਨ ਨਹੀਂ ਮਿਲਿਆ ਸੀ।''

''ਹਾਲਾਂਕਿ ਅਜੇ ਵੀ ਵਿਰੋਧੀ ਧਿਰ ਦੇ ਮੁਕਾਬਲੇ ਕਾਂਗਰਸ ਦੇ ਮੁਸਲਿਮ ਵਿਧਾਇਕਾਂ ਦੀ ਸੰਖਿਆ ਜ਼ਿਆਦਾ ਸੀ, ਪਰ ਇੱਥੋਂ ਕਾਂਗਰਸ ਲਈ ਮੁਸਲਮਾਨਾਂ ਦੇ ਮੋਹ ਭੰਗ ਦੀ ਸ਼ੁਰੂਆਤ ਹੋਈ। ਕਿਉਂਕਿ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਨੂੰ ਲਗਭਗ ਆਟੋਮੈਟਿਕ ਸਮਰਥਨ ਮਿਲ ਜਾਂਦਾ ਸੀ।''

ਸ਼ੁਰੂ ਤੋਂ ਹੀ ਗੱਠਜੋੜ ਵਿੱਚ ਪਈ ਫੁੱਟ

ਸੰਯੁਕਤ ਵਿਧਾਇਕ ਦਲ ਦੀ ਸਰਕਾਰ ਨੂੰ ਸਭ ਤੋਂ ਪਹਿਲੀ ਚੁਣੌਤੀ ਉਦੋਂ ਮਿਲੀ ਜਦੋਂ ਚੰਦਰਭਾਨੂ ਗੁਪਤਾ ਦੀ ਅਗਵਾਈ ਵਿੱਚ ਕਾਂਗਰਸ ਨੇ ਉਨ੍ਹਾਂ ਵਿਰੁੱਧ ਅਵਿਸ਼ਵਾਸ ਮਤਾ ਪੇਸ਼ ਕੀਤਾ ਪਰ ਇਹ ਮਤਾ ਫਲੇ ਹੋ ਗਿਆ। ਸਰਕਾਰ ਦੇ ਸਮਰਥਨ ਵਿੱਚ 220 ਅਤੇ ਵਿਰੋਧ ਵਿੱਚ 200 ਵੋਟਾਂ ਪਈਆਂ। ਪਰ ਸ਼ੁਰੂ ਤੋਂ ਹੀ ਇਸ ਗੱਠਜੋੜ ਵਿੱਚ ਦਰਾਰ ਪੈਣੀ ਸ਼ੁਰੂ ਹੋ ਗਈ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਿਉਂਕਿ ਜਨਸੰਘ ਸਭ ਤੋਂ ਵੱਡਾ ਹਿੱਸਾ ਸੀ, ਇਸ ਲਈ ਚਰਣ ਸਿੰਘ ਨੇ ਉਸ ਨੂੰ ਸਿੱਖਿਆ, ਸਥਾਨਕ ਪ੍ਰਸ਼ਾਸਨ ਅਤੇ ਸਹਿਕਾਰਤਾ ਦੇ ਤਿੰਨ ਮਹੱਤਵਪੂਰਨ ਵਿਭਾਗ ਦਿੱਤੇ। ਬਾਅਦ ਵਿਚ ਚਰਣ ਸਿੰਘ ਨੇ ਇਹ ਵਿਭਾਗ ਉਨ੍ਹਾਂ ਤੋਂ ਲੈ ਕੇ ਉਨ੍ਹਾਂ ਨੂੰ ਜਨਤਕ ਕਾਰਜ ਅਤੇ ਪਸ਼ੂ ਪਾਲਣ ਵਿਭਾਗ ਦੇ ਦਿੱਤੇ।

ਜ਼ਾਹਿਰ ਹੈ ਕਿ ਜਨਸੰਘ ਨੂੰ ਇਹ ਪਸੰਦ ਨਹੀਂ ਆਇਆ। ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਸਰਕਾਰੀ ਮੁਲਾਜ਼ਮਾਂ ਦੀ ਛਂਟਨੀ ਦੇ ਮੁੱਦੇ 'ਤੇ ਸਭ ਤੋਂ ਪਹਿਲਾਂ ਸਰਕਾਰ ਤੋਂ ਕਿਨਾਰਾ ਕੀਤਾ। ਜਦੋਂ ਸੰਯੁਕਤ ਸੋਸ਼ਲਿਸਟ ਪਾਰਟੀ ਨੇ ਅੰਗਰੇਜ਼ੀ ਹਟਾਓ ਅੰਦੋਲਨ ਸ਼ੁਰੂ ਕੀਤਾ ਤਾਂ ਚਰਣ ਸਿੰਘ ਨਾਲ ਉਨ੍ਹਾਂ ਦੇ ਗੰਭੀਰ ਮਤਭੇਦ ਸ਼ੁਰੂ ਹੋ ਗਏ।

ਕ੍ਰਿਸ਼ਣਨਾਥ ਸ਼ਰਮਾ ਆਪਣੀ ਕਿਤਾਬ 'ਸੰਵਿਦ ਗਵਰਨਮੈਂਟ ਇਨ ਉੱਤਰ ਪ੍ਰਦੇਸ਼' ਵਿੱਚ ਲਿਖਦੇ ਹਨ, "ਇਹ ਮਤਭੇਦ ਇਸ ਹੱਦ ਤੱਕ ਵਧ ਗਏ ਕਿ ਦੋ ਕੈਬਨਿਟ ਮੰਤਰੀਆਂ ਨੇ ਅੰਗਰੇਜ਼ੀ ਹਟਾਓ ਮੁੱਦੇ 'ਤੇ ਆਪਣੀ ਗ੍ਰਿਫ਼ਤਾਰੀ ਦਿੱਤੀ ਅਤੇ ਚਰਣ ਸਿੰਘ ਸਰਕਾਰ ਨੂੰ ਜਨਤਕ ਤੌਰ 'ਤੇ ਜ਼ਲੀਲ ਕੀਤਾ।”

“5 ਜਨਵਰੀ 1968 ਨੂੰ ਐੱਸਐੱਸਪੀ ਵੀ ਸੰਯੁਕਤ ਵਿਧਾਇਕ ਦਲ ਤੋਂ ਬਾਹਰ ਹੋ ਗਈ।ਚਰਣ ਸਿੰਘ ਨੇ ਇਸ ਗੱਲ 'ਤੇ ਆਪਣਾ ਵਿਰੋਧ ਜਤਾਇਆ ਕਿ ਐੱਸਐੱਸਪੀ ਦੇ ਮੰਤਰੀਆਂ ਨੇ ਆਪਣੇ ਅਸਤੀਫ਼ੇ ਉਨ੍ਹਾਂ ਨੂੰ ਨਹੀਂ ਸਗੋਂ ਅਤੇ ਰਾਜਪਾਲ ਨੂੰ ਸੌਂਪੇ।

ਚਰਣ ਸਿੰਘ ਦੇ ਰਾਹ ਦਾ ਸਭ ਤੋਂ ਵੱਡਾ ਕੰਡਾ, ਸੰਯੁਕਤ ਸੋਸ਼ਲਿਸਟ ਪਾਰਟੀ ਦੇ ਪ੍ਰਧਾਨ ਅਰਜੁਨ ਸਿੰਘ ਭਦੋਰੀਆ ਸਨ। ਹਾਲਾਂਕਿ ਭਦੌਰੀਆ, ਪ੍ਰਜਾ ਸੋਸ਼ਲਿਸਟ ਪਾਰਟੀ ਦੇ ਪ੍ਰਧਾਨ ਸਨ ਅਤੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ, ਪਰ ਫਿਰ ਵੀ ਐੱਸਐੱਸਪੀ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਹੀ ਚੱਲੀ।

ਕ੍ਰਿਸ਼ਣਨਾਥ ਸ਼ਰਮਾ ਲਿਖਦੇ ਹਨ, "ਵਿਧਾਨ ਸਭਾ ਵਿੱਚ ਐੱਸਐੱਸਪੀ ਦੇ ਨੇਤਾ ਅਤੇ ਗੱਠਜੋੜ ਸਰਕਾਰ ਦੀ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ, ਉਗਰਸੇਨ ਨੇ ਆਪਣੀ ਕੇਂਦਰੀ ਅਗਵਾਈ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਸਤੀਫਾ ਦੇ ਦਿੱਤਾ ਅਤੇ ਸਾਰੇ ਐੱਸਐੱਸਪੀ ਮੈਂਬਰਾਂ ਨੂੰ ਕਿਹਾ ਕਿ ਉਹ ਸੰਯੁਕਤ ਦਲ ਦੀਆਂ ਸਾਰੀਆਂ ਇਕਾਈਆਂ ਤੋਂ ਆਪਣੇ ਆਪ ਨੂੰ ਵੱਖ ਕਰ ਲੈਣ।''

18 ਫਰਵਰੀ, 1968 ਨੂੰ ਚਰਣ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਦੇ ਹੋਏ ਵਿਧਾਨ ਸਭਾ ਨੂੰ ਭੰਗ ਕਰਨ ਅਤੇ ਨਵੀਆਂ ਚੋਣਾਂ ਕਰਵਾਉਣ ਦੀ ਸਿਫ਼ਾਰਸ਼ ਕੀਤੀ। ਰਾਜਪਾਲ ਨੇ ਉਨ੍ਹਾਂ ਦੀ ਸਿਫ਼ਾਰਸ਼ ਸਵੀਕਾਰ ਨਹੀਂ ਕੀਤੀ ਅਤੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫ਼ਾਰਿਸ਼ ਕਰ ਦਿੱਤੀ।

ਚਰਣ ਸਿੰਘ ਦੀ ਪ੍ਰਸ਼ੰਸਾ ਅਤੇ ਆਲੋਚਨਾ

ਕਹਿਣ ਨੂੰ ਤਾਂ ਚਰਣ ਸਿੰਘ ਦੀ ਸਰਕਾਰ ਸਿਰਫ ਕੁਝ ਮਹੀਨੇ ਹੀ ਚੱਲੀ ਪਰ ਉਨ੍ਹਾਂ ਦੀ ਸਰਕਾਰ ਵਿੱਚ ਉਹ ਉਪ ਮੁੱਖ ਮੰਤਰੀ ਰਹੇ ਅਤੇ ਬਾਅਦ ਵਿਚ ਸੂਬੇ ਦੇ ਮੁੱਖ ਮੰਤਰੀ ਬਣੇ ਰਾਮ ਪ੍ਰਕਾਸ਼ ਨੇ ਕਿਹਾ, ''ਚੌਧਰੀ ਚਰਣ ਸਿੰਘ ਬਹੁਤ ਵਧੀਆ ਪ੍ਰਸ਼ਾਸਕ ਹਨ, ਪਰ ਸਮੱਸਿਆ ਇਹ ਹੈ ਕਿ ਉਹ ਪ੍ਰਸ਼ਾਸਨ ਵਿੱਚ ਸਿਆਸੀ ਵਿਚਾਰਾਂ ਦਾ ਲਿਹਾਜ਼ ਨਹੀਂ ਕਰਦੇ, ਜਿਸ ਕਾਰਨ ਕਈ ਵਾਰ ਮੁਸ਼ਕਲਾਂ 'ਚ ਪੈ ਜਾਂਦੇ ਹਨ।''

''ਚਰਣ ਸਿੰਘ ਮੰਤਰੀ ਮੰਡਲ ਵਿੱਚ ਪ੍ਰਜਾ ਸੋਸ਼ਲਿਸਟ ਪਾਰਟੀ ਦੇ ਇਕਲੌਤੇ ਮੈਂਬਰ ਪ੍ਰਤਾਪ ਸਿੰਘ ਨੇ ਵੀ ਚਰਣ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਚਰਣ ਸਿੰਘ ਇੱਕ ਮਹਾਨ ਆਗੂ ਸਨ, ਜਿਨ੍ਹਾਂ ਦੀ ਇਮਾਨਦਾਰੀ 'ਤੇ ਸਵਾਲ ਨਹੀਂ ਚੁੱਕੇ ਜਾ ਸਕਦੇ ਸਨ।”

“ਦੂਜੇ ਪਾਸੇ ਕਾਂਗਰਸੀ ਆਗੂ ਨਵਲ ਕਿਸ਼ੋਰ ਸਨ, ਜਿਨ੍ਹਾਂ ਨੇ ਚਰਣ ਸਿੰਘ 'ਤੇ ਜਾਤੀਵਾਦ ਦਾ ਸਮਰਥਕ ਹੋਣ ਦਾ ਇਲਜ਼ਾਮ ਲਗਾਇਆ ਸੀ। ਚਰਣ ਸਿੰਘ ਇਸ ਨਾਲ ਇੰਨਾ ਦੁਖੀ ਹੋਏ ਕਿ ਉਨ੍ਹਾਂ ਨੇ ਇਸ ਇੰਟਰਵਿਊ ਨੂੰ ਛਾਪਣ ਵਾਲੇ ਅਖਬਾਰ ਨੈਸ਼ਨਲ ਹੈਰਾਲਡ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਤੱਕ ਦੇ ਦਿੱਤੀ।

ਇੰਦਰਾ ਗਾਂਧੀ ਤੋਂ ਦੂਰੀ

ਇੱਥੋਂ ਹੀ ਚਰਣ ਸਿੰਘ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿਚਕਾਰ ਦੂਰੀ ਆਉਣ ਦੀ ਵੀ ਸ਼ੁਰੂਆਤ ਹੋਈ।

ਚਰਣ ਸਿੰਘ ਨੇ ਇੰਦਰਾ ਗਾਂਧੀ ਨੂੰ ਚਿੱਠੀ ਲਿਖ ਕੇ ਕਿਹਾ, "ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਸਿਰਫ਼ 198 ਸੀਟਾਂ ਮਿਲੀਆਂ ਹਨ ਜਦਕਿ ਵਿਰੋਧੀ ਧਿਰ 227 ਸੀਟਾਂ 'ਤੇ ਜੇਤੂ ਹੋਇਆ ਹੈ। ਜੇਕਰ ਮੈਂ ਤੁਰੰਤ ਵਿਰੋਧੀ ਧਿਰ ਵੱਲ ਚਲਾ ਜਾਂਦਾ ਤਾਂ ਇਹ ਸੰਖਿਆ 275 ਨੂੰ ਪਾਰ ਕਰ ਜਾਂਦੀ। ਪਰ ਮੈਂ ਅਜਿਹਾ ਕੀਤਾ ਅਤੇ ਚੰਦਰਭਾਨੂ ਗੁਪਤਾ ਦੇ ਖਿਲਾਫ ਕਾਂਗਰਸ ਵਿਧਾਇਕ ਦਲ ਦੇ ਨੇਤਾ ਦੀ ਚੋਣ ਲੜਨ ਦਾ ਫੈਸਲਾ ਕੀਤਾ।''

''ਪਰ ਜਦੋਂ ਤੁਹਾਡੇ ਸੰਦੇਸ਼ਵਾਹਕਾਂ ਨੇ ਮੈਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੈਂ ਆਪਣਾ ਨਾਮ ਵਾਪਸ ਲੈ ਲਿਆ। ਇੰਨਾਂ ਹੀ ਨਹੀਂ, ਮੈਂ ਆਗੂ ਅਹੁਦੇ ਦੇ ਲਈ ਚੰਦਰਭਾਨੂ ਗੁਪਤਾ ਦਾ ਨਾਂਅ ਆਪ ਪ੍ਰਸਤਾਵਿਤ ਕੀਤਾ।"

ਇੰਦਰਾ ਗਾਂਧੀ ਨੂੰ ਇੱਕ ਹੋਰ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਜਦੋਂ ਉਹ ਗੱਠਜੋੜ ਸਰਕਾਰ ਵਿਚ ਮੁੱਖ ਮੰਤਰੀ ਸਨ ਤਾਂ ਨਾ ਸਿਰਫ ਉਨ੍ਹਾਂ ਨੇ ਇੰਦਰਾ ਗਾਂਧੀ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਨੂੰ ਪੁਲਿਸ ਤੋਂ ਤੁੜਵਾਇਆ ਬਲਕਿ ਗੱਠਜੋੜ 'ਚ ਆਪਣੇ ਸਾਥੀਆਂ ਰਾਜ ਨਰਾਇਣ ਅਤੇ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ।

ਪਰ ਇੰਦਰਾ ਗਾਂਧੀ ਅਤੇ ਚਰਣ ਸਿੰਘ ਵਿਚਕਾਰ ਆਈ ਦੂਰੀ ਕਦੇ ਵੀ ਖ਼ਤਮ ਨਹੀਂ ਹੋ ਸਕੀ। ਜਦੋਂ ਚਰਣ ਸਿੰਘ ਕੇਂਦਰ ਵਿੱਚ ਗ੍ਰਹਿ ਮੰਤਰੀ ਬਣੇ ਤਾਂ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਗ੍ਰਿਫ਼ਤਾਰ ਕਰਵਾ ਕੇ ਜੇਲ੍ਹ ਭੇਜਿਆ।

ਮੋਰਾਰਜੀ ਦੇਸਾਈ ਵਿਰੁੱਧ ਮੁਹਿੰਮ ਵਿੱਚ ਇੰਦਰਾ ਗਾਂਧੀ ਨੇ ਪਹਿਲਾਂ ਤਾਂ ਉਨ੍ਹਾਂ ਦਾ ਸਮਰਥਨ ਕੀਤਾ ਪਰ ਜਦੋਂ ਉਹ ਪ੍ਰਧਾਨ ਮੰਤਰੀ ਬਣ ਗਏ, ਤਾਂ ਕੁਝ ਦਿਨਾਂ ਵਿੱਚ ਉਨ੍ਹਾਂ ਨੇ ਉਨ੍ਹਾਂ ਦੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)