ਉੱਤਰ ਪ੍ਰਦੇਸ਼ ਚੋਣਾਂ: ਯੋਗੀ ਕੈਬਨਿਟ ’ਚੋਂ ਅਸਤੀਫਿਆਂ ਦਾ ਸਿਲਸਿਲਾ, ਕੀ ਮੋਦੀ ਦੀ ਭਾਜਪਾ ’ਚੋਂ ਬਗਾਵਤੀ ਸੁਰ ਉੱਠ ਰਹੇ ਹਨ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਹੁਣ ਤੱਕ 10 ਵਿਧਾਇਕ ਜਿਨ੍ਹਾਂ ਵਿੱਚ ਤਿੰਨ ਮੰਤਰੀ ਹਨ ਯੋਗੀ ਆਦਿਤਿਆਨਾਥ ਦਾ ਸਾਥ ਛੱਡ ਕੇ ਪ੍ਰਮੁੱਖ ਸਿਆਸੀ ਸ਼ਰੀਕ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ।

ਇਨ੍ਹਾਂ ਬਾਗੀਆਂ ਵਿੱਚੋਂ ਇੱਕ ਅਹਿਮ ਚਿਹਰਾ ਹਨ- ਸਵਾਮੀ ਪ੍ਰਸਾਦ ਮੌਰਿਆ। ਉਹ ਪੰਜ ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਦੇ ਜਾਣ ਨਾਲ ਜਿਵੇਂ ਬੀਜੇਪੀ ਵਿੱਚ ''ਭੂਚਾਲ'' ਆ ਗਿਆ।

ਹਾਲਾਂਕਿ ਸੂਬਾਈ ਚੋਣਾਂ ਤੋਂ ਪਹਿਲਾਂ ਦਲਬਦਲੀ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਦਹਾਕਿਆਂ ਦੌਰਾਨ ਚੋਣਾਂ ਤੋਂ ਪਿਹਲਾਂ ਸਿਅਸਤਦਾਨਾਂ ਦੀਆਂ ਡੱਡੂ-ਟਪੂਸੀਆਂ ਵਿੱਚ ਚੋਖਾ ਵਾਧਾ ਦੇਖਿਆ ਗਿਆ ਹੈ, ਖ਼ਾਸ ਕਰਕੇ ਟਿਕਟ ਨਾ ਮਿਲਣ ਦੀ ਸੂਰਤ ਵਿੱਚ।

ਪਿਛਲੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਪਲੇਠੇ ਵਿਧਾਇਕਾਂ ਦੀ ਗਿਣਤੀ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਪਾਰਟੀਆਂ ਵੀ ਸਮੇਂ ਦੀ ਸਾਣ ਤੇ ਪਰਖੇ ਆਗੂਆਂ ਨਾਲੋਂ ਨੌਜਵਾਨਾਂ ਨੂੰ ਅੱਗੇ ਕਰ ਰਹੀਆਂ ਹਨ।

ਅਸ਼ੋਕਾ ਯੂਨੀਵਰਸਿਟੀ ਵਿੱਚ ਤ੍ਰਿਵੇਦੀ ਸੈਂਟਰ ਫਾਰ ਪੁਲੀਟੀਕਲ ਡੇਟਾ ਵਿੱਚ ਪ੍ਰੋਫ਼ੈਸਰ ਗਿਲੀਸ ਵੈਰਨੀਅਰਸ ਇਸ ਪਿੱਛੇ ਇੱਕ ਵਜ੍ਹਾ ਹੋਰ ਵੀ ਦੇਖਦੇ ਹਨ।

ਉਹ ਕਹਿੰਦੇ ਹਨ, ਵਿਧਾਇਕਾਂ ਦੇ ਵਾਕਾਰ ਵਿੱਚ ਕਮੀ ਦਾ ਕਾਰਨ ਇਹ ਵੀ ਹੈ ਕਿ ਮੁੱਖ ਮੰਤਰੀ ਸਾਰੀ ਸ਼ਕਤੀ ਆਪਣੇ ਹੱਥਾਂ ਵਿੱਚ ਰੱਖਣ ਵੱਲ ਝੁਕਾਅ ਦਿਖਾਅ ਰਹੇ ਹਨ।

ਇਹ ਵੀ ਪੜ੍ਹੋ:

ਭਾਜਪਾ ਵਰਗੀਆਂ ਪਾਰਟੀਆਂ ਆਪਣੇ ਵਰਕਰਾਂ ਤੋਂ ਸਿਆਸੀ ਆਗੂਆਂ ਦੀ ਮਕਬੂਲੀਅਤ ਬਾਰੇ ਵੀ ਫੀਡਬੈਕ ਲੈਣ ਵਿੱਚ ਚੋਖਾ ਯਤਨ ਲਗਾਉਂਦੀਆਂ ਹਨ। ਕਦਰ ਗੁਆ ਰਹੇ ਆਗੂਆਂ ਨੂੰ ਅਕਸਰ ਟਿਕਟ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ।

ਸੀਐਸਡੀਐਸ/ਲੋਕਨੀਤੀ ਦੇ ਨਿਰਦੇਸ਼ਕ ਸੰਜੇ ਕੁਮਾਰ ਦਾ ਕਹਿਣਾ ਹੈ,''ਭਾਜਪਾ ਸਿਰਫ਼ ਜਿੱਤਣ ਲਈ ਚੋਣਾਂ ਨਹੀਂ ਲੜਦੀ ਸਗੋਂ ਵਿਰੋਧੀਆਂ ਨੂੰ ਕਮਜ਼ੋਰ ਕਰਨ ਲਈ ਵੀ ਲੜਦੀ ਹੈ। ਉਹ ਇੱਕ ਕਮਜ਼ੋਰ ਬਹੁਮਤ ਨਾਲ ਆ ਕੇ ਸੰਤੁਸ਼ਟ ਨਹੀਂ ਹੈ।''

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ, ਭਾਜਪਾ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਅਤੇ 403 ਵਿੱਚੋਂ 312 ਸੀਟਾਂ ਜਿੱਤੀਆਂ। ਪਾਰਟੀ ਦਾ ਵੋਟ ਪ੍ਰਤੀਸ਼ਤ 40% ਰਿਹਾ।

ਟੀਸੀਪੀਡੀ ਦੇ ਡੇਟਾ ਮੁਤਾਬਕ, ਇਨ੍ਹਾਂ 312 ਵਿੱਚੋਂ ਸਿਰਫ਼ 19 ਨੇ ਹੀ ਆਪਣੀ ਸੀਟ ਦੋਬਾਰਾ ਜਿੱਤੀ ਸੀ। ਇਨ੍ਹਾਂ 19 ਵਿੱਚੋਂ ਨੌਂ ਦੂਜੀਆਂ ਪਾਰਟੀਆਂ ਵਿੱਚੋਂ ਟੁੱਟ ਕੇ ਆਏ ਸਨ।

ਹਾਲੀਆ ਦਲਬਦਲੀਆਂ ਨਾਲ ਹਲਚਲ ਪੈਦਾ ਹੋਣ ਦੀ ਵਜ੍ਹਾ ਇਹ ਹੈ ਕਿ ਯੂਪੀ ਦਿੱਲੀ ਦੀਆਂ ਬਰੂਹਾਂ ਨਾਲ ਲਗਦਾ ਹੈ। ਇੱਥੇ ਭਾਰਤ ਦੀ ਸਭ ਤੋਂ ਜ਼ਿਆਦਾ ਵਸੋਂ ਲਗਭਗ 20 ਕਰੋੜ ਵਸਦੀ ਹੈ।

ਇੱਥੋਂ ਲੋਕ ਸਭਾ ਵਿੱਚ ਸਭ ਤੋਂ ਜ਼ਿਆਦਾ ਮੈਂਬਰ ਜਾਂਦੇ ਹਨ ਤੇ ਮੋਦੀ ਦੀ ਕੇਂਦਰੀ ਸਰਕਾਰ ਵਿੱਚ ਹੀ ਯੂਪੀ ਤੋਂ 80 ਸਾਂਸਦ ਹਨ।

ਹਾਲਾਂਕਿ ਇਨ੍ਹਾਂ ਦਲਬਦਲੀਆਂ ਦਾ ਇੱਕ ਅਰਥ ਇਹ ਲਿਆ ਜਾ ਸਕਦਾ ਹੈ ਕਿ ਭਾਜਪਾ ਨੂੰ ਟੱਕਰ ਮਿਲ ਰਹੀ ਹੈ। ਦੂਜੇ ਕਿ ਵਿਰੋਧੀ ਸਮਾਜਵਾਦੀ ਪਾਰਟੀ ਇਹ ਟੱਕਰ ਦੇ ਰਹੀ ਹੈ। ਇਸ ਦਾ ਅਸਰ ਸਵਿੰਗ ਵੋਟਰ ਦੀ ਰਾਇ ਉੱਪਰ ਪੈ ਸਕਦਾ ਹੈ।

ਵੀਡੀਓ: ਯੂਪੀ ਦੇ ਡਿਪਟੀ ਸੀਐਮ ਕਿਸ ਸਵਾਲ 'ਤੇ ਭੜਕੇ?

ਹਾਲਾਂਕਿ ਡਾ. ਕੁਮਾਰ ਸਾਵਧਾਨ ਕਰਦੇ ਹਨ, ' ਧਾਰਨਾਂਵਾਂ ਅਤੇ ਸਚਾਈ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੋ ਸਕਦਾ ਹੈ।''

ਗੁੰਝਲਦਾਰ ਭਾਰਤੀ ਲੋਕਤੰਤਰ ਵਿੱਚ ਸਚਾਈ ਵੀ ਉਨੀ ਹੀ ਗੁੰਝਲਦਾਰ ਹੁੰਦੀ ਹੈ।

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸੁਧਾ ਪਾਇ ਮੁਤਾਬਕ ਇਨ੍ਹਾਂ ਦਲਬਦਲੀਆਂ ਦੀ ਇੱਕ ਵਜ੍ਹਾ, ਉੱਤਰ ਪ੍ਰਦੇਸ਼ ਦਾ ਵੱਡਾ ਸਿਆਸੀ ਪਰਿਪੇਖ ਵੀ ਹੈ।''

ਯੂਪੀ ਵਿੱਚ ਸਰਕਾਰ ਯੋਗੀ ਆਦਿੱਤਿਆਨਾਥ ਚਲਾ ਰਹੇ ਹਨ ਜੋ ਕਿ ਪਾਰਟੀ ਦੇ ਸਭ ਤੋਂ ਜ਼ਿਆਦਾ ਧਰੁਵੀਕਰਨ ਕਰਨ ਵਾਲੇ ਆਗੂ ਹਨ। ਮੱਠ ਦੇ ਸਾਧੂ ਤੋਂ ਸਿਆਸੀ ਆਗੂ ਬਣੇ ਯੋਗੀ ਦੇ ਮੁਸਲਮਾਨਾਂ ਖ਼ਿਲਾਫ਼ ਬਿਆਨ ਕੱਟੜ ਹਿੰਦੂ ਵੋਟ ਨੂੰ ਆਪਣੇ ਵੱਲ ਕਰਨ ਦਾ ਜ਼ਰੀਆ ਹਨ।

ਯੋਗੀ ਨੇ ਆਪਣੇ-ਆਪ ਨੂੰ ਵਿਕਾਸ ਪੁਰਸ਼ ਵਜੋਂ ਵੀ ਸਥਾਪਿਤ ਕੀਤਾ ਹੈ। ਮੀਡੀਆ ਵਿੱਚ ਯੂਪੀ ਸਰਕਾਰ ਦੀਆਂ ਮਸ਼ਹੂਰੀਆਂ ਵਿੱਚ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਸੂਬੇ ਦੀ ਤਰੱਕੀ ਨੂੰ ਨਵੇਂ ਮੁਕਾਮਾਂ 'ਤੇ ਪਹੁੰਚਾਇਆ ਹੈ, ਜੋ ਕਿ ਕਦੇ ਪਿਛੜੇ ਸੂਬਿਆਂ ਵਿੱਚ ਗਿਣਿਆ ਜਾਂਦਾ ਸੀ।

ਹਾਲਾਂਕਿ ਉਨ੍ਹਾਂ ਦਾ ਇਹ ਦਾਅਵਾ ਕਈ ਸੁਤੰਤਰ ਫੈਕਟ ਚੈਕ ਦੀ ਸਾਣ 'ਤੇ ਖਰਾ ਨਹੀਂ ਉੱਤਰ ਸਕਿਆ ਹੈ।

ਪੱਛਮੀ ਯੂਪੀ ਦੇ ਕਿਸਾਨਾਂ ਦਾ ਅੰਦੋਲਨ ਵੀ ਲੰਬੇ ਸਮੇਂ ਤੋਂ ਸਿਆਸੀ ਚੇਤਨਾ ਜਗਾ ਰਿਹਾ ਹੈ। ਪਿਛਲੇ ਸਾਲ ਦਸੰਬਰ ਵਿੱਚ ਹੀ ਕਿਸਾਨਾਂ ਨੇ ਆਪਣਾ ਇੱਕ ਸਾਲ ਲੰਬਾ ਅੰਦੋਲਨ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਮੁਲਤਵੀ ਕੀਤਾ ਹੈ।

ਮਹਾਮਾਰੀ ਕਾਰਨ ਸੂਬੇ ਤੋਂ ਰੋਜ਼ਗਾਰ ਦੀ ਭਾਲ ਵਿੱਚ ਦੂਜੇ ਸੂਬਿਆਂ ਵਿੱਚ ਗਏ ਲੱਖਾਂ ਕਾਮੇ ਬਿਗਾਨੇ ਸ਼ਹਿਰਾਂ ਵਿੱਚ ਬੇਰੁਜ਼ਗਾਰ ਫ਼ਸ ਗਏ ਸਨ। ਉਨ੍ਹਾਂ ਵੱਚੋਂ ਬਹੁਤਿਆਂ ਨੂੰ ਵਾਪਸ ਪਰਤਣਾ ਪਿਆ ਹੈ।

ਆਲੋਚਕਾਂ ਮੁਤਾਬਕ ਯੋਗੀ ਲੋਕਾਂ ਦੀ ਪਹੁੰਚ ਤੋਂ ਬਾਹਰ ਰਹਿੰਦੇ ਹਨ ਅਤੇ ਅਫ਼ਸਰਸ਼ਾਹੀ ਦੇ ਬੂਤੇ 'ਤੇ ਸਰਕਾਰ ਚਲਾਉਂਦੇ ਹਨ।

ਉੱਤਰ ਪ੍ਰਦੇਸ਼ ਇੱਕ ਅਜਿਹਾ ਸੂਬਾ ਹੈ ਜਿੱਥੇ ਜਾਤੀਗਤ ਸਿਆਸਤ ਅਤੇ ਪਛਾਣ ਵੀ ਵਿਕਾਸ ਜਿੰਨਾ ਹੀ ਅਹਿਮ ਵਿਸ਼ਾ ਹੈ। ਉੱਥੇ ਬੀਜੇਪੀ ਦੀ ਇੰਨੀ ਵੱਡੀ ਜਿੱਤ ਵੱਖ-ਵੱਖ ਜਾਤੀਆਂ ਦੇ ਹਿੰਦੂ ਵੋਟਰਾਂ ਨੂੰ, ਜਿਨ੍ਹਾਂ ਵਿੱਚ ਓਬੀਸੀ ਵੀ ਸ਼ਾਮਲ ਸਨ ਨੂੰ, ਇਕੱਠੇ ਕਰ ਸਕਣਾ ਵੀ ਸੀ।

ਕੋਈ 10% ਓਬੀਸੀ ਯਾਦਵ ਹਨ ਜੋ ਕਿ ਸਮਾਜਵਾਦੀ ਪਾਰਟੀ ਦੇ ਵਫ਼ਾਦਾਰ ਹਨ। ਪਿਛਲੀਆ 2017 ਦੀਆਂ ਚੋਣਾਂ ਦੌਰਾਨ ਹੈਰਾਨੀਜਨਕ ਰੂਪ ਤੋਂ ਲਗਭਗ 61% ਗੈਰ-ਯਾਦਵ ਓਬੀਸੀ ਨੇ ਬੀਜੇਪੀ ਲਈ ਵੋਟ ਕੀਤਾ।

ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਹਫ਼ਤੇ ਦੌਰਾਨ ਜੋ ਦਲਬਦਲੀਆਂ ਹੋਈਆਂ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਓਬੀਸੀ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹਾਲਾਂਕਿ ਅਜਿਹਾ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਯਾਦਵਾਂ ਨਾਲ ਗਠਜੋੜ ਕਾਇਮ ਕਰਕੇ ਬੀਜੇਪੀ ਉਨ੍ਹਾਂ ਦੀ ਸੱਤਾ ਪ੍ਰਪਤੀ ਦੀ ਚਾਹ ਨੂੰ ਆਪਣੇ ਫ਼ਾਇਦੇ ਲਈ ਵਰਤਣ ਵਿੱਚ ਸਫ਼ਲ ਰਹੀ ਹੈ।

ਉਹ ਪਾਰਟੀ ਜਿਸ ਵਿੱਚ ਕਦੇ ਉੱਚੀ ਜਾਤ ਵਾਲਿਆਂ ਦਾ ਦਬਦਬਾ ਰਿਹਾ ਹੈ। ਯਾਦਵਾਂ ਨੂੰ ਆਪਣੇ ਨਾਲ ਕਰਕੇ ਹਿੰਦੂਆਂ ਵਿਚਲੇ ਪਿਛੜੇ ਵਰਗ ਨੂੰ ਆਪਣੇ ਨਾਲ ਮਿਲਿਆਉਣ ਵਿੱਚ ਸਫ਼ਲ ਰਹੀ ਹੈ।

ਕੁਝ ਆਰਥਿਕ ਮਾਹਰ ਇਸ ਨੂੰ ਸੱਜੇ ਪੱਖੀਆਂ ਦਾ ''ਨਵਾਂ ਭਲਾਈਵਾਦ'' ਕਹਿੰਦੇ ਹਨ।

ਉੱਤਰ ਪ੍ਰਦੇਸ਼ ਵਿੱਚ ਚੋਣਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇੱਥੇ ਚੋਣਾਂ ਦਾ ਪਹਿਲਾ ਗੇੜ 10 ਫ਼ਰਵਰੀ ਨੂੰ ਹੈ।

ਸੱਤ ਗੇੜਾਂ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਲਗਭਗ ਡੇਢ ਕਰੋੜ ਯੋਗ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ।

ਸਿਆਸਤ ਵਿੱਚ ਇੱਕ ਹਫ਼ਤੇ ਦਾ ਸਮਾਂ ਬਹੁਤ ਥੋੜ੍ਹਾ ਹੈ ਅਤੇ ਕੁਝ ਮੁੱਠੀਭਰ ਦਲਬਦਲੀਆਂ ਯੂਪੀ ਦੀ ਚੁਣਾਵੀ ਸ਼ਤਰੰਜ ਉੱਪਰ ਕੋਈ ਵੱਡਾ ਬਦਲਾਅ ਲੈ ਕੇ ਆਉਣਗੀਆਂ ਕਿਹਾ ਨਹੀਂ ਜਾ ਸਕਦਾ।

ਫਿਲਹਾਲ ਤਾਂ ਡਾ. ਕੁਮਾਰ ਦੇ ਕਹੇ ਮੁਤਾਬਕ, "ਇਸ ਵਾਰ ਮੁਕਾਬਲਾ ਫ਼ਸਵਾਂ ਹੈ" ਹੀ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)